ਬੱਧਨੀ ਕਲਾਂ ’ਚ ਕਾਂਗਰਸ ਦੀ ਹਲਕਾ ਇੰਚਾਰਜ ਦਾ ਘਿਰਾਓ

ਮੋਗਾ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡਾਂ ਵਿੱਚ ਹੁਣ ਇਕੱਲੀ ਭਾਜਪਾ ਦਾ ਹੀ ਵਿਰੋਧ ਨਹੀਂ ਹੋ ਰਿਹਾ ਸਗੋਂ ਸਾਰੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਨਿਸ਼ਾਨੇ ’ਤੇ ਆ ਗਈਆਂ ਹਨ। ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ ਅਧੀਨ ਕਸਬਾ ਬੱਧਨੀ ਕਲਾਂ ਵਿੱਚ ਰੋਹ ਵਿੱਚ ਆਏ ਕਿਸਾਨਾਂ ਨੇ ਬੀਕੇਯੂ ਏਕਤਾ (ਉਗਰਾਹਾਂ) ਦੇ ਆਗੂ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਕਾਂਗਰਸ ਦੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ ਦਾ ਮਾਰਕੀਟ ਕਮੇਟੀ ਦਫ਼ਤਰ ਵਿੱਚ ਘਿਰਾਓ ਕੀਤਾ।

ਇਸ ਮੌਕੇ ਅਧਿਕਾਰੀਆਂ ਦੇ ਦਖ਼ਲ ਮਗਰੋਂ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦੇਣ ਲਈ ਰਾਜਵਿੰਦਰ ਕੌਰ ਭਾਗੀਕੇ ਸਹਿਮਤ ਹੋ ਗਈ ਪਰ ਕਿਸਾਨ ਮਹਿਲਾ ਕਾਂਗਰਸ ਆਗੂ ਤੋਂ ਸੰਤੁਸ਼ਟ ਨਹੀਂ ਹੋਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਹਿਲਾ ਕਾਂਗਰਸ ਆਗੂ ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਨੇ ਇਲਾਕੇ ਦੀਆਂ ਪੰਚਾਇਤਾਂ ਤੇ ਹੋਰ ਮੋਹਤਬਰਾਂ ਨਾਲ ਮਾਰਕੀਟ ਕਮੇਟੀ, ਬੱਧਨੀ ਕਲਾਂ ਵਿੱਚ ਮੀਟਿੰਗ ਰੱਖੀ ਗਈ ਸੀ। ਕਿਸਾਨਾਂ ਨੂੰ ਜਿਉਂ ਹੀ ਇਸ ਗੱਲ ਦੀ ਭਿਣਕ ਲੱਗੀ ਤਾਂ ਉਹ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਗਏ ਅਤੇ ਵਿਖੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ’ਤੇ ਸਿਆਸਤ ਕਰਨ ’ਤੇ ਸਾਰੀਆਂ ਪਾਰਟੀਆਂ ਦਾ ਬਾਈਕਾਟ ਕੀਤਾ ਗਿਆ ਹੈ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਿਆਉਣ ਦਾ ਫ਼ੈਸਲਾ ਭਾਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲਿਆ ਹੈ ਪਰ ਆਮ ਲੋਕਾਂ ਦੇ ਭਲੇ ਬਾਰੇ ਤਾਂ ਕਦੇ ਕਿਸੇ ਵੀ ਰਾਜਨੀਤਕ ਪਾਰਟੀ ਨੇ ਨਹੀਂ ਸੋਚਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸੰਘਰਸ਼ੀ ਅਖਾੜੇ: ਮੀਂਹ ’ਚ ਵੀ ਮੱਠਾ ਨਾ ਪਿਆ ਕਿਸਾਨਾਂ ਦਾ ਜੋਸ਼
Next articleਵਰ੍ਹਦੇ ਮੀਂਹ ’ਚ ਖ਼ੁਸ਼ਕ ਬੰਦਰਗਾਹ ਅੱਗੇ ਜਾਰੀ ਰਹੀ ‘ਕਿਸਾਨ ਸੰਸਦ’