ਪੂਰਬੀ ਯੂਕਰੇਨ ’ਚ ਗੋਲਾਬਾਰੀ ਅਤੇ ਰੂਸੀ ਪਰਮਾਣੂ ਮਸ਼ਕਾਂ ਨੇ ਤਣਾਅ ਵਧਾਇਆ

ਕੀਵ (ਸਮਾਜ ਵੀਕਲੀ):  ਯੂਕਰੇਨੀ ਫ਼ੌਜੀਆਂ ਅਤੇ ਰੂਸੀ ਹਮਾਇਤ ਪ੍ਰਾਪਤ ਵੱਖਵਾਦੀਆਂ ਵਿਚਕਾਰ ਸੰਪਰਕ ਰੇਖਾ ’ਤੇ ਸੈਂਕੜੇ ਗੋਲੇ ਫਟਣ ਅਤੇ ਹਜ਼ਾਰਾਂ ਲੋਕਾਂ ਨੂੰ ਪੂਰਬੀ ਯੂਕਰੇਨ ’ਚੋਂ ਕੱਢੇ ਜਾਣ ਨਾਲ ਇਸ ਗੱਲ ਦਾ ਖ਼ਦਸ਼ਾ ਹੋਰ ਵਧ ਗਿਆ ਹੈ ਕਿ ਰੂਸ ਵੱਲੋਂ ਛੇਤੀ ਹੀ ਹਮਲਾ ਕੀਤਾ ਜਾ ਸਕਦਾ ਹੈ। ਪੱਛਮੀ ਮੁਲਕਾਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਆਪਣੇ ਗੁਆਂਢੀ ਮੁਲਕ ਯੂਕਰੇਨ ’ਤੇ ਹਮਲਾ ਕਰਨ ਦੀ ਤਿਆਰੀ ’ਚ ਹੈ ਜਿਸ ਨੂੰ ਤਿੰਨ ਪਾਸਿਆਂ ਤੋਂ ਡੇਢ ਲੱਖ ਦੇ ਕਰੀਬ ਰੂਸੀ ਫ਼ੌਜ ਨੇ ਘੇਰਿਆ ਹੋਇਆ ਹੈ।

ਰੂਸ ਨੇ ਇਕ ਹੋਰ ਗੁਆਂਢੀ ਮੁਲਕ ਬੇਲਾਰੂਸ ’ਚ ਸ਼ਨਿਚਰਵਾਰ ਨੂੰ ਪਰਮਾਣੂ ਮਸ਼ਕਾਂ ਕੀਤੀਆਂ ਅਤੇ ਕਾਲੇ ਸਾਗਰ ’ਚ ਜਲ ਸੈਨਾ ਦੀਆਂ ਮਸ਼ਕਾਂ ਚੱਲ ਰਹੀਆਂ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਹੈ ਕਿ ਉਹ ਮੀਟਿੰਗ ਲਈ ਕੋਈ ਥਾਂ ਚੁਣ ਲੈਣ ਤਾਂ ਜੋ ਸੰਕਟ ਨੂੰ ਟਾਲਿਆ ਜਾ ਸਕੇ। ਜ਼ੇਲੈਂਸਕੀ ਨੇ ਮਿਊਨਿਖ ਸੁਰੱਖਿਆ ਕਾਨਫਰੰਸ ’ਚ ਕਿਹਾ,‘‘ਯੂਕਰੇਨ ਸ਼ਾਂਤਮਈ ਸਮਝੌਤੇ ਲਈ ਕੂਟਨੀਤੀ ਦਾ ਰਾਹ ਅਪਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ।’’ ਯੂਕਰੇਨ ਵੱਲੋਂ ਦਿੱਤੀ ਗਈ ਪੇਸ਼ਕਸ਼ ਦਾ ਕ੍ਰੈਮਲਿਨ ਤੋਂ ਕੋਈ ਫੌਰੀ ਜਵਾਬ ਨਹੀਂ ਮਿਲਿਆ ਹੈ।

ਪੂਰਬੀ ਯੂਕਰੇਨ ’ਚ ਵੱਖਵਾਦੀ ਆਗੂਆਂ ਵੱਲੋਂ ਫ਼ੌਜ ਇਕੱਠੀ ਕਰਨ ਅਤੇ ਨਾਗਰਿਕਾਂ ਨੂੰ ਰੂਸ ਭੇਜੇ ਜਾਣ ਦੀਆਂ ਖ਼ਬਰਾਂ ਮਗਰੋਂ ਜ਼ੇਲੈਂਸਕੀ ਨੇ ਪੂਤਿਨ ਨਾਲ ਗੱਲਬਾਤ ਦਾ ਸੱਦਾ ਦਿੱਤਾ ਹੈ। ਕੁਝ ਦਿਨਾਂ ਅੰਦਰ ਜੰਗ ਸ਼ੁਰੂ ਹੋਣ ਦੇ ਨਵੇਂ ਖ਼ਦਸ਼ੇ ਉਸ ਸਮੇਂ ਸਾਹਮਣੇ ਆਏ ਹਨ ਜਦੋਂ ਜਰਮਨੀ ਅਤੇ ਆਸਟਰੀਆ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ। ਜਰਮਨੀ ਦੀ ਏਅਰਲਾਈਨਜ਼ ਲੁਫਥਾਂਸਾ ਨੇ ਕੀਵ ਅਤੇ ਓਡੇਸਾ (ਕਾਲਾ ਸਾਗਰ ਬੰਦਰਗਾਹ) ’ਚ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਨੂੰ ਜੰਗ ਲੱਗਣ ’ਤੇ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਨਾਟੋ ਦੇ ਕੀਵ ’ਚ ਸੰਪਰਕ ਦਫ਼ਤਰ ਨੇ ਕਿਹਾ ਕਿ ਉਹ ਅਮਲੇ ਨੂੰ ਬ੍ਰਸੱਲਜ਼ ਅਤੇ ਪੱਛਮੀ ਯੂਕਰੇਨ ਦੇ ਸ਼ਹਿਰ ਲਵੀਵ ਭੇਜ ਰਿਹਾ ਹੈ। ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਕਿ ਰੂਸ ਵੱਲੋਂ ਕਿਸੇ   ਵੀ ਸਮੇਂ ਯੂਕਰੇਨ ’ਤੇ ਹਮਲਾ ਕੀਤਾ ਜਾ ਸਕਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSri Lankan Navy arrests 6 Indian fishermen on poaching charges
Next articleਭਾਰਤੀਆਂ ਨੂੰ ਯੂਕਰੇਨ ਛੱਡਣ ਦੇ ਨਵੇਂ ਨਿਰਦੇਸ਼ ਜਾਰੀ