ਸਿਆਪਾ!…..

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਨੀਂ ਅੰਜਨਾ! ਤੂੰ ਆਉਣਾ ਨਹੀਂ ਨਾਨਕੇ? ਤੂੰ ਤਾਂ ਕਹਿੰਦੀ ਸੀ ਕਿ ਛੁੱਟੀਆਂ ‘ਚ ਆਊਂਗੀ।ਹੁਣ ਤਾਂ ਛੁੱਟੀਆਂ ਵੀ ਥੋੜੀਆਂ ਰਹਿ ਗਈਆਂ ਹੋਣੀਆਂ। ਮੈਂ ਤਾਂ ‘ਡੀਕ-ਡੀਕ ਕੇ ਥੱਕ ਗਈ।ਅੰਜਨਾ ਦੀ ਨਾਨੀ ਨੇ ਫ਼ੋਨ ਤੇ ਰੋਸਾ ਜਿਹਾ ਕੀਤਾ।

ਹਾਂ ਨਾਨੀ ਜੀ! ਛੇਤੀ ਆਵਾਂਗੀ। ਅੰਜਨਾ ਨੇ ਨਾਨੀ ਜੀ ਦਾ ਦਿਲ ਰੱਖਣ ਵਾਲਾ ਜਵਾਬ ਦਿੱਤਾ।’

ਨੀਂ ਹੋ ਕੀ ਗਿਆ ਤੈਨੂੰ। ਤੂੰ ਤਾਂ ਮੇਰੀ ਐਨੀ ਲਾਡਲੀ ਧੀ ਏਂ। ਅੱਜ ਤਾਂ ਬੋਲਦੀ ਵੀ ਨਹੀਂ ਚੱਜ ਨਾਲ। ਨਾਨੀ ਨੇ ਓਹਦੇ ਰੁੱਖੇ ਜਿਹੇ ਜਵਾਬ ਤੋਂ ਦੁੱਖੀ ਹੁੰਦਿਆਂ ਕਿਹਾ।

ਨਹੀਂ,ਨਾਨੀ ਜੀ, ਇਹੋ ਜਿਹੀ ਕੋਈ ਗੱਲ ਨਹੀਂ। ਆਹ ਛੁੱਟੀਆਂ ਦਾ ਸਿਆਪਾ ਹੀ ਨਹੀਂ ਨਿੱਬੜਦਾ। ਹੋਰ ਭਲਾ ਕੀ ਕਰਾਂ। ਕਿਵੇਂ ਆਵਾਂ? ਦਿਲ ਤਾਂ ਕਰਦਾ ਸੀ ਕਿ ਛੁੱਟੀਆਂ ਹੋਣਗੀਆਂ ਤਾਂ ਕੁਝ ਚੈਨ ਮਿਲੂ। ਤੁਹਾਡੇ ਕੋਲ ਆਵਾਂਗੇ, ਘੁੰਮਾਂਗੇ, ਫਿਰਾਂਗੇ ਤੇ ਮਸਤੀ ਕਰਾਂਗੇ। ਅੰਜਨਾ ਫ਼ੇਰ ਹਤਾਸ਼ ਜਿਹੀ ਬੋਲੀ।

ਸੁੱਖ ਬੋਲ ਧੀਏ! ਸਿਆਪਾ ਕਾਹਦਾ ਹੋ ਗਿਆ ਭਲਾਂ! ਦੱਸ ਮੈਨੂੰ ਛੇਤੀ-ਛੇਤੀ। ਮੇਰਾ ਤਾਂ ਦਿਲ ਹੀ ਬੈਠਾ ਜਾ ਰਿਹਾ।

ਕੁਝ ਨਹੀਂ ਨਾਨੀ ਜੀ। ਬੱਸ ਸਕੂਲ ਦਾ ਕੰਮ ਕਰ ਰਹੀ ਹਾਂ। ਜਿੱਦਣ ਦੀਆਂ ਛੁੱਟੀਆਂ ਹੋਈਆਂ, ਉੱਦਣ ਦੀ ਲੱਗੀ ਹੋਈ ਹਾਂ, ਹਜੇ ਬਹੁਤ ਬਾਕੀ ਹੈ। ਸੋਚਿਆ ਸੀ ਕਿ ਛੇਤੀ ਕੰਮ ਮੁਕਾ ਕੇ ਆਵਾਂਗੀ ਤੁਹਾਡੇ ਕੋਲ, ਸਾਰੇ ਘਰਦਿਆਂ ਨਾਲ਼। ਨਾਲੇ ਕੋਈ ਕੰਮ ਸਿਖਾਂਗੀ ਨਵਾਂ। ਪਰ…..!ਅੰਜਨਾ ਚੁੱਪ ਕਰ ਗਈ।

ਏਡਾ ਕੰਮ ਕਿਹੜਾ ਹੈ ਧੀਏ ,ਜਿਹੜਾ ਖ਼ਤਮ ਹੀ ਨਹੀਂ ਹੋ ਰਿਹਾ। ਨਾਨੀ ਹੈਰਾਨ ਹੋ ਗਈ।……….!

ਅੱਛਾ ਇੰਝ ਕਰ ਨਾਲ਼ ਲੈ ਆ ਤੂੰ ਆਪਣੇ ਕੰਮ ਨੂੰ ਵੀ। ਏਥੇ ਕਰ ਲਵੀਂ ਬਾਕੀ ਦਾ। ਕੰਮ ਤਾਂ ਪੁੱਤ ਦਿੰਦੇ ਈ ਹੁੰਦੇ ਮਾਸਟਰ! ਨਾਨੀ ਨੇ ਅੰਜਨਾ ਨੂੰ ਸਲਾਹ ਦਿੱਤੀ।

ਨਹੀਂ,ਨਾਨੀ ਜੀ! ਹੁਣ ਪਹਿਲਾਂ ਵਾਂਗ ਸਿਰਫ਼ ਲਿਖਣਾ ਤੇ ਪੜ੍ਹਨਾ ਨਹੀਂ ਹੁੰਦਾ। ਅੰਜਨਾ ਫ਼ੇਰ ਢਿੱਲੀ ਜਿਹੀ ਬੋਲੀ।

ਫੋਟ! ਹੋਰ ਕੀ ਕੱਪੜੇ ਸੀਣੇ ਨੂੰ ਕਹਿਤਾ ਮਾਸਟਰਾਂ ਨੇ? ਨਾਨੀ ਨੇ ਹੱਸਦਿਆਂ ਹੋਇਆਂ ਪੁੱਛਿਆ।

ਨਹੀਂ ਨਾਨੀ ਜੀ, ਅੱਜਕਲ ਛੁੱਟੀਆਂ ਵਿੱਚ ਸਕੂਲਾਂ ਵਾਲੇ ਅਧਿਆਪਕ ਬਹੁਤ ਸਾਰੇ ਚਾਰਟ, ਮਾਡਲ ਤੇ ਹੋਰ ਕ੍ਰੀਏਟਿਵ ਕੰਮ ਦਿੰਦੇ ਹਨ। ਉਹ ਵੀ ਇਹੋ ਜਿਹਾ ਕਿ ਦੁਕਾਨਾਂ ਤੋਂ ਸਮਾਨ ਵੀ ਨਹੀਂ ਮਿਲ਼ਦਾ। ਕਦੇ-ਕਦੇ ਤਾਂ ਨੈੱਟ ਤੋਂ ਕਢਾਉਣੀਆਂ ਪੈਂਦੀਆਂ ਫੋਟੋਆਂ ਵਗੈਰਾ। ਉਹ ਵੀ ਬਹੁਤ ਮਹਿੰਗੀਆਂ ਨਿਕਲਦੀਆਂ। ਬਹੁਤ ਖ਼ਰਚਾ ਹੁੰਦਾ। ਸਾਰੇ ਸਕੂਲ ਰੀਸੋ ਰੀਸੀ ਇੱਕ ਦੂਜੇ ਤੋਂ ਔਖਾ ਕੰਮ ਦਿੰਦੇ ਹਨ। ਵਿਚਾਰੇ ਮਾਪਿਆਂ ਦੀ ਵੀ ਮੱਤ ਮਾਰੀ ਜਾਂਦੀ ਹੈ, ਮਦਦ ਕਰਦਿਆਂ ਕਰਦਿਆਂ ਜਾਂ ਆਵਾਗੌਣ ਪੈਸੇ ਖਰਚਦਿਆਂ। ਸਭ ਤੋਂ ਵੱਡੀ ਗੱਲ ਕਿ ਇਹ ਸਭ ਕਿਸੇ ਕੰਮ ਨਹੀਂ ਆਉਂਦਾ। ਬਾਅਦ ਵਿੱਚ ਲੈ ਕੇ ਸੁੱਟ ਦਿੰਦੇ ਹਨ। ਹਾਂ, ਨੰਬਰ ਜ਼ਰੂਰ ਬਣਦੇ ਹਨ। ਅੰਜਨਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ।

ਹੱਛਾ ਭਾਈ! ਕੀ ਕਰਨਾ? ਨਵੇਂ ਜ਼ਮਾਨੇ ਦੀਆਂ ਨਵੀਆਂ ਗੱਲਾਂ। ਸਾਡੇ ਵੇਲ਼ੇ ਤਾਂ ਕਿਤਾਬਾਂ ਦਾ ਕੰਮ ਹੁੰਦਾ ਸੀ। ਬੱਚੇ ਕਿਤਾਬਾਂ ਲੈ ਕੇ ਨਾਨਕਿਆਂ ਨੂੰ ਜਾਂ ਭੂਆ ਦੇ ਘਰ ਚਲੇ ਜਾਂਦੇ ਸੀ। ਨਾਲੇ ਕੰਮ ਕਰਦੇ ਤੇ ਨਾਲ਼ੇ ਖੇਡ ਕੁੱਦ ਵੀ ਲੈਂਦੇ। ਨਾਨੀ ਨੇ ਪੁਰਾਣਾ ਸਮਾਂ ਯਾਦ ਕਰਦਿਆਂ ਕਿਹਾ।

ਐਤਕੀਂ ਤਾਂ ਨਾਨੀ ਜੀ ਲੱਗਦਾ ਕੰਮ ਮੁੱਕਣਾ ਹੀ ਨਹੀਂ ਮੇਰਾ। ਮੈਥੋਂ ਨਹੀਂ ਆ ਹੋਣਾ। ਅਗਲੀ ਵਾਰ ਆਵਾਂਗੀ। ਅੰਜਨਾ ਨੇ ਸੋਚਦਿਆਂ ਗੱਲ ਨਬੇੜੀ।

ਕਿੱਥੇ ਧੀਏ! ਅਗਲੀ ਜਮਾਤ ਤਾਂ ਹੋਰ ਵੱਡੀ ਹੋ ਜਾਣੀ। ਫ਼ੇਰ ਤਾਂ ਹੋਰ ਵੱਧ ਮਿਲੂ ਕੰਮ। ਚੱਲ ਵੇਖ ਲੀ ਜੇ ਆ ਸਕਦੇ ਹੋ ਤਾਂ ਆ ਜਿਓ ਚਾਰ ਦਿਨ। ਬਾਕੀ ਥੋਡੀ ਮਰਜ਼ੀ ਭਾਈ। ਕਹਿ ਕੇ ਨਾਨੀ ਨੇ ਭਿੱਜੀਆਂ ਅੱਖਾਂ ਸਾਫ਼ ਕਰਦਿਆਂ ਫ਼ੋਨ ਰੱਖ ਦਿੱਤਾ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਚਿਤਾਵਨੀ