ਲਘੂ ਕਹਾਣੀ

ਸੁਰਜੀਤ ਸਿੰਘ ਭੁੱਲਰ

ਧਰਨਾ

ਸੁਰਜੀਤ ਸਿੰਘ ਭੁੱਲਰ
(ਸਮਾਜ ਵੀਕਲੀ)ਪਹਿਲਾਂ ਸਾਡੇ ਬੱਚੇ,ਆਪਣੇ ਮਨ ਪ੍ਰਚਾਵੇ ਲਈ ਕਈ ਪ੍ਰਕਾਰ ਦੀਆਂ ਖੇਡਾਂ ਖੇਡਦੇ ਹੁੰਦੇ ਸਨ ਜਿਵੇਂ ਕਿ- ਗੁੱਲੀ ਡੰਡਾ,ਖਿੱਦੋ(ਖੁੱਦੋ) ਖੂੰਡੀ,ਸ਼ੱਕਰ ਭਿੱਜੀ,ਬਾਂਦਰ ਕਿੱਲਾ, ਲੁਕਣ ਮਿਚੀ ਜਾਂ ਕੋਟਲਾ ਛਪਾਕੀ ਆਦਿ ਪਰ ਅੱਜ ਦੇ ਆਧੁਨਿਕ ਯੁੱਗ ‘ਚ ਉਹ ਸਾਰੀਆਂ ਖੇਡਾਂ ਅਲੋਪ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਥਾਂ ਮੋਬਾਈਲ ਅਤੇ ਕੰਪਿਊਟਰ ‘ਤੇ ਪਾਈਆਂ ਗੇਮਾਂ ਨੇ ਲੈ ਲਈ ਹੈ।
ਮੈਂ ਅਤੇ ਮੇਰਾ ਪ੍ਰਵਾਰ ਕਈ ਦਹਾਕਿਆਂ ਤੋਂ ਵਿਦੇਸ਼ ਸੈੱਟ ਹੋ ਚੁੱਕਾ ਹੈ। ਐਤਕੀਂ ਦੇਰ ਪਿੱਛੋਂ ਜਦ ਮੈਂ ਪਿੰਡ ਪਰਤਿਆ ਅਤੇ ਉਸ ਦੇ ਆਲੇ-ਦੁਆਲੇ ਘੁੰਮਿਆਂ ਤਾਂ ਦੇਖਿਆ ਕੇ ਅਸਲੀ ਪਿੰਡ ਵਾਲੇ ਨਕਸ਼ੇ ਦਾ ਤਾਂ ਹੁਲੀਆ ਹੀ ਵਿਗਾੜਿਆ ਪਿਆ ਹੈ।
ਕੱਚੇ ਘਰਾਂ ਦੀ ਥਾਂ ‘ਤੇ ਕੋਠੀਆਂ ਬਣ ਗਈਆਂ ਹਨ। ਗਲੀਆਂ ਪੱਕੀਆਂ ਹਨ ਅਤੇ ਪਿੰਡ ਵਾਲੇ ਛੱਪੜ ਨੂੰ ਪੂਰ ਕੇ,ਉੱਥੇ ਵੀ ਮਕਾਨ ਉਸਾਰ ਲਏ ਗਏ ਹਨ। ਪੁਰਾਣੇ ਬੋਹੜ,ਪਿੱਪਲ ਦੇ ਕਦਾਵਰ ਦਰਖ਼ਤ,ਜੋ ਮੇਰੇ ਬਚਪਨ ਤੋਂ ਵੀ ਪਹਿਲਾਂ ਦੇ ਸਨ ,ਉਨ੍ਹਾਂ ਦਾ ਕਿਤੇ ਨਾਂਅ ਨਿਸ਼ਾਨ ਹੀ ਦਿਖਾਈ ਨਹੀਂ ਦਿੰਦਾ।
ਅੱਗੇ ਗਿਆ ਤਾਂ ਦੇਖਿਆ ਕਿ ਇੱਕ ਥਾਂ ‘ਤੇ ਬਹੁਤ ਸਾਰੇ ਬੱਚਿਆਂ ਨੇ ਇੱਕ ਘਰ ਦੇ ਮੂਹਰੇ ਧਰਨਾ ਦਿੱਤਾ ਹੋਇਆ ਸੀ। ਉਨ੍ਹਾਂ ਵਿੱਚੋਂ ਇੱਕ ਮੁੰਡਾ ਆਪਣੇ ਗਲ ਵਿਚ ਹਰੇ ਰੰਗ ਦਾ ਪਰਨਾ ਪਾਈ,ਉੱਥੇ ਬਣੇ ਚਬੂਤਰੇ ‘ਤੇ ਇੱਧਰ ਉੱਧਰ ਘੁੰਮ ਰਿਹਾ ਸੀ,ਜਿਵੇਂ ਅਚਵੀ ਲੱਗੀ ਹੋਵੇ। ਉਹ ਕਦੇ-ਕਦਾਈਂ ਕਿਸੇ ਦਾ ਨਾਂਅ ਲੈ ਕੇ ਪੁਰੇ ਜੋਸ਼ ਨਾਲ,ਉਹਨੂੰ ਚੋਰ ਅਤੇ ਲੁਟੇਰਾ ਕਹਿ ਕੇ ਵੰਗਾਰ ਰਿਹਾ ਸੀ। ਕੁੱਝ ਚਿਰ ਠਹਿਰ ਕੇ,ਜਦੋਂ ਅੱਗੋਂ ਕੋਈ ਜਵਾਬ ਨਾ ਮਿਲਦਾ ਤਾਂ ਗ਼ੁੱਸੇ ਵਿਚ ਲਾਲ ਪੀਲਾ ਹੋ ਕੇ,ਉਹਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦਾ। ਆਖ਼ਿਰ ਥੱਕ ਕੇ, ਉਹ ਥੜ੍ਹੇ ਤੋਂ ਹੇਠਾਂ ਉਤਰ ਆਇਆ ਅਤੇ ਆਪਣੇ ਦੂਜੇ ਸਾਥੀਆਂ ਕੋਲ ਆ ਕੇ ਬੈਠ ਗਿਆ। ਫਿਰ ਉਨ੍ਹਾਂ ਵਿੱਚੋਂ ਇੱਕ ਹੋਰ ਨੇ ਉਹਦੇ ਵਾਲੀ ਥਾਂ ਲੈ ਲਈ। ਉਹ ਵੀ ਥੜ੍ਹੇ ਤੇ ਜਾ ਟਪੂਸੀ ਮਾਰ ਕੇ ਚੜ੍ਹ ਗਿਆ ਅਤੇ ਜੋਸ਼ ਵਿੱਚ ਘੁੰਮਦਾ ਫਿਰੇ ਜਿਵੇਂ ਕੋਈ ਸਾਨ੍ਹ ਖੌਰੂ ਪਾਉਂਦਾ ਹੋਵੇ। ਆਪਣੀਆਂ ਬਾਂਹਾਂ ਨੂੰ ਉਲਾਰ-ਉਲਾਰ ਕਹਿਣ ਲੱਗਾ,’ਸ਼ਹੀਦਾਂ ਦੇ ਖ਼ੂਨ ਦਾ ਬਦਲਾ’ – ਭੁੰਜੇ ਬੈਠੇ ਸਾਥੀਆਂ ਵੱਲੋਂ ਜਵਾਬ ਜੋਸ਼ੀਲੀ ਆਵਾਜ਼ ਵਿੱਚ ਆਇਆ –‘ਖ਼ੂਨ’। ਇਸੇ ਤਰ੍ਹਾਂ ਕਈਆਂ ਨੇ ਆਪਣੇ ਦਿਲ ਦਾ ਗੁੱਬ-ਗੁਬਾਰ ਕੱਢਿਆ। ਕਦੇ ਕਦੇ ਕੁੱਝ ਬੱਚੇ ਕੋਰਸ ਦੇ ਰੂਪ ਵਿੱਚ ਗੀਤ ਗਾਉਂਦੇ,ਖ਼ੁਸ਼ ਹੋ ਕੇ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਦੇਖੇ। ਬੱਚੇ ਬੜੇ ਉਤਸ਼ਾਹ ਨਾਲ ਆਪਣੀ ਮਰਜ਼ੀ ਨਾਲ ਮੌਜ ਮਸਤੀ ਕਰਦੇ ਖੇਡ ਰਹੇ ਸਨ। ਮੈਨੂੰ ਉਨ੍ਹਾਂ ਦੇ ਆਪਣੇ ਬਣਾਏ ਜਗਾੜੂ-ਰੰਗ ਮੰਚ ਉੱਤੇ ਪ੍ਰੋਗਰਾਮ ਕਰਦਿਆਂ ਦੇਖ ਕੇ ਖ਼ਿਆਲ ਆਇਆ ਜਿਵੇਂ ਕਿ ਇਨ੍ਹਾਂ ਬਾਲਪਣ ਬੱਚਿਆਂ ਦੇ ਮਨਾਂ ਵਿੱਚ ਕ੍ਰਾਂਤੀ ਦੇ ਸੁਪਨੇ ਮਚਲ ਰਹੇ ਹੋਣ।ਮੇਰੇ ਸਮੇਂ ਦੇ ਬੁੱਧੂ ਬੱਚੇ ਨਹੀਂ।
ਮੈਂ ਇਹ ਦੇਖ ਕੇ,ਘਰ ਵਾਪਸ ਆ ਗਿਆ ਅਤੇ ਸੋਚਣ ਲੱਗਾਂ ਕਿ ਬੱਚੇ ਜੋ ਆਪਣੇ ਚੌਗਿਰਦੇ ਵਿੱਚ ਵਾਪਰਦੀਆਂ ਘਟਨਾਵਾਂ ਦੇਖਦੇ ਹਨ,ਉਹੀ ਪਰਭਾਵ ਆਪਣੇ ਸਵੱਛ ਮਨਾਂ ‘ਤੇ ਕਬੂਲ ਕਰ ਲੈਂਦੇ ਹਨ। ਕੌਣ ਜਾਣੇ, ਇਨ੍ਹਾਂ ਵਿੱਚੋਂ ਕੱਲ੍ਹ ਨੂੰ ਕੋਈ ਕਰਾਂਤਕਾਰੀ ਨੇਤਾ ਉੱਭਰ ਕੇ ਸਾਹਮਣੇ ਆ ਜਾਵੇ?
ਦੂਜੇ ਦਿਨ,ਮੇਰਾ ਮਨ ਕੀਤਾ ਕਿ ਦੇਖਿਆ ਜਾਵੇ ਕਿ ਅੱਜ ਬੱਚੇ ਉੱਥੇ ਆਉਂਦੇ ਹਨ ਕਿ ਨਹੀਂ।  ਮੈਂ ਦੇਖਿਆ ਕਿ ਉਨ੍ਹਾਂ ‘ਚੋਂ ਇੱਕ ਕੁਰਸੀ ‘ਤੇ ਬੈਠਾ ਉੱਚੀ-ਉੱਚੀ ਅਨੈਤਿਕ ਗੱਲਾਂ ਕਰ ਰਿਹਾ ਸੀ। ਉਹ ਵਿੱਚੋਂ-ਵਿੱਚ ਕਦੇ-ਕਦੇ ਅਸ਼ਲੀਲ ਗਾਲ਼ਾਂ ਸਮਾਜ  ਦੇ ਇੱਕ ਧਾਰਮਿਕ ਫ਼ਿਰਕੇ ਦੇ ਆਗੂ ਨੂੰ ਕੱਢ ਰਿਹਾ ਸੀ। ਇੱਥੋਂ ਹਟਿਆ ਤਾਂ ਇੱਕ ਹੋਰ ਸਿਆਸਤਦਾਨ ਅਤੇ ਨੇਤਾਵਾਂ ਨੂੰ ਵੰਗਾਰ ਰਿਹਾ ਸੀ।
ਹੁਣ ਮੈਂ ਉਨ੍ਹਾਂ ਦੀ ਇਹ ਖੇਡ ਹੋਰ ਦੇਖ ਨਾ ਸਕਿਆ । ਮੈਂ ਹੌਲੀ-ਹੌਲੀ ਥੜ੍ਹੇ ‘ਤੇ ਚੜ੍ਹ ਕੇ, ਉਸ ਕੁਰਸੀ ਵਾਲੇ ਲੜਕੇ ਕੋਲ ਪਹੁੰਚ ਗਿਆ ਅਤੇ ਪੁੱਛਿਆ ਕਿ ਕੀ ਅਜਿਹੀ ਖੇਡ ਤੁਸੀਂ ਹਰ ਰੋਜ਼ ਖੇਡਦੇ ਹੋ? ਉਨ੍ਹੇ ਬਿਨਾਂ ਕਿਸੇ ਝਿਜਕ ਪਰ ਵਿਸ਼ਵਾਸ ਨਾਲ ਕਿਹਾ ਕਿ ਹਾਂ, ਅਸੀਂ ਇਹ ਧਰਨੇ ਦੀ ਖੇਡ ਬਹੁਤ ਦਿਨਾਂ ਤੋਂ ਖੇਡ ਰਹੇ ਹਾਂ।
‘ਇਹਦੀ ਥਾਂ ਤੇ ਤੁਸੀਂ ਕੋਈ ਹੋਰ ਖੇਡ, ਖੇਡ ਲਓ।’ਮੈਂ ਸੁਝਾਅ ਦਿੱਤਾ।
ਉਨ੍ਹੇ ਮੇਰੀਆਂ ਅੱਖਾਂ ‘ਚ ਅੱਖਾਂ ਪਾ ਕੇ ਨਿਧੜਕ ਕਿਹਾ,’ਕਿਉਂ,ਅਸੀਂ ਹੋਰ ਖੇਡ ਖੇਡੀਏ? ਕੀ ਤੁਹਾਨੂੰ ਸਾਡੀ ਇਹ ਖੇਡ ਚੰਗੀ ਨਹੀਂ ਲੱਗਦੀ? ਸਾਡੇ ਮਾਂ ਬਾਪ ਵੀ ਤਾਂ ਕੁੱਝ ਅਜਿਹੇ ‘ਧਰਨੇ’ ਤੇ ਹੀ ਤਾਂ ਜਾਂਦੇ ਹਨ।’
ਮੈਂ ਚੁੱਪ ਸੀ। ਉਹਦੇ ਸਰੀਰ ਦੀ ਭਾਸ਼ਾ ਨੂੰ ਗੋਹ ਨਾਲ ਪੜ੍ਹਨ ਲੱਗਾ।
ਉਨ੍ਹੇ ਫਿਰ ਕਿਹਾ,’ ਤੁਸੀਂ ਕੱਲ੍ਹ ਜ਼ਰੂਰ ਆਉਣਾ। ਅਸੀਂ ਨਰਸਾਂ ਅਤੇ ਲੇਡੀ ਹੈਲਥ ਵਰਕਰਾਂ ਲਈ ਧਰਨਾ ਦੇਣਾ ਹੈ ਅਤੇ ਪਰਸੋਂ-ਟੀਚਰਾਂ ਨੂੰ ਪੱਕੇ ਕਰਨ ਲਈ ਅਤੇ ਫਿਰ ਪੈਨਸ਼ਨਾਂ ਬਾਰੇ।’
‘ਅੱਛਾ,ਬੇਟਾ।’ ਇਹ ਕਹਿ ਕੇ ਮੈਂ ਉਹਦੇ ਸਿਰ ਨੂੰ ਪਲੋਸ ਕੇ ਵਾਪਸ ਆ ਗਿਆ।
ਇਹ ਸੁਣ ਕੇ ਮੈਨੂੰ ਨੈੱਟਵਰਕ ਅਤੇ ਮੀਡੀਆ ‘ਤੇ ਮਾਣ ਮਹਿਸੂਸ ਹੋਣ ਲੱਗਾ ਕਿ ਇਸ ਨੇ ਲੋਕਾਂ ਅਤੇ ਨਵੀਂ ਉੱਸਰਦੀ ਬਾਲ ਪੀੜ੍ਹੀ ਦੇ ਮਨਾਂ ਨੂੰ ਕਿੰਨੀ ਜਲਦੀ ਜ਼ਮੀਨੀ ਸਮੱਸਿਆਵਾਂ ਦੱਸ ਕੇ,ਉਨ੍ਹਾਂ ਦੀ ਸੋਚ ਨੂੰ ਇਨਕਲਾਬੀ ਪੁੱਠ ਚਾੜ੍ਹ ਦਿੱਤੀ ਹੇ।
ਆਪਣੀ ਮਾਤ ਭੂਮੀ ‘ਚ ਆਕੇ,ਹੁਣ ਤਾਂ ਮੈਨੂੰ ਵੀ ਇੰਜ ਜਾਪਦਾ ਹੈ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੇਵਲ ‘ਧਰਨਾ’ ਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵੱਧਦਾ,ਘੱਟਦਾ ਹਾਂ….
Next articleਨਵਾਂਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਵਾਂਸ਼ਹਿਰ ਵਿਕਾਸ ਮੰਚ ਦਾ ਗਠਨ, ਮੰਚ ਦੀ ਪਲੇਠੀ ਮੀਟਿੰਗ ਨੇ ਲਏ ਕਈ ਅਹਿਮ ਫੈਸਲੇ