HOME ਮਨੁੱਖਤਾ ਨੂੰ ਚਾਨਣ ਦਿੰਦਾ ਕਾਵਿ ਸੰਗ੍ਰਹਿ ” ਤੂੰ ਇੱਕ ਦੀਵਾ ਬਣ”

ਮਨੁੱਖਤਾ ਨੂੰ ਚਾਨਣ ਦਿੰਦਾ ਕਾਵਿ ਸੰਗ੍ਰਹਿ ” ਤੂੰ ਇੱਕ ਦੀਵਾ ਬਣ”

ਪੁਸਤਕ ਦਾ ਨਾਂ : ਤੂੰ ਇੱਕ ਦੀਵਾ ਬਣ (ਕਾਵਿ ਸੰਗ੍ਰਹਿ)
ਲੇਖਕ ਦਾ ਨਾਂ : ਲਾਭ ਸਿੰਘ ਉੱਗੋਕੇ
ਪੰਨੇ : 120ਕੀਮਤ : 299/- ਰੁਪਏ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ­ ਬਰਨਾਲਾ।
 -ਤੇਜਿੰਦਰ ਚੰਡਿਹੋਕ
ਤੇਜਿੰਦਰ ਚੰਡਿਹੋਕ

   (ਸਮਾਜ ਵੀਕਲੀ)     ਸਾਹਿਤ ਅਤੇ ਸਿਆਸਤ ਦਾ ਸੁਮੇਲ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਸੰਤ ਬਲਬੀਰ ਸਿੰਘ ਘੁੰਨਸ, ਸਾਧੂ ਸਿੰਘ ਅਤੇ ਪਰਮਜੀਤ ਮਾਨ ਵਰਗੇ ਸਿਆਸਤਦਾਨ ਸਾਹਿਤ ਵਿਚ ਜਾਣੇ ਪਹਿਚਾਣੇ ਨਾਂ ਹਨ। ਅੱਜ ਦੀ ਨੌਜਵਾਨ ਪੀੜ੍ਹੀ ਵਿਚ ਸਾਹਿਤ ਦਾ ਕਰੇਜ਼ ਘੱਟਦਾ ਜਾ ਰਿਹਾ ਹੈ ਪਰ ਭਦੌੜ ਹਲਕੇ ਦਾ ਨੌਜਵਾਨ ਲਾਭ ਸਿੰਘ ਉੱਗੋਕੇ ਜਿੱਥੇ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਉੱਥੇ ਸਾਹਿਤ ਦੀ ਪ੍ਰਗਤੀ ਲਈ ਯਤਨਸ਼ੀਲ ਵੀ ਜਾਪਦਾ ਹੈ। ਉਸ ਦਾ ਪਲੇਠਾ ਕਾਵਿ ਸੰਗ੍ਰਹਿ “ਤੂੰ ਇੱਕ ਦੀਵਾ ਬਣ” ਪਾਠਕਾਂ ਦੀ ਸੱਥ ਵਿੱਚ ਹਾਜਰ ਹੋਇਆ ਹੈ। ਉਸ ਬਜ਼ੁਰਗਾਂ ਦਾ ਸਤਿਕਾਰ ਕਰਦਿਆਂ ਇਹ ਪੁਸਤਕ ਆਪਣੇ ਸਵ. ਪਿਤਾ ਦਰਸ਼ਨ ਸਿੰਘ ਅਤੇ ਮਾਤਾ ਬਲਦੇਵ ਕੌਰ ਨੂੰ ਸਮਰਪਿਤ ਕੀਤੀ ਹੈ।

ਨਿੰਦਰ ਘੁਗਿਆਣਵੀ ਨੇ ਆਪਣੇ ਮੁਖਬੰਦ “ਉੱਗੋ ਕਿਆ ਵਾਲਾ ਲਾਭ ਸਿੰਓ੍ਹ” ਵਿਚ ਉੱਗੋਕੇ ਨੂੰ ਸਾਹਿਤ ਪ੍ਰਤੀ ਚਿੰਤਤ ਦਸਦਿਆਂ ਲਿਖਿਆ ਹੈ ਕਿ ਉੱਗੋਕੇ ਨੂੰ ਆਪਣੀ ਮਾਂ ਬੋਲੀ, ਸ਼ਾਇਰੀ ਤੇ ਕਿਤਾਬਾਂ ਨਾਲ ਮੋਹ ਹੈ। ਇਹ ਵੀ ਜਾਣਕਾਰੀ ਮਿਲੀ ਕਿ ਉੱਗੋਕੇ ਕੇਵਲ ਕਵੀ ਹੀ ਨਹੀਂ ਸਗੋਂ ਵਾਰਤਕ ਕਾਰ ਵੀ ਹੈ।
ਉੱਗੋਕੇ ਦੀ ਪਲੇਠੀ ਕਾਵਿ ਪੁਸਤਕ “ਤੂੰ ਇੱਕ ਦੀਵਾ ਬਣ” ਦਾ ਨਿੱਠ ਕੇ ਅਧਿਐਨ ਕਰੀਏ ਤਾਂ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਮਨੁੱਖਤਾ ਦਾ ਦਰਦ, ਸਾਹਿਤ ਨਾਲ ਪ੍ਰੇਮ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਬਾਤ ਪਾਉਂਦੀ ਹੈ। ਪੁਸਤਕ ਦੀ ਸਿਰਲੇਖ ਕਵਿਤਾ “ਤੂੰ ਇੱਕ ਦੀਵਾ ਬਣ” ਉਸ ਦੀ ਪਹਿਲੀ ਕਵਿਤਾ ਹੈ ਜਿਹੜੀ 14 ਜੁਲਾਈ 2024 ਨੂੰ ਲਿਖੀ ਹੋਈ ਹੈ ਅਤੇ ਇਸ ਕਵਿਤਾ ਵਿਚ ਮਨੁੱਖਤਾ ਨੂੰ ਅੰਧ ਵਿਸ਼ਵਾਸ਼, ਹੰਕਾਰ ਵਿੱਚੋ ਕੱਢ ਕੇ ਸਮੁੱਚੀ ਕਾਇਨਾਤ ਨੂੰ ਚਾਨਣ ਦੇਣ ਦੀ ਗੱਲ ਕਰਦੀ ਹੈ। ਉਸ ਦੀਆਂ ਕਵਿਤਾਵਾਂ ਆਪਣੀ ਔਕਾਤ ਨਹੀਂ ਭੁੱਲਣ ਦਿੰਦੀਆਂ। ਮਾਂ ਪਿਓ ਵਲੋ ਬੱਚੇ ਦਾ ਪਾਲਣ ਪੋਸ਼ਣ,  ਉਸ ਦੀ ਇੱਛਾ ਦਾ ਧਿਆਨ, ਬੱਚੇ ਲਈ ਆਪਣੀਆਂ ਲੋੜਾਂ ਨੂੰ ਦਰ ਕੀਮਤ ਕਰਨਾ ਤੇ ਚਿੰਤਾ ਇੱਕ ਸੁਭਾਵਕ ਚਲਣ ਹੈ। ਹਰ ਵੇਲੇ ਬੱਚੇ ਤੋਂ ਇੱਕ ਆਸ ਬਣੀ ਰਹਿੰਦੀ ਹੈ। ਮਾਂ ਪਿਓ ਦੇ ਹੁੰਦਿਆਂ ਬੱਚਾ ਬੇਫ਼ਿਕਰ ਅਤੇ ਜਿੰਮੇਵਾਰੀਆਂ ਤੋਂ ਮੁਕਤ ਹੁੰਦਾ ਹੈ।
ਪੁਸਤਕ ਵਿਚ ਕਿਤਾਬਾਂ ਦੀ ਜਿਕਰ ਬਾਰ ਬਾਰ ਆਉਣਾ ਉਸ ਦਾ ਸਾਹਿਤ ਨਾਲ ਅੰਤਰੀਵ ਭਾਵਨਾਵਾਂ ਨੂੰ ਦਰਸਾਉਂਦਾ ਹੈ। ਇਹਨਾਂ ਕਾਲ਼ੇ ਅੱਖਰਾਂ ਦੀ ਮਹਾਨਤਾ ਉਸ ਦੀ ਕਵਿਤਾ “ਕਾਲੇ ਅੱਖਰ” ਵਿੱਚੋ ਦਿਸਦੀ ਹੈ ਜਦੋਂ ਕਹਿੰਦਾ ਹੈ ਕਿ –
‘ ਇਹ  ਜੋ ਕਾਲੇ ਅੱਖਰ ਨੇ
ਤੇਰੀ ਜ਼ਿੰਦਗੀ ਨੂੰ ਰੁਸ਼ਨਾ ਸਕਦੇ ਨੇ
ਇਹ ਦੁਨੀਆਦਾਰੀ ਦੇ ਜੋ ਚੱਕਰ ਨੇ
ਉਹਨਾਂ ‘ ਚੋਂ ਪਾਰ ਲੰਘਾ ਸਕਦੇ ਨੇ
ਇਹ ਜੋ ਕਾਲੇ ਅੱਖਰ ਨੇ’               (ਪੰਨਾ 18)
ਮਾਂ ਬੋਲੀ ਤੋਂ ਦੂਰੀ, ਵਤਨਾਂ ਵਿਚਲੀਆਂ ਸਰਹੱਦਾਂ, ਜਾਤਾਂ ਪਾਤਾਂ ਦਾ ਦੁੱਖ, ਵਕ਼ਤ ਦੀ ਘਾਟ, ਮਨੁੱਖੀ ਰਿਸ਼ਤਿਆਂ ਵਿਚ ਕੁੜੱਤਣ, ਨਫ਼ਰਤਾਂ ਉਸ ਨੂੰ ਕਚੋਟਦੀਆਂ ਹਨ। ਅੱਜ ਪਾਣੀ ਦਾ ਮਸਲਾ ਜੋ ਗੰਭੀਰ ਬਣਿਆ ਹੋਇਆ ਹੈ ਬਾਰੇ ਵੀ ਉਹ ਆਪਣੀ ਕਵਿਤਾ ‘ ਪਾਣੀ ‘ ਵਿਚ ਦੁਹਾਈ ਦਿੰਦਾ ਹੈ –
‘ ਬਚਾ ਲਓ ਜੇ
ਬਚਦਾ ਹੈ ਪਾਣੀ
ਜੇ ਨਾ ਰਿਹਾ ਤਾਂ
ਸਮਝੋ ਖਤਮ ਕਹਾਣੀ ‘              (ਪੰਨਾ  52)
ਆਪਣੇ ਪਿੰਡ ਦੀ ਮਿੱਟੀ, ਕੱਚੇ ਚੁੱਲ੍ਹੇ,  ਕੱਚੀਆਂ ਛੱਤਾਂ ਅਤੇ ਮਿਹਨਤ ਨੂੰ ਯਾਦਾਂ ਵਿਚ ਵਸਾਈ ਬੈਠਾ ਸ਼ਾਇਰ ਪਿਆਰ, ਮੁਹੱਬਤ, ਇਸ਼ਕ ਦੀ ਗੱਲ ਨਹੀਂ ਕਰਦਾ, ਉਸ ਦੀ ਸ਼ਾਇਰੀ ਸਾਹਿਤ, ਪੁਸਤਕਾਂ, ਅਲਫਾਜਾਂ ਨਾਲ ਭਰਪੂਰ ਹੈ। ਇਹਨਾਂ ਕਿਤਾਬਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਇਸ ਪੁਸਤਕ ਵਿਚ ਦਰਜ ਹਨ। ਉਹ ਤਾਂ ਕਿਤਾਬਾਂ ਨੂੰ ਪਿਆਰ, ਇਨਸਾਨੀਅਤ, ਤਰਕ ਸਿਖਾਉਣ ਵਾਲਾ ਸਾਧਨ ਮੰਨਦਾ ਹੈ –
‘ ਕਿਤਾਬਾਂ ਤੁਹਾਨੂੰ ਜ਼ਿੰਦਗੀ ਅਤੇ ਇਨਸਾਨੀਅਤ ਨੂੰ
ਪਿਆਰ ਕਰਨਾ ਸਿਖਾਉਂਦੀਆਂ।
ਕਿਤਾਬਾਂ ਤੁਹਾਨੂੰ ਕੁਦਰਤ ਦੇ ਨੇੜੇ ਲਿਆਉਂਦੀਆਂ।’  (ਪੰਨਾ 94)
ਖੇਤੀ ਕਿਸਾਨ ਦਾ ਸਭ ਕੁਝ ਹੁੰਦਾ ਹੈ। ਉਸ ਦਾ ਸਾਰਾ ਜੀਵਨ ਉਸ ਤੇ ਹੀ ਨਿਰਭਰ ਕਰਦਾ ਹੈ। ਜਦੋਂ ਵੀ ਕੋਈ ਕੁਦਰਤੀ ਆਫ਼ਤ ਆ ਪਵੇ ਤਾਂ ਵਿਚਾਰਾ ਕਿਸਾਨ ਤੜਪਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ। ਉਸ ਦੀਆਂ ਸਾਰੀਆਂ ਸੱਧਰਾਂ ਜਿਵੇਂ ਮਰ ਜਾਂਦੀਆਂ ਹਨ। ਉਸ ਦੀ ਕਵਿਤਾ ‘ ਸੱਧਰਾਂ ‘ ਇਸ ਦੀ ਸ਼ਾਹਦੀ ਭਰਦੀ ਹੈ ਜਦੋਂ ਕਹਿੰਦੀ ਹੈ –
‘ ਕੱਲੀ ਸੜੀ ਨਹੀਂ ਕਣਕ, ਸੱਧਰਾਂ ਵੀ ਨਾਲੇ ਸੜ ਗਈਆਂ
ਰੱਖੀਆਂ ਉਮੀਦਾਂ ਸੀ ਆਊਗੀ ਫ਼ਸਲ
ਉਹ ਵੀ ਵਿਚੇ ਰਾਖ ਬਣ ਗਈਆਂ
ਮਿਹਨਤ ਵੀ ਸੜ ਗਈ ਤੇ ਸਬਰ ਮੇਰਾ ਸੜਿਆ ….।’  (ਪੰਨਾ 98)
ਪੁਸਤਕ ਵਿਚ ਸਭ ਤੋਂ ਵੱਧ ਜ਼ੋਰ ਪੁਸਤਕਾਂ, ਅਲਫਾਜਾਂ ਅਤੇ ਜਜ਼ਬਾਤਾਂ ਉਪਰ ਦਿੱਤਾ ਗਿਆ ਹੈ। ਉਸ ਦੀ ਕਵਿਤਾ ‘ ਮੁੱਕਣ ਨਾ ਦਿਓ’ ਦੀਆਂ ਇਹ ਪੰਕਤੀਆਂ ਗੌਰ ਤਲਬ ਹਨ –
‘ ਮੁੱਕਣ ਨਾ ਦਿਓ
ਆਪਣੇ ਅਲਫਾਜਾਂ ਨੂੰ
ਦਬਣ ਨਾ ਦਿਓ ਆਪਣੇ
ਦਿਲ ਦੇ ਜਜ਼ਬਾਤਾਂ ਨੂੰ………।’           (ਪੰਨਾ 108)
ਉਸ ਦੀਆਂ ਕਵਿਤਾਵਾਂ ਮਾਂ, ਵਲਵਲੇ, ਵੀਜ਼ੇ, ਫਰਕ ਤਾਂ ਪੈਂਦਾ ਹੈ, ਬਾਪੂ, ਫੁੱਲਾਂ ਵਾਂਗਰ, ਕਈ ਵਾਰ, ਵਕਤ ਦੇ ਮਾਰੇ, ਆ ਕੇ ਮਿਲ, ਕਿਤਾਬੀ ਇਸ਼ਕ, ਦੇਸ਼ ਪਿਆਰ, ਮੈ ਤੇ ਮੈ, ਪ੍ਰਾਰਥਨਾ, ਸੁਣ ਲਵੀਂ, ਮੈਂ ਚਾਹੁੰਣਾ ਆਦਿ ਵੀ ਪੜ੍ਹਨ ਯੋਗ ਹਨ।
ਲਾਭ ਸਿੰਘ ਉੱਗੋਕੇ ਦੀ ਇਸ ਕਿਰਤ ਨੂੰ ਖ਼ੁਸ਼ ਆਮਦੀਦ ਆਖਣਾ ਬਣਦਾ ਹੈ। ਇਸ ਦੀ ਪਲੇਠੀ ਪੁਸਤਕ ਹੋਣ ਕਾਰਨ ਕੁਝ ਊਣਤਾਈਆਂ ਨਜ਼ਰ ਆਉਂਦੀਆਂ ਹਨ ਪਰ ਫਿਰ ਵੀ ਇਸ ਦੀਆਂ ਕਵਿਤਾਵਾਂ ਦੀ ਬੋਲੀ, ਸ਼ੈਲੀ, ਵਿਸ਼ਾ, ਵਸਤੂ ਬਿਲਕੁਲ ਸਹਿਜ ਹੈ ਅਤੇ ਆਮ ਪਾਠਕ ਦੀ ਸਮਝ ਵਿਚ ਆਉਣ ਵਾਲੇ ਹਨ। ਲੇਖਕ ਰਾਜਨੀਤੀ ਵਿਚ ਆਪਣੇ ਇਲਾਕੇ ਭਦੌੜ ਤੋਂ ਐਮ ਐਲ ਏ ਹੁੰਦੇ ਹੋਏ ਵੀ ਸਾਹਿਤ ਦੀ ਸੇਵਾ ਲਈ ਯਤਨਸ਼ੀਲ ਹੈ। ਇਸ ਦੀਆਂ ਕਈ ਕਵਿਤਾਵਾਂ ਦੇ ਨੀਚੇ ਕਵਿਤਾ ਲਿਖਣ ਦੀ ਮਿਤੀ ਦਰਜ ਹੈ। ਲੇਖਕ ਤੋਂ ਨੇੜਲੇ ਭਵਿੱਖ ਵਿੱਚ ਹੋਰ ਸਾਹਿਤਕ ਸਿਰਜਣਾ ਦੀ ਆਸ ਕਰਦਿਆਂ ਉਸ ਨੂੰ ਵਧਾਈ ਦਿੰਦੇ ਹਾਂ।
ਸਾਬਕਾ ਏ.ਐਸ. ਪੀਲੂ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਸ਼ਟਰੀ ਡੇਂਗੂ ਦਿਵਸ: ਆਓ ! ਸਾਂਝੇ ਯਤਨਾਂ ਨਾਲ ਡੇਂਗੂ ਨੂੰ ਹਰਾਈਏ
Next articleਭਾਰਤ ਦੀ ਕਾਰਵਾਈ ਤੋਂ ਪਾਕਿਸਤਾਨ ਹੈਰਾਨ, ਭਾਰਤੀ ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ