ਪੰਜਾਬ ਚੋਣਾਂ: ਭਾਜਪਾ ਵੱਲੋਂ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣੇ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ ਕਈ ਚਰਚਿਤ ਦਲਬਦਲੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਅਕਾਲੀ ਦਲ, ‘ਆਪ’ ਅਤੇ ਕਾਂਗਰਸ ਛੱਡਣ ਵਾਲੇ ਆਗੂਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਨੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਕੀਤਾ ਹੈ। ਸਾਲ 1997 ਤੋਂ ਲੈ ਕੇ 2017 ਤੱਕ ਹੋਈਆਂ ਚੋਣਾਂ ਦੌਰਾਨ ਭਾਜਪਾ, ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਭਾਈਵਾਲ ਵਜੋਂ 23 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਦੀ ਰਹੀ ਸੀ ਅਤੇ ਤਿੰਨ ਵਾਰ ਅਕਾਲੀਆਂ ਨਾਲ ਰਲ ਕੇ ਸੱਤਾ ਦਾ ਆਨੰਦ ਵੀ ਮਾਣਿਆ ਹੈ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ, ਪੰਜਾਬ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤੀ ਗਈ ਸੂਚੀ ਵਿੱਚ 13 ਸਿੱਖ, 12 ਕਿਸਾਨ ਅਤੇ 8 ਅਨੁਸੂਚਿਤ ਜਾਤੀ ਦੇ ਚਿਹਰਿਆਂ ਨੂੰ ਟਿਕਟਾਂ ਦੇਣ ਦਾ ਦਾਅਵਾ ਕੀਤਾ ਗਿਆ ਹੈ। ਭਾਜਪਾ ਨੇ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਮਨੋਰੰਜਨ ਕਾਲੀਆ, ਸੁਰਜੀਤ ਕੁਮਾਰ ਜਿਆਣੀ ਅਤੇ ਤੀਕਸ਼ਣ ਸੂਦ ਸਮੇਤ ਚੁੰਨੀ ਲਾਲ ਭਗਤ ਦੇ ਪੁੱਤਰ ਨੂੰ ਵੀ ਐਤਕੀਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਵੱਲੋਂ ਮਾਲਵਾ ਖਿੱਤੇ ਦੀਆਂ ਤਲਵੰਡੀ ਸਾਬੋ ਵਰਗੀਆਂ ਅਜਿਹੀਆਂ ਸੀਟਾਂ ਤੋਂ ਵੀ ਸਿਆਸੀ ਕਿਸਮਤ ਅਜ਼ਮਾਈ ਜਾ ਰਹੀ ਹੈ ਜਿਹੜੀਆਂ ਦਿਹਾਤੀ ਵੋਟਰਾਂ ਦੇ ਪ੍ਰਭਾਵ ਹੇਠ ਮੰਨੀਆਂ ਜਾਂਦੀਆਂ ਹਨ। ਭਾਜਪਾ ਆਗੂਆਂ ਮੁਤਾਬਕ ਪਾਰਟੀ ਵੱਲੋਂ ਰਹਿੰਦੇ ਉਮੀਦਵਾਰਾਂ ਦੀ ਸੂਚੀ ਵੀ ਜਲਦੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੇਂਦਰੀ ਆਗੂ ਆਉਂਦੇ ਦਿਨਾਂ ਦੌਰਾਨ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣਗੇ।

ਭਾਜਪਾ ਦੀ ਪਹਿਲੀ ਸੂਚੀ ਵਿੱਚ ਸੁਜਾਨਪੁਰ ਤੋਂ ਦਿਨੇਸ਼ ਕੁਮਾਰ ਬੱਬੂ, ਦੀਨਾਨਗਰ ਤੋਂ ਰੇਣੂ ਕਸ਼ਯਪ, ਹਰਗੋਬਿੰਦਪੁਰ ਤੋਂ ਬਲਜਿੰਦਰ ਸਿੰਘ, ਅੰਮ੍ਰਿਤਸਰ ਉੱਤਰੀ ਤੋਂ ਸੁਖਵਿੰਦਰ ਸਿੰਘ ਪਿੰਟੂ, ਤਰਨ ਤਾਰਨ ਤੋਂ ਨਵਰੀਤ ਸਿੰਘ ਸਫੀਪੁਰਾ, ਕਪੂਰਥਲਾ ਤੋਂ ਰਣਜੀਤ ਸਿੰਘ, ਜਲੰਧਰ ਵੈਸਟ ਤੋਂ ਮਹਿੰਦਰ ਪਾਲ ਭਗਤ, ਜਲੰਧਰ ਕੇਂਦਰੀ ਤੋਂ ਮਨੋਰੰਜਨ ਕਾਲੀਆ, ਜਲੰਧਰ ਉੱਤਰੀ ਤੋਂ ਕਿਸ਼ਨ ਦੇਵ ਭੰਡਾਰੀ, ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਗੜ੍ਹਸ਼ੰਕਰ ਤੋਂ ਨਮਿਸ਼ਾ ਮਹਿਤਾ, ਬੰਗਾ ਤੋਂ ਮੋਹਨ ਲਾਲ, ਬਲਾਚੌਰ ਤੋਂ ਅਸ਼ੋਕ ਬਾਠ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਮਲੋਹ ਤੋਂ ਕੰਵਰ ਵੀਰ ਸਿੰਘ, ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ, ਲੁਧਿਆਣਾ ਕੇਂਦਰੀ ਤੋਂ ਗੁਰਦੇਵ ਸ਼ਰਮਾ, ਲੁਧਿਆਣਾ ਪੱਛਮੀ ਤੋਂ ਵਿਕਰਮ ਸਿੰਘ ਸਿੱਧੂ, ਜਗਰਾਓਂ ਤੋਂ ਕੁੰਵਰ ਨਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਮੰਤਰੀ ਰਹੇ ਰਾਣਾ ਗੁਰਮੀਤ ਸੋਢੀ ਨੂੰ ਫਿਰੋਜ਼ਪੁਰ, ਜਲਾਲਾਬਾਦ ਤੋਂ ਪੂਰਨ ਚੰਦ, ਫਰੀਦਕੋਟ ਤੋਂ ਗੌਰਵ ਕੱਕੜ, ਭੁੱਚੋ ਮੰਡੀ ਤੋਂ ਰੁਪਿੰਦਰ ਸਿੱਧੂ, ਤਲਵੰਡੀ ਸਾਬੋ ਤੋਂ ਰਵੀਪ੍ਰੀਤ ਸਿੰਘ ਸਿੱਧੂ, ਸਰਦੂਲਗੜ੍ਹ ਤੋਂ ਜਗਜੀਤ ਸਿੰਘ ਮਿਲਖਾ, ਫਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਣੀ, ਚੱਬੇਵਾਲ ਤੋਂ ਡਾ. ਦਿਲਬਾਗ ਰਾਏ, ਦਸੂਹਾ ਤੋਂ ਰਘੂਨਾਥ ਰਾਣਾ, ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਅਰਵਿੰਦ ਖੰਨਾ ਨੂੰ ਸੰਗਰੂਰ ਅਤੇ ਡੇਰਾਬੱਸੀ ਤੋਂ ਸੰਜੀਵ ਖੰਨਾ ਨੂੰ ਟਿਕਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਕਿਸਾਨੀ ਸੰਘਰਸ਼ ਕਾਰਨ ਭਾਜਪਾ ਨੂੰ ਪਿਛਲੇ ਇੱਕ ਸਾਲ ਤੋਂ ਸਿਆਸੀ ਸਰਗਰਮੀਆਂ ਚਲਾਉਣੀਆਂ ਬੇਹੱਦ ਕਠਿਨ ਹੋਈਆਂ ਪਈਆਂ ਸਨ। ਸੂਬੇ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੁਣ ਭਾਜਪਾ ਵੱਲੋਂ ਚੋਣ ਸਰਗਰਮੀਆਂ ਵਿੱਢੀਆਂ ਗਈਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰ-ਪੂਰਬੀ ਸੂਬੇ ਵਿਕਾਸ ਦੇ ਰਾਹ ’ਤੇ ਪਏ: ਮੋਦੀ
Next articleਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 12 ਹਲਕਿਆਂ ਤੋਂ ਉਮੀਦਵਾਰ ਐਲਾਨੇ