ਸ਼ਹੀਦ ਜਸਬੀਰ ਸਿੰਘ ਨੂੰ ਅੰਤਿਮ ਵਿਦਾਇਗੀ

ਸ੍ਰੀ ਗੋਇੰਦਵਾਲ ਸਾਹਿਬ (ਸਮਾਜ ਵੀਕਲੀ):  ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਪਿੰਡ ਵੇਈਪੂਈਂ ਦੇ 26 ਸਾਲਾ ਜਵਾਨ ਸ਼ਹੀਦ ਜਸਬੀਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਜੱਦੀ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਦੇਰ ਸ਼ਾਮ ਜਿਵੇਂ ਹੀ ਸ਼ਹੀਦ ਜਸਬੀਰ ਸਿੰਘ ਦੀ ਦੇਹ ਪਿੰਡ ਲਿਆਂਦੀ ਗਈ ਤਾਂ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਸ਼ਹੀਦ ਜਸਬੀਰ ਸਿੰਘ ਅਮਰ ਰਹੇ ਦੇ ਨਾਅਰੇ ਲਾਏ। ਇਸ ਮੌਕੇ ਪੂਰੇ ਪਿੰਡ ਵਿੱਚ ਸੋਗ ਮਾਹੌਲ ਸੀ। ਸ਼ਹੀਦ ਦੀ ਮਾਂ ਅਤੇ ਭੈਣ ਦਾ ਵਿਰਲਾਪ ਦੇਖ ਕੇ ਹਰ ਅੱਖ ਨਮ ਸੀ।

ਸ਼ਹੀਦ ਦੇ ਪਿਤਾ ਗੁਰਭੇਜ ਸਿੰਘ ਨੇ ਤਿਰੰਗੇ ਵਿੱਚ ਲਿਪਟੀ ਪੁੱਤ ਦੀ ਦੇਹ ਨੂੰ ਗਲ ਨਾਲ ਲਾਇਆ। ਪੁੱਤ ਦੀ ਸ਼ਹਾਦਤ ’ਤੇ ਮਾਣ ਕਰਦਿਆਂ ਗੁਰਭੇਜ ਸਿੰਘ ਨੇ ਨਮ ਅੱਖਾਂ ਨਾਲ ਸਲੂਟ ਮਾਰ ਕੇ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਸ਼ਹੀਦ ਜਸਬੀਰ ਸਿੰਘ ਦੀ ਦੇਹ ਨੂੰ ਪੰਜਾਬ ਪੁਲੀਸ ਦੀ ਟੁਕੜੀ ਨੇ ਸਲਾਮੀ ਦਿੱਤੀ, ਚਿਖਾ ਨੂੰ ਭਰਾ ਰਣਜੀਤ ਸਿੰਘ ਨੇ ਅਗਨੀ ਦਿਖਾਈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਖਵਾਸਪੁਰ, ਵਿਧਾਇਕ ਰਮਨਜੀਤ ਸਿੰਘ ਸਿੱਕੀ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਕੁਲਦੀਪ ਸਿੰਘ ਔਲਖ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਮਨਜਿੰਦਰ ਸਿੰਘ ਲਾਲਪੁਰਾ ਅਤੇ ਸੇਵਕਪਾਲ ਸਿੰਘ ਨੇ ਸ਼ਹੀਦ ਨੂੰ ਫੁੱਲ ਮਲਾਵਾਂ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਮੌਕੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਆਪਣੇ ਕੋਟੇ ਵਿੱਚੋਂ ਸ਼ਹੀਦ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਐਕਸਗ੍ਰੇਸ਼ੀਆ ਗ੍ਰਾਂਟ ਦੇ 50 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਜੋਤ ਸਿੱਧੂ ਦੀ ਬੋਲਬਾਣੀ ਤੋਂ ਕੈਬਨਿਟ ਮੰਤਰੀ ਖ਼ਫ਼ਾ
Next articleਸਿਰਸਾ ਨੇ ਦਿੱਲੀ ਕਮੇਟੀ ਤੋਂ ਅਸਤੀਫ਼ਾ ਵਾਪਸ ਲਿਆ