ਜੰਮੂ ਕਸ਼ਮੀਰ ਦੇ ਸਿੱਖ ਨੌਜਵਾਨ ਪੰਜਾਬ ਦੀ ਮਦਦ ਲਈ ਆਏ ਅੱਗੇ , ਹਿੰਦੂ ਵੀਰ ਵੀ ਨਾਲ ਕਰ ਰਹੇ ਸਹਾਇਤਾ

ਭਾਈਚਾਰਕ ਸਾਂਝ ਦੀ ਦਿੱਖ ਰਹੀ ਅਨੋਖੀ ਮਿਸਾਲ, ਇਨਸਾਨੀਅਤ ਹੀ ਸਭ ਤੋਂ ਵੱਡਾ ਫਰਜ਼ – ਵਾਸੂ ਪਾਠਕ
ਟਰੱਕ ਭਰਕੇ ਹੜ੍ਹ ਪੀੜਤਾਂ ਤੱਕ ਪਹੁੰਚਾਈ ਲੱਖਾਂ ਦੀ ਰਾਹਤ ਸਮੱਗਰੀ
ਅੱਗੇ ਪੰਜਾਬ ਸਾਰੀ ਦੁਨੀਆਂ ਦੀ ਮਦਦ ਕਰਦਾ ਹੈ ਪਰ ਅੱਜ ਸਾਡੀ ਵਾਰੀ ਹੈ ਪੰਜਾਬ ਲਈ ਕੁਝ ਕਰਨ ਦੀ – ਕਸ਼ਮੀਰੀ ਸਿੱਖ
ਕਪੂਰਥਲਾ (ਕੌੜਾ)- ਸੂਬਾ ਜਿੱਥੇ ਹਰ ਪਾਸੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੇਵਾ ਦੇ ਕਾਰਜ ਵੀ ਨਿਭਾਏ ਜਾ ਰਹੇ ਹਨ। ਪੰਜਾਬ ਦੀਆਂ ਸਮਾਜਿਕ ਸੰਸਥਾਵਾਂ ਅਤੇ ਐਨ.ਜੀ.ਓ ਸਮੇਤ ਕਈ ਬਾਹਰੀ ਸੂਬੇ ਦੀਆਂ ਸਿੱਖ ਸੰਸਥਾਵਾਂ ਵੀ ਇਸ ਮੁਹਿੰਮ ਦਾ ਹਿੱਸਾ ਬਣਦੀਆਂ ਨਜ਼ਰ ਆ ਰਹੀਆਂ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਜੰਮੂ ਕਸ਼ਮੀਰ ਤੋਂ ਆਏ ਕੁਝ ਕਸ਼ਮੀਰੀ ਸਿੱਖਾਂ ਵੱਲੋਂ ਇਲਾਕੇ ਦੇ ਕੁਝ ਹਿੰਦੂ ਵੀਰਾਂ ਦੇ ਨਾਲ ਰਲ ਕੇ ਹੜ ਪੀੜਤਾਂ ਦੇ ਲਈ ਰਾਹਤ ਸਮੱਗਰੀ ਲਿਆਂਦੀ ਗਈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਕੇ ਜ਼ਰੂਰਤਮੰਦ ਲੋਕਾਂ ਤੱਕ ਇਹ ਸਮੱਗਰੀ ਪਹੁੰਚਾਈ ਗਈ।
ਇਸ ਦੇ ਵਿੱਚ ਖਾਸ ਗੱਲ ਇਹ ਰਹੀ ਕਿ ਇਸ ਮੁਹਿੰਮ ਦੇ ਵਿੱਚ ਭਾਈਚਾਰਕ ਸਾਂਝ ਦਾ ਵੱਡਾ ਸੁਨੇਹਾ ਵੀ ਵੇਖਣ ਨੂੰ ਮਿਲਿਆ। ਇਸ ਦੌਰਾਨ ਖਾਸ ਗੱਲਬਾਤ ਕਰਦੇ ਹੋਏ ਕਸ਼ਮੀਰੀ ਸਿੱਖ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ 2014 ਦੇ ਵਿੱਚ ਜੰਮੂ ਕਸ਼ਮੀਰ ਦੇ ਵਿਚ ਇਕ ਵੱਡੀ ਆਫ਼ਤ ਆਈ ਸੀ ਤਾਂ ਉਸ ਵੇਲੇ ਪੰਜਾਬ ਨੇ ਉਨ੍ਹਾਂ ਦਾ ਬਿਨਾਂ ਕਿਸੇ ਭੇਦ ਭਾਵ ਤੋਂ ਬਹੁਤ ਜਿਆਦਾ ਸਾਥ ਦਿੱਤਾ ਸੀ ਅਤੇ ਉਹਨਾਂ ਦੀ ਮੁਸ਼ਕਿਲ ਸਮੇਂ ਵਿੱਚ ਸਹਾਇਤਾ ਕੀਤੀ ਸੀ। ਇਸੇ ਲਈ ਉਹ ਸਮਝਦੇ ਹਨ ਕਿ ਅੱਜ ਪੰਜਾਬ ਦੇ ਉੱਤੇ ਵੱਡੀ ਆਫ਼ਤ ਆਈ ਹੋਈ ਹੈ ਤੇ ਪੰਜਾਬ ਨੂੰ ਅੱਜ ਉਹਨਾਂ ਦੀ ਅੱਜ ਸਭ ਤੋਂ ਜਿਆਦਾ ਲੋੜ ਹੈ ਤੇ ਇੱਕ ਇਨਸਾਨ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਹੁਣ ਵਾਰੀ ਓਹਨਾ ਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਲਈ ਵਧ ਚੜ ਕੇ ਅੱਗੇ ਆਉਣ ਤੇ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਵਿੱਚ ਉਹਨਾਂ ਦਾ ਸਾਥ ਦੇਣ।ਇਸ ਦੌਰਾਨ ਸਮਾਜ ਸੇਵੀ ਹਿੰਦੂ ਵੀਰਾਂ ਨੇ ਕਿਹਾ ਕਿ ਜਿੱਥੇ ਇਕ ਪਾਸੇ ਦੇਸ਼ ਵਿੱਚ ਧਰਮ ਅਤੇ ਰਾਜਨੀਤੀ ਦੇ ਨਾਮ ਤੇ ਜਾਤ ਪਾਤ ਦੀਆਂ ਵੰਡੀਆਂ ਪਾਈਆਂ ਹੋਈਆਂ ਨੇ ਉਥੇ ਹੀ ਅਜਿਹੀਆਂ ਚੀਜ਼ਾਂ ਸਾਨੂੰ ਇੱਕ ਦੂਸਰੇ ਦੇ ਨਾਲ ਜੋੜਨਾ ਸਿਖਾਉਂਦੀਆਂ ਨੇ ਅਤੇ ਇਕ ਦੂਸਰੇ ਪ੍ਰਤੀ ਇਨਸਾਨੀਅਤ ਦਾ ਫਰਜ਼ ਅਦਾ ਕਰਨਾ ਦੱਸਦੀਆਂ ਹਨ।
ਪਰ ਅੱਜ ਲੋੜ ਹੈ ਕਿ ਜਿਸ ਸਮੇਂ ਵਿੱਚੋਂ ਪੰਜਾਬ ਗੁਜ਼ਰ ਰਿਹਾ ਹੈ ਉਸ ਵਿੱਚ ਸਾਨੂੰ ਸਭ ਕੁਝ ਭੁੱਲ ਕੇ ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਮੁਸ਼ਕਿਲ ਦੌਰ ਵਿੱਚੋਂ ਬਚਾਉਣਾ ਚਾਹੀਦਾ ਹੈ। ਇਸ ਦੌਰਾਨ ਹਿੰਦੂ ਸਮਾਜ ਸੇਵੀ ਵਾਸੂ ਪਾਠਕ, ਮੁਕੇਸ਼ ਪਾਠਕ , ਵਿਜੈ ਚੱਢਾ, ਮਾਸਟਰ ਰੂਪਲਾਲ , ਵਿਸ਼ੂ ਠਾਕੁਰ ਨਾਲ ਮੁਲਾਜਮ ਵਰਗ ਵਿੱਚੋਂ ਏ ਐਸ ਆਈ ਸੰਤੋਖ ਸਿੰਘ , ਮਨਦੀਪ ਸਿੰਘ , ਮਨਜੀਤ ਸਿੰਘ ਸੋਨੀ ਹੈਡ ਕਾਂਸਟੇਬਲ  , ਪੰਚਾਇਤ ਸੈਕਟਰੀ ਕਸ਼ਮੀਰ ਸਿੰਘ ਢਿੱਲੋਂ ਮੌਜੂਦ ਰਹੇ ਅਤੇ ਕਸ਼ਮੀਰੀ ਸਿੱਖ ਨੌਜਵਾਨਾਂ ਵਿਚੋਂ ਬੇਅੰਤ ਸਿੰਘ , ਅਮਰਦੀਪ ਸਿੰਘ ਖਾਲਸਾ , ਅਮੀਕ ਸਿੰਘ , ਸੰਨੀ ਖਾਲਸਾ ਤੇ ਗੁਰੂ ਹਰਕ੍ਰਿਸ਼ਨ ਜੀਵਨ ਜਯੋਤੀ ਸੋਸਾਇਟੀ ਦੇ ਮੈਂਬਰ ਸੰਨੀ ਸਿੰਘ ਖਾਲਸਾ, ਅਰਸ਼ਦੀਪ ਸਿੰਘ , ਸ਼ਰਨਦੀਪ ਸਿੰਘ , ਜਨਮੀਤ ਸਿੰਘ , ਅਰੁਨਦੀਪ ਸਿੰਘ , ਅਮਕੌਰ ਸਿੰਘ , ਅਮਨਦੀਪ ਸਿੰਘ , ਵਿਕਰਮ ਸਿੰਘ ਬਾਲੀ ਦੇ ਨਾਲ ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਉੱਚਾ ਬੋਹੜਵਾਲਾ, ਸਰਪੰਚ ਦੇਵਾ ਸਿੰਘ ਉੱਚਾ ਬੋਹੜਵਾਲਾ,ਸਰਪੰਚ ਕਸ਼ਮੀਰ ਸਿੰਘ , ਗਿਆਨ ਸਰਪੰਚ ਆਦਿ ਮੌਜੂਦ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਨ ਦੇ ਕਦਰਦਾਨ ਬਲਵਿੰਦਰ ਸਿੰਘ ਰੋਮਾਣਾ  ਦੀ ਯਾਦ ’ਚ ਲਾਇਨਜ਼ ਕਲੱਬ ਨੇ ਕੀਤੇ ਬੂਟੇ ਤਕਸੀਮ 
Next articleਪਵਿੱਤਰ ਕਾਲੀ ਵੇਈਂ ਚ ਭੇਦਭਰੇ ਹਾਲਾਤਾਂ ਚ ਦਾਣਾ ਮੰਡੀ ਦੇ ਆੜਤੀਏ ਨੇ ਮਾਰੀ ਛਾਲ