ਨਵੀਂ ਦਿੱਲੀ, (ਸਮਾਜ ਵੀਕਲੀ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਆਪਣਾ ਅਸਤੀਫ਼ਾ ਵਾਪਸ ਲੈ ਲਿਆ। ਉਨ੍ਹਾਂ ਨਵੇਂ ਹਾਊਸ ਦੇ ਗਠਨ ਤੱਕ ਕਮੇਟੀ ਲਈ ਸੇਵਾਵਾਂ ਦੇਣ ਦੀ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਬੇਨਤੀ ਵੀ ਸਵੀਕਾਰ ਲਈ। ਸ੍ਰੀ ਸਿਰਸਾ ਨੇ ਕਿਹਾ ਕਿ ਉਹ ਅੱਗੋਂ ਸਿੱਖ ਰਾਜਨੀਤੀ ਦਾ ਹਿੱਸਾ ਨਹੀਂ ਹੋਣਗੇ ਪਰ ਰੋਜ਼ਾਨਾ ਦੇ ਕੰਮਾਂ ਵਿੱਚ ਆ ਰਹੀ ਤਕਨੀਕੀ ਰੁਕਾਵਟ ਕਰਕੇ ਉਹ ਕੁਝ ਦਿਨਾਂ ਲਈ ਮੁੜ ਅਹੁਦਾ ਸਾਂਭਣਗੇ। ਸ੍ਰੀ ਸਿਰਸਾ ਨੇ ਉਪਰਾਜਪਾਲ ਅਨਿਲ ਬੈਜਲ, ਦਿੱਲੀ ਗੁਰਦੁਆਰਾ ਚੋਣ ਬੋਰਡ, ਕਮੇਟੀ ਦੇ ਅਹੁਦੇਦਾਰਾਂ ਤੇ ਸਾਰੇ ਮੈਂਬਰਾਂ ਨੂੰ ਲਿਖੇ ਪੱਤਰ ਵਿੱਚ ਹਵਾਲਾ ਦਿੱਤਾ ਕਿ ਕਮੇਟੀ ਦੇ ਸਟਾਫ਼, ਸਕੂਲੀ ਅਮਲੇ ਤੇ ਵਜੀਫ਼ੇ ਦੇ ਭੁਗਤਾਨ ਵਿੱਚ ਆ ਰਹੀਆਂ ਦਿੱਕਤਾਂ ਦੇ ਚੱਲਦੇ ਉਹ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਦਿੰਦੇ ਰਹਿਣਗੇ।
ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਮੈਂਬਰਾਂ ਮਹਿੰਦਰ ਪਾਲ ਸਿੰਘ ਚੱਢਾ, ਜਗਦੀਪ ਸਿੰਘ ਕਾਹਲੋਂ, ਜਸਬੀਰ ਸਿੰਘ ਜੱਸੀ ਨੇ ਸਿਰਸਾ ਨੂੰ ਹਾਊਸ ਦੇ ਗਠਨ ਤੱਕ ਸੇਵਾਵਾਂ ਦਿੰਦੇ ਰਹਿਣ ਦੀ ਲਿਖਤੀ ਬੇਨਤੀ ਕੀਤੀ ਸੀ। ਉਧਰ ਪਹਿਲੀ ਜਨਵਰੀ ਨੂੰ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਮੌਜੂਦਾ ਜਨਰਲ ਹਾਊਸ ਦੀ ਬੈਠਕ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਹ ਸਾਫ਼ ਕਰੇ ਕਿ ਸਿਰਸਾ ਭਾਜਪਾ ਦੇ ਆਗੂ ਹਨ ਜਾਂ ਅਜੇ ਵੀ ਅਕਾਲੀ ਹੀ ਹਨ। ਦੂਜੇ ਪਾਸੇ ਨਵੇਂ ਹਾਊਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦਾ ਨਾਂ ਦਿੱਲੀ ਕਮੇਟੀ ਲਈ ਮੈਂਬਰ, ਨੁਮਾਇੰਦੇ ਵਜੋਂ ਦਿੱਲੀ ਗੁਰਦੁਆਰਾ ਚੋਣ ਬੋਰਡ ਨੂੰ ਭੇਜਿਆ ਜਾ ਚੁੱਕਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly