ਆਪਣੇ ਗੀਤਾਂ ਵਿੱਚ ਸਾਦਗੀ ਅਤੇ ਸੱਭਿਆਚਾਰ ਪਰੋਣ ਵਾਲੇ ਨਹੀਂ ਰਹੇ ਗਾਇਕ – ਜਨਾਬ ਸੋਮੀ ਤੁੰਗਵਾਲੀਆ ਜੀ

(ਸਮਾਜ ਵੀਕਲੀ)
ਪੰਜਾਬ ਤੇ ਬਠਿੰਡਾ ਜ਼ਿਲ੍ਹੇ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੈ ਪਿੰਡ ਤੁੰਗਵਾਲੀ । ਜਿਥੇ ਜਨਮੇ ਸਨ ਪੰਜਾਬ ਦੇ ਸੱਭਿਆਚਾਰ ਅਤੇ ਸਾਦੇ ਗੀਤ ਲਿਖਣ ਅਤੇ ਗਾਉਣ ਵਾਲੇ ਗਾਇਕ ਅਤੇ ਗੀਤਕਾਰ ਜਨਾਬ ਸੋਮੀ ਤੁੰਗਵਾਲੀਆ ਜੀ। ਜਨਾਬ ਸੋਮੀ ਦਾ ਅਸਲ ਨਾਮ ਸੁਰਿੰਦਰ ਪਾਲ ਸਿੰਘ ਸਿੱਧੂ ਸੀ। ਸੋਮੀ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ । ਕਿਸੇ ਕਲਾਕਾਰ ਦਾ ਗਰੀਬੀ ਵਿੱਚ ਰਹਿ ਕੇ ਆਪਣਾ ਨਾਮ ਕਮਾਉਣਾ ਬੜੀ ਔਖੀ ਗੱਲ ਹੁੰਦਾ ਹੈ। ਗੁਲਾਬਗੜ੍ਹ, ਕੋਟ ਸ਼ਮੀਰ ਅਤੇ ਚੱਕ ਫਤਿਹ ਸਿੰਘ ਵਾਲਾ ਤੁੰਗਵਾਲੀ ਦੇ ਨੇੜੇ ਤੇੜੇ ਦੇ ਪਿੰਡ ਹਨ। ਜੇ ਇਸ ਪਿੰਡ ਦੀ ਵਸੋਂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਸਾਢੇ ਚਾਰ ਹਜ਼ਾਰ ਇਸ ਪਿੰਡ ਦੀ ਜਨਸੰਖਿਆ ਹੈ। ਸੋਮੀ ਦੇ ਪਰਿਵਾਰ ਵਿੱਚ ਉਹਨਾਂ ਦੀ ਧਰਮ ਪਤਨੀ ਹਰਬੰਸ ਕੌਰ ਪੁੱਤਰ ਸੁਰਦੀਪਕ ਸਿੰਘ ਬੇਟੀ ਗੁਰ ਸਿਮਰਨ ਕੌਰ ਹਨ।
      ਗਾਇਕ ਸੋਮੀ ਨੇ ਆਪਣੀ ਗਾਇਕੀ ਦਾ ਸਫ਼ਰ ਤੀਜੀ ਕਲਾਸ ਵਿੱਚੋਂ ਆਰੰਭ ਕੀਤਾ । ਸੋਮੀ ਨੇ ਸਾਲ 1983 ਵਿੱਚ ਮੈਟਰਿਕ ਕਰਨ ਉਪਰੰਤ ਇਲੈਕਟ੍ਰੀਸ਼ਨ ਦਾ ਕੋਰਸ ਵੀ ਕੀਤਾ ।  ਸੋਮੀ ਜੀ ਦੀ ਪਹਿਲੀ ਟੇਪ ਰਿਕਾਰਡ 1989 ਵਿੱਚ ਰਿਲੀਜ਼ ਹੋਈ ਜਿਸ ਦਾ ਨਾਮ ਸੀ ‘ਧੀਆਂ ਨੂੰ ਮਾਰਨ ਵਾਲਿਓ’। ਸੋਮੀ ਜੀ ਦੇ ਸਮਕਾਲੀ ਗਾਇਕ ਪ੍ਰਗਟ ਭਾਗੂ, ਕੁਲਦੀਪ ਮਾਣਕ, ਸਿੰਗਾਰਾ ਚਹਿਲ, ਮੁਹੰਮਦ ਸਦੀਕ, ਨਛੱਤਰ ਸੱਤਾ ਆਦਿ ਸਨ ।
                1991 ਤੋਂ ਸੋਮੀ ਜੀ ਦਾ ਅਖਾੜਿਆਂ ਦਾ ਦੌਰ ਸ਼ੁਰੂ ਹੁੰਦਾ ਹੈ। 1991ਤੋਂ ਸਾਲ 2023 ਤੱਕ ਸੋਮੀ  ਸੈਂਕੜੇ ਅਖਾੜਿਆਂ ਰਾਹੀਂ ਲੋਕਾਂ ਦੇ ਰੂਬਰੂ ਹੁੰਦੇ ਰਹੇ । ਸੋਮੀ ਜੀ ਇਮਾਨਦਾਰ ਅਤੇ ਚੰਗੇ ਸੁਭਾਅ ਦੇ ਮਾਲਕ ਸਨ। ਸੋਮੀ ਨੇ ਕਦੇ ਵੀ ਆਪਣੇ ਅਖਾੜਿਆਂ ਦੇ ਪੈਸੇ ਮੂੰਹੋਂ ਮੰਗੇ ਨਹੀਂ ਲਏ ਸਨ। ਇਸ ਤੋਂ ਉਪਰੰਤ ਜਨਾਬ ਸੋਮੀ ਜੀ ਦੀ ਦੂਜੀ ਕੈਸਟ 1991 ਵਿੱਚ ‘ਪੰਜਾਬੀ ਲਾਗੂ’ ਆਈ ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਗੀਤ ਗਾਏ ਗਏ ਸਨ। ਇਸ ਤੋਂ ਇਲਾਵਾ ਤੱਤੜੀ ਦੀ ਬਾਂਹ ਫੜ ਕੇ ਅਤੇ ‘ਖੂਨ ਦਾਨ’ ਵੀ ਸੋਮੀ ਦੀਆਂ ਟੇਪਾਂ ਮਾਰਕੀਟ ਵਿੱਚ ਆਈਆਂ ‘ਤੱਤੜੀ ਦੀ ਬਾਂਹ ਫੜ ਕੇ’ ਸੈਡ ਗੀਤਾਂ ਦੀ ਕੈਸਟ ਸੀ ਸੋਮੀ ਜੀ ਦੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਕਿਉਂਕਿ ਇਸ ਵਿੱਚ ਗਾਏ ਗੀਤ ਪਿਆਰ ਮੁਹੱਬਤ ਨਾਲ ਸੰਬੰਧਿਤ ਸਨ ।
              ਗੀਤ ਦੇ ਬੋਲ ÷
         1. ਧਨ ਦੇ ਅਮੀਰਾਂ ਦੀਏ ਕੁੜੀਏ
             ਅਸੀਂ ਵੀ ਹਾਂ ਦਿਲ ਦੇ ਅਮੀਰ ਨੀਂ
        2 . ਗਮ ਤੇਰੇ ਨੇਂ ਮਾਰ ਮੁਕਾਇਆ
             ਤੈਨੂੰ ਸੱਜਣਾਂ ਤਰਸ ਨਾ ਆਇਆ
             ਤੂੰ ਪਾ ਕੇ ਗੂੜ੍ਹਾ ਪਿਆਰ
             ਵੇ ਤੱਤੜੀ ਦੀ ਬਾਂਹ ਫੜ ਕੇ
             ਕਿਉਂ ਛੱਡ ਗਿਉਂ ਅੱਧਵਿਚਕਾਰ
              ਵੇ ਤੱਤੜੀ ਦੀ ਬਾਂਹ ਫੜ ਕੇ ।
 ਬਾਕੀ ਕੈਸਟਾਂ ਨੂੰ ਲੋਕਾਂ ਨੇ ਇਨਾ ਪਸੰਦ ਨਹੀਂ ਕੀਤਾ ਕਿਉਂਕਿ ਉਹਨਾਂ ਕੈਸਟਾਂ ਦੇ ਗੀਤ ਸੱਭਿਆਚਾਰ ਨਾਲ ਸਬੰਧਤ ਅਤੇ ਲੋਕਾਂ ਨੂੰ ਸੇਧ ਦੇਣ ਵਾਲੇ ਸਨ ਨਾ ਕਿ ਇਸ਼ਕ ਮੁਸ਼ਕ ਵਾਲੇ। ਪਰ ਇਸ ਮਹਾਨ ਗਾਇਕ ਨੇ ਬਿਲਕੁਲ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਗੀਤ ਸਾਦਗੀ ਭਰੇ ਅੰਦਾਜ਼ ਨਾਲ ਲਿਖੇ ਅਤੇ ਗਏ। ਪਰ ਦੂਜੇ ਪਾਸੇ ਲੋਕ ਤੱਤੇ ਅਤੇ ਲਚਰਤਾ ਭਰੇ ਗੀਤਾਂ ਨੂੰ ਸੁਣਨਾ ਜਿਆਦਾ ਪਸੰਦ ਕਰਦੇ ਹਨ। ਚਮਕੀਲਾ, ਸਦੀਕ, ਕਰਤਾਰ ਰਮਲਾ, ਵਰਗੇ ਗਾਇਕ ਸੋਮੀ ਦੇ ਮੁਕਾਬਲੇ ਜਿਆਦਾ ਮਕਬੂਲ ਸਨ। ਕਾਰਨ ਇਹ ਸੀ ਕਿ ਇਹਨਾਂ ਗਾਇਕਾਂ ਦੇ ਗੀਤਾਂ ਵਿੱਚ ਸੱਭਿਆਚਾਰ ਤੇ ਸਾਦਗੀ ਦੂਰ ਦੂਰ ਤੱਕ ਕਿਤੇ ਨਜ਼ਰ ਨਹੀਂ ਆਉਂਦੇ।
       ਸੋਮੀ ਜੀ ਨੇ ਆਪਣੀ ਇੱਕ ਇੰਟਰਵਿਊ ਵਿੱਚ ਦੱਸਦਿਆਂ ਕਿਹਾ ਸੀ ਕਿ ਬਠਿੰਡਾ ਜਿਲੇ ਦੇ ਪਿੰਡ ਸੇਖੂ ਵਿੱਚ ਪ੍ਰੋਗਰਾਮ ਦੇ ਦੌਰਾਨ ਸੋਮੀ ਦੇ ਗੀਤ ਤੋਂ ਖੁਸ਼ ਹੋ ਕੇ ਕੁਲਦੀਪ ਮਾਣਕ ਸਾਹਿਬ ਨੇ ਉਸਨੂੰ ਦੋ ਵਾਰ ਇਨਾਮ ਦਿੱਤਾ। ਸੋਮੀ ਕਹਿੰਦਾ ਹੈ ਕਿ ਇਹ ਉਸ ਲਈ ਬਹੁਤ ਹੀ ਮਾਣ ਵਾਲੀ ਗੱਲ ਸੀ। ਸੋਮੀ ਜੀ ਦੇ ਅਨੇਕਾਂ ਹੀ ਸਿੰਗਲ ਟ੍ਰੈਕ ਰਿਕਾਰਡ ਹੋ ਚੁੱਕੇ ਹਨ। ਜੋ ਤੁਸੀਂ ਯੂ ਟਿਊਬ ਤੇ ਸੁਣ ਸਕਦੇ ਹੋਂ।
     ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਸਾਦਗੀ ਅਤੇ ਵਧੀਆ ਵਿਸ਼ਿਆਂ ਨੂੰ ਪਰੋ ਕੇ ਰੱਖਣ ਵਾਲੇ ਜਨਾਬ ਸੋਮੀ ਤੁੰਗਵਾਲੀਆ ਜੀ ਪਿਛਲੇ ਦਿਨ 21 ਜੂਨ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ। 30 ਜੂਨ 2024 ਨੂੰ ਪਿੰਡ ਤੁੰਗਵਾਲੀ ਵਿਖੇ ਉਨਾਂ ਦੀ ਅੰਤਿਮ ਅਰਦਾਸ ਲਈ ਪਾਠ ਦੇ ਭੋਗ ਪਾਏ ਜਾਣਗੇ।
                ~ ਦੇਵ ਮੁਹਾਫਿਜ਼ 
                  6239139449
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡੇਰਾ ਮਰਜਾਣੇ ਸ਼ਾਹ ਝੁੰਗੀਆਂ ਵਿਖੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਫਿਲੌਰ ਮੁੱਖ ਮਹਿਮਾਨ ਦੇ ਤੌਰ ‘ਤੇ ਹੋਏ ਹਾਜ਼ਰ
Next articleਆਹ ਕੀ ….ਯੋਗਾ ਵਾਲੀ ਲੜਕੀ ਨੂੰ ਗੁਜਰਾਤ ਪੁਲਿਸ ਨੇ ਦਿੱਤੀ ਸੁਰੱਖਿਆ