ਦਿਖਾਵਾ

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

“ਵਾਹ ਜੀ ਵਾਹ ! ਐਹ ਹੁੰਦਾ ਏ ਪਿਆਰ ਤੇ ਸਤਿਕਾਰ। ਅਗਲੇ ਦੀ ਘਰਵਾਲੀ ਮਰ ਗਈ ਪਰ ਹਰ ਸਾਲ ਇਹ ਉਹਦੀ ਬਰਸੀ ਮਨਾਉਣੀ ਨਹੀਂ ਭੁੱਲਦਾ। ਵੇਖੋ ਤਾਂ ਸਹੀ ਕਿੱਡਾ ਵੱਡਾ ‘ਕੱਠ ਕੀਤਾ ਏ। ਭਾਈ ਪਿਆਰ ਹੋਵੇ ਤਾਂ ਇਹੋ ਜਿਹਾ ਨਹੀਂ ਤਾਂ ਐਵੇਂ ਨਾ ਬੰਦਾ ਕਹੀ ਜਾਵੇ ਕਿ ਪਿਆਰ ਕਰਦਾਂ ਏਂ, ਪਿਆਰ ਕਰਦਾਂ ਏਂ” ਤਾਰੀ ਨੇ ਆਪਣੇ ਘਰਵਾਲ਼ੇ ਸੰਤਾ ਸਿੰਘ ਨੂੰ ਬੂਹੇ ਤੋਂ ਅੰਦਰ ਪੈਰ ਰੱਖਦਿਆਂ ਵੇਖ਼ ਕੇ ਕਹਿਣਾ ਸ਼ੁਰੂ ਕਰ ਦਿੱਤਾ।

ਓ ਭਲੀਏ ਲੋਕੇ! ਅਸੀਂ ਭਲਾ ਇਹੋ ਜਿਹਿਆਂ ਦੀ ਰੀਸ ਕਰ ਸਕਦੇ ਹਾਂ? ਇਹ ਤਾਂ ਬੜੇ ਲੋਕ ਨੇ। ਇਹਨਾਂ ਨੂੰ ਤਾਂ ਪਾਖੰਡ ਕਰਨ ਦੇ ਮੌਕੇ ਚਾਹੀਦੇ ਹੁੰਦੇ ਨੇ। ਬਾਕੀ ਪਿਆਰ ਮੁਹੱਬਤ ਕਹਿਣ ਦੀਆਂ ਨਹੀਂ ਸਗੋਂ ਮਹਿਸੂਸ ਕਰਨ ਦੀਆਂ ਗੱਲਾਂ ਹੁੰਦੀਆਂ ਹਨ। ਸੰਤਾ ਸਿੰਘ ਨੇ ਮੰਜੇ ਤੇ ਬਹਿੰਦਿਆਂ ਕਿਹਾ।

ਆਹੋ ਤੁਸੀਂ ਤਾਂ ਇਹੋ ਹੀ ਕਹਿਣਾ ਹੁੰਦਾ ਹਮੇਸ਼ਾਂ। ਹੋਰ ਕੋਈ ਜਵਾਬ ਜੁ ਨਹੀਂ ਤੁਹਾਡੇ ਵਰਗਿਆਂ ਕੋਲ਼। ਤਾਰੀ ਨੇ ਖਿੱਝਦਿਆਂ ਕਿਹਾ।
ਓਹ ਅੱਛਾ ਭਾਗਵਾਨੇ! ਬੱਸ ਵੀ ਕਰ ਹੁਣ। ਲਿਆ ਪਾਣੀ ਦਾ ਗਿਲਾਸ ਫੜਾ ਤੇ ਘੁੱਟ ਕੁ ਚਾਹ ਪਿਆ ਦੇ। ਸੰਤਾ ਸਿੰਘ ਨੇ ਗੱਲ ਮੁਕਾਉਂਦਿਆਂ ਕਿਹਾ।

ਛੱਡੋ ਹੁਣ ਚਾਹ ਚੂ। ਭਲਾਂ ਇਹ ਕੋਈ ਵੇਲ਼ਾ ਏ ਚਾਹ ਦਾ?ਰੋਟੀ ਖਾਓ ਤੇ ਕੰਮ ਨਬੇੜੋ।ਮੈਂ ਵੀ ਵਿਹਲੀ ਹੋਵਾਂ। ਤਾਰੋ ਨੇ ਉੱਠਦਿਆਂ ਕਿਹਾ।
ਚੱਲ ਭਾਈ, ਤੇਰੀ ਮਰਜ਼ੀ! ਲਾਹ ਤੂੰ ਰੋਟੀ ਤੇ ਮੈਂ ਹੱਥ ਮੂੰਹ ਧੋ ਲਵੋ। ਸੰਤਾ ਸਿੰਘ ਉੱਠ ਕੇ ਗੁਸਲਖਾਨੇ ਵੱਲ ਨੂੰ ਤੁਰਦਿਆਂ ਬੋਲਿਆ।
ਆਹ ਲਓ ਬੇਬੇ ਜੀ, ਰੋਟੀ ਸਬਜ਼ੀ। ਇੱਕ ਮੁੰਡੇ ਨੇ ਤਾਰੋ ਨੂੰ ਡੱਬੇ ਫੜਾਉਂਦਿਆਂ ਕਿਹਾ।

ਵੇ ਤੂੰ ਕੌਣ ਏਂ ਕਾਕਾ? ਤੇ ਆਹ ਕੀਹਨੇ ਘੱਲੇ ਨੇ ਡੱਬੇ? ਆਹ ਨਾਲ਼ ਆਲ਼ੇ ਕਾਰਖਾਨੇ ਤੋਂ ਭਾਈ ਨੇ ਤਾਂ ਨਹੀਂ ਭਲਾਂ? ਤਾਰੋ ਨੇ ਸੁਆਲ ਪੁੱਛ ਕੇ ਆਪੇ ਜਵਾਬ ਦਾ ਅੰਦਾਜ਼ਾ ਲਗਾਉਂਦਿਆਂ ਕਿਹਾ।

ਆਹੋ ਬੇਬੇ, ਉਹਨਾਂ ਨੇ ਹੀ ਭੇਜੇ ਆ। ਮੈਂ ਉਨਕਾ ਲੜਕਾ ਹਾਂ। ਮੁੰਡੇ ਨੇ ਟੁੱਟੀ ਜਿਹੀ ਬੋਲੀ ‘ਚ ਕਿਹਾ।

ਲੜਕਾ….!ਵੇ ਓਹਦੀ ਤਾਂ ਕੋਈ ਔਲਾਦ ਹੀ ਨਹੀਂ ਸੀ। ਪਿੱਛੇ ਜਿਹੇ ਘਰਆਲੀ ਵੀ ਮੁੱਕ ਗਈ ਸੀ। ਤਾਰੀ ਨੇ ਸੋਚਦਿਆਂ ਕਿਹਾ।

ਹਾਂਜੀ, ਹੁੰਨ ਉਹਨਾਂ ਨੇ ਮੇਰੀ ਮਾਂ ਨਾਲ਼ ਸ਼ਾਦੀ ਕਰਵਾ ਲਈ ਹੈ, ਆਜ ਹੀ। ਮੁੰਡਾ ਬੋਲਿਆ।

ਵੇ ਫ਼ੋਟ! ਏਸ ਉਮਰ ‘ਚ ਇਹਨੂੰ ਵਿਆਹ ਕਰਨ ਦੀ ਕੀ ਸੁੱਝੀ? ਤੇ ਉਹ ਵੀ ਜ਼ਨਾਨੀ ਦੀ ਬਰਸੀ ਤੇ! ਫਿੱਟੇ ਮੂੰਹ ਇਹਦੇ ਕੀੜੇ ਪੈਣ ਕੰਜ਼ਰ ਦੇ! ਵੇ ਆਹ ਲੈ ਜਾ ਚੁੱਕ ਕੇ ਡੱਬੇ ਡੁੱਬੇ। ਸਾਨੂੰ ਨੀਂ ਚਾਹੀਦੇ। ਤਾਰੀ ਨੇ ਡੱਬੇ ਮੋੜਦਿਆਂ ਕਿਹਾ।

ਪਰ ਉਹ ਕਹਿੰਦੇ ਓਹ ਬੇਬੇ ਹੁਰੀਂ ਆਏ ਨਹੀਂ, ਉਹਨਾਂ ਨੂੰ ਦੇ ਆ ਬਚੀ ਹੋਈ ਆ ਰੋਟੀ, ਮੁੰਡੇ ਨੇ ਕਿਹਾ।

ਵੇ ਬਚੀ ਹੋਈ ਨੂੰ ਅਸੀਂ ਵਾਧੂ ਆਂ । ਸਾਡੇ ਘਰੇ ਰੋਟੀ ਨਹੀਂ ਪੱਕਦੀ। ਲੈ ਜਾ ਮੋੜ ਕੇ। ਬੜਾ ਆਇਆ ਬਰਸੀਆਂ ਮਨਾਉਣ ਵਾਲਾ।ਜਿਉਂਦੇ ਜੀਅ ਜ਼ਨਾਨੀ ਦੀ ਬਾਤ ਨਹੀਂ ਪੁੱਛੀ ਤੇ ਹੁਣ ਦਿਖਾਵਾ ਕਰਦਾ ਫ਼ਿਰਦਾ। ਨਾਲ਼ੇ ਨਵੀਂ ਜ਼ਨਾਨੀ ਵਿਆਹ ਲਈ, ਨਾਲ਼ੇ ਪੁਰਾਣੀ ਦੀ ਬਰਸੀ ਮਨਾਉਂਦਾ ਫ਼ਿਰਦਾ।ਕਰਦਾ ਕੀ ਫ਼ਿਰਦਾ…..! ਹੂੰਅ…….. ਤਾਰੀ ਨੇ ਗੁੱਸੇ ਵਿੱਚ ਲਾਲ ਪੀਲੀ ਹੁੰਦਿਆਂ ਕਿਹਾ ਤਾਂ ਮੁੰਡਾ ਚੁੱਪਚਾਪ ਡੱਬੇ ਲੈ ਕੇ ਤੁਰ ਗਿਆ।

ਪਿੱਛੇ ਖੜ੍ਹੇ ਸੰਤਾ ਸਿੰਘ ਨੇ ਇਹ ਸਭ ਸੁਣਿਆ ਤਾਂ ਉਹ ਕੁਝ ਹੈਰਾਨ ਹੋਇਆ ਪਰ ਓਹਦੇ ਕੁੱਝ ਕਹਿਣ ਤੋਂ ਪਹਿਲਾਂ ਹੀ ਤਾਰੀ ਨੇ ਕਿਹਾ ਮੈਂ ਤਾਂ ਐਵੇਂ ਸ਼ੁਗਲ ਕਰਦੀ ਸੀ ਤੁਹਾਨੂੰ। ਮੈਂ ਸਭ ਜਾਣਦੀ ਹਾਂ। ਮੈਨੂੰ ਚੰਗੀ ਤਰ੍ਹਾਂ ਪਤੈ ਕਿ ਸੱਚੇ ਪਿਆਰ ਤੇ ਦਿਖਾਵੇ ਵਿੱਚ ਕੀ ਫ਼ਰਕ ਹੁੰਦਾ।ਆਜੋ ਹੁਣ, ਮੈਂ ਤੱਤੀ-ਤੱਤੀ ਰੋਟੀ ਬਣਾ ਕੇ ਖੁਆਵਾਂ ਤੁਹਾਨੂੰ। ਥੱਕੇ ਹੋਏ ਹੋ, ਫ਼ਿਰ ਹਲਦੀ ਵਾਲ਼ਾ ਦੁੱਧ ਵੀ ਪਿਆਉਨੀ ਆਂ।
ਸੰਤਾ ਸਿੰਘ ਗ਼ਦ ਗ਼ਦ ਹੁੰਦਿਆਂ ਤਾਰੀ ਨਾਲ ਰਸੋਈ ਵੱਲ ਨੂੰ ਹੋ ਤੁਰਿਆ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ
Next articleਗੀਤ