ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 12 ਹਲਕਿਆਂ ਤੋਂ ਉਮੀਦਵਾਰ ਐਲਾਨੇ

ਚੰਡੀਗੜ੍ਹ  (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਹਿਲੀ ਸੂਚੀ ਵਿੱਚ 12 ਉਮੀਦਵਾਰਾਂ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਪਾਰਟੀ ਨੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਸਮੇਤ ਸਾਬਕਾ ਸੰਸਦ ਮੈਂਬਰ ਤੇ ਉੱਘੇ ਖਿਡਾਰੀ, ਸਮਾਜ ਸੇਵਕ ਅਤੇ ਕਿਸਾਨੀ ਅੰਦੋਲਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲਿਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 12 ਉਮੀਦਵਾਰਾਂ ਦੀ ਜਾਰੀ ਸੂਚੀ ਅਨੁਸਾਰ ਮਾਲਵਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਪਰਮਿੰਦਰ ਸਿੰਘ ਢੀਂਡਸਾ, ਦਿੜ੍ਹਬਾ ਤੋਂ ਸੋਮਾ ਸਿੰਘ ਘਰਾਚੋਂ, ਸਾਹਨੇਵਾਲ ਤੋਂ ਹਰਪ੍ਰੀਤ ਸਿੰਘ ਗਰਚਾ, ਜੈਤੋ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ, ਮਹਿਲ ਕਲਾਂ ਤੋਂ ਸੰਤ ਸੁਖਵਿੰਦਰ ਸਿੰਘ ਟਿੱਬਾ, ਬਾਘਾ ਪੁਰਾਣਾ ਤੋਂ ਜਗਤਾਰ ਸਿੰਘ ਰਾਜੇਆਣਾ, ਸੁਨਾਮ ਤੋਂ ਸਨਮੁੱਖ ਸਿੰਘ ਮੋਖਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੁਆਬਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਸਰਵਣ ਸਿੰਘ ਫਿਲੌਰ, ਉੜਮੁੜ ਟਾਂਡਾ ਤੋਂ ਮਨਜੀਤ ਸਿੰਘ ਦਸੂਹਾ, ਸੁਲਤਾਨਪੁਰ ਲੋਧੀ ਤੋਂ ਜੁਗਰਾਜਪਾਲ ਸਿੰਘ ਸਾਹੀ ਅਤੇ ਮਾਝਾ ਖੇਤਰ ਵਿੱਚ ਹਲਕਾ ਖੇਮਕਰਨ ਤੋਂ ਦਲਜੀਤ ਸਿੰਘ ਗਿੱਲ, ਕਾਦੀਆਂ ਤੋਂ ਮਾਸਟਰ ਜੌਹਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਹੈ ਤੇ ਭਾਜਪਾ ਨੇ ਵੀ ਅੱਜ 34 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸ੍ਰੀ ਢੀਂਡਸਾ ਦਾ ਕਹਿਣਾ ਹੈ ਕਿ ਤਿੰਨਾਂ ਸਿਆਸੀ ਭਾਈਵਾਲਾਂ ਨਾਲ ਸਹਿਮਤੀ ਹੋਣ ਤੋਂ ਬਾਅਦ 12 ਸੀਟਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਤੇ ਅਗਲੀ ਸੂਚੀ ਜਲਦੀ ਹੀ ਜਾਰੀ ਕੀਤੀ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਚੋਣਾਂ: ਭਾਜਪਾ ਵੱਲੋਂ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Next articleਉੱਤਰਾਖੰਡ: ਹਰਕ ਸਿੰਘ ਰਾਵਤ ਅਤੇ ਨੂੰਹ ਕਾਂਗਰਸ ’ਚ ਸ਼ਾਮਲ