ਅੰਮ੍ਰਿਤਸਰ (ਸਮਾਜ ਵੀਕਲੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਨਿਰਧਾਰਿਤ ਮਿਆਦ ਤੋਂ ਵੱਧ ਸਮਾਂ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ 9 ਸਿੱਖ ਕੈਦੀਆਂ ਨੂੰ ਸਨਮਾਨ ਭੱਤੇ ਵਜੋਂ ਹਰ ਮਹੀਨੇ 20-20 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਯੂਐੱਨਓ ਅਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਲੈ ਕੇ ਜਾਣ ਦਾ ਫੈਸਲਾ ਵੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਚ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਬੰਦੀ ਸਿੰਘ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਹਨ ਅਤੇ ਸਰਕਾਰਾਂ ਦਾ ਸਿੱਖਾਂ ਪ੍ਰਤੀ ਇਹ ਵਤੀਰਾ ਮਨੁੱਖੀ ਅਧਿਕਾਰਾਂ ਦੀ ਵੱਡਾ ਉਲੰਘਣਾ ਹੈ, ਜਿਸ ਬਾਰੇ ਅੰਤਰਰਾਸ਼ਟਰੀ ਮੰਚ ’ਤੇ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਲੰਮੀਆਂ ਸਜ਼ਾਵਾਂ ਵਾਲੇ 9 ਸਿੱਖ ਬੰਦੀਆਂ ਨੂੰ 20-20 ਹਜ਼ਾਰ ਰੁਪਏ ਮਾਸਿਕ ਸਨਮਾਨ ਭੱਤਾ ਦੇਣ ਅਤੇ ਲੋੜ ਅਨੁਸਾਰ ਕਾਨੂੰਨੀ ਮਦਦ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਵਿਚ ਗੁਰਦੀਪ ਸਿੰਘ ਖੇੜਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਪਰਮਜੀਤ ਸਿੰਘ ਭਿਓਰਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਭਾਈ ਰਾਜੋਆਣਾ ਨੂੰ ਪਹਿਲਾਂ ਹੀ ਇਹ ਸਨਮਾਨ ਭੱਤਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਹਰ ਪੱਧਰ ’ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਕਾਨੂੰਨੀ ਚਾਰਾਜੋਈ ਲਈ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ, ਪਰਮਜੀਤ ਸਿੰਘ ਥਿਆੜਾ, ਬਲਤੇਜ ਸਿੰਘ ਢਿੱਲੋਂ, ਭਗਵੰਤ ਸਿੰਘ ਸਿਆਲਕਾ, ਅਮਰਜੀਤ ਸਿੰਘ ਧਾਰਨੀ ਅਤੇ ਅਰਸ਼ਦੀਪ ਸਿੰਘ ਕਲੇਰ ’ਤੇ ਅਧਾਰਿਤ ਕਾਨੂੰਨੀ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ ਹੈ, ਜੋ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਕਾਨੂੰਨੀ ਮਦਦ ਲਈ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀਆਂ ਪੰਥਕ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ। ਇਸੇ ਤਰ੍ਹਾਂ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਬਾਬਾ ਚੰਦਾ ਸਿੰਘ ਕੱਟੂ ਵਾਲਿਆਂ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਵਾਤਾਵਰਨ ਦੀ ਸੰਭਾਲ ਲਈ ਚੱਲ ਰਹੀ ਲਹਿਰ ਬਾਰੇ ਗੱਲ ਕਰਦਿਆ ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਗੁਰਦੁਆਰਾ ਸਾਹਿਬਾਨ ਦੇ ਇੱਕ-ਇੱਕ ਏਕੜ ਰਕਬੇ ਵਿਚ ਵਿਰਾਸਤੀ ਜੰਗਲ ਸਥਾਪਿਤ ਕੀਤੇ ਜਾ ਚੁੱਕੇ ਹਨ।
ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦਾ ਗਠਨ
ਸ਼੍ਰੋਮਣੀ ਕਮੇਟੀ ਨੇ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦਾ ਗਠਨ ਕਰਦਿਆਂ ਇਸ ਵਿਚ ਫਿਲਹਾਲ 13 ਮੈਂਬਰ ਸ਼ਾਮਲ ਕੀਤੇ ਹਨ। ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਇਸ ਸਲਾਹਕਾਰ ਬੋਰਡ ਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ। ਐਡਵੋਕੇਟ ਧਾਮੀ ਨੇ ਦੱਸਿਆ ਕਿ ਇਨ੍ਹਾਂ 13 ਮੈਂਬਰਾਂ ਵਿਚ ਇੰਦਰਜੀਤ ਸਿੰਘ ਬੱਲ, ਦਲਬੀਰ ਸਿੰਘ, ਗੁਰਨਾਮ ਸਿੰਘ ਪੰਨਵਾਂ, ਜਤਿੰਦਰਪਾਲ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਬਲਵੰਤ ਸਿੰਘ ਧਾਮੀ, ਡਾ. ਕੰਵਲਜੀਤ ਕੌਰ, ਗੁਰਮੀਤ ਸਿੰਘ ਰੰਧਾਵਾ, ਹਰਪਾਲ ਸਿੰਘ, ਰਾਜਬੀਰ ਸਿੰਘ, ਨਿਰਮਲ ਸਿੰਘ ਚੰਦੀ, ਗੁਰਚਰਨਜੀਤ ਸਿੰਘ ਲਾਂਬਾ ਤੇ ਮਲਕੀਤ ਸਿੰਘ ਧਾਮੀ ਨੂੰ ਸ਼ਾਮਲ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਪੂਰੇ ਵਿਸ਼ਵ ਵਿਚ ਫੈਲੀ ਹੋਈ ਹੈ ਅਤੇ ਵਿਸ਼ਵ ਪੱਧਰ ’ਤੇ ਸਿੱਖ ਮਸਲਿਆਂ ਸਬੰਧੀ ਇਹ ਸਲਾਹਕਾਰ ਬੋਰਡ ਕੰਮ ਕਰੇਗਾ।
ਡੇਰਾ ਮੁਖੀ ਦੀ ਪੈਰੋਲ ਖ਼ਿਲਾਫ਼ ਅਦਾਲਤ ਜਾਵੇਗੀ ਕਮੇਟੀ
ਅੰਤ੍ਰਿੰਗ ਕਮੇਟੀ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਪੈਰੋਲ ਖ਼ਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਪਾਉਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪੈਰੋਲ ’ਤੇ ਆਏ ਡੇਰਾ ਮੁਖੀ ਰਾਮ ਰਹੀਮ ਨੂੰ ਸੂਬਾ ਮਹਿਮਾਨ ਵਜੋਂ ਸੱਦਣਾ ਨਿਆਂਪਾਲਿਕਾ ਦੀ ਵੱਡੀ ਤੌਹੀਨ ਹੈ ਅਤੇ ਇਸ ਦੇ ਨਾਲ ਹੀ ਉਸ ਨੂੰ ਵਾਰ-ਵਾਰ ਪੈਰੋਲ ਦੇਣਾ ਅਤੇ 90 ਦਿਨਾਂ ਦੀ ਸਜ਼ਾ ਮੁਆਫ਼ ਕਰਨਾ ਸਵੀਕਾਰਨਯੋਗ ਨਹੀਂ ਹੈ।