ਇਉਂ ਸ਼ੁਰੂ ਹੋਇਆ ਭਾਰਤੀ ਸਮੁੰਦਰੀ ਜਹਾਜ਼ਰਾਨੀ ਦਾ ਸਫ਼ਰ

ਲਾਲ ਸਿੰਘ

(ਸਮਾਜ ਵੀਕਲੀ)

ਰਾਸ਼ਟਰੀ ਸਾਗਰੀ ਦਿਵਸ ਦੇ ਮੌਕੇ ‘ਤੇ ਵਿਸ਼ੇਸ਼

ਜਦੋਂ ਅੰਗਰੇਜ਼ੀ ਹਕੂਮਤ ਦੀ ਸਮੁੰਦਰਾਂ ‘ਚ ਸਰਦਾਰੀ ਨੂੰ ਇੱਕ ਨਿੱਕੀ ਜਿਹੀ ਨਵੀਂ ਨਵੀਂ ਕੰਪਨੀ ਸਿੰਦੀਆ ਸਟੀਮ ਨੈਵਿਗੇਸ਼ਨ ਨੇ ਚੁਣੌਤੀ ਦਿੱਤੀ ਉਹ ਦਿਨ ਅਰਥਾਤ 5 ਅਪ੍ਰੈਲ 1919 ਦਾ ਦਿਨ ਭਾਰਤੀ ਸਾਗਰੀ ਇਤਿਹਾਸ ਦਾ ਬੁਨਿਆਦੀ ਦਿਨ ਬਣ ਗਿਆ।

ਇਸ ਤੋਂ ਪਹਿਲਾਂ ਦੀਆਂ ਕੰਪਨੀਆਂ  ਫੇਲ ਹੋ ਚੁੱਕੀਆਂ ਸਨ ਕਿਉਂਕਿ ਅੰਗਰੇਜ਼ ਜਿਨ੍ਹਾਂ ਦੀ ਅਜ਼ਾਰੇਦਾਰੀ ਸੀ ਬਿਲਕੁਲ ਨਹੀਂ ਸਨ ਚਾਹੁੰਦੇ ਕਿ ਕੋਈ ਭਾਰਤੀ ਉੱਦਮ ਏਸ ਖੇਤਰ ਵਿੱਚ ਯਤਨਸ਼ੀਲ ਹੋਵੇ।

ਪ੍ਰੰਤੂ ਗੁਜਰਾਤ ਦੇ ਸਿਰਕੱਢ ਵਪਾਰੀ ਵਾਲ ਚੰਦ ਹੀਰਾ ਚੰਦ, ਨਰੋਤਮ ਮੋਰਾਰਜੀ ਅਤੇ ਕਿਲਾ ਚੰਦ ਦੇਵ ਚੰਦ ,ਤਿੰਨਾਂ ਨੇ ਰਲ ਕੇ ਏਸ ਅਣਪਛਾਤੇ ਮੈਦਾਨ ਵਿੱਚ ਛਾਲ ਮਾਰੀ ਅਤੇ ਕੰਪਨੀ ਸ਼ੁਰੂ ਕਰ ਦਿੱਤੀ ਜਿਸਦੇ ਕੋਲ ਕੇਵਲ ਇੱਕ ਹੀ ਜਹਾਜ਼ ਸੀ।

ਏਹੋ ਜਹਾਜ਼ ਪਹਿਲਾਂ ਕੈਨੇਡਾ ਦੀ ਪੈਸਿਫ਼ਿਕ ਰੇਲਵੇ ਕੰਪਨੀ ਦੀ ਮਲਕੀਅਤ   ਆਰਐਮਐਸ ਐਮਪ੍ਰੈਸ  ਦੇ ਨਾਉਂ ਹੇਠ ਪਹਿਲੀ ਆਲਮੀ ਜੰਗ ਦੌਰਾਨ  ਇੱਕ ਤਰਦੇ-ਫਿਰਦੇ ਹਸਪਤਾਲ ਵਜੋਂ ਵਰਤਿਆ ਜਾ ਰਿਹਾ ਸੀ।

ਏਸੇ ਜਹਾਜ਼ ਨੂੰ  ਕੰਪਨੀ ਨੇ ਖ੍ਰੀਦ ਕੇ, ਕੁਝ ਅਦਲਾ ਬਦਲੀ ਕਰਕੇ ਨਵੇਂ ਨਾਉਂ ਐਸ.ਐਸ. ਲੋਇਲਟੀ ਨਾਲ ਜਹਾਜ਼ੀ ਢੋਆ ਢੁਆਈ ਦਾ ਕੰਮ ਸ਼ੁਰੂ ਕੀਤਾ। ਵਲੈਤ ਵਿੱਚ ਬਣੇ ਇਸ ਜਹਾਜ਼ ਵਿੱਚ 700 ਯਾਤਰੀ ਅਤੇ ਬਹੁਤ ਸਾਰਾ ਵਪਾਰੀ ਸਮਾਨ ਲੱਦਿਆ ਜਾ ਸਕਦਾ ਸੀ। ਪ੍ਰੰਤੂ ਪੂਰੇ ਦਸ ਸਾਲ ਕੰਪਨੀ ਨੂੰ ਖਾਹਮਖਾਹ ਦੀਆਂ ਦਫ਼ਤਰੀ ਪ੍ਰੇਸ਼ਾਨੀਆਂ ਦਾ ਮੁਕਾਬਲਾ ਕਰਨਾ ਪਿਆ ਕਿ ਤੁਸੀਂ ਏਸ ਰਸਤੇ ਨਹੀਂ ਜਾ ਸਕਦੇ, ਤੁਹਾਡੇ ਲਈ ਇਹ ਸ਼ਰਤ ਹੈ, ਔੁਹ ਸ਼ਰਤ ਹੈ ਆਦਿ।

ਪ੍ਰੰਤੂ ਹੈਰਾਨੀ ਵਾਲੀ ਗੱਲ ਹੈ ਕਿ ਕੰਪਨੀ ਦੇ ਇਸ ਜਹਾਜ਼ ਦੇ ਪਹਿਲੇ ਫੇਰੇ ਲਈ ਹੀ ਸਭ ਟਿਕਟਾਂ ਵਿੱਕ ਗਈਆਂ ਅਤੇ ਲੌਇਲਟੀ ਨੇ ਬੜੀ ਸਫ਼ਲਤਾ ਨਾਲ ਆਪਣਾ ਆਉਣਾ-ਜਾਣਾ ਸੰਪਨ ਕੀਤਾ।

ਬੇਸ਼ਕ ਆਉਂਦੀ ਵਾਰੀ ਇਸ ਬੇੜੇ ਨੂੰ  ਨਾ ਕੋਈ ਸਵਾਰੀ ਤੇ ਨਾ ਸਮਾਨ ਮਿਲਿਆ ਤੇ ਇਹ ਖ਼ਾਲੀ ਹੀ ਆਇਆ ।

ਅੰਗਰੇਜ਼ਾਂ ਦੀਆਂ ਸਾਰੀਆਂ ਕੋਝੀਆਂ ਚਾਲਾਂ ਦੇ ਬਾਵਜੂਦ, ਨਵੇਂ ਉੱਦਮੀਆਂ ਦਾ ਹੌਂਸਲਾ ਬੁਲੰਦ ਰਿਹਾ ਬਲਕਿ ਹੁਣ ਉਹਨਾਂ ਆਪਣਾ ਸਾਰਾ ਬੇੜਾ ਮੁਕੰਮਲ ਕਰ ਲਿਆ ਅਤੇ ਸਾਰਾ ਧਿਆਨ ਕੇਵਲ ਸਮਾਨ ਢੋਣ ‘ਤੇ ਹੀ ਕੇਂਦਰਤ ਰੱਖਿਆ ਤਾਂ ਕਿ ਅੰਗਰੇਜ਼ਾਂ ਦੀ ਪੁਰਾਣੀ ਸਥਾਪਤ ਕੀਤੀ ਸਵਾਰੀਆਂ ਲਿਜਾਣ ਵਾਲੀ ਜਹਾਜ਼ੀ ਕੰਪਨੀ, ਪੀ. ਅਂੈਡ ਓ. ਕੰਪਨੀ, ਨਾਲ ਕੋਈ ਵਿਗਾੜ ਦੀ ਸੰਭਾਵਨਾ ਹੀ ਨਾ ਰਹੇ।

ਪ੍ਰੰਤੂ ਇਸ ਤਰ੍ਹਾਂ ਕਰਨ ਨਾਲ ਕੰਪਨੀ ਉੱਤੇ ਬਹੁਤ ਭਾਰੀ ਆਰਥਿਕ ਬੋਝ ਵੱਧ ਗਿਆ ਅਤੇ ਕੰਪਨੀ ਸੰਕਟ ਵਿੱਚ ਆ ਗਈ ਕਿਉਂਕਿ ਕਈ ਇੱਕ ਰੂਟਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਘਾਟੇ ਵਾਲੇ ਸਮਝੌਤਿਆਂ ‘ਤੇ ਦਸਖ਼ਤ ਕੀਤੇ ਹੋਏ ਸਨ।

ਪ੍ਰੰਤੂ ਕੰਪਨੀ ਦੇ ਇੰਜਨੀਅਰਿੰਙ ਅਤੇ ਫਲੋਟਿੰਙ ਸਟਾਫ਼ ਦੇ ਮਿਲਵਰਤਣ ਸਦਕਾ ਅਤੇ ਆਪਣੇ ਦ੍ਰਿੜ੍ਹ ਇਰਾਦੇ ਕਾਰਨ ਕੰਪਨੀ ਕਾਮਯਾਬੀ ਦੀਆਂ ਸਿਖਰਾਂ ਛੋਹਣ ਲੱਗੀ। ਇੰਜੀਨੀਅਰਿੰਙ ਸਟਾਫ਼ ਨੇ ਤਾਂ ਤਨਖ਼ਾਹਾਂ ਵਿੱਚ ਕਟੌਤੀ ਵੀ ਪੇਸ਼ ਕੀਤੀ।

ਕੰਪਨੀ ਦਾ ਚੇਅਰਮੈਨ ਵਾਲ ਚੰਦ ਬੜਾ ਦੂਰ ਅੰਦੇਸ਼ ਸੀ ਅਤੇ ਸਮਝਦਾ ਸੀ ਕਿ ਸਮੁੰਦਰੀ ਢੋਆ-ਢੁਆਈ ਦੇ ਖੇਤਰ ਵਿੱਚ ਕਈ ਨਵੀਨਤਾਵਾਂ ਲਈ ਰਾਹ ਖੁੱਲ੍ਹਾ ਹੈ।

ਇਸ ਦੀ ਮੰਗ ਵੀ ਆਉਣ ਵਾਲੇ ਸਮੇਂ ਵਿੱਚ (1950 ਤੋਂ ਬਾਅਦ) ਵੱਧਣੀ ਯਕੀਨੀ ਸੀ ।

ਭਾਵੇਂ ਮੁਕਾਬਲਾ ਅੰਤਾਂ ਦਾ ਸੀ ਪ੍ਰੰਤੂ ਕੰਪਨੀ ਨੇ ਏਸ ਦਿਸ਼ਾ ਵਿੱਚ ਕਈ ਸੌਦਿਆਂ ‘ਤੇ ਦਸਖ਼ਤ ਕਰ ਦਿੱਤੇ।

ਇਸ ਤਰ੍ਹਾਂ ਕਰਨ ਨਾਲ ਦੇਸ਼ ਵਿੱਚ ਜਹਾਜ਼ਸਾਜ਼ੀ ਦੇ ਕੰਮ ਦੀਆਂ ਸੰਭਾਵਨਾਵਾਂ ਵੱਧ ਗਈਆਂ ਅਤੇ ਜਲਦੀ ਹੀ ਸਿੰਦੀਆ ਸ਼ਿਪਿੰਗ ਯਾਰਡ ਹੋਂਦ ਵਿੱਚ ਆ ਗਿਆ ਜੋ ਕਿ ਬਾਅਦ ਵਿੱਚ ਹਿੰਦੁਸਤਾਨ ਸ਼ਿਪਿੰਗ ਯਾਰਡ ਬਣ ਗਿਆ ਅਤੇ ਦੇਸ਼ ਵਿੱਚ ਨਿਰਮਾਣ ਹੋਣ ਵਾਲਾ ਪਹਿਲਾ ਜਹਾਜ਼ ਜਲਉਸ਼ਾ ਯਾਰਡ ਤੋਂ ਸਮੁੰਦਰ ਵਿੱਚ ਠੇਲ੍ਹਿਆ ਗਿਆ।

ਸਿੰਦੀਆ ਕੰਪਨੀ ਦੇ ਸਾਰੇ ਜਹਾਜ਼ਾਂ ਦੇ ਨਾਵਾਂ ਤੋਂ ਪਹਿਲਾਂ ‘ਜਲ’ ਅਗੇਤਰ ਜ਼ਰੂਰ ਹੁੰਦਾ ਸੀ।

ਸਿੰਦੀਆ ਦਾ ਝੰਡਾ ਇੱਕ ‘ਸਫ਼ੇਦ ਆਇਤ’ ‘ਤੇ ਕੇਂਦਰ ਵਿੱਚ ਗਣੇਸ਼ ਦਾ ਨਿਸ਼ਾਨ ਲਾਲ ਸਵਾਸਤਿਕ ਚਿੰਨ੍ਹ’ ਹੁੰਦਾ ਸੀ। ਜਹਾਜ਼ੀ ਚਿਮਨੀਆਂ ਦੇ ਦੁਆਲੇ ਪੀਲੇ ਰੰਗ ਦੀ ਪੱਟੀ ਹੁੰਦੀ ਸੀ ਜੋ ਕਿ ਦੂਰੋਂ ਹੀ ਕੰਪਨੀ ਦੇ ਚਿੰਨ੍ਹ ਵੱਜੋਂ ਸਪੱਸ਼ਟ ਦਿਸ ਪੈਂਦੀ ਸੀ, ਹਰ ਬੰਦਰਗਾਹ ਵਿੱਚ। ਦੂਸਰੀ ਅਲਮੀ ਜੰਗ ਸਮੇਂ ਸੁਰੱਖਿਆ ਵਜੋਂ ਜਹਾਜ਼ਾਂ ਲਈ ਸਮੁੰਦਰੀ ਰਸਤੇ ਬੰਦ ਹੋ ਗਏ ਸਨ।

ਬਾਅਦ ਵਿੱਚ ਜਦੋਂ ਜਰਮਨੀ ਵੱਲ ਜਾਣ ਆਉਣ ਦਾ ਰਾਹ ਖੁੱਲ੍ਹਿਆ ਤਾਂ ਸਾਨੂੰ ਬੰਦਰਗਾਹਾਂ ‘ਤੇ ਕਾਫੀ ਲੰਬੀ ਚੌੜੀ ਵਿਆਖਿਆ ਕਰਨੀ ਪੈਂਦੀ ਸੀ ਕਿਉਂਕਿ ਕੰਪਨੀ ਦਾ ਲੋਗੋ ਹਿਟਲਰ ਦੀ ਨਾਜ਼ੀ ਪਾਰਟੀ ਦੇ ਨਿਸ਼ਾਨ ਨਾਲ ਮਿਲਦਾ ਸੀ ਜਿਸ ਤੋਂ ਕਿ ਜਰਮਨਾਂ ਨੇ   ਬੜੀ ਮੁਸ਼ਕਲ ਖਹਿੜਾ ਛੁਡਾਇਆ ਸੀ।

ਉਹਨਾਂ ਨੂੰ ਨਹੀਂ ਸੀ ਪਤਾ ਕਿ ਹਿੰਦੂ ਸਮਾਜ ਵਿੱਚ ਗਣੇਸ਼ ਚਿੰਨ੍ਹ ਤਾਂ ਇੱਕ ਧਰਮ ਦਾ ਨਿਸ਼ਾਨ ਹੈ ਅਤੇ ਸੰਸਕ੍ਰਿਤ ਵਿੱਚੋਂ ਆਇਆ ਹੈ।

ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਕੰਪਨੀ ਦਾ ਵਪਾਰ ਅਮਰੀਕਾ, ਯੂਰੋਪ, ਕੈਨੇਡਾ, ਅਸਟਰੇਲੀਆ ਦੇਸ਼ਾਂ ਤੱਕ ਫ਼ੈਲ ਗਿਆ ਅਤੇ ਕੰਪਨੀ ਦੀ ਸਮੇਂ ਦੀ ਪਾਬੰਦੀ ਵੇਖ ਕੇ ਚਾਰੇ ਪਾਸੇ ਧੁੰਮਾਂ ਪੈ ਗਈਆਂ। ਕੰਪਨੀ ਦਾ ਨਾਂ ਬਣ ਗਿਆ।

ਕਲਕੱਤੇ ਤੋਂ ਲੈ ਕੇ ਅਮਰੀਕਾ ਦੀਆਂ ਮਹਾਨ ਝੀਲਾਂ (ਗਰੇਟ ਲੇਕਸ) ਤੱਕ ਦਾ ਰੂਟ ਸਭ ਤੋਂ ਵੱਧ ਲਾਭ ਦੇਣ ਵਾਲਾ ਬਣ ਗਿਆ ਕਿਉਂਕਿ ਏਥੇ ਕੰਮ ਆਉਣ ਵਾਲਾ ਸਾਜ਼ੋ-ਸਮਾਨ ਤੇ ਹੁਨਰ ਬਾਕੀ ਕੰਪਨੀਆਂ ਪਾਸ ਅਜੇ ਨਹੀਂ ਸੀ। ਉਸ ਤੋਂ ਬਾਅਦ ਜਹਾਜ਼ੀ ਅਫ਼ਸਰਾਂ ਦੀ ਸਿੱਖਿਆ-ਸਿਖਲਾਈ ਨੂੰ ਲੈ ਕੇ ਟਰੇਨਿੰਙ ਸਟਾਫ਼ ਟੀ.ਐਸ.ਡਫ਼ਰਿਨ ਸਥਾਪਤ ਹੋਇਆ ਜੋ ਬਾਅਦ ਵਿੱਚ ਡੀ.ਐਮ.ਈ.ਟੀ. ਯਾਨੀ ਸਮੁੰਦਰੀ ਸਿੱਖਿਆ ਦਾ ਨਿਰਦੇਸ਼ਾਲਿਆ ਬਣ ਗਿਆ।

ਹੋਰ ਵੀ ਕਈ ਖੋਜ ਸੰਸਥਾਵਾਂ ਬਣ ਗਈਆਂ ਜਿਵੇਂ ਇੰਡੀਅਨ ਮੈਰਿਟਾਈਮ ਯੂਨੀਵਰਸਿਟੀ (ਚੇਨਈ) ਅਤੇ ਮੈਰਿਨ ਖੋਜ ਸੰਸਥਾ (ਐਮ.ਈ.ਆਰ.ਈ. ਕਲਕੱਤਾ) ।

ਮੈਨੂੰ ਯਾਦ ਹੈ ਕਿ ਦੁਨੀਆਂ ਦੀ ਸਰਵੁੱਚ ਮੁਲੰਕਣ ਸੰਸਥਾ ਲੋਇਡਜ਼ ਰਜਿਸਟਰ ਔਫ਼ ਸ਼ਿਪਸ ਅਤੇ ਹੋਰ ਕਈ ਸਰਕਾਰੀ ਸਰਵੇਖਣ ਸਿੰਦੀਆ ਕੰਪਨੀ ਨੂੰ ਬੜੀ ਅਛੀ ਨਜ਼ਰ ਨਾਲ ਵੇਖਦੇ ਸਨ। ਜਲਦੀ ਹੀ ਨਵੀਆਂ ਕੰਪਨੀਆਂ ਜਿਵੇਂ ਸ਼ਿਪਿੰਗ ਕਾਰਪੋਰੇਸ਼ਨ, ਗਰੇਟ ਈਸਟਰਨ, ਇੰਡੀਆ ਸਟੀਮਸ਼ਿਪ ਕੰਪਨੀ ਆਦਿ ਆ ਗਈਆਂ ਜਿਨ੍ਹਾਂ ਵਿੱਚ ਕੰਮ ਕਰਨ ਵਾਲੇ ਅਫ਼ਸਰ ਜ਼ਿਆਦਾਤਰ ਸਿੰਦੀਆ ਤੋਂ ਹੀ ਲਏ ਹੁੰਦੇ ਸਨ। ਇਸ ਤਰ੍ਹਾਂ ਇਹ ਵਪਾਰ ਸਿਖਰਾਂ ‘ਤੇ ਪਹੁੰਚ ਗਿਆ।

ਬੰਬਈ ਵਿੱਚ ਸਥਿਤ ਸਿੰਦੀਆ ਹਾਊਸ (ਬੈਲਰਡ ਇਸਟੇਟ) ਉਸ ਪੁਰਾਣੇ ਸੁਨਹਿਰੀ ਸਮੇਂ ਦੀ ਯਾਦਗਾਰ ਹੈ ਜਦੋਂ ਇਸ ਕੰਪਨੀ ਨੇ ਆਪਣਾ ਬੇੜਾ ਵੇਚ ਦਿੱਤਾ ਅਤੇ ਕੰਮ ਸਮੇਟ ਦਿੱਤਾ। ਏਸੇ ਤਰ੍ਹਾਂ ਬੰਬਈ ਦਾ ਵਾਲ ਚੰਦ ਹੀਰਾ ਨੰਦ ਮਾਰਗ ਵੀ ਉਸ ਦੂਰ ਅੰਦੇਸ਼ ਦੀ ਯਾਦ ਦਿਵਾਉਂਦਾ ਹੈ।

ਕਿਸੇ ਵੇਲੇ ਇੱਕੋ ਜਹਾਜ਼ ਨਾਲ ਚੱਲਣ ਵਾਲੀ ਉਸ ਕੰਪਨੀ ਦੇ ਰਿਟਾਇਰਡ ਅਫ਼ਸਰ ਹੋਣ ਕਾਰਨ ਜਿਸਨੇ ਐਸ.ਐਸ. ਲੋਇਲਟੀ ਤੋਂ ਵੱਧ ਕੇ ਸੰਸਾਰ ਪੱਧਰ ਦੀ ਕੰਪਨੀ ਦੀ ਥਾਂ ਬਣਾ ਲਈ ਸੀ, ਮੇਰਾ ਮਨ ਕੁਝ ਹੇਰਵੇ ਨਾਲ ਯਾਦਾਂ ਵਿੱਚ ਲਬਰੇਜ਼ ਹੈਕਿ 5 ਅਪ੍ਰੈਲ ਰਾਸ਼ਟਰੀ ਸਾਗਰੀ ਦਿਵਸ ਵਜੋਂ ਕਿਉਂ ਮਨਾਇਆ ਜਾਂਦਾ ਹੈ।

ਲਾਲ ਸਿੰਘ,(ਰਿਟਾਇਰਡ) ਚੀਫ਼ ਇੰਜੀਨੀਅਰ ਸਿੰਦੀਆ ਸ਼ਿਪਿੰਗ ਕੰਪਨੀ

419-ਈਸਟ ਮੋਹਨ ਨਗਰ,ਅੰਮ੍ਰਿਤਸਰ।ਮੋਬਾਇਲ : 9815794319  

Previous articleMassive container ship freed from Suez Canal
Next articleMerkel urges premiers to stick to tighter curbs