ਸਿੱਧੂ ਤੇ ਪ੍ਰਸ਼ਾਂਤ ਕਿਸ਼ੋਰ ਦੀ ਮਿਲਣੀ ਤੋਂ ਨਵੇਂ ਚਰਚੇ ਛਿੜੇ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਅੱਜ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮਿਲਣੀ ਤੋਂ ਨਵੇਂ ਚਰਚੇ ਛਿੜ ਗਏ ਹਨ। ਨਵਜੋਤ ਸਿੱਧੂ ਨੇ ਦਿੱਲੀ ਵਿਚ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ ਹੈ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ਮਗਰੋਂ ਨਵਜੋਤ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਇੱਕ ਸੈਲਫੀ ਸਾਹਮਣੇ ਆਈ ਹੈ। ਨਵਜੋਤ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਆਪਣੀ ਤਸਵੀਰ ਟਵਿੱਟਰ ’ਤੇ ਸਾਂਝੀ ਕੀਤੀ ਹੈ। ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ‘ਪੁਰਾਣੇ ਦੋਸਤ ਪੀਕੇ ਨਾਲ ਮੁਲਾਕਾਤ ਹੋਈ.. ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਸਭ ਤੋਂ ਅੱਛੇ ਹੁੰਦੇ ਹਨ|’ ਸਿਆਸੀ ਹਲਕੇ ਪ੍ਰਸ਼ਾਂਤ ਕਿਸ਼ੋਰ ਤੇ ਨਵਜੋਤ ਸਿੱਧੂ ਦੀ ਮਿਲਣੀ ਨੂੰ ਰਾਜਸੀ ਨਜ਼ਰੀਏ ਤੋਂ ਦੇਖ ਰਹੇ ਹਨ|

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨਾਲ ਨਜਵੋਤ ਸਿੱਧੂ ਦੇ ਸੁਰ ਅਜੇ ਤੱਕ ਪੂਰੀ ਤਰ੍ਹਾਂ ਮਿਲ ਨਹੀਂ ਸਕੇ ਹਨ| ਹਾਈਕਮਾਨ ਵੱਲੋਂ ਪ੍ਰਧਾਨ ਬਦਲਣ ਦੇ ਬਾਵਜੂਦ ਅਜੇ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਪੂਰੀ ਤਰ੍ਹਾਂ ਮੁੱਕੀ ਨਹੀਂ ਜਾਪਦੀ| ਜਦ ਤੋਂ ਰਾਜਾ ਵੜਿੰਗ ਪ੍ਰਧਾਨ ਬਣੇ ਹਨ, ਨਵਜੋਤ ਸਿੱਧੂ ਨੇ ਆਪਣੇ ਪੱਧਰ ’ਤੇ ਵੱਖਰੀ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ| ਉਨ੍ਹਾਂ ਨਾਲ ਆਮ ਤੌਰ ’ਤੇ ਅਸ਼ਵਨੀ ਸੇਖੜੀ, ਸੁਰਜੀਤ ਧੀਮਾਨ ਅਤੇ ਨਵਤੇਜ ਚੀਮਾ ਹੀ ਦੇਖੇ ਜਾਂਦੇ ਹਨ| ਨਵਜੋਤ ਸਿੱਧੂ ਨੇ ਰਾਜਾ ਵੜਿੰਗ ਦੇ ਅਹੁਦਾ ਸੰਭਾਲ ਸਮਾਗਮ ਦੀ ਸਟੇਜ ਤੋਂ ਵੀ ਦੂਰੀ ਬਣਾਈ ਰੱਖੀ ਅਤੇ ਕਿਸੇ ਜਨਤਕ ਸਮਾਗਮ ਵਿਚ ਵੀ ਰਾਜਾ ਵੜਿੰਗ ਤੇ ਨਵਜੋਤ ਸਿੱਧੂ ਹਾਲੇ ਤੱਕ ਇਕੱਠੇ ਨਜ਼ਰ ਨਹੀਂ ਆਏ ਹਨ| ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਸੋਮਵਾਰ ਰਾਜਪੁਰਾ ਥਰਮਲ ਅੱਗੇ ਧਰਨਾ ਦਿੱਤਾ ਸੀ| ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਵਾਂ ਅਹੁਦਾ ਸੰਭਾਲਣ ਮਗਰੋਂ ਫ਼ਿਲਹਾਲ ਕਿਸੇ ਕਲੇਸ਼ ਵਿਚ ਪੈਂਦੇ ਨਹੀਂ ਜਾਪ ਰਹੇ| ਉਹ ਪਾਰਟੀ ਦੇ ਅੰਦਰੂਨੀ ਮਸਲਿਆਂ ਬਾਰੇ ਬੋਲਣ ਤੋਂ ਫ਼ਿਲਹਾਲ ਗੁਰੇਜ਼ ਕਰ ਰਹੇ ਹਨ|

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਸੁਖਬੀਰ, ਬਾਜਵਾ ਤੇ ਸਿੱਧੂ: ਮਾਨ
Next articleਪ੍ਰਸ਼ਾਂਤ ਕਿਸ਼ੋਰ ਵੱਲੋਂ ਕਾਂਗਰਸ ’ਚ ਸ਼ਾਮਲ ਹੋਣ ਤੋਂ ਇਨਕਾਰ