ਹੋਟਲ ਦੇ ਕਮਰੇ ‘ਚ ਤਿਲ-ਤਿਲ ਮਰ ਰਿਹਾ ਸ਼ਾਇਰ ਬਨਾਮ ਤਾਲਿਬਾਨ ਦੀਆਂ ‘ਸਖ਼ਤੀਆਂ’

#ਆਮ ਬਸ਼ਰ ਦੀ ਪਰਵਾਜ਼-4#

(ਸਮਾਜ ਵੀਕਲੀ)- ਇਨਸਾਨੀ ਮਨ ਨੂੰ ਇਹ ਕਹਾਣੀ ਬਹੁਤ ਟੁੰਬਦੀ ਹੈ ਕਿ ਦੁਨੀਆਂ ਸਿਰਜਣ ਤੋਂ ਪਹਿਲਾਂ ਰੱਬ ਇੱਕਲਾ ਸੀ ਤੇ ਓਹਨੇ ਆਦਮ ਦੀ ਸਿਰਜਣਾ ਕੀਤੀ। ਆਦਮ ਦੀ ਸਰਗਰਮੀ ਤੱਕ ਕੇ ਰੱਬ ਖ਼ੁਸ਼ੀ ਵਿਚ ਖੀਵਾ ਹੁੰਦਾ ਰਹਿੰਦਾ ਸੀ। ਫੇਰ ਓਹ ਇਸੇ ਵਕਫ਼ੇ ਦੇ ਦਰਮਿਆਨ ਦੁਨੀਆ, ਚੰਨ, ਤਾਰੇ, ਪਹਾੜ, ਵਾਦੀਆਂ, ਸਮੁੰਦਰ, ਰੇਗਿਸਤਾਨ ਸਿਰਜ ਕੇ ਹੋਰ ਸੁਆਰਦਾ ਰਿਹਾ। ਏਸ ਅਰਸੇ ਤੱਕ, ਰੱਬ ਨੇ ਕੁਲ ਵਜੂਦ ਘੜ੍ਹ ਦਿੱਤਾ ਸੀ।

ਯਾਦਵਿੰਦਰ

ਫੇਰ ਓਹ ਪਹਿਲਾ ਮਨੁੱਖ ਜਦੋੰ ਇੱਕਲਤਾ ਦੀ ਵਜ੍ਹਾ ਨਾਲ ਉਦਾਸ ਹੋਇਆ ਨਜ਼ਰੀਂ ਪਿਆ ਤਾਂ ਰੱਬ ਵੀ ਉਦਾਸ ਹੋਇਆ ਕਿ ਮੈਂ ਜਿਹੜਾ ਕਿ ਸਰਬ ਸਮਰੱਥ ਹਾਂ, ਕਰਣਹਾਰ ਹਾਂ, ਹਰ ਦਿਲ ਦੀ ਰਮਜ਼ ਜਾਣਦਾ ਹਾਂ। ਓਹਦਾ ਰਚਿਆ ਆਦਮ ਸਿਰਫ਼ ਏਸ ਕਰ ਕੇ ਉਦਾਸ ਹੈ ਕਿ ਓਹਦੇ ਕੋਲ ਸਾਥਣ ਨਹੀਂ। ਇਹ ਕਿਹੜੀ ਗੱਲ ਹੋਈ। ਫੇਰ ਕਹਾਣੀ ਕਹਿਣ ਵਾਲੇ ਦੱਸਦੇ ਨੇ ਕਿ ਰੱਬ ਨੇ ਆਦਮ ਦੇ ਜਿਸਮ ਵਿੱਚੋਂ ਖ਼ਾਸ ਹਿੱਸਾ ਕੱਢ ਕੇ ਓਹਦੀ ਸਾਥਣ ਦਾ ਇਨਸਾਨੀ ਸਰੀਰ ਘੜ੍ਹ ਦਿੱਤਾ। ਇਹ ਬੀਬੀ ਈਵ ਸੀ। ਫੇਰ ਓਹਦੇ ਬੁੱਤ ਵਿਚ ਜਾਨ ਫੂਕ ਦਿੱਤੀ।
***
ਹੋ ਸਕਦੈ, ਕਹਾਣੀ ਅੱਖਰ ਅੱਖਰ ਓਹੀ ਨਾ ਹੋਵੇ ਜਿਹੜੀ ਦਰਜ ਹੈ …ਪਰ ਓਸੇ ਖ਼ਿਆਲ ਦੀ ਤਰਜਮਾਨੀ ਤਹਿਤ ਇਹ ਕਹਾਣੀ ਸੁਲੇਖ ਦੇ ਅਰੰਭ ਵਿਚ ਹਵਾਲੇ ਦੇ ਤੌਰ ਉੱਤੇ ਦੱਸ ਰਿਹਾ ਹਾਂ ਤਾਂ ਜੋ ਮਰਦ ਦੇ ਇਕਲਾਪੇ ਦੇ ਤੋੜ ਬਾਰੇ ਰੱਬੀ ਰਜ਼ਾ ਵਾਲਿਆਂ ਦਾ ਖ਼ਿਆਲ ਜ਼ਾਹਰ ਹੋ ਸਕੇ।
****
ਇਹ ਮਰਦ ਬੱਚਾ, ਮਤਲਬ ਕਿ ਸਾਰੇ ਮੁੰਡੇ, ਸਾਰੇ ਦਲੇਰ ਮਰਦ ਕੁਝ ਅਰਥਾਂ ਵਿਚ ਬੜੀ ਮਜ਼ਲੂਮ ਮਖ਼ਲੂਕ ਨੇ। ਨਿੱਕੇ ਹੁੰਦੇ ਬੜੀ ਦਲੇਰੀ ਤੇ ਬੜੀ ਗੁਸਤਾਖ਼ੀ ਵਾਲਾ ਸਲੂਕ ਕਰਦੇ ਹਨ। ਫੇਰ ਜਦੋਂ ਮੂੰਹ ਉੱਤੇ ਮੁੱਛ ਫੁੱਟਦੀ ਹੈ, ਚਿਹਰੇ ਉੱਤੇ ਮਰਦ ਦੀ ਵਜਾਹਤ ਜ਼ਾਹਰ ਹੋਣ ਲੱਗਦੀ ਹੈ ਤਾਂ ਬੜੀ ਨਿਮਰਤਾ ਓਟ ਲੈਂਦੇ ਹਨ। ਮੁੰਡਾ ਜਿਉਂ ਜਿਉਂ ਸਰੀਰ ਵਿਚ ਜਵਾਨੀ ਦੇ ਜਲਵੇ ਉੱਤਰਦੇ ਮਹਿਸੂਸ ਕਰਦਾ ਹੈ, ਤਿਉਂ ਤਿਉਂ ਕਿਸੇ ਅਣਡਿੱਠ ਸਾਥਣ ਦੀ ਤਮੰਨਾ ਵਿਚ ਖੁੱਭਦਾ ਜਾਂਦਾ ਹੈ। ਸਚੇਤ ਪੱਧਰ ਉੱਤੇ ਇਹ ਜਾਣਦੇ ਹੋਏ ਵੀ ਕਿ ਹਰ ਖਵਾਇਸ਼ ਸੋਚ ਦੀ ਬਿਨਾਅ ਉੱਤੇ ਹਾਸਿਲ ਨਹੀਂ ਹੋ ਸਕਦੀ ਹੁੰਦੀ, ਮੁੰਡਾ ਬੇਪਰਵਾਹ ਬਣਿਆ ਰਹਿੰਦਾ ਹੈ। ਇਹ ਬੇਪਰਵਾਹੀ ਤਾਂ ਨਹੀਂ ਹੁੰਦੀ ਇਹ ਲਾ-ਪਰਵਾਹੀ ਹੁੰਦੀ ਹੈ।
ਮਰਦ ਵਿਚ ਤਬਦੀਲ ਹੋ ਰਿਹਾ ਮੁੰਡਾ, ਨਰੋਏ ਸਰੀਰ ਦੀ ਖੁਸ਼ਬੂ ਅੰਦਰੋਂ ਅੰਦਰੀ ਮਾਣਦਾ ਰਹਿੰਦਾ ਹੈ। ਫੇਰ ਇਹ ਕਲਪਨਾ ਕਰਦਾ ਰਹਿੰਦਾ ਹੈ ਕਿ ਇਹ ਮਗਰੂਰੀ, ਇਹ ਜੋਬਨ, ਸਰੀਰ ਦਾ ਇਹ ਨਿੱਜ ਮੋਹ, ਸਦਾ ਸਦਾ ਲਈ ਕਾਇਮ ਦਾਇਮ ਰਹਿ ਸਕੇ। ਕੁਦਰਤ ਹਰ ਜੀਅ ਨਾਲ ਇਹ ਖਚਰਾ ਮਖੌਲ ਕਰ ਜਾਂਦੀ ਹੈ ਕਿ ਓਹਨੂੰ ਥੋੜ-ਚਿਰੀ ਜਵਾਨੀ ਬਖ਼ਸ਼ ਕੇ ਯਾਦਾਂ ਦੇ ਸਿਲਸਿਲਿਆ ਵਿਚ ਗੁਆਚਣ ਵਾਲਾ ਬਣਾ ਦਿੰਦੀ ਹੈ।
ਮੁੰਡਾ ਹਾਲੇ ਕੁਝ ਨਹੀਂ ਸੋਚਣਾ ਚਾਹੁੰਦਾ ਹੁੰਦਾ। ਓਹ ਆਪਣੇ ਅੰਦਰ ਬਹਾਰਾਂ ਦਾ ਮਸਤ ਸੰਗੀਤ ਮਹਿਸੂਸਦਾ ਹੈ। hr ਮੁੰਡਾ ਏਸੇ ਤਰ੍ਹਾਂ ਦੀ ਮਾਨਸਿਕਤਾ ਵਿਚੋਂ ਹਰ ਰੋਜ਼ ਨਿਕਲਦਾ ਹੈ। ਫੇਰ ਤਕਰੀਬਨ ਹਰ ਮੁੰਡਾ, ਓਪਰੇ ਤੌਰ ਉੱਤੇ ਮੁੰਡਪੁਣਾ ਛੱਡ ਦਿੰਦਾ ਹੈ ਤੇ ਮਨ ਦੇ ਤਹਿਖ਼ਾਨੇ ਵਿਚ ਅਚੇਤ ਕੋਨੇ ਸਿਰਜ ਲੈਂਦਾ ਹੈ। ਏਸ ਤਰ੍ਹਾਂ ਮੁੰਡੇ ਦਾ ਅਚੇਤ ਮਨ ਫੈਲਦਾ ਰਹਿੰਦਾ ਹੈ। ਮਨ ਦੇ ਅਚੇਤ ਹਿੱਸੇ ਯਾਦਾਂ ਦੇ ਗੋਦਾਮ ਬਣ ਜਾਂਦੇ ਹਨ। ਸਾਡੇ ਆਪਣੇ ਆਲ ਦੁਆਲ ਬਹੁਤ ਸਾਰੇ ਮੁੰਡੇ ਹੁੰਦੇ ਹਨ, ਜਿਹੜੇ ਸੱਧਰਾਂ ਦੇ ਧੱਕੇ ਧਕਾਏ ਤੁਰੇ ਫਿਰਦੇ ਹੁੰਦੇ ਨੇ ਪਰ ਅਸੀਂ ਸਮਝਣ ਦਾ ਜਤਨ ਤੱਕ ਨਹੀਂ ਕਰਦੇ ਹਾਂ ਕਿ ਇਹ ਮੁੰਡੇ ਕਿਉਂ ਮਨੌਤਾਂ ਪੁਗਾਉਣ ਵਾਲੀਆਂ ਥਾਵਾਂ ਉੱਤੇ ਤੁਰੇ ਫਿਰਦੇ ਨੇ। ਰੱਬ ਨਾਲ ਇਨ੍ਹਾਂ ਦੀ ਕਿਸੇ ਨਵੇਕਲੀ ਥਾਂ ਉੱਤੇ ਕੋਈ ਮੁਲਾਕਾਤ ਵੀ ਨਹੀਂ ਹੋਈ। ਇਨ੍ਹਾਂ ਨੇ ਰੱਬ ਨੂੰ ਲੱਭ ਕੇ ਗੁਆਇਆ ਵੀ ਨਹੀਂ ਐ। ਫੇਰ ਇਹ ਲੱਭ ਕਿਹਨੂੰ ਰਹੇ ਨੇ। ਅਧਖੜ੍ਹਾਂ ਤੇ ਬਿਰਧਾਂ ਨਾਲੋਂ ਨੌਜਵਾਨ ਵਧੇਰੇ ਪਰੇਸ਼ਾਨ, ਵਧੇਰੇ ਦੁਖੀ, ਵਧੇਰੇ ਗੁਆਚੇ ਗੁਆਚੇ ਫਿਰਦੇ ਨਜ਼ਰੀਂ ਪੈਂਦੇ ਹਨ। ਹਾਲਾਂਕਿ ਏਸੇ ਵਕ਼ਤ, ਐਸੇ ਦੁਨੀਆਂ ਵਿਚ ਚਿੱਟੇ ਵਾਲਾਂ ਵਾਲੇ ਕਲਫ਼ ਲਾ ਰਹੇ ਹੁੰਦੇ ਨੇ, ਅਧਖੜ੍ਹ ਆਪਣੀ ਵੱਧਦੀ ਜਾਂਦੀ ਗੰਜ ਤੇ ਟੇਢੀ ਹੋ ਰਹੀ ਰੀੜ੍ਹ ਦੀ ਹੱਡੀ ਤੋਂ ਪਰੇਸ਼ਾਨ ਹੁੰਦੇ ਕਈ ਓਹੜ੍ਹ ਪੋਹੜ੍ਹ ਕਰ ਰਹੇ ਹੁੰਦੇ ਨੇ। ਜਿਨ੍ਹਾਂ ਨੇ ਸ਼ਾਨਦਾਰ ਨਜ਼ਰ ਆਉਣਾ ਸੀ, ਓਹ ਨੌ-ਜਵਾਨ ਵਿਲਕ ਰਹੇ ਹੁੰਦੇ ਨੇ ਕਿ ਹਸੀਨ ਬਲਾਵਾਂ ਉਨ੍ਹਾਂ ਨੂੰ ਚਿੰਬੜ ਕਿਉਂ ਨਹੀਂ ਰਹੀਆਂ?!! ਨੌ-ਜਵਾਨ ਕਲਪਦੇ ਰਹਿੰਦੇ ਨੇ ਕਿ ਉਹ ਮਨੋ-ਚਿਤਵੀ ਮਹਿਬੂਬ ਜੀਹਦੀ ਹਾਂ ਸੁਣ ਕੇ ਓਹ ਸੰਪੂਰਨ ਹੋ ਜਾਣਗੇ, ਉਹ ਲੱਭ ਕਿਉਂ ਨਹੀਂ ਰਹੀ। ਕਈਆਂ ਨੇ ਮਨੋ ਚਿਤਵੀ ਸਾਥਣ ਭਾਲ ਲਈ ਹੁੰਦੀ ਹੈ ਪਰ ਅਮੀਰੀ, ਗਰੀਬੀ, ਬੇ ਰੋਜ਼ਗਾਰੀ ਤੇ ਹੋਰ ਕਿਸਮ ਦੀਆਂ ਲਾਚਾਰੀਆਂ ਕਾਰਨ ਚੁੱਪ ਹੋਏ ਰਹਿੰਦੇ ਹਨ। ਜੀਹਨੂੰ ਅਸੀਂ ਜ਼ਿੰਦਗੀ ਆਖਦੇ ਹਾਂ ਉਹ ਇਹੋ ਜਿਹੇ ਤੇ ਸਾਡੇ ਵਰਗੇ ਅਪੂਰਨ ਲੋਕਾਂ ਦੀ ਜਿਊਣ ਧਾਰਾ ਹੀ ਤਾਂ ਹੈ।
*****
ਏਸ ਸੁਲੇਖ ਨੂੰ ਫ਼ੈਸਲਾਕੁਨ ਛੋਹਾਂ ਦੇਣ ਲੱਗਿਆਂ ਹਾਂ। (ਇਕ) ਚਾਹਖ਼ਾਨੇ ਦੇ ਅੱਗੇ ਰੱਖੀਆਂ ਕੁਰਸੀਆਂ ਵਿੱਚੋਂ (ਇਕ) ਕੁਰਸੀ ਉੱਤੇ ਬੈਠਾ ਹਾਂ। ਸਾਮ੍ਹਣੇ ਬਿੱਟੂ ਟੈਕਸੀ ਸਟੈਂਡ (ਨਾਂ ਰਤਾ ਬਦਲ ਦਿੱਤੈ) ਉਸਰਿਆ ਹੈ। ਸਾਰੇ ਡਰੈਵਰ ਮੁੰਡੇ ਤੇ ਅਧਖੜ੍ਹ ਬੈਠੇ ਜਾਂ ਖੜ੍ਹੇ ਹੋਏ ਨੇ।
ਕਾਲਾ, ਟੀਟੂ, ਰੂਬੀ, ਮੋਨੂੰ, ਪੀਤਾ, ਮਿੰਦੀ, ਗੁਰੀ, ਨੋਨਾ, ਡਿੰਪਾ, ਦੇਬੀ ਤੇ ਰਾਣਾ ਵਗੈਰਾ ਸਾਰੇ ਜਣੇ ਸਵਾਰੀ ਦੀ ਉਡੀਕ ਵਿਚ ਨੇ। ਬਿੱਟੂ ਭਾਅ ਆਉਂਦਾ ਹੈ ਤਾਂ ਸਾਰੀ ਡਰੈਵਰ ਮੰਡਲੀ ਉੱਠ ਖੜ੍ਹਦੀ ਹੈ। ਬਿੱਟੂ ਨੰਗਲੀ ਏਸ ਟੈਕਸੀ ਸਟੈਂਡ ਦੀ ਸਲਤਨਤ ਦਾ ਬੇ ਤਾਜ ਬਾਦਸ਼ਾਹ ਹੈ।
*****
ਸਾਰੇ ਜਣੇ ਚੁੱਪ ਤੋੜਣ ਲਈ ਗੱਲਬਾਤ ਦੀ ਕਲਾਕਾਰੀ ਦਾ ਸਹਾਰਾ ਲੈਣਾ ਸੋਚਦੇ ਹਨ। ਰਾਣਾ ਡਰੈਵਰ ਗੱਲਬਾਤ ਸ਼ੁਰੂ ਕਰਦਾ ਹੈ: ਓ ਪਾਜੀ (ਸਹੀ ਉਚਾਰਣ ਭਾਅ ਜੀ) ਕਲ੍ਹ ਉਹ ਕਾਲਜ ਪੜ੍ਹਾਉਣ ਵਾਲੀ ਮੈਡਮ ਨੂੰ ਮੈਂ ਹੀ ਓਹਦੇ ਘਰ ਛੱਡ ਕੇ ਆਇਆ ਸੀ, ਬੜੀ ਅੱਤ ਕਰਾਉਂਦੀ ਆ ਓਹ। ਕਾਲਾ ਜਿਹੜਾ ਕਿ ਜਵਾਨੀ ਤੋਂ ਲੈ ਕੇ ਹੁਣ ਗੰਜੇ ਹੁੰਦੇ ਸਿਰ ਤੱਕ ਦੇ ਸਰੀਰਕ ਸਫ਼ਰ ਦੌਰਾਨ ਕਈ ਜਣੀਆਂ ਵੱਲੋਂ ਠੁਕਰਾਇਆ ਗਿਆ ਹੈ, ਓਹ ਵੀ ਤਬਲੇ ਉੱਤੇ ਸੰਗਤ ਕਰਦਾ ਹੈ। ਹਾਂ ਜੀ ਪਾਜੀ ਇਹ ਸ਼ਹਿਰਨਾਂ ਬਹੁਤ ਅੱਤ ਕਰਾਉਂਦੀਆਂ ਨੇ। ਕੱਲ੍ਹ ਉਹ ਕਾਲਜ ਪੜ੍ਹਾਉਣ ਵਾਲੀ ਮੈਨੂੰ ਭਈਆ ਭਈਆ ਕਹੀ ਜਾਂਦੀ ਸੀ, ਦੱਸ ਕਿਤੇ ਮੈਂ ਓਹਦਾ ਭਰਾ ਆਂ? ਇਵੇਂ ਹੀ ਡਰੈਵਰ ਭਰਾ ਇਕ ਦੂਜੇ ਨੂੰ ਛੇੜਦਿਆਂ ਹੋਇਆਂ ਤੇ ਦਿਲਜੋਈ ਕਰਦੇ ਹੋਏ ਟਾਈਮ ਟਪਾਈ ਕਰਦੇ ਹਨ। ਇਹ ਹਰ ਰੋਜ਼ ਦਾ ਅਮਲ ਹੈ। ਬਿੱਟੂ ਨੰਗਲੀ ਰੋਜ਼ ਸਵਾਰੀਆਂ ਬਾਰੇ ਪੁੱਛਦਾ ਹੈ। ਮੁਲਾਜ਼ਮ ਡਰੈਵਰ ਅਤ੍ਰਿਪਤ ਇਛਾਵਾਂ ਦੀ ਭੜਾਸ ਕੱਢਣ ਲਈ ਸਵਾਰੀਆਂ ਖ਼ਾਸਕਰ ਜ਼ਨਾਨਾ ਸਵਾਰੀਆਂ ਦੀ ਗੱਲਬਾਤ, ਅਦਾਵਾਂ ਵਗੈਰਾ ਦੀ ਰੀਸ ਲਾਉਂਦੇ ਕੰਨੀਂ ਪੈਂਦੇ ਨੇ।
ਅਤ੍ਰਿਪਤ ਇੱਛਾਵਾਂ ਸ਼ਾਇਦ ਇਵੇਂ ਹੀ ਆਪਣਾ ਕਥਾਰਸਿਸ ਕਰਦੀਆਂ ਹਨ।
*****
ਕੈਲਾਸ਼ ਟੀਟੂ ਦਾ ਓਹ ਚਾਹਖਾਨਾ ਜਿੱਥੇ ਥੱਕੇ ਹਾਰੇ ਲਿਖਾਰੀ ਬਹਿ ਕੇ ਦਿਲ ਦੀਆਂ ਡੂੰਘਾਨਾਂ ਤੇ ਯਾਦਾਂ ਦੇ ਸਿਲਸਿਲਿਆਂ ਵਿਚ ਡੁੱਬਨ ਆਉਂਦੇ ਹਨ, ਏਸੇ ਇਮਾਰਤ ਦੀ ਦੂਜੀ ਤੇ ਤੀਜੀ ਮੰਜ਼ਲ ਉੱਤੇ ਮੁਸਾਫ਼ਰਖਾਨਾ ਉਸਰਿਆ ਹੋਇਆ ਹੈ।
*****
ਮੁਸਾਫ਼ਰਾਂ ਨੂੰ ਰਹਿਣ ਸਹਿਣ ਦੇ ਇੰਤਜ਼ਾਮ ਤੋਂ ਇਲਾਵਾ ਰੋਟੀ ਪਾਣੀ ਵੀ ਮੁਹਈਆ ਕਰਵਾਈ ਜਾਂਦੀ ਹੈ। ਇਹ ਗੈਸਟ ਹਾਊਸ ਜਮ੍ਹਾਂ ਸਸਤਾ ਹੋਟਲ ਹੈ।
****
(ਇਕ) ਨੌਜਵਾਨ ਜਿਹੜਾ ਦਿਨ ਦੇ 20 ਕੁ ਕੱਪ ਪੀਣ ਕਾਰਨ ਤੇ ਰਾਤ ਤੱਕ ਦੇਸੀ ਦਾਰੂ ਦਾ ਅਧੀਆ ਪੀਣ ਕਾਰਨ ਹੱਡੀਆਂ ਦੀ ਮੁੱਠ ਬਣਿਆ ਹੋਇਆ ਨਜ਼ਰ ਆਉਂਦਾ ਹੈ, ਉਹ ਉਚੇਰੇ ਮੁਕਾਮ ਦਾ ਕਵੀ ਬਣ ਜਾਣ ਕਾਰਨ ਟੀਟੂ ਦੇ ਚਾਹਖਾਨੇ ਤੇ ਗਰੀਬੜ੍ਹੇ ਜਿਹੇ ਹੋਟਲ ਦੇ ਸਧਾਰਨ ਪਾਤਰਾਂ ਵਿਚ ਕਿਰਦਾਰ ਵਾਲਾ ਮੁਕਾਮ ਹਾਸਿਲ ਕਰ ਗਿਐ। ਚਿਹਰਾ ਓਹਦਾ ਸ਼ਰੀਫਾਂ ਵਾਲਾ ਹੈ, ਦਿੱਖ ਸ਼ਹਿਰੀਆਂ ਵਾਲੀ ਐ ਤੇ ਪੰਜਾਬੀ ਬੋਲਣ ਦਾ ਲਹਿਜਾ ਕਿਸੇ ਪੇਂਡੂ ਬੰਦੇ ਵਾਲਾ ਹੈ। ਅਜੀਬਤਰੀਨ ਇਹ ਇਨਸਾਨ ਕੌਣ ਹੈ? ਕੀਹਦਾ ਪੁੱਤਰ ਹੈ? ਇਹਦਾ ਇਲਾਕਾ ਕਿਹੜਾ ਹੈ? ਇਹ ਕੰਮ ਧੰਦਾ ਜਾਂ ਨੌਕਰੀ ਕੀਹਦੇ ਕੋਲ ਕਰਦਾ ਹੈ? ਕੋਈ ਨਹੀਂ ਜਾਣਦਾ!! ਚਾਹਖਾਨੇ ਦਾ ਮਾਲਕ ਕੈਲਾਸ਼ ਟੀਟੂ ਦੱਸਦਾ ਹੈ ਕਿ ਇਹਨੇ ਕਦੇ ਵੀ ਕਿਰਾਇਆ ਦੇਣ ਵਿਚ ਦੇਰ ਨਹੀਂ ਕੀਤੀ। ਰੋਜ਼ ਬ ਰੋਜ਼ ਚੀਜ਼ਾਂ ਦਾ ਬਿੱਲ ਅਦਾ ਕਰ ਦਿੰਦਾ ਹੈ। ਹਰ ਰੋਜ਼ 20 ਤੋਂ ਵੱਧ ਚਾਹ ਦੇ ਕੱਪ ਚਾਹ ਦੇ ਪੀ ਜਾਂਦੈ ਤੇ ਦੇਸੀ ਦਾਰੂ ਸ਼ਾਮ ਨੂੰ ਜ਼ਰੂਰ ਪੀਂਦਾ ਹੈ। ਨੌਕਰਾਂ ਨੂੰ ਬਖ਼ਸ਼ੀਸ ਵੀ ਲਾਜ਼ਮੀ ਤੌਰ ਉੱਤੇ ਦਿੰਦਾ ਹੈ। ਬੱਸ ਜਦੋਂ ਦਾਰੂ ਪੀ ਕੇ ਟੱਲੀ ਹੋ ਜਾਂਦਾ ਹੈ ਤਾਂ ਮੀਰਾ, ਮੀਰਾ ਦੀ ਰੱਟ ਲਾਈ ਰੱਖਦਾ ਹੈ। ਇਹ ਕਿੱਥੋਂ ਆਇਆ ਤੇ ਕਦੋਂ ਜਾਏਗਾ! ਏਸ ਬਾਰੇ ਸ਼ਾਹ ਜੀ ਸਾਨੂੰ ਤੇ ਕੱਖ ਨਹੀਂ ਜੇ ਪਤਾ। “ਸ਼ਾਹ ਜੀ ਸਾਨੂੰ ਤੇ ਕੱਖ ਨਹੀਂ ਜੇ ਪਤਾ” ਇਹ ਲਫ਼ਜ਼ ਕੈਲਾਸ਼ ਟੀਟੂ ਉਂਝ ਵੀ ਅਕਸਰ ਬੋਲਦਾ ਰਹਿੰਦਾ ਹੈ, ਇਹ ਲਫ਼ਜ਼ ਓਹਦਾ ਤਕੀਆ ਕਲਾਮ ਹੋ ਸਕਦੇ ਨੇ।
*****
ਫੇਰ ਇਕ ਦਿਨ ਚਾਣਚੱਕ ਇਹ ਖ਼ਬਰ ਨਸ਼ਰ ਹੁੰਦੀ ਹੈ ਕਿ ਕੈਲਾਸ਼ ਟੀਟੂ ਦੇ ਮੁਸਾਫ਼ਰਖਾਨਾ ਵਿਚ ਰਹਿਣ ਵਾਲਾ ਝੱਲਾ ਸ਼ਾਇਰ ਸਵੇਰ ਦੀ ਚਾਹ ਦੇਣ ਗਏ ਨੌਕਰ ਨੂੰ ਹੁੰਗਾਰਾ ਨਹੀਂ ਦੇ ਰਿਹਾ ਸੀ। ਉਹਨਾਂ ਦਰਵਾਜਾ ਭੰਨ ਦਿੱਤਾ ਤਾਂ ਮੁੰਡਾ ਅੰਦਰ ਮਰਿਆ ਪਿਆ ਲੱਭਿਆ। ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਲਾਸ਼ ਦੇ ਲਾਗੇ ਬੱਚਿਆਂ ਦੀ ਡਰਾਇੰਗ ਨੋਟ ਬੁੱਕ ਪਈ ਹੋਈ ਸੀ। ਓਹਦੇ ਚਿੱਟੇ ਕਾਗਜ਼ਾਂ ਉੱਤੇ ਚਿੱਤਰਕਾਰੀ ਕੀਤੀ ਹੋਈ ਸੀ। ਇਹ ਚਿੱਤਰ ਵੇਖ ਕੇ ਜਾਪਦਾ ਹੈ ਕਿ ਕਿਸੇ ਸੁੰਦਰੀ ਨੂੰ ਓਸ ਨੇ ਕਲਪਿਆ ਹੋਇਆ ਸੀ ਤੇ ਕਾਲੀਆਂ ਪੈਨਸਲੀ ਛੋਹਾਂ ਨਾਲ ਓਹਦੇ ਚਿੱਤਰ ਵਾਹੇ ਹੋਏ ਸਨ। ਕਹਾਣੀ ਸਪਸ਼ੱਟ ਹੈ ਕਿ ਅਣਪਛਾਤਾ ਕਵੀ, ਕਿਸੇ ਮਹਿਬੂਬ ਦੀ ਨਾਂਹ ਸੁਣ ਕੇ ਏਸ ਅੰਜਾਮ ਤੱਕ ਪੁੱਜਿਆ ਹੋਵੇਗਾ।
*****
4-5 ਦਿਨਾਂ ਦੇ ਸੋਗੀ ਮਹੌਲ ਤੋਂ ਬਾਅਦ ਜ਼ਿੰਦਗੀ ਤਥਾ ਕਥਿਤ ਲੀਹਾਂ ਉੱਪਰ ਪਰਤ ਆਈ ਹੈ। ਕੈਲਾਸ਼ ਟੀਟੂ ਦਾ ਚਾਹਖਾਨਾ ਮੁੜ ਚਹਿਕ ਰਿਹਾ ਹੈ। ਉੱਪਰਲੀ ਛੱਤ ਉੱਤੇ ਪਾਇਆ ਮੁਸਾਫ਼ਰਖਾਨਾ ਮੁੜ ਮੁਸਾਫ਼ਰਾਂ ਦੀ ਠਾਹਰ ਬਣ ਰਿਹਾ ਹੈ। ਸੱਭੇ ਕੁਝ ਆਮ ਵਾਂਗ ਹੋ ਰਿਹਾ ਹੈ। ਜ਼ਿੰਦਗੀ ਦੀ ਲੰਗੜੀ ਤੋਰ ਲਗਾਤਾਰ ਜਾਰੀ ਹੈ। ਅੱਧੇ ਅਧੂਰੇ ਇਨਸਾਨ ਜੀਵੀਂ ਜਾ ਰਹੇ ਨੇ ਕਿਉਂਕਿ ਜੀਊਣਾ ਤਾਂ ਪੈਣਾ ਹੀ ਹੈ।
*******
ਏਸੇ ਦੌਰਾਨ (ਇਕ)ਅਲੋਕਾਰੀ ਜੀਉੜਾ ਉਥੇ ਹਾਜ਼ਰੀ ਦਰਜ ਕਰਵਾਉਂਦਾ ਹੈ। ਇਹ ਮਨੁੱਖ ਪਹਿਲਾਂ ਵੀ ਏਥੇ ਆਉਂਦਾ ਹੁੰਦਾ ਸੀ। ਇਹ ਕਿਤਾਬਾਂ ਦਾ ਪੜ੍ਹਾਕੂ ਹੈ। ਇਹਨੇ ਖੱਬੇ ਪੱਖੀ ਲਹਿਰ ਵਿਚ ਕੰਮ ਕੀਤਾ ਹੈ। ਅਫ਼ਗਾਸਿਨਤਾਂ ਵਿਚ 30 ਸਾਲਾਂ ਤੋਂ ਹੋ ਰਹੀ ਚਕਥਲ ਨੂੰ ਤਮਾਮ ਵਜ੍ਹਾ ਦੇ ਸਮੇਤ ਜਾਣਦਾ ਹੈ।
ਇਹ ਬੰਦਾ ਕਹਿੰਦਾ ਹੈ ਕਿ ਅਫ਼ਗਾਨਿਸਤਾਨ ਵਿਚ ਕਬਜ਼ਾ ਕਰਨ ਵਾਲੇ ਤਾਲਿਬਾਨਾਂ ਪਿੱਛੇ ਏਸ ਵਾਰ ਵੀ ਅਮਰੀਕਾ ਖੜ੍ਹਾ ਹੈ। ਤਾਲਿਬਾਨ ਓਨੇ ਮਾੜੇ ਨਹੀਂ ਹਨ, ਜਿੰਨਾ ਕਿ ਅਮਰੀਕੀ ਪ੍ਰਾਪੇਗੰਡਾ ਹੈ, ਉਹ ਕਹਿੰਦਾ ਹੈ ਕਿ ਤਾਲਿਬਾਨ ਨੂੰ ਕਠਪੁਤਲੀ ਬਣਾ ਕੇ ਪਿੱਛਲੇ ਰਸਤੇ ਅਮਰੀਕਾ ਰਾਜ ਕਰ ਰਿਹਾ ਹੈ। ਤਾਲਿਬਾਨ ਦਾ ਅਸਰ ਅਫਗਾਨੀ ਖਿੱਤੇ ਤੋਂ ਵੱਧ ਨਾ ਜਵੇ, ਏਸ ਲਈ ਭੰਡੀ ਪ੍ਰਚਾਰ ਵੀ ਅਮਰੀਕਾ ਕਰ ਰਿਹਾ ਹੈ।
ਉਹ ਹੋਰ ਅਲੋਕਾਰੀ ਗੱਲਾਂ ਸੁਣਾਉਂਦਾ ਹੈ ਕਿ ਇਸਲਾਮ ਨੂੰ ਸਹੀ ਸੰਦਰਭ ਵਿਚ ਸਮਝੇ ਜਾਣ ਦੀ ਲੋੜ ਹੈ। ਓਹਦਾ ਕਹਿਣਾ ਹੈ ਕਿ ਇਸਲਾਮ ਵਿਚ ਪ੍ਰਵਾਨ ਨਿੱਕੜੀ ਉਮਰ ਦਾ ਨਿਕਾਹ ਬੁਰਾਈ ਨਹੀਂ ਜਵਾਨ ਮੁੰਡੇ ਦੀ ਕੁਦਰਤੀ ਖਵਾਇਸ਼ ਦਾ ਨਿਵਾਰਣ ਹੈ। ਉਹ ਇਹ ਦਲੀਲ ਦਿੰਦਾ ਹੈ ਕਿ ਇਸਲਾਮ ਦਾ ਪੁਰਾਤਨ ਸਰੂਪ ਜੀਹਦੇ ਵਿਚ ਕੁੜੀ ਤੇ ਔਰਤ ਨੂੰ “ਨਾ-ਮਹਿਰਮ ਮਰਦ” ਨੂੰ ਚਿਹਰਾ ਨਾ ਵਿਖਾਉਣਾ ਹਰਾਮ ਹੈ, ਇਹ ਵੀ ਗ਼ਲਤ ਨਹੀਂ। ਖ਼ੁਦ ਪੱਛਮੀ ਸਾਹਿਤ ਦਾ ਪੜ੍ਹਾਕੂ ਹੋਣ ਦੇ ਬਾਵਜੂਦ ਉਹ ਏਸ ਤਰ੍ਹਾਂ ਦੀਆਂ ਦਲੀਲਾਂ ਵੀ ਘੜ੍ਹ ਲੈਂਦਾ ਹੈ। ਉਹ ਕਹਿੰਦਾ ਹੈ ਕਿ ਇਸਲਾਮ ਸਿਰਫ਼ ਧਰਮ ਨਹੀਂ ਬਲਕਿ ਜ਼ਾਬਤਾ ਇ ਹਯਾਤ ਹੈ, ਜੀਵਨਸ਼ੈਲੀ ਹੈ। ਮਰਦ ਤੇ ਔਰਤ ਦੀ ਫ਼ਿਤਰਤੀ ਖ਼ੂਬੀ ਇਹ ਹੁੰਦੀ ਹੈ ਕਿ ਦੋਵਾਂ ਜਿਣਸਾਂ ਨੂੰ ਨਿੱਕੀ ਉਮਰੇ ਮਹਿਰਮ ਮਿਲ ਜਾਣਾ ਚਾਹੀਦਾ ਹੈ। ਨਹੀਂ ਤਾਂ 30 ਤੋਂ 35 ਸਾਲ ਦੀ ਉਮਰ ਤੱਕ ਪੁੱਜ ਕੇ ਲਗਾਤਾਰ ਪੜ੍ਹਨ ਵਾਲੀ ਔਰਤ ਮਨੋ ਰੋਗਾਂ ਦਾ ਸ਼ਿਕਾਰ ਹੋ ਜਾਂਦੀ ਹੈ। ਕਿਸੇ ਪਿਆਰੀ ਵੱਲੋਂ ਠੁਕਰਾਏ ਨੌਜਵਾਨ ਨੀਮ ਪਾਗਲ ਤੇ ਸ਼ਰਾਬੀ ਵਗੈਰਾ ਬਣ ਜਾਂਦੇ ਹਨ। ਏਸ ਲਈ ਜਾਂ ਤਾਂ ਯੂਰਪੀ ਮੁਲਕਾਂ ਵਾਲੀਆਂ ਲੀਹਾਂ ਉੱਪਰ ਚੱਲ ਲਿਆ ਜਾਵੇ ਨਹੀਂ ਤਾਂ ਤਾਲਿਬਾਨ ਵੀ ਬਹੁਤੇ ਗ਼ਲਤ ਨਹੀਂ, ਇਹ ਵੀ ਦਲੀਲ ਹੋ ਸਕਦੀ ਹੈ।
**** ਕੈਲਾਸ਼ ਟੀਟੂ ਸੁਣਦਾ ਸਭ ਦੀ ਹੈ, ਕਰਦਾ ਮਨ ਦੀ ਹੈ। ਓਧਰ, ਏਸੇ ਤਰ੍ਹਾਂ ਬਿੱਟੂ ਟੈਕਸੀ ਸਟੈਂਡ ਉੱਤੇ ਰਾਣਾ, ਨੋਨਾ, ਕਾਲਾ, ਪਿੰਕਾ, ਮਿੰਦੀ ਵਗੈਰਾ ਡਰੈਵਰਾਂ ਦੀ ਮਹਿਫ਼ਿਲ ਲੱਗੀ ਹੋਈ ਹੈ। ਮਾਲਕ, ਬਿੱਟੂ ਨੰਗਲੀ ਆਉਂਦਾ ਹੈ ਤਾਂ ਸਾਰੇ ਚੁੱਪ ਕਰ ਜਾਂਦੇ ਨੇ। ਤੀਜੇ ਪਾਸੇ ਅਫ਼ਗ਼ਾਨ ਭੂਮੀ ਤੋਂ ਪਰਤ ਰਹੇ ਲੋਕਾਂ ਬਾਰੇ ਖ਼ਬਰਾਂ ਆ ਰਹੀਆਂ ਹਨ। ਬਹੁਤ ਸਾਰੇ ਸਵਾਲ ਹਾਲੇ ਵੀ ਜੁਆਬ ਤੋਂ ਸੱਖਣੇ ਹਨ। ਉੱਤਰ ਦੇਣ ਵਾਲਾ ਤਬੀਬ ਕੋਈ ਵਿਦਵਾਨ ਈ ਹੋਊਗਾ।

* ਯਾਦਵਿੰਦਰ,
ਸਰੂਪ ਨਗਰ, ਰਾਓਵਾਲੀ। 9465329617

Previous article“The Daughters of the UAE”, partners in the UAE’s successful journey
Next articleਹੋਇਆ ਕੀ ਜੇ ਨੱਚਦੀ ਦੀ….!