ਰੂਪਨਗਰ (ਸਮਾਜ ਵੀਕਲੀ): ਇੱਥੇ ਇਤਿਹਾਸਿਕ ਗੁਰੂਦੁਆਰਾ ਸ੍ਰੀ ਭੱਠਾ ਸਾਹਿਬ ਦੇ ਸਾਲਾਨਾ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰੂ ਘਰ ਪਹੁੰਚ ਕੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਅੱਜ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਸਬੰਧਤ ਇਤਿਹਾਸਕ ਕਿਲ੍ਹੇ ਨੂੰ ਖ਼ਰੀਦਣ ਲਈ ਕਿਲ੍ਹੇ ਦੇ ਮਾਲਕ ਨਾਲ ਗੱਲਬਾਤ ਚੱਲ ਰਹੀ ਹੈ, ਪਰ ਸਬੰਧਤ ਮਾਲਕਾਂ ਵੱਲੋਂ ਪੈਸੇ ਜ਼ਿਆਦਾ ਮੰਗਣ ਕਾਰਨ ਗੱਲ ਸਿਰੇ ਨਹੀਂ ਲੱਗ ਸਕੀ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਦੌਰ ਜਾਰੀ ਹੈ ਤੇ ਜਲਦੀ ਕਿਲ੍ਹੇ ਨੂੰ ਖ਼ਰੀਦ ਕੇ ਸੰਗਤ ਦੇ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਰੋਕਣ ਲਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਉਚੇਚੇ ਯਤਨ ਸ਼ੁਰੂ ਕੀਤੇ ਗਏ ਹਨ। ਸਮਾਗਮ ਵਿੱਚ ਜੂਨੀਅਰ ਉਪ ਪ੍ਰਧਾਨ ਸੁਰਿੰਦਰ ਸਿੰਘ, ਸਕੱਤਰ ਕਰਨੈਲ ਸਿੰਘ ਪੰਜੋਲੀ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਤੇ ਅਜਮੇਰ ਸਿੰਘ ਖੇੜਾ ਤੋਂ ਇਲਾਵਾ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਆਦਿ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਜਥੇਦਾਰ ਭਾਗ ਸਿੰਘ ਤੇ ਦਲਜੀਤ ਕੌਰ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly