(ਸਮਾਜ ਵੀਕਲੀ) ਸਵੇਰ ਸਾਰ ਫੋਨ ਦੀ ਘੰਟੀ ਵੱਜਦੇ ਹੀ ਮੇਰੀ ਅੱਖ ਖੁੱਲ ਗਈ। ਸਕਰੀਨ ਤੇ ਨੰਬਰ ਦੇਖਿਆ ਤਾਂ ਮੈਂ ਇੱਕਦਮ ਅੱਬੜਵਾਹੇ ਉੱਠ ਕੇ ਬਾਥਰੂਮ ਵੱਲ ਭੱਜ ਗਿਆ। ਫੋਨ ਦੀ ਘੰਟੀ ਅਜੇ ਤੱਕ ਵੱਜ ਰਹੀ ਸੀ। ਮੇਰੀ ਘਰਵਾਲੀ ਨੇ ਆ ਕੇ ਫੋਨ ਦੇਖਿਆ ਤੇ ਫੋਨ ਲੈ ਕੇ ਮੇਰੇ ਪਿੱਛੇ ਪਿੱਛੇ ਬਾਥਰੂਮ ਤੱਕ ਆ ਗਈ । ਓਨੇ ਟਾਇਮ ਤੱਕ ਮੈਂ ਬਾਥਰੂਮ ਦੇ ਅੰਦਰੋਂ ਕੁੰਡੀ ਲਾ ਲਈ ਸੀ। ਘਰਵਾਲੀ ਨੇ ਮੈਨੂੰ ਬਾਹਰੋਂ ਪੁੱਛਿਆ
” ਹੁਣ ਇਹਨੂੰ ਮੈਂ ਕੀ ਆਖਾਂ?”
” ਇਹਨੂੰ ਕਹਿ ਦੇ! ਬਸ ਪੰਜਾਂ ਮਿੰਟਾਂ ਚ ਆਉਨਾ ਮੈਂ।”
ਮੇਰੀ ਘਰਵਾਲੀ ਨੇ ਕਾਲ ਪਿੱਕ ਕਰਕੇ ਫੋਨ ਸਪੀਕਰ ਤੇ ਲਾ ਲਿਆ।
” ਹੈਲੋ ਵੀਰ ਜੀ ਸਤਿ ਸ੍ਰੀ ਅਕਾਲ?”
” ਉਹ ਹੈ ਕਿੱਥੇ? ਆਇਆ ਕਿਉਂ ਨਹੀਂ ਅਜੇ ਤਾਈਂ?”
ਮੇਰਾ ਦੋਸਤ ਮੇਜਰ ਸਿੰਘ ਬੋਲ ਰਿਹਾ ਸੀ।
” ਉਹ ਵੀਰ ਜੀ ਨ੍ਹਾਈ ਜਾਂਦੇ ਐ।”
” ਹਾਲੇ ਹੁਣ ਨ੍ਹਾਉਣ ਲੱਗਿਆ ਉਹ। “
” ਹਾਂਜੀ ਵੀਰ ਜੀ! “
” ਛੇਤੀ ਭੇਜ ਉਹਨੂੰ। “
ਉਹਦੇ ਬੋਲਾਂ ਵਿੱਚ ਗਰਮੀ ਸਪਸ਼ਟ ਮਹਿਸੂਸ ਹੋ ਰਹੀ ਸੀ। ਮੈਂ ਜਲਦੀ ਨਾਲ ਪਿੰਡੇ ਤੇ ਚਾਰ ਡੱਬੇ ਪਾਣੀ ਦੇ ਪਾਏ ਤੇ ਛੇਤੀ ਛੇਤੀ ਕੱਪੜੇ ਪਾ ਕੇ ਤਿਆਰ ਹੋਣ ਲੱਗਿਆ। ਘਰਵਾਲੀ ਚਾਹ ਦਾ ਗਲਾਸ ਲੈ ਕੇ ਮੇਰੇ ਪਿੱਛੇ ਖੜੀ ਸੀ।
” ਚਾਹ ਤਾਂ ਤੂੰ ਰਹਿਣ ਈ ਦੇਹ। ਮੈਂ ਉੱਥੇ ਜਾ ਕੇ ਪੀਂਊਂਗਾ। ਨਹੀਂ ਉਹਨੇ ਮੈਨੂੰ ਜਾਂਦੇ ਨੂੰ ਚਾਟਾ ਛਕਾ ਦੇਣਾ।”
” ਨਾ ਜਦੋਂ ਤੁਹਾਨੂੰ ਪਤਾ ਸੀ ਵੀ ਉਹਨੇ ਤੁਹਾਨੂੰ ਜਲਦੀ ਬੁਲਾਇਆ ਤੁਸੀਂ ਜਲਦੀ ਜਾਗ ਜਾਣਾ ਸੀ। ਨਾਲੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ। ਤੁਸੀਂ ਜਾ ਕੇ ਸਾਰਾ ਕੁਝ ਸੰਭਾਲਣਾ ਉਥੇ।”
” ਪਤਾ ਤਾਂ ਸੀ… ਪਰ ਕੀ ਕਰਾਂ ਛੇਤੀ ਅੱਖ ਨਹੀਂ ਖੁੱਲੀ ! “
ਮੈਂ ਛੇਤੀ ਛੇਤੀ ਬੂਟ ਪਾ ਕੇ ਮੋਟਰਸਾਈਕਲ ਦੇ ਕਿੱਕ ਮਾਰੀ ਤੇ ਦਸਾਂ ਮਿੰਟਾਂ ਵਿੱਚ ਮੈਂ ਮੇਜਰ ਦੇ ਘਰ ਅੱਗੇ ਪਹੁੰਚ ਗਿਆ। ਮੇਜਰ ਦਾ ਸਾਲਾ ਤੇ ਸਾਲੇਹਾਰ ਆਏ ਹੋਏ ਸਨ। ਫੈਕਟਰੀ ਵਿੱਚ ਮੇਜਰ ਦੇ ਨਾਲ ਕੰਮ ਕਰਨ ਵਾਲੇ ਦੋ ਜਣੇ ਹੋਰ ਵੀ ਘਰ ਵਿੱਚ ਮੌਜੂਦ ਸਨ। ਮੈਨੂੰ ਦੇਖ ਕੇ ਮੇਜਰ ਨੇ ਮੱਥੇ ਵੱਟ ਪਾ ਲਏ। ਮੈਂ ਮੇਜਰ ਦੇ ਕੋਲ ਜਾਣ ਦੀ ਥਾਂ ਤੇ ਉਸ ਦੀ ਪਤਨੀ ਕਰਮਜੀਤ ਵੱਲ ਹੋ ਲਿਆ। ਕਰਮਜੀਤ ਨੇ ਮੈਨੂੰ ਹਮੇਸ਼ਾ ਵਾਂਗ ਹੱਸ ਕੇ ਜੱਫੀ ਵਿੱਚ ਲੈ ਲਿਆ।
” ਇਹ ਐਨਾ ਗਰਮ ਕਿਉਂ ਹੋਇਆ ਫਿਰਦਾ?”
” ਤੈਨੂੰ ਤਾਂ ਪਤਾ ਹੀ ਹੈ! ਤੂੰ ਟਾਈਮ ਨਾਲ ਆਉਣਾ ਸੀ।”
” ਜਦੋਂ ਮੈਂ ਇਹਨੂੰ ਕੱਲ ਕਹਿ ਕੇ ਗਿਆ ਸੀ ਕਿ ਮੈਂ ਸਾਰਾ ਕੁਝ ਆਪੇ ਸੰਭਾਲ ਲਵਾਂਗਾ।”
” ਕੀ ਸੰਭਾਲ ਲੇਂਗਾ ਤੂੰ । ਟੈਚੀ ਕਿੱਥੇ ਐ?” ਆ ਕੇ ਮੇਜਰ ਉੱਚੀ ਆਵਾਜ਼ ਵਿੱਚ ਬੋਲਿਆ।
” ਟੈਚੀ ਆਪੇ ਆਜੂ, ਤੂੰ ਛੱਡ ਪਹਿਲਾਂ ਚਾਹ ਪੀ। ਕੀ ਖਾਏਂਗਾ ਚਾਹ ਨਾਲ।” ਕਰਮਜੀਤ ਨੇ ਮੈਨੂੰ ਗਰਮਾ ਗਰਮ ਚਾਹ ਦਾ ਭਰਿਆ ਸਟੀਲ ਦਾ ਗਲਾਸ ਫੜਾਇਆ। ਕਰਮਜੀਤ ਦੀ ਭਰਜਾਈ ਸਟੀਲ ਦਾ ਭਰਿਆ ਗਿਲਾਸ ਦੇਖ ਕੇ ਮੁਸ਼ਕੜੀਏਂ ਹੱਸ ਰਹੀ ਸੀ। ਮੈਂ ਮੇਜਰ ਦੇ ਘਰ ਜਦ ਵੀ ਜਾਂਦਾ ਸੀ ਕਰਮਜੀਤ ਦੇ ਹੱਥਾਂ ਦੀ ਬਣੀ ਚਾਹ ਮੈਨੂੰ ਬੜੀ ਸਵਾਦ ਲੱਗਦੀ ਸੀ । ਕਈ ਸਾਲ ਪਹਿਲਾਂ ਹੀ ਮੈਂ ਉਹਨੂੰ ਇਹ ਗੱਲ ਦੱਸ ਦਿੱਤੀ ਸੀ।
” ਭਾਬੀ ਤੇਰੀ ਬਣਾਈ ਚਾਹ ਬਹੁਤ ਸਵਾਦ ਹੁੰਦੀ ਹੈ। ਆ ਕੱਪੀ ਜਿਹੀ ਪੀ ਕੇ ਮੈਨੂੰ ਸਬਰ ਨਹੀਂ ਆਉਂਦਾ। ਮੈਨੂੰ ਸਟੀਲ ਦੇ ਵੱਡੇ ਗਲਾਸ ਚ ਪਾ ਕੇ ਦਿਆ ਕਰ। ਕਰਮਜੀਤ ਨੇ ਹੱਸ ਕੇ ਮੇਰੇ ਹੱਥੋਂ ਚਾਹ ਦਾ ਕੱਪ ਫੜ ਲਿਆ ਸੀ ਤੇ ਰਸੋਈ ਚ ਜਾ ਕੇ ਸਟੀਲ ਦੇ ਗਲਾਸ ਵਿੱਚ ਪਾ ਕੇ ਲੈ ਆਈ। ਉਸ ਤੋਂ ਬਾਅਦ ਮੈਂ ਜਦੋਂ ਵੀ ਉਹਨਾਂ ਦੇ ਘਰੇ ਗਿਆ ਮੈਨੂੰ ਉਹਨਾਂ ਨੇ ਸਟੀਲ ਦੇ ਗਿਲਾਸ ਵਿੱਚ ਹੀ ਚਾਹ ਫੜਾਈ। ਕਈ ਵਾਰ ਤਾਂ ਸਥਿਤੀ ਹਾਸੋਹੀਣੀ ਹੋ ਜਾਂਦੀ ਸੀ ਜਦੋਂ ਦੂਸਰੇ ਲੋਕ ਸਾਰੇ ਚੀਨੀ ਦੇ ਕੱਪਾਂ ਵਿੱਚ ਚਾਹ ਪੀ ਰਹੇ ਹੁੰਦੇ ਸੀ ਤੇ ਮੈਂ ਇੱਕ ਪਾਸੇ ਬੈਠਾ ਸਟੀਲ ਦੇ ਗਲਾਸ ਵਿੱਚ ਚਾਹ ਪੀ ਰਿਹਾ ਹੁੰਦਾ ਸੀ।
ਘਰ ਦੀ ਚਹਿਲ ਪਹਿਲ ਤੋਂ ਲੱਗਦਾ ਸੀ ਕਿ ਘਰ ਵਿੱਚ ਕੋਈ ਫੰਕਸ਼ਨ ਹੈ। ਪਰ ਐਸਾ ਕੁਝ ਨਹੀਂ ਸੀ। ਅਸਲ ਵਿੱਚ ਮੇਜਰ ਸਿੰਘ ਆਪਣੀ ਪਤਨੀ ਨਾਲ ਵਿਦੇਸ਼ ਜਾ ਰਿਹਾ ਸੀ। ਉਸਦੇ ਚਿਹਰੇ ਤੇ ਹਰ ਵੇਲੇ ਦੀ ਤਰ੍ਹਾਂ ਗੁੱਸੇ ਅਤੇ ਫਿਕਰ ਦੇ ਰਲੇ ਮਿਲੇ ਭਾਵ ਸਨ। ਪਰ ਕਰਮਜੀਤ ਅੱਜ ਬਹੁਤ ਜਿਆਦਾ ਖੁਸ਼ ਸੀ। ਉਹ ਵਾਰ ਵਾਰ ਰਸੋਈ ਵਿੱਚ ਵੜਦੀ ਬਾਹਰ ਆਉਂਦੀ ਤੇ ਫਿਰ ਰਸੋਈ ਵਿੱਚ ਚਲੀ ਜਾਂਦੀ। ਚੀਜ਼ਾਂ ਯਾਦ ਕਰਦੀ ਕਮਰਿਆਂ ਵਿੱਚ ਇਧਰ ਉਧਰ ਜਾਂਦੀ ਤੇ ਫਿਰ ਲੌਬੀ ਵਿੱਚ ਆ ਕੇ ਬੈਠ ਜਾਂਦੀ।
ਚਾਹ ਦਾ ਗਿਲਾਸ ਹੱਥ ਵਿੱਚ ਫੜੀ ਮੈਂ ਤਾਜ਼ੇ ਬਣੇ ਮਕਾਨ ਦੀ ਛੱਤ ਵੱਲ ਵੇਖ ਰਿਹਾ ਸੀ। ਪਿਛਲੇ ਸਾਲ ਹੀ ਤਾਂ ਤਿਆਰ ਕਰਵਾਇਆ ਸੀ ਇਹ ਮਕਾਨ। ਮੇਜਰ ਸਿੰਘ ਦੇ ਮਨਾਂ ਕਰਦੇ ਕਰਦੇ ਮੈਂਨੂੰ ਕਹਿ ਕੇ ਕਰਮਜੀਤ ਨੇ ਵਧੀਆ ਆਰਕੀਟੈਕਟਰ ਤੋਂ ਨਕਸ਼ਾ ਬਣਵਾਇਆ ਸੀ ਤੇ ਸਾਰਾ ਕੰਮ ਠੇਕੇ ਤੇ ਕਰਵਾਇਆ ਸੀ। ਦੋ ਤਿੰਨ ਵਾਰ ਤਾਂ ਜੱਗੀ ਨੇ ਮੈਨੂੰ ਫੋਨ ਕਰਕੇ ਕਿਹਾ ਸੀ ਕਿ ਉਹਦਾ ਪਿਉ ਜੋ ਮਰਜੀ ਕਹੀ ਜਾਵੇ ਪਰ ਮਕਾਨ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣੀ।
ਮੇਜਰ ਸਿੰਘ ਦੀ ਇੱਕੋ ਇੱਕ ਔਲਾਦ ਜੱਗੀ ਸਲੱਗ ਨਿਕਲਿਆ ਸੀ ।ਪਲਸ ਟੂ ਕਰਨ ਤੋਂ ਬਾਅਦ ਦੋਵਾਂ ਦੀ ਕਮਾਈ ਚੋਂ ਬਚਾਏ ਪੈਸੇ ਪੈਸੇ ਨੂੰ ਖਰਚ ਕਰਕੇ ਉਹਨਾਂ ਆਪਣੇ ਪੁੱਤਰ ਨੂੰ ਜਹਾਜ ਚੜਾ ਦਿੱਤਾ। ਬੇਸ਼ਕ ਆਪਣੇ ਪੁੱਤਰ ਨੂੰ ਕਨੇਡਾ ਭੇਜਣ ਵਾਸਤੇ ਮੇਜਰ ਸਿੰਘ ਨੂੰ ਛੇ ਸੱਤ ਲੱਖ ਰੁਪਿਆ ਕਰਜ਼ਾ ਵੀ ਲੈਣਾ ਪਿਆ। ਪਰ ਮੇਜਰ ਦੇ ਪੁੱਤਰ ਨੇ ਕਨੇਡਾ ਜਾ ਕੇ ਆਪਣੇ ਆਪ ਨੂੰ ਸੈਟ ਕਰ ਲਿਆ ਤੇ ਤਿੰਨ ਚਾਰ ਸਾਲਾਂ ਵਿੱਚ ਹੀ ਕਰਜਾ ਵੀ ਉਤਾਰ ਦਿੱਤਾ।
ਮੈਨੂੰ ਯਾਦ ਆਉਂਦਾ ਹੈ ਕਿ ਸੰਘਰਸ਼ ਦੇ ਦਿਨਾਂ ਵਿੱਚ ਮੇਜਰ ਨੇ ਬੜੇ ਪਾਪੜ ਵੇਲੇ ਸਨ । ਮੇਜਰ ਦਾ ਬਾਪ ਮੁਖਤਿਆਰ ਸਿੰਘ ਆਪਣੇ ਮਾਂ ਪਿਓ ਦਾ ਸਭ ਤੋਂ ਕਮਾਊ ਪੁੱਤਰ ਸੀ। ਵੱਡੇ ਭਰਾ ਦੇ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਖੇਤੀ ਅਤੇ ਪਸ਼ੂ ਡੰਗਰ ਦਾ ਸਾਰਾ ਕੰਮ ਓਸੇ ਤੇ ਆ ਪਿਆ ਸੀ। ਉਹ ਆਪ ਤਾਂ ਭਾਵੇਂ ਨਹੀਂ ਸੀ ਪੜ੍ਹ ਸਕਿਆ ਪਰ ਉਸਨੇ ਆਪਣੇ ਦੂਜੇ ਭਰਾਵਾਂ ਦੀ ਪੜ੍ਹਾਈ ਖਰਾਬ ਨਹੀਂ ਸੀ ਹੋਣ ਦਿੱਤੀ। ਉਸਨੇ ਛੋਟੇ ਭਰਾਵਾਂ ਨੂੰ ਵੀ ਆਪਣੀ ਹੈਸੀਅਤ ਮੁਤਾਬਕ ਪੜਾਇਆ । ਛੋਟਿਆਂ ਚੋਂ ਵੀ ਇੱਕ ਉਹਨਾਂ ਭਲੇ ਵੇਲਿਆਂ ਵਿੱਚ ਸਰਕਾਰੀ ਨੌਕਰੀ ਤੇ ਲੱਗ ਗਿਆ। ਤੇ ਦੂਜੇ ਨੇ ਵੀ ਆਪਣੀ ਦੁਕਾਨ ਚਲਾ ਕੇ ਕੰਮ ਕਾਰ ਤੇ ਕਬੀਲਦਾਰੀ ਵਧੀਆ ਸੈਟ ਕਰ ਲਈ। ਮੁਖਤਿਆਰ ਸਿੰਘ ਆਪ ਥੋੜੀ ਜਮੀਨ ਵਿੱਚ ਖੇਤੀਬਾੜੀ ਕਰਨ ਜੋਗਾ ਹੀ ਰਹਿ ਗਿਆ। ਸਾਰੇ ਭਰਾ ਆਪਣੀਆਂ ਕਬੀਲਦਾਰੀਆਂ ਸੈੱਟ ਕਰਨ ਤੋਂ ਬਾਅਦ ਆਪਣੇ ਹਿੱਸੇ ਦੀ ਜਮੀਨ ਮੁਖਤਿਆਰ ਸਿੰਘ ਕੋਲੋਂ ਵੰਡ ਕੇ ਅੱਡ ਹੋ ਗਏ।
ਸਮੇਂ ਦੇ ਗੇੜ ਨਾਲ ਮੁਖਤਿਆਰ ਸਿੰਘ ਦੇ ਘਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ । ਜਦੋਂ ਖੇਤੀ ਵਿੱਚ ਗੁਜ਼ਾਰਾ ਨਾ ਹੋਇਆ ਤਾਂ ਉਸ ਨੂੰ ਮਜਬੂਰਨ ਭੱਠੇ ਤੇ ਦਿਹਾੜੀ ਵੀ ਕਰਨੀ ਪਈ। ਮੇਜਰ ਦੇ ਮਾਂ ਬਾਪ ਦੋਵੇਂ ਭੱਠੇ ਤੇ ਦਿਹਾੜੀ ਕਰਦੇ ਕਰਦੇ ਬਿਮਾਰੀ ਦੀ ਹਾਲਤ ਵਿੱਚ ਪਹੁੰਚ ਗਏ। ਮੇਜਰ ਦੀ ਮਾਂ ਸਾਹ ਦੀ ਬਿਮਾਰੀ ਨਾਲ ਚੱਲ ਵਸੀ । ਅਤੇ ਉਸ ਤੋਂ ਕੁਝ ਮਹੀਨਿਆਂ ਬਾਅਦ ਹੀ ਮੁਖਤਿਆਰ ਸਿੰਘ ਵੀ ਅਧਰੰਗ ਦੀ ਬਿਮਾਰੀ ਨਾਲ ਮੰਜੇ ਤੇ ਪੈ ਗਿਆ। ਮੇਜਰ ਨੇ ਆਪਣੇ ਬਾਪ ਦੇ ਇਲਾਜ ਲਈ ਆਪਣੇ ਤਾਏ ਚਾਚਿਆਂ ਅੱਗੇ ਬੜੇ ਹੱਥ ਪੈਰ ਬੰਨੇ ਪਰ ਉਹਨਾਂ ਮੇਜਰ ਸਿੰਘ ਦੀ ਫੋਕੀ ਹਮਦਰਦੀ ਤੋਂ ਬਿਨਾਂ ਕੋਈ ਖਾਸ ਮਦਦ ਨਾ ਕੀਤੀ। ਡੇਢ ਦੋ ਸਾਲ ਮੰਜੇ ਤੇ ਪੈਣ ਤੋਂ ਬਾਅਦ ਮੁਖਤਿਆਰ ਸਿੰਘ ਵੀ ਅਕਾਲ ਚਲਾਣਾ ਕਰ ਗਿਆ। ਬਾਪ ਦੇ ਅਕਾਲ ਚਲਾਣੇ ਤੋਂ ਬਾਅਦ ਜਿਵੇਂ ਕਿਵੇਂ ਕਰਕੇ ਮੇਜਰ ਸਿੰਘ ਨੇ ਖੇਤੀ, ਮਜਦੂਰੀ ਕਰਨ ਦੇ ਨਾਲ ਨਾਲ ਆਪਣੇ ਰੁਜ਼ਗਾਰ ਸੈੱਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਹ ਜਦੋਂ ਵੀ ਕਦੇ ਜ਼ਿਆਦਾ ਉਦਾਸ ਹੁੰਦਾ ਤਾਂ ਮੇਰੇ ਘਰ ਆ ਕੇ ਘੰਟਿਆਂ ਬੱਧੀ ਬੈਠਾ ਰਹਿੰਦਾ। ਕਦੇ ਆਪਣੇ ਦੁਖੜੇ ਦੱਸਦਾ ਤੇ ਕਦੇ ਰੋਣ ਲੱਗ ਜਾਂਦਾ। ਮੈਂ ਉਸ ਨੂੰ ਹੌਂਸਲਾ ਦਿੰਦਾ। ਉਹ ਮੇਰੇ ਤੋਂ ਕਦੇ ਕਦਾਈਂ ਹੱਥ ਉਧਾਰ ਪੈਸੇ ਵੀ ਲੈ ਜਾਂਦਾ । ਮੈਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਉਸ ਨੂੰ ਕਿਸੇ ਵਿੱਤੀ ਮਦਦ ਦੇ ਨਾਲੋਂ ਮਾਨਸਿਕ ਹਮਦਰਦੀ ਦੀ ਜਿਆਦਾ ਭੁੱਖ ਸੀ। ਹਾਲਾਂਕਿ ਉਸ ਨੂੰ ਪਤਾ ਸੀ ਕਿ ਮੇਰਾ ਗੁਜਾਰਾ ਵੀ ਠੀਕ-ਠਾਕ ਹੀ ਚੱਲਦਾ ਹੈ। ਇੱਕ ਗੱਲ ਸਾਡੇ ਦੋਵਾਂ ਵਿੱਚ ਸਾਂਝੀ ਸੀ ਕਿ ਅਸੀਂ ਦੋਵੇਂ ਹੀ ਥੁੜਾਂ ਦੇ ਮਾਰੇ ਹੋਏ ਸਾਂ ਤੇ ਸਾਡੀ ਦੋਸਤੀ ਦਾ ਮਜਬੂਤ ਪੱਖ ਵੀ ਇਹੀ ਸੀ ਕਿ ਅਸੀਂ ਇੱਕ ਦੂਜੇ ਦੀਆਂ ਦੁੱਖ ਤਕਲੀਫਾਂ ਬਿਨਾਂ ਬੋਲੇ ਵੀ ਸਮਝ ਜਾਂਦੇ ਸਾਂ। ਸਮੇਂ ਦੇ ਚਲਦੇ ਗੇੜ ਵਿੱਚ ਮੇਜਰ ਨਾਲ ਮੇਰੀ ਦੋਸਤੀ ਵਧੀਆ ਨਿਭਦੀ ਰਹੀ। ਹਰ ਵਾਰ ਜਦੋਂ ਵੀ ਉਹ ਮਿਲਦਾ ਆਪਣੇ ਚਾਚੇ ਤਾਇਆ ਵੱਲੋਂ ਕੀਤੀਆਂ ਵਧੀਕੀਆਂ ਦਾ ਦੁਖੜਾ ਜਰੂਰ ਰੋਂਦਾ। ਕਦੇ ਘਰ ਦੀ ਕੰਧ ਦਾ ਰੌਲਾ, ਕਦੇ ਖਾਲ ਦਾ ਰੌਲਾ ਤੇ ਕਦੇ ਵੱਟ ਦਾ ਰੌਲਾ। ਇਹ ਤਾਂ ਜਿਵੇਂ ਮੇਜਰ ਸਿੰਘ ਦੇ ਰੋਜ਼ ਦੇ ਰੋਣੇ ਸਨ। ਮੈਂ ਉਸ ਨੂੰ ਹਮੇਸ਼ਾ ਚੁੱਪ ਕਰਕੇ ਆਉਣ ਵਾਲੇ ਚੰਗੇ ਸਮੇਂ ਦੀ ਉਡੀਕ ਕਰਨ ਲਈ ਕਹਿੰਦਾ। ਕਦੇ ਕਦੇ ਉਸਨੂੰ ਮੇਰੀ ਸਲਾਹ ਬੁਰੀ ਵੀ ਲੱਗਦੀ। ਉਹ ਦੱਸਦਾ ਕਿ ਕਦੇ ਕਦੇ ਉਸਦਾ ਮਰਨ ਨੂੰ ਜੀ ਕਰਦਾ। ਮੈਨੂੰ ਵੀ ਕਦੇ ਕਦੇ ਸੱਚਮੁੱਚ ਡਰ ਲੱਗਦਾ ਕਿ ਇਸ ਘੋਰ ਗਰੀਬੀ ਅਤੇ ਸੰਘਰਸ਼ ਦੀ ਸਮੇਂ ਵਿੱਚ ਉਹ ਕਿਤੇ ਸੱਚਮੁੱਚ ਹੀ ਡੋਲ ਨਾ ਜਾਵੇ।
ਮੈਂ ਉਸਨੂੰ ਸਲਾਹ ਦਿੱਤੀ ਕਿ ਕਿਉਂ ਨਾ ਉਹ ਆਪਣੀ ਪਤਨੀ ਕਰਮਜੀਤ ਨੂੰ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਦੇ ਦੇਵੇ ਤਾਂ ਕਿ ਘਰ ਵਿੱਚ ਬੈਠ ਕੇ ਉਹ ਕੱਪੜੇ ਸਿਉ ਕੇ ਉਸਦੇ ਘਰ ਦਾ ਖਰਚਾ ਕੱਢ ਲਵੇਗੀ। ਕਰਮਜੀਤ ਨੂੰ ਮੇਰੀ ਸਲਾਹ ਪਸੰਦ ਵੀ ਆਈ ਸੀ। ਕਰਮਜੀਤ ਸਚਮੁੱਚ ਬਹੁਤ ਮਿਹਨਤੀ ਸੀ ਉਸਨੇ ਪਹਿਲਾਂ ਥੋੜੇ ਜਿਹੇ ਪੈਸੇ ਜੋੜ ਕੇ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਆਂਦੀ ਅਤੇ ਫਿਰ ਇੱਕ ਸਾਲ ਬਾਅਦ ਹੀ ਉਸਨੇ ਕਢਾਈ ਕਰਨੀ ਵੀ ਸਿੱਖ ਲਈ। ਸਮੇਂ ਦੇ ਗੇੜ ਨਾਲ ਮੇਜਰ ਸਿੰਘ ਦਾ ਹੱਥ ਵੀ ਸੌਖਾ ਹੋ ਗਿਆ । ਉਸਨੇ ਮਜ਼ਦੂਰੀ ਦਾ ਕੰਮ ਛੱਡ ਕੇ ਪਿੰਡ ਦੇ ਨੇੜੇ ਪੈਂਦੀ ਇੱਕ ਫੈਕਟਰੀ ਵਿੱਚ ਨੌਕਰੀ ਕਰ ਲਈ ਤੇ ਆਪਣੇ ਇੱਕੋ ਇੱਕ ਪੁੱਤਰ ਨੂੰ ਪੜਾਉਣ ਵੱਲ ਵੀ ਧਿਆਨ ਦਿੱਤਾ।
ਉਸ ਦੇ ਘਰ ਵਿੱਚ ਬੈਠਾ ਮੈਂ ਦੇਖ ਰਿਹਾ ਸੀ ਕਿ ਅੱਜ ਸੱਚਮੁੱਚ ਹਾਲਾਤ ਬਦਲ ਚੁੱਕੇ ਸਨ। ਮੇਜਰ ਸਿੰਘ ਦੇ ਪੁੱਤਰ ਨੇ ਉਸਦਾ ਕਰਜਾ ਵੀ ਉਤਾਰ ਦਿੱਤਾ ਸੀ ਤੇ ਉਸ ਲਈ ਇੱਕ ਛੋਟਾ ਜਿਹਾ ਪੱਕਾ ਘਰ ਵੀ ਬਣਵਾ ਕੇ ਦਿੱਤਾ ਸੀ।
ਪਿਛਲੇ ਮਹੀਨੇ ਕਰਮਜੀਤ ਨੇ ਮੈਨੂੰ ਆਪਣੇ ਘਰ ਸੱਦ ਕੇ ਦੱਸਿਆ ਕਿ ਉਸ ਦੇ ਬੇਟੇ ਨੇ ਉਹਨਾਂ ਦੋਹਾਂ ਦਾ ਵੀਜ਼ਾ ਤੇ ਟਿਕਟ ਭੇਜੀ ਹੈ। ਜਦੋਂ ਇਹ ਗੱਲਾਂ ਕਰਮਜੀਤ ਮੈਨੂੰ ਦੱਸ ਰਹੀ ਸੀ ਤਾਂ ਉਸਦੀਆਂ ਅੱਖਾਂ ਚੋਂ ਹੰਜੂ ਵਗਕੇ ਉਸ ਦੀਆਂ ਗੱਲਾਂ ਤੇ ਆ ਗਏ ਸਨ। ਮੇਜਰ ਸਿੰਘ ਨੇ ਮੈਨੂੰ ਕਿਹਾ ਕਿ ਉਹ ਨਹੀਂ ਜਾਵੇਗਾ। ਕਿਉਂਕਿ ਉਸ ਨੂੰ ਲੱਗਦਾ ਕਿ ਜੇਕਰ ਉਹ ਚਲਾ ਗਿਆ ਤਾਂ ਉਸਦਾ ਕੰਮ ਛੁੱਟ ਜਾਵੇਗਾ। ਫੈਕਟਰੀ ਵਾਲੇ ਉਸਨੂੰ ਛੁੱਟੀ ਨਹੀਂ ਦੇਣਗੇ। ਪਰ ਮੈਂ ਉਹਨੂੰ ਸਮਝਾਇਆ ਕਿ ਹੁਣ ਉਹ ਜਰੂਰ ਜਾਵੇ ਕਿਉਂਕਿ ਹਰ ਔਲਾਦ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਮਾਂ ਬਾਪ ਨੂੰ ਸੁੱਖ ਦੇਵੇ। ਤੇ ਜੇਕਰ ਉਹ ਨਾ ਗਿਆ ਤਾਂ ਉਸਦੇ ਬੇਟੇ ਦਾ ਦਿਲ ਟੁੱਟ ਜਾਵੇਗਾ। ਮੇਰੇ ਸਲਾਹ ਦੇਣ ਤੇ ਮੇਜਰ ਸਿੰਘ ਮੰਨ ਗਿਆ ਸੀ। ਕੱਲ ਹੀ ਉਸਨੇ ਮੈਨੂੰ ਫੋਨ ਕੀਤਾ ਸੀ ਕਿ ਉਹ ਉਸਨੂੰ ਵਿਦਾ ਕਰਨ ਜਰੂਰ ਆਵੇ ਤੇ ਨਾਲ ਹੀ ਉਸਦੇ ਘਰ ਦੀਆਂ ਚਾਬੀਆਂ ਵੀ ਲੈ ਜਾਵੇ ਕਿਉਂਕਿ ਉਹ ਘੱਟੋ ਘੱਟ ਦੋ ਤਿੰਨ ਮਹੀਨੇ ਵਿਦੇਸ਼ ਵਿੱਚ ਰਹੇਗਾ।
ਬਜਾਰ ਚੋਂ ਕਈ ਸਾਰੀਆਂ ਚੀਜਾਂ ਖਰੀਦ ਕੇ ਲਿਆਂਦੀਆਂ ਤੇ ਅਟੈਚੀਆਂ ਵਿੱਚ ਉਹਨਾਂ ਦਾ ਸਾਰਾ ਸਮਾਨ ਪੈਕ ਕਰਵਾ ਕੇ ਇੱਕ ਪਾਸੇ ਰੱਖਵਾ ਦਿੱਤਾ। ਘਰ ਆਏ ਮੈਂ ਮਹਿਮਾਨਾਂ ਨੂੰ ਰੋਟੀ ਪਾਣੀ ਛਕਾਉਣ ਤੋਂ ਬਾਅਦ ਮੈਂ ਕਰਮਜੀਤ ਕੋਲ ਜਾ ਬੈਠਾ
” ਕਿੰਨੇ ਵਜੇ ਤੁਰਨਾ ਫਿਰ?” ਮੈਂ ਹੌਲੀ ਜਿਹੇ ਪੁੱਛਿਆ।
” ਸਢੇ ਨੌਂ ਵਜੇ ਦੀ ਫਲੈਟ ਐ ਦਿੱਲੀ ਤੋਂ ।”
” ਫਿਰ ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਤਿੰਨ ਕੁ ਵਜੇ ਤੁਰ ਪੈਣਾ ਚਾਹੀਦਾ।”
” ਹਾਂ ਗੱਡੀ ਵਾਲਾ ਵੀ ਇਹੀ ਕਹਿੰਦਾ ਸੀ! ਤਿੰਨ ਸਵਾ ਤਿੰਨ ਵਜੇ ਤੁਰਾਂਗੇ।ਤੁਸੀਂ ਕੱਲੇ ਆਏ ਹੋ? ਦੀਦੀ ਨਹੀਂ ਆਈ? “
ਉਹਨੇ ਮੈਨੂੰ ਮੇਹਣੇ ਨਾਲ ਪੁੱਛਿਆ।
” ਮੈਂ ਤਾਂ ਬਾਈ ਤੋਂ ਡਰਦਾ ਹੀ ਭੱਜ ਕੇ ਆ ਗਿਆ। ਮੈਨੂੰ ਪਤਾ ਸੀ ਗਰਮੀ ਖਾ ਜਾਂਦਾ ਮੇਰੇ ਤੇ ਛੇਤੀ। ਮੈਂ ਜਾ ਕੇ ਲੈ ਕੇ ਆਉਣਾ ਹੁਣੇ। “
ਮੈਂ ਆਪਣੀ ਪਤਨੀ ਨੂੰ ਲੈਣ ਪਿੰਡ ਆ ਗਿਆ। ਇੱਕ ਘੰਟੇ ਬਾਅਦ ਫੇਰ ਮੈਂ ਮੇਜਰ ਦੇ ਘਰ ਵਿੱਚ ਸਾਂ। ਮੇਜਰ ਦੇ ਘਰ ਮੇਜਰ ਸਿੰਘ ਦੇ ਚਾਚੇ ਤਾਏ ਦੇ ਪਰਿਵਾਰ ਵੀ ਆਏ ਹੋਏ ਸਨ। ਮੇਜਰ ਦਾ ਗੁੱਸਾ ਸਾਫ ਦਿਖਾਈ ਦੇ ਰਿਹਾ ਸੀ। ਮੈਂਨੂੰ ਇੱਕ ਪਾਸੇ ਲਿਜਾ ਕੇ ਮੇਜਰ ਕਹਿਣ ਲੱਗਾ
” ਦੇਖ ਲਾ ਸਾਲੇ ਸਾਰੇ ਗਿਰਜਾ ਵਾਂਗੂੰ ਇਕੱਠੇ ਹੋਏ ਫਿਰਦੇ।”
” ਕੋਈ ਗੱਲ ਨਹੀਂ ਮੇਜਰਾ, ਇਹ ਸਾਰਾ ਸਮੇਂ ਦਾ ਗੇੜ ਹੁੰਦਾ। ਇਹ ਵੀ ਚੰਗਾ ਹੀ ਹੋਇਆ। ਜੇ ਤੇਰਾ ਕੋਈ ਚੰਗਾ ਟਾਈਮ ਆਇਆ ਤਾਂ ਇਹ ਵੀ ਤਾਂ ਤੇਰੇ ਵਿਹੜੇ ਆ ਕੇ ਬਹਿ ਗਏ ਨੇ। ਤੂੰ ਕੁਝ ਨਾ ਕਹੀਂ ਇਹਨਾਂ ਨੂੰ। ਖੁੱਲੇ ਦਿਲ ਨਾਲ ਸਵਾਗਤ ਕਰ ਇਹਨਾਂ ਦਾ।”
” ਸਵਾਗਤ ਕਰਾਂ ਇਹਨਾਂ ਦਾ? ” ਮੇਜਰ ਨੂੰ ਮੇਰੀ ਗੱਲ ਵੀ ਕੌੜੀ ਲੱਗੀ ਸੀ। ਪਰ ਮੈਂ ਉਸ ਨੂੰ ਦੱਸਿਆ ਕਿ ਇਹੋ ਜਿਹਾ ਸਮਾਂ ਗੁੱਸੇ ਹੋਣ ਦਾ ਨਹੀਂ ਹੁੰਦਾ।
ਗੱਡੀ ਵਾਲਾ ਗੇਟ ਤੇ ਆ ਚੁੱਕਿਆ ਸੀ। ਉਹਨੇ ਆਣ ਕੇ ਪੁੱਛਿਆ
” ਕਿੰਨੇ ਵਜੇ ਤੁਰਨਾ ਬਾਈ? “
” ਤੂੰ ਦੱਸ! ਤੈਨੂੰ ਪਤਾ ਹੀ ਐ। ਤੁਸੀਂ ਤਾਂ ਰੋਜ਼ ਹੀ ਜਾਂਦੇ ਰਹਿੰਦੇ ਓ। ਸਾਢੇ ਨੌਂ ਵਜੇ ਦੀ ਫਲੈਟ।”
” ਬਸ ਠੀਕ ਹੈ। ਅੱਧੇ ਪੌਣੇ ਘੰਟੇ ਤੱਕ ਤੁਰਦੇ ਆਂ।” ਉਹਨੇ ਬੜੇ ਸਹਿਜ ਭਾਵ ਨਾਲ ਕਿਹਾ ਸੀ । ਮੈਂ ਉਸ ਨੂੰ ਨਾਲ ਲੈ ਕੇ ਮੇਜਰ ਸਿੰਘ ਦੇ ਬੈਗ ਤੇ ਅਟੈਚੀ ਚੰਗੀ ਤਰ੍ਹਾਂ ਚੈੱਕ ਕਰਕੇ ਗੱਡੀ ਵਿੱਚ ਰਖਵਾ ਦਿੱਤੇ। ਚਾਹ ਪੀ ਕੇ ਉਹ ਗੱਡੀ ਤੇ ਕੱਪੜਾ ਮਾਰਨ ਲੱਗ ਪਿਆ। ਮੈਂ ਆਪਣੀ ਪਤਨੀ ਨੂੰ ਕਹਿ ਕੇ ਚਾਹ ਧਰਵਾ ਦਿੱਤੀ।
ਸਾਰੇ ਜਣਿਆਂ ਨੂੰ ਚਾਹ ਫੜਾ ਕੇ ਮੈਂ ਇੱਕ ਵਾਰ ਫਿਰ ਕਰਮਜੀਤ ਕੋਲ ਜਾਣ ਲੱਗਾ ਤਾਂ ਕਿ ਉਸ ਨੂੰ ਪੁੱਛ ਲਵਾਂ ਕਿ ਕੋਈ ਸਮਾਨ ਰਹਿ ਨਾ ਗਿਆ ਹੋਵੇ।
” ਆਹ ਲੈ ਚਾਚੀ!”
ਮੇਜਰ ਦੇ ਤਾਏ ਦੀ ਪੋਤੀ ਨੇ ਕਰਮਜੀਤ ਦੇ ਹੱਥਾਂ ਵਿੱਚ ਸੋਹਣੀ ਜਿਹੀ ਡੱਬੀ ਰੱਖਦਿਆਂ ਕਿਹਾ ਸੀ।
” ਬਾਈ ਵਾਸਤੇ ਐ ਮੇਰੇ ਵੱਲੋਂ! ਕਹਿ ਦਿਓ ਜੱਸੀ ਨੇ ਭੇਜੀ ਐ।” ਕਰਮਜੀਤ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਗੁਲਾਬੀ ਰੰਗ ਦੀ ਡੱਬੀ ਵਿੱਚ ਚਾਂਦੀ ਦੀ ਰੱਖੜੀ ਦੇਖ ਕੇ ਕਰਮਜੀਤ ਤੇ ਉਤਲੇ ਸਾਹ ਉੱਪਰ ਰਹਿ ਗਏ। ਜਿੰਨਾ ਨੇ ਕਦੇ ਬਿਮਾਰੀ ਠਮਾਰੀ ਵੇਲੇ ਪਾਣੀ ਦੀ ਘੁੱਟ ਦੀ ਸੁਲਾ ਨਹੀਂ ਸੀ ਮਾਰੀ ਉਹ ਚਾਂਦੀ ਦੀਆਂ ਰੱਖੜੀਆਂ ਲੈ ਕੇ ਆਏ ਸਨ। ਮੇਰੀ ਨਜ਼ਰ ਮੇਜਰ ਸਿੰਘ ਵਲ ਗਈ। ਮੇਜਰ ਤਾਂ ਜਮਾਂ ਸੜ ਕੇ ਸੁਆਹ ਹੋਣ ਲੱਗਿਆਂ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਮੈਂ ਉਹਨੂੰ ਗੱਡੀ ਵੱਲ ਜਾਣ ਦਾ ਇਸ਼ਾਰਾ ਕੀਤਾ
“ਤੈਨੂੰ ਗੱਡੀ ਵਾਲਾ ਸੱਦੀ ਜਾਂਦਾ।”
ਮੈਂ ਮੇਜਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਇਹ ਮੌਕਾ ਖੁੰਝਾਉਣਾ ਨਹੀਂ ਚਾਹੁੰਦਾ ਸੀ ਪਰ ਮੈਨੂੰ ਲੱਗਿਆ ਕਿ ਸ਼ਾਇਦ ਇਸ ਮੌਕੇ ਹੀ ਉਸ ਨੂੰ ਸਭ ਤੋਂ ਵੱਧ ਚੁੱਪ ਰਹਿਣ ਦੀ ਲੋੜ ਹੈ। ਕਰਮਜੀਤ ਨੂੰ ਮੈਂ ਡੱਬੀ ਸੰਭਾਲ ਕੇ ਰੱਖਣ ਦੀ ਤਾਕੀਦ ਕਰ ਦਿੱਤੀ। ਕਰਮਜੀਤ ਦਾ ਹੱਥ ਫੜ ਕੇ ਜੱਸੀ ਬੜੇ ਆਪਣੇਪਣ ਨਾਲ ਕਹਿ ਰਹੀ ਸੀ “ਬਾਈ ਨੂੰ ਕਹਿ ਦੇਵੀਂ! ਜਦੋਂ ਆਊਗਾ ਮੇਰੇ ਵਾਸਤੇ ਇੱਕ ਸੋਹਣਾ ਜਿਹਾ ਫੋਨ ਲੈ ਕੇ ਆਵੇ।”
ਕਰਮਜੀਤ ਚੁੱਪ ਸੀ ਜਾਂ ਸ਼ਾਇਦ ਉਸ ਕੋਲ ਕੋਈ ਸ਼ਬਦ ਵੀ ਨਹੀਂ ਸੀ। ਮੇਜਰ ਸਿੰਘ ਬੋਲਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਕੁੱਝ ਬੋਲਦਾ ਮੈਂ ਖੁਦ ਹੀ ਬੋਲ ਪਿਆ “ਚਲੋ ਚਲੋ ਹੁਣ ਬਾਅਲਾ ਲੇਟ ਨਾ ਕਰੋ। ਗਾਹਾਂ ਕੋਈ ਰਾਹ ਚ ਵੀ ਚਾਹ ਪਾਣੀ ਪੀਣ ਤੇ ਟਾਈਮ ਲੱਗ ਜਾਂਦਾ। “
ਮੈਂ ਮੌਕੇ ਦਾ ਮਾਹੌਲ ਬਦਲਣਾ ਸ਼ੁਰੂ ਕਰ ਦਿੱਤਾ। ਸਮਾਨ ਗੱਡੀ ਵਿੱਚ ਰੱਖਿਆ ਜਾ ਚੁੱਕਿਆ ਸੀ। ਕਰਮਜੀਤ ਦਾ ਭਰਾ ਭਰਜਾਈ ਸਾਰੇ ਘਰ ਦਾ ਸਮਾਨ ਸਾਂਭ ਕੇ ਸਾਰੇ ਕਮਰਿਆਂ ਨੂੰ ਤਾਲੇ ਲਗਾ ਰਹੇ ਸਨ। ਮੇਜਰ ਸਿੰਘ ਤੇ ਕਰਮਜੀਤ ਗੱਡੀ ਵਿੱਚ ਬੈਠ ਕੇ ਜਾ ਚੁੱਕੇ ਸਨ। ਇੱਕ ਇੱਕ ਕਰਕੇ ਸਾਰੇ ਜਾਣ ਲੱਗੇ। ਘਰ ਵਿੱਚੋਂ ਤਕਰੀਬਨ ਸਾਰੇ ਹੀ ਜਾ ਚੁੱਕੇ ਸਨ। ਮੈਂ, ਮੇਰੀ ਪਤਨੀ ਤੇ ਕਰਮਜੀਤ ਦੇ ਭਰਾ ਭਰਜਾਈ ਹੀ ਬਾਕੀ ਸਾਂ। ਮੈਂ ਉਹਨਾਂ ਨੂੰ ਪੁੱਛਿਆ
” ਤੁਸੀਂ ਰਹਿਣਾ ਕਿ ਜਾਣਾ?”
” ਅਸੀਂ ਤਾਂ ਜਾਵਾਂਗੇ ਵੀਰ ਜੀ! ਪਿੱਛੇ ਬੱਚੇ ਕੱਲੇ ਨੇ।”
ਮੇਰੀ ਪਤਨੀ ਨੇ ਚਾਹ ਬਣਾਈ ਅਤੇ ਚਾਹ ਪੀ ਕੇ ਉਹ ਵੀ ਚਲੇ ਗਏ। ਮੈਂ ਸਾਰੇ ਕਮਰਿਆਂ ਦੇ ਤਾਲੇ ਦੁਬਾਰੇ ਚੈੱਕ ਕੀਤੇ ਤੇ ਆਪਣੀ ਘਰਵਾਲੀ ਨੂੰ ਰਸੋਈ ਵਿੱਚ ਪਿਆ ਸਮਾਨ ਦੇਖਣ ਲਈ ਕਿਹਾ। ਤਾਂ ਕਿ ਕੋਈ ਸਮਾਨ ਪਿੱਛੋਂ ਪਿਆ ਪਿਆ ਖਰਾਬ ਨਾ ਹੋ ਜਾਵੇ।
” ਆਹ ਦੇਖਿਓ ਜਰਾ! “
ਮੇਰੀ ਘਰਵਾਲੀ ਮੇਰੇ ਪਿੱਛੇ ਖੜੀ ਸੀ। ਉਹਦੇ ਹੱਥ ਵਿੱਚ ਉਹੀ ਚਾਂਦੀ ਦੀ ਰੱਖੜੀ ਵਾਲੀ ਡੱਬੀ ਸੀ ।
” ਉਥੇ ਡਸਟਬਿਨ ਚ ਪਈ ਸੀ ਇਹ।” ਉਹਨੇ ਡੱਬੀ ਸਮੇਤ ਰੱਖੜੀ ਮੇਰੇ ਹੱਥ ਤੇ ਰੱਖ ਦਿੱਤੀ। ਮੇਰੀ ਨਜ਼ਰ ਕਦੇ ਚਾਂਦੀ ਦੀ ਰੱਖੜੀ ਵੱਲ ਜਾਂਦੀ ਤੇ ਕਦੇ ਰਸੋਈ ਦੇ ਕੋਨੇ ਵਿੱਚ ਪਏ ਡਸਟਬਿਨ ਵੱਲ ਜਾਂਦੀ। ਅਗਲੇ ਹੀ ਪਲ ਮੇਜਰ ਸਿੰਘ ਅਤੇ ਕਰਮਜੀਤ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਗਿਆ। ਗੁਲਾਬੀ ਰੰਗ ਦੀ ਡੱਬੀ ਵਿੱਚ ਰੱਖੀ ਚਾਂਦੀ ਦੀ ਰੱਖੜੀ ਦੇ ਨਾਲ ਨਾਲ ਨਕਲੀ ਮੋਹ ਤੇ ਰਿਸ਼ਤਿਆਂ ਦਾ ਮੁੱਲ ਮਿੱਟੀ ਹੋਇਆ ਦਿਸ ਰਿਹਾ ਸੀ। ਮੈਂ ਡੱਬੀ ਸਮੇਤ ਰੱਖੜੀ ਡਸਟਬਿਨ ਵਿੱਚ ਸੁੱਟ ਦਿੱਤੀ ਤੇ ਘਰ ਦੇ ਮੇਨ ਗੇਟ ਨੂੰ ਤਾਲਾ ਲਗਾ ਕੇ ਘਰ ਆ ਗਿਆ ।
ਗੁਰਦੀਪ ਕੌਰੇਆਣਾ।
9915013953
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.sama



