- ਸਾਰੇ ਵਰਗਾਂ ਨੂੰ ਪਤਿਆਉਣ ਦੇ ਯਤਨ
- ਬੁਢਾਪਾ ਪੈਨਸ਼ਨ 3100 ਤੇ ਸ਼ਗਨ 75 ਹਜ਼ਾਰ ਰੁਪਏ ਕਰਨ ਦਾ ਵਾਅਦਾ
- ਅਕਾਲੀ ਦਲ ਨੇ ਉਹੀ ਵਾਅਦੇ ਕੀਤੇ ਜੋ ਨਿਭਾਅ ਸਕੇ: ਸੁਖਬੀਰ
ਚੰਡੀਗੜ੍ਹ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਸੂਬੇ ਦੇ ਲੋਕਾਂ ਲਈ ਗੱਫੇ ਵੰਡਣ ਦੇ ਵਾਅਦਿਆਂ ਦੀ ਝੜੀ ਲਾ ਦਿੱਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇੱਥੇ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿੱਚ ਸਾਰੇ ਵਰਗਾਂ ਨੂੰ ਪਤਿਆਉਣ ਦੇ ਯਤਨ ਕੀਤੇ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕਿਸਾਨਾਂ, ਦਲਿਤਾਂ, ਔਰਤਾਂ, ਨੌਜਵਾਨਾਂ, ਬੇਰੁਜ਼ਗਾਰਾਂ, ਵਿਦੇਸ਼ ਜਾਣ ਦੇ ਚਾਹਵਾਨਾਂ, ਪਰਵਾਸੀਆਂ, ਹਿੰਦੂ ਵਰਗ,ਉਦਮੀਆਂ ਲਈ ਰਾਹਤਾਂ ਤੇ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ ਉਥੇ ਹੀ ਸੂਬੇ ਦੇ ਅਰਥਚਾਰੇ ਦੀ ਮਜ਼ਬੂਤੀ ਤੇ ਆਦਮਨ ਵਧਾਉਣ ’ਤੇ ਵੀ ਧਿਆਨ ਕੇਂਦਰਤ ਕੀਤਾ ਗਿਆ ਹੈ।
ਰੇਤ ਤੇ ਸ਼ਰਾਬ ਦੀ ਵਿਕਰੀ ਸਰਕਾਰੀ ਨਿਗਮ ਦੇ ਕੰਟਰੋਲ ਅਧੀਨ ਲਿਆਉਣ ਦਾ ਵਾਅਦਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਰਜੀ ਊਰਜਾ ਦੇ ਵੱਡੇ ਪਲਾਂਟ ਲਗਾ ਕੇ ਬਿਜਲੀ ਸਬਸਿਡੀ ਦੇ ਰੂਪ ’ਚ ਪਾਵਰਕੌਮ ਨੂੰ ਕੀਤੀ ਜਾਂਦੀ ਅਦਾਇਗੀ ਤੋਂ ਸਰਕਾਰੀ ਖ਼ਜ਼ਾਨੇ ਨੂੰ ਰਾਹਤ ਦਿਵਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕੰਡੀ ਖੇਤਰ ਦੇ ਵਿਕਾਸ ਲਈ ਨਵਾਂ ਮੰਤਰਾਲਾ ਕਾਇਮ ਕਰਨ ਸਮੇਤ ਵੱਖ-ਵੱਖ ਵਰਗਾਂ ਲਈ ਭਲਾਈ ਬੋਰਡਾਂ ਦੇ ਗਠਨ ਦਾ ਐਲਾਨ ਵੀ ਕੀਤਾ। ਬੁਢਾਪਾ ਤੇ ਸਮਾਜ ਭਲਾਈ ਦੀਆਂ ਹੋਰਨਾਂ ਪੈਨਸ਼ਨਾਂ ਦੀ ਰਾਸ਼ੀ 1500 ਰੁਪਏ ਤੋਂ ਵਧਾ ਕੇ 3100 ਰੁਪਏ ਕਰਨ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਸ਼ਗਨ ਦੀ ਰਾਸ਼ੀ 51 ਹਜ਼ਾਰ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰਨ ਦਾ ਵਾਅਦਾ ਵੀ ਕੀਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਕਾਲੀ-ਬਸਪਾ ਨੇ ਸਿਰਫ਼ ਉਹੀ ਵਾਅਦੇ ਕੀਤੇ ਹਨ ਜੋ ਨਿਭਾਏ ਜਾ ਸਕਣ। ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ’ਚ ਆਈ ਕਾਂਗਰਸ ਨੇ ਲੋਕਾਂ ਨੂੰ ਲੁੱਟਣ ਦੇ ਕੁੱਟਣ ਤੋਂ ਬਿਨਾਂ ਪੰਜ ਸਾਲਾਂ ਦੇ ਸਮੇਂ ਦੌਰਾਨ ਕੁਝ ਵੀ ਨਹੀਂ ਕੀਤਾ।
ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ’ਚ ਸੂਬੇ ਦੇ ਬੁਨਿਆਦੀ ਮੁੱਦਿਆਂ ਪਾਣੀਆਂ ਦੀ ਵੰਡ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਤਬਦੀਲ ਕਰਨ, ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ, ਪੰਜਾਬ ਨੂੰ ਕਰਾਂ ਦਾ ਹਿੱਸਾ ਵਧਾਉਣਾ, 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਜਿਹੇ ਮੁੱਦਿਆਂ ’ਤੇ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸੂਬੇ ਵਿੱਚ ਅਕਾਲੀ-ਬਸਪਾ ਸਰਕਾਰ ਬਣਨ ’ਤੇ ਬੇਘਰੇ ਲੋਕਾਂ ਲਈ 5 ਲੱਖ ਪੱਕੇ ਮਕਾਨਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ 5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਨੀਲੇ ਕਾਰਡ ਧਾਰਕ ਪਰਿਵਾਰਾਂ ਦੀ ਮੁਖੀ ਔਰਤ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ, ਹਰ ਘਰ ਨੂੰ 800 ਯੂਨਿਟ ਪ੍ਰਤੀ ਬਿਲ ਮੁਆਫ਼, ਸਮੁੱਚੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਵਿਦਿਆਰਥੀ ਕਾਰਡ ਜਾਰੀ ਕਰਕੇ 10 ਲੱਖ ਰੁਪਏ ਤੱਕ ਦਾ ਬਿਨਾਂ ਵਿਆਜ਼ ਕਰਜ਼ਾ, ਤਨਖਾਹ ਕਮਿਸ਼ਨ ਦੀਆਂ ਸਾਰੀਆਂ ਸਿਫਾਰਸ਼ਾਂ ਲਾਗੂ ਕਰਨਾ, 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਲਾਗੂ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਫਲਾਂ, ਸਬਜ਼ੀਆਂ ਅਤੇ ਦੁੱਧ ’ਤੇ ਐੱਮਐੱਸਪੀ ਦੇਣਾ, ਕਿਸਾਨਾਂ ਲਈ ਫਸਲ ਬੀਮਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇਣਾ, ਖੇਤੀਬਾੜੀ ਲਈ 10 ਰੁਪਏ ਤੱਕ ਲਿਟਰ ਸਸਤਾ ਤੇਲ ਦੇਣਾ, ਬਾਬੂ ਕਾਸ਼ੀ ਰਾਮ, ਭਗਵਾਨ ਵਾਲਮੀਕਿ, ਗੁਰੂ ਰਵੀਦਾਸ ਦੇ ਨਾਂ ’ਤੇ ਤਿੰਨ ਯੂਨੀਵਰਸਿਟੀਆਂ ਸਮੇਤ ਸਕਿੱਲ ਯੂਨੀਵਰਸਿਟੀ ਦੀ ਸਥਾਪਨਾ ਕਰਨਾ, ਪੰਜਾਬੀ ਨੌਜਵਾਨਾਂ ਲਈ ਸਰਕਾਰੀ ਤੇ ਪ੍ਰਾਈਵੇਟ ਖੇਤਰ ਵਿੱਚ 75 ਫੀਸਦੀ ਰਾਖਵਾਂਕਰਨ ਦੇਣਾ, ਸਰਕਾਰੀ ਖੇਤਰ ਵਿੱਚ ਇੱਕ ਲੱਖ ਤੱਕ ਨੌਕਰੀਆਂ ਦੇਣਾ ਤੇ ਖਾਲੀ ਅਸਾਮੀਆਂ ਭਰਨ ਸਮੇਤ 10 ਲੱਖ ਨੌਕਰੀਆਂ ਪ੍ਰਾਈਵੇਟ ਖੇਤਰ ’ਚ ਦੇਣਾ, ਸਰਕਾਰੀ ਨੌਕਰੀਆਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇਣਾ।
ਸੁਖਬੀਰ ਸਿੰਘ ਬਾਦਲ ਨੇ ਵਾਅਦਾ ਕੀਤਾ ਕਿ ਪੰਜਾਬ ’ਚ ਕਾਨੂੰਨ ਦਾ ਰਾਜ ਲਾਗੂ ਕਰਕੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਧੱਕਿਆ ਜਾਵੇਗਾ ਤੇ ਲੋਕਾਂ ਲਈ ਭੈਅਮੁਕਤ ਮਹੌਲ ਸਿਰਜਣਾ ਸਰਕਾਰ ਦੀ ਪਹਿਲ ਹੋਵੇਗਾ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਯੂਨੀਵਰਸਿਟੀਆਂ ਵਿੱਚ 33 ਫੀਸਦੀ ਰਾਖਵਾਂਕਰਨ ਦੇਣਾ, ਲਘੂ ਉਦਯੋਗਾਂ ਤੇ ਛੋਟੇ ਵਪਾਰੀਆਂ ਲਈ ਮੰਤਰਾਲੇ ਦੀ ਸਥਾਪਨਾ ਕਰਨਾ, ਉਦਯੋਗਾਂ ਲਈ ਬਿਜਲੀ 5 ਰੁਪਏ ਯੂਨਿਟ ਦੇਣਾ, ਟਰੱਕ ਯੂਨੀਅਨਾਂ ਦੀ ਮੁੜ ਬਹਾਲੀ, ਦੁਕਾਨਦਾਰਾਂ ਦੇ ਸਾਮਾਨ ਦਾ 10 ਲੱਖ ਰੁਪਏ ਤੱਕ ਦਾ ਬੀਮਾ, ਵਿਸ਼ਵ ਕਬੱਡੀ ਕੱਪ ਬਹਾਲ ਕਰਨਾ, ਮਾਰਵਾੜੀ ਨਸਲ ਦੇ ਘੋੜਿਆਂ ਲਈ ਰੇਸ ਕੋਰਸ ਬਣਾਉਣਾ, ਓਲੰਪਿਕ ਖੇਡਾਂ ਦੇ ਸੋਨ ਤਗਮੇ ਜਿੱਤਣ ਵਾਲਿਆਂ ਨੂੰ 7 ਕਰੋੜ ਰੁਪਏ ਦਾ ਇਨਾਮ ਦੇਣਾ, ਡਰੱਗ ਵਾਰ ਰੂਮ ਮੁੱਖ ਮੰਤਰੀ ਅਧੀਨ ਲਿਆਉਣ, ਔਰਤਾਂ ਨੂੰ ਦੁਧਾਰੂ ਪਸ਼ੂ ਪਾਲਣ ਲਈ ਬਿਨਾਂ ਵਿਆਜ਼ ਕਰਜ਼ੇ ਦੇਣਾ, ਦਰਿਆਈ ਪਾਣੀਆਂ ਦਾ ਪ੍ਰਦੂਸ਼ਣ ਖਤਮ ਕਰਨਾ, ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਪ੍ਰਸ਼ਾਸਕੀ ਸੁਧਾਰ ਵਿਭਾਗ ਨੂੰ ਵਧੇਰੇ ਜਵਾਬਦੇਹ ਬਨਾਉਣਾ, ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੇ ਉਪਰਾਲੇ ਕਰਨਾ ਸਰਕਾਰ ਦੀ ਤਰਜੀਹ ਹੋਣਗੇ।
ਪੰਜਾਬੀ ਭਾਸ਼ਾ ਲਈ ਕੰਮ ਕਰਨ ਦਾ ਵਾਅਦਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਲ ਨਾਲ ਪੰਜਾਬ ਦੇ ਵਿਰਸੇ ਨੂੰ ਸੰਭਾਲਣਾ ਅਤੇ ਪ੍ਰਫੁੱਲਤ ਕਰਨ ਸਮੇਤ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੀ ਸਰਕਾਰ ਉਚੇਚੇ ਕੰਮ ਆਰੰਭੇਗੀ। ਫਿਲਮ ਅਦਾਕਾਰੀ ਅਤੇ ਥੀਏਟਰ ਦੀ ਪੇਸ਼ੇਵਰ ਸਿਖਲਾਈ ਲਈ ਮੁਹਾਲੀ ਵਿੱਚ ਥੀਏਟਰ ਇੰਸਟੀਚਿਊਟ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਸੈਰ ਸਪਾਟੇ ਦੀਆਂ ਥਾਵਾਂ ਨੂੰ ਵਿਕਸਤ ਕਰਨ ਲਈ ਵਿਸ਼ੇਸ਼ ਕਾਰਜ ਆਰੰਭੇ ਜਾਣਗੇ। ਉਨ੍ਹਾਂ ਕਿਹਾ ਕਿ ਸਰਪੰਚਾਂ ਦਾ ਮਾਣ-ਭੱਤਾ ਵਧਾਇਆ ਜਾਵੇਗਾ ਤੇ ਸਰਹੱਦੀ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਉਲੀਕਣ ਦੇ ਨਾਲ-ਨਾਲ ਕੰਡਿਆਲੀ ਤਾਰ ਪਾਰਲੇ ਕਿਸਾਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਖੰਨਾ ਤੇ ਫਗਵਾੜਾ ਦੋ ਨਵੇਂ ਜ਼ਿਲ਼੍ਹੇ ਬਨਾਉਣ, ਹਰ ਸ਼ਹਿਰ ਵਿੱਚ ਕਾਮਿਆਂ ਲਈ ਸ਼ੈੱਡਾਂ ਦਾ ਨਿਰਮਾਣ ਕਰਨ ਸਮੇਤ ਮਜ਼ਦੂਰਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਬਣਨ ’ਤੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly