HOME ਸਿੱਖ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼, ਸਿੱਖਾਂ ਵੱਲੋਂ ਫਲੈਟ ਨੂੰ...

ਸਿੱਖ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼, ਸਿੱਖਾਂ ਵੱਲੋਂ ਫਲੈਟ ਨੂੰ ਘੇਰ ਕੇ ਕੁੜੀ ਨੂੰ ਛੁਡਾਈਆ, ਪੁਲਿਸ ਦੀ ਭੂਮਿਕਾ ’ਤੇ ਉੱਠੇ ਸਵਾਲ

1
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ ਦੇ ਪੱਛਮੀ ਲੰਡਨ ’ਚ ਪੈਂਦੇ ਹਾਂਸਲੋ ਇਲਾਕੇ ਤੋਂ ਇਕ ਗੰਭੀਰ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਰੀਬ 15 ਸਾਲਾ ਸਿੱਖ ਨਾਬਾਲਿਗ ਕੁੜੀ ਨੂੰ ਇਕ ਫਲੈਟ ’ਚ ਬੰਧਕ ਬਣਾ ਕੇ ਨਸ਼ਾ ਆਦਿ ਦੇ ਕੇ ਉਸ ਨਾਲ ਕਈ ਲੋਕਾਂ ਵੱਲੋਂ ਸਮੂਹਿਕ ਜਬਰ-ਜਨਾਹ ਕਰਨ ਦੇ ਦੋਸ਼ ਲਗਾਏ ਗਏ ਹਨ। ਦੋਸ਼ ਹੈ ਕਿ ਇਹ ਵਾਰਦਾਤ ਪਾਕਿਸਤਾਨੀ ਗਰੂਮਿੰਗ ਗੈਂਗ ਵੱਲੋਂ ਅੰਜਾਮ ਦਿੱਤੀ ਗਈ, ਜੋ ਨਾਬਾਲਿਗ ਕੁੜੀਆਂ ਨੂੰ ਲਾਲਚ ਦੇ ਕੇ ਆਪਣੇ ਜਾਲ ’ਚ ਫਸਾਉਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਫੈਡਰੇਸ਼ਨ ਯੂ ਕੇ ਦੇ ਮੁੱਖ ਸਲਾਹਕਾਰ ਜੱਸ ਸਿੰਘ ਡਰਬੀ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਪੁਲਿਸ ਵੱਲੋਂ ਸਮੇਂ ਸਿਰ ਕੋਈ ਠੋਸ ਕਾਰਵਾਈ ਨਾ ਕਰਨ ਕਾਰਨ ਸਿੱਖ ਭਾਈਚਾਰੇ ’ਚ ਭਾਰੀ ਰੋਸ ਫੈਲ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਦੋਸ਼ੀਆਂ ਦੇ ਹੌਸਲੇ ਬੁਲੰਦ ਰਹੇ ਅਤੇ ਪੀੜਤ ਕੁੜੀ ਨੂੰ ਲੰਮੇ ਸਮੇਂ ਤੱਕ ਕੈਦ ਰੱਖਿਆ ਗਿਆ। ਪੁਲਿਸ ਵੱਲੋਂ ਕਾਰਵਾਈ ਨਾ ਹੋਣ ’ਤੇ ਗੁੱਸੇ ਵਿਚ ਆਏ ਸਿੱਖ ਭਾਈਚਾਰੇ ਦੇ 200 ਤੋਂ ਵੱਧ ਲੋਕਾਂ ਨੇ ਬੀਤੇ ਐਤਵਾਰ ਸ਼ਾਮ ਕਰੀਬ 9 ਵਜੇ ਤੋਂ ਦੇਰ ਰਾਤ 1 ਵਜੇ ਤੱਕ ਭਾਰੀ ਮੀਂਹ ਦੇ ਬਾਵਜੂਦ ਉਸ ਫਲੈਟ ਦਾ ਘੇਰਾਅ ਕੀਤਾ, ਜਿੱਥੇ ਕੁੜੀ ਨੂੰ ਕੈਦ ਕਰਕੇ ਰੱਖਿਆ ਗਿਆ ਸੀ। ਤਣਾਅਪੂਰਨ ਹਾਲਾਤਾਂ ਅਤੇ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ, ਸਿੱਖਾਂ ਦੇ ਦਬਾਅ ਮਗਰੋਂ ਆਖ਼ਿਰਕਾਰ ਕੁੜੀ ਨੂੰ ਦਰਿੰਦਿਆਂ ਦੇ ਚੰਗੁਲ ਤੋਂ ਛੁਡਵਾ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।
ਰਿਹਾਈ ਮਗਰੋਂ ਪੀੜਤ ਕੁੜੀ ਨੇ ਦੱਸਿਆ ਕਿ ਜਦੋਂ ਵੀ ਉਸ ਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਡਰਾਇਆ-ਧਮਕਾਇਆ ਜਾਂਦਾ ਸੀ ਅਤੇ ਵਿਰੋਧ ਕਰਨ ’ਤੇ ਕਮਰੇ ’ਚ ਬੰਦ ਕਰ ਦਿੱਤਾ ਜਾਂਦਾ ਸੀ। ਸਥਾਨਕ ਲੋਕਾਂ ਅਤੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਹ ਗਰੂਮਿੰਗ ਗੈਂਗ ਨਾਬਾਲਿਗ ਕੁੜੀਆਂ ਨੂੰ ਪਿਆਰ, ਦੋਸਤੀ ਅਤੇ ਮਹਿੰਗੇ ਤੋਹਫ਼ਿਆਂ ਦਾ ਝਾਂਸਾ ਦੇ ਕੇ ਫਸਾਉਂਦੇ ਹਨ ਅਤੇ ਬਾਅਦ ’ਚ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਾਉਂਦੇ ਹਨ। ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਸਿੱਖ ਭਾਈਚਾਰੇ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਾਬਾਲਿਗ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰੀ ਚ ਇੱਕ ਹੋਰ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ
Next articleਪੰਜਾਬ ਭਵਨ ਸਰੀ ਆਫ ਕੈਨੇਡਾ ਦੁਆਰਾ ਸ਼ਾਇਰ ਧਰਮ ਪਾਲ ਪੈਂਥਰ ਸਨਮਾਨਿਤ