ਘਰ – ਪਰਿਵਾਰ ਤੇ ਸਮਾਜ ਵਿੱਚ ਪੰਜਾਬੀ ਬੋਲਣ ਤੋਂ ਗੁਰੇਜ਼ ਕਿਉਂ ???

(ਸਮਾਜ ਵੀਕਲੀ)

ਅਸੀਂ ਸਭ ਪੰਜਾਬ ਦੇ ਵਾਸੀ ਹਾਂ। ਸਾਡੀ ਰਹਿਣੀ – ਬਹਿਣੀ , ਸਾਡਾ ਸੱਭਿਆਚਾਰ , ਸਾਡਾ ਬੋਲ – ਵਿਹਾਰ ਅਤੇ ਸਮੁੱਚਾ ਜੀਵਨ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜਿਆ ਅਤੇ ਰਮਿਆ ਹੋਇਆ ਹੈ। ਬਹੁਤ ਹੀ ਚੰਗੀ ਗੱਲ ਹੈ ਕਿ ਅਸੀਂ ਵਿਗਿਆਨ ਦੇ ਯੁੱਗ ਵਿੱਚ ਅਨੇਕਾਂ ਪਾਸੇ ਮੱਲਾਂ ਮਾਰੀਆਂ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਰੁਚੀ ਦਿਖਾਈ ਤੇ ਉਹਨਾਂ ਤੋਂ ਲਾਭ ਵੀ ਉਠਾਇਆ । ਜੋ ਕਿ ਬਹੁਤ ਹੀ ਚੰਗੀ ਤੇ ਉਸਾਰੂ ਗੱਲ ਹੈ , ਪਰ ਕਈ ਵਾਰ ਇਹ ਆਮ ਹੀ ਦੇਖਣ ਵਿਚ ਆ ਜਾਂਦਾ ਹੈ ਕਿ ਅਸੀਂ ਸ਼ਾਇਦ ਜ਼ਿਆਦਾ ਹੀ ਪੜ੍ਹੇ – ਲਿਖੇ ਹੋਣ ਦਾ ਹਊਆ/ਭਰਮ ਪਾਲੀ ਬੈਠੇ ਹੋਣ ਕਰਕੇ ਆਪਣੇ ਘਰਾਂ ਵਿੱਚ , ਆਪਣੇ ਪਰਿਵਾਰ ਦੇ ਮੈਂਬਰਾਂ , ਸਮਾਜ ਵਿੱਚ ਤੇ ਆਮ ਕਰਕੇ ਵਿਆਹਾਂ ਜਾਂ ਪ੍ਰੋਗਰਾਮਾਂ ਵਿੱਚ ਪੰਜਾਬੀ ਬੋਲਣ ਤੋਂ ਗੁਰੇਜ਼ ਕਰਨ ਲੱਗ ਪੈਂਦੇ ਹਾਂ।

ਅਸੀਂ ਸਮਝਣ ਲੱਗ ਪੈਂਦੇ ਹਾਂ ਕਿ ਸ਼ਾਇਦ ਹਿੰਦੀ ਜਾਂ ਅੰਗਰੇਜ਼ੀ ਵਿੱਚ ਘਰ ਵਿੱਚ ਅਤੇ ਵੱਖ – ਵੱਖ ਸਮਾਜਿਕ ਪ੍ਰੋਗਰਾਮਾਂ ਵਿੱਚ ਗੱਲ ਕਰਕੇ ਸ਼ਾਇਦ ਅਸੀਂ ਸੱਭਿਅਕ ਹੋਣ ਦਾ ਸਬੂਤ ਦੇ ਰਹੇ ਹਾਂ , ਪਰ ਜੇਕਰ ਬਹੁਤ ਧਿਆਨ ਨਾਲ ਵਾਚੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਅਤੇ ਪੰਜਾਬੀਅਤ ਵਿੱਚ ਵੀ ਆਪਣੀ ਵਿਲੱਖਣ ਹੋਂਦ ਦੇ ਨਾਲ ਨਾਲ ਵਿਸ਼ਾਲ ਅਮੀਰੀ , ਸਿਸ਼ਟਾਚਾਰ , ਸੱਭਿਅਤਾ ਅਤੇ ਸਮਾਜਿਕਤਾ ਰਮੀ ਹੋਈ ਹੈ।

ਪੰਜਾਬੀ ਬੋਲਣਾ , ਪੰਜਾਬੀ ਭਾਸ਼ਾ ਨੂੰ ਅਨਪੜ੍ਹਤਾ ਜਾਂ ਹਲਕੇਪਣ ਨਾਲ ਜੋੜ ਕੇ ਦੇਖਣਾ ਇਹ ਸ਼ਾਇਦ ਸਾਡੀ ਸੰਕੀਰਣ ਸੋਚ ਦਾ ਨਤੀਜਾ ਹੋ ਸਕਦਾ ਹੈ ; ਕਿਉਂਕਿ ਪੰਜਾਬੀ ਅਤੇ ਪੰਜਾਬੀਅਤ ਹੋਰ ਸਾਰਿਆਂ ਨਾਲੋਂ ਅਮੀਰ ਵਿਲੱਖਣ ਅਤੇ ਇੱਕ ਬੇਅੰਤ ਸਮੁੰਦਰ ਵਾਂਗ ਅਮੀਰੀ ਸਮੋਏ ਹੋਏ ਹੈ ; ਕਿਉਂਕਿ ਸਾਡੇ ਪਿਛੋਕੜ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਸਾਡੇ ਮਹਾਨ ਗੁਰੂਆਂ , ਪੀਰਾਂ , ਸੰਤਾਂ , ਰਿਸ਼ੀਆਂ , ਮੁਨੀਆਂ , ਨਾਥਾਂ ਆਦਿ ਨੇ ਇਸ ਭਾਸ਼ਾ ਦੀ ਅਮੀਰੀ ਨੂੰ ਸਮਝਦੇ ਹੋਏ ਇਸ ਨੂੰ ਜੀਵਨ ਵਿੱਚ ਅਪਣਾਇਆ , ਇਸ ਦਾ ਪ੍ਰਚਾਰ – ਪ੍ਰਸਾਰ ਕੀਤਾ ਅਤੇ ਇਸ ਵਿੱਚ ਹੀ ਅਨੇਕਾਂ ਮਹਾਨ ਰਚਨਾਵਾਂ ਦਾ ਸਰਮਾਇਆ ਸੰਜੋਇਆ ।

ਜਨਮ ਤੋਂ ਲੈ ਕੇ ਮਰਨ ਤੱਕ ਦੇ ਸਮੁੱਚੇ ਰੀਤੀ – ਰਿਵਾਜਾਂ ਵਿੱਚ ਪੰਜਾਬੀ ਅਤੇ ਪੰਜਾਬੀਅਤ ਦੀ ਮਹਾਨਤਾ ਸਾਡੇ ਸੱਭਿਆਚਾਰ ਦੀ ਅਮੀਰੀ ਨੂੰ ਹੀ ਦਰਸਾਉਂਦੀ ਹੈ। ਜਿੱਥੇ ਸਾਨੂੰ ਹੋਰ ਦੂਸਰੀਆਂ ਭਾਸ਼ਾਵਾਂ ਨੂੰ ਸਿੱਖਣ ਵਿੱਚ ਜ਼ਰੂਰ ਰੁਚੀ ਦਿਖਾਉਣੀ ਚਾਹੀਦੀ ਹੈ ਅਤੇ ਹੋਰ ਦੂਸਰੀਆਂ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ , ਉੱਥੇ ਹੀ ਆਪਣੀ ਪਿਆਰੀ ਮਾਤ – ਭਾਸ਼ਾ ਪੰਜਾਬੀ ਨੂੰ ਆਪਣੇ ਘਰ – ਪਰਿਵਾਰ ਅਤੇ ਸਮਾਜਿਕ ਵਰਤੋਂ – ਵਿਹਾਰ ਵਿੱਚ ਜ਼ਰੂਰ ਖੁੱਲ੍ਹਦਿਲੀ ਨਾਲ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਕਿਉਂ ਜੋ , ਜਦੋਂ ਕੋਈ ਇਨਸਾਨ ਆਪਣੀ ਮਾਤ – ਭਾਸ਼ਾ ਨਾਲੋਂ ਵਿੱਖਰ ਤੇ ਨਿੱਖੜ ਜਾਂਦਾ ਹੈ , ਵੱਖ ਹੋ ਜਾਂਦਾ ਹੈ , ਟੁੱਟ ਜਾਂਦਾ ਹੈ ਤਾਂ ਉਹ ਇੱਕ ਤਰ੍ਹਾਂ ਨਾਲ਼ ਅਜਿਹੇ ਪੌਦੇ ਦੀ ਤਰ੍ਹਾਂ ਹੁੰਦਾ ਹੈ , ਜੋ ਜੜ੍ਹੋਂ ਵਿਹੂਣਾ ਹੋ ਗਿਆ ਹੋਵੇ।

ਇਸ ਲਈ ਜੇਕਰ ਅਸੀਂ ਆਪਣੇ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਤੇ ਇਸ ਦੇ ਸੱਭਿਆਚਾਰ ਨੂੰ ਜਿਊਂਦਾ ਰੱਖਣਾ ਚਾਹੁੰਦੇ ਹਾਂ ਤੇ ਆਪਣੀ ਹੋਂਦ ਨੂੰ ਵਿਲੱਖਣ ਹੋਂਦ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਘੱਟੋ – ਘੱਟ ਘਰ – ਪਰਿਵਾਰ ਅਤੇ ਸਮਾਜ ਵਿੱਚ ਜ਼ਰੂਰ ਹੀ ਖੁੱਲ੍ਹਦਿਲੀ ਨਾਲ ਤੇ ਬਿਨਾਂ ਕਿਸੇ ਸੰਗ – ਸੰਕੋਚ ਤੋਂ ਪੰਜਾਬੀ ਭਾਸ਼ਾ ਵਿੱਚ ਗੱਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ , ਪੰਜਾਬੀ ਪੜ੍ਹਨੀ , ਲਿਖਣੀ ਤੇ ਬੋਲਣੀ ਜ਼ਰੂਰ ਚਾਹੀਦੀ ਹੈ ; ਕਿਉਂਕਿ ਪੰਜਾਬੀ ਨਾਲ ਸਾਡੀ ਪੰਜਾਬੀਅਤ , ਸਾਡਾ ਸੱਭਿਆਚਾਰ , ਸਾਡੀ ਹੋਂਦ , ਸਾਡੇ ਰੀਤੀ – ਰਿਵਾਜ ਜੁੜੇ ਹੋਏ ਹਨ ਅਤੇ ਪੰਜਾਬੀ ਭਾਸ਼ਾ ਨਾਲ ਹੀ ਅਸੀਂ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਰੱਖ ਸਕਦੇ ਹਾਂ।

ਮਾਸਟਰ ਸੰਜੀਵ ਧਰਮਾਣੀ

 

 

 

 

 

 

 

ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUN chief condemns mosque attack in Pakistan
Next articleਅੱਜ ਦੇ ਸਮਾਜ ਔਰਤ ਦਾ ਸਥਾਨ