ਮਨੁੱਖ ਦੇ ਅੰਦਰਲੇ / ਬਾਹਰਲੇ ਸੰਸਾਰ ਦੀ ਸੰਵਾਦਕ ਧੁਨੀ ਉਭਾਰਦੀ ਸ਼ਾਇਰੀ

(ਸਮਾਜ ਵੀਕਲੀ)

ਡੂੰਘੇ ਦਰਦ ਦਰਿਆਵਾਂ ਦੇ
( ਕਾਵਿ ਪੁਸਤਕ)
ਡਾ. ਮੇਹਰ ਮਾਣਕ

ਡਾ.ਮੇਹਰ ਮਾਣਕ ਉਹ ਸ਼ਾਇਰ ਹੈ ਜੋ ਸਮਾਜ ਵਿੱਚ ਵਾਪਰ ਰਹੇ ਹਰ ਅਮਾਨਵੀਂ ਵਰਤਾਰੇ ਨੂੰ ਵਾਚਕੇ ਆਪਣਾ ਪ੍ਰਤੀਕਰਮ ਦਿੰਦਾ ਹੈ।ਉਹ ਸ਼ਾਇਰੀ ਸਿਰਜਨ ਵਿੱਚ ਕਾਰਜਸ਼ੀਲ ਹੈ ਤੇ ਆਪਣੇ ਅੰਤਰੀਵ ਭਾਵਾਂ ਨੂੰ ਕਾਵਿਕ ਸ਼ੈਲੀ ਵਿੱਚ ਬੰਨਣਾ ਉਹਦਾ ਸ਼ੋਂਕ ਵੀ ਹੈ।ਆਪਣੇ ਇਸ ਕਾਵਿ ਸਫ਼ਰ ਵਿੱਚ ‘ਹਨੇਰੇ ਤੇ ਪਰਛਾਵੇਂ’ ਅਤੇ ‘ਲਾਵਾਂ ਮੇਰੇ ਅੰਦਰ’ ਦੋ ਕਾਵਿ ਪੁਸਤਕਾਂ ਨਾਲ ਹਾਜ਼ਰੀ ਲਵਾ ਚੁੱਕਾ ਹੈ। ‘ਡੂੰਘੇ ਦਰਦ ਦਰਿਆਵਾਂ ਦੇ’ ਡਾ਼. ਮੇਹਰ ਮਾਣਕ ਦੀ ਨਵੀਂ ਪੁਸਤਕ ਹੈ ਜਿਸ ਵਿੱਚਲੀ ਸ਼ਾਇਰੀ ਸਰਲ ਸਪੱਸਟ ਸ਼ਬਦਾਂ ਰਾਹੀ ਵਰਤਮਾਨੀ ਕੈਨਵਸ ਸਿਰਜਦੀ ਬਹੁਤ ਸਾਰੇ ਸੁਆਲਾਂ ਨਾਲ ਲਬਰੇਜ਼ ਹੈ ।ਇਸ ਪੁਸਤਕ ਦੇ ਕਾਵਿ ਵਸਤੂ ‘ਚ ਉਭਰਦਾ ਸਮਕਾਲ ਦਾ ਚਿਹਰਾ ਦੋ ਵਿਰੋਧੀ ਸ਼ਕਤੀਆਂ ਵਿਚਲੇ ਟਕਰਾਉ ਅਤੇ ਜੀਵਨ ਵਿਚਲੇ ਵਿਗੋਚੇ ਪਲਾਂ ਨੂੰ ਸਿੰਝਦਿਆਂ ਅਪਣੀ ਸਪੇਸ ਸਥਾਪਤ ਕਰਦਾ ਹੈ।ਇਸ ਪੁਸਤਕ ਦੇ ਵਿੱਚੋਂ ਗੁਜ਼ਰਦਿਆਂ ਮੇਰੇ ਸਨਮੁੱਖ ਇੱਕ ਸਵਾਲ ਨਾਲੋ ਨਾਲ ਤੁਰਦਾ ਰਿਹਾ ਕਿ ਇਹ ਸ਼ਾਇਰੀ ਸਮਕਾਲ ਦੇ ਤਤਕਾਲ ਨਾਲ ਸਬੰਧ ਰੱਖਦੀ ਹੋਈ ਕਿੱਥੋਂ ਤੱਕ ਆਪਣਾ ਮੁਕਾਮ ਹਾਸਲ ਕਰਦੀ ਹੈ।

ਇਸ ਲਈ ਸ਼ਾਇਰੀ ਵਿਚੋਂ ਉੱਭਰਦੀਆਂ ਵੱਖੋ ਵੱਖਰੀ ਧੁਨੀਆਂ ਦੀ ਪਛਾਣ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ ।ਸ਼ਾਇਰੀ ਦੀ ਕੇਂਦਰੀ ਸੁਰ ਨੂੰ ਵਾਚਦਿਆਂ ਕਵੀ ਦੇ ਅਨੁਭਵ,ਦ੍ਰਿਸ਼ਟੀ ਤੇ ਵਿਚਾਰਧਾਰਾ ਨੂੰ ਵੀ ਨਾਲੋ ਨਾਲ ਰੱਖਣਾ ਪੈਂਦਾ ਹੈ।ਕਈ ਵਾਰੀ ਸਥਿਤੀਆਂ ਇੰਨੀਆਂ ਹਾਵੀ ਹੋ ਜਾਂਦੀਆਂ ਹਨ ਕਿ ਸਥਿਤੀਆਂ ਦੇ ਰੂਬਰੁੂ ਹੁੰਦਿਆਂ ਸਮਾਜ ਵਿਚਲੇ ਅੰਤਰ ਦਵੰਦਾਂ ਦੇ ਨਾਲ ਵੱਖੋ ਵੱਖਰੀਆਂ ਪਰਤਾਂ ਦੀਆਂ ਵਿਰੋਧਾਈਆਂ ਵੀ ਵਾਚਣੀਆਂ ਲਾਜ਼ਮੀ ਬਣਦੀਆਂ ਹਨ ਤਾਂ ਹੀ ਕਵਿਤਾ ਵਿਚਲੇ ਸਰੋਕਾਰਾਂ ਦਾ ਸਮਾਜ , ਪਾਠਕਾਂ ਦੇ ਨਾਲ ਕੀ ਸਬੰਧ ਜੁੜਦਾ ਹੈ।ਜਦੋਂ ਅਸੀਂ ਮੇਹਰ ਮਾਣਕ ਦੀ ਸ਼ਾਇਰੀ ਵਿੱਚੋਂ ਗੁਜ਼ਰਦੇ ਹਾਂ ਤਾਂ ਇਸ ਵਿੱਚ ਜ਼ਿੰਦਗੀ ਦੀ ਰਮਜ਼ ਪਛਾਣਦੀਆਂ ਬਹੁ ਪਰਤੀ ਤਰੰਗਾਂ ਵਕਤ ਦੀਆਂ ਉਲਝਣਾਂ ਨਾਲ ਸੰਵਾਦ ਰਚਾਉਂਦੀਆਂ ਸਾਹਮਣੇ ਆਉਂਦੀਆਂ ਹਨ। ਸ਼ਾਇਰੀ ਅੰਦਰਲੇ ਬਹੁਤ ਸਾਰੇ ਸਵਾਲ ਮਨੁੱਖ ਦੇ ਅੰਦਰਲੇ ਤੇ ਬਾਹਰਲੇ ਦਵੰਦਾਂ ਨਾਲ ਦਸਤਪੰਜਾ ਲੈਂਦੇ ਹੋਏ ਮਨੁੱਖ ਅੰਦਰਲੀ ਉਥਲ ਪੁਥਲ ਨੂੰ ਵੀ ਕਈ ਕੋਣਾਂ ਤੋਂ ਦੇਖਦੇ ਹਨ। ਕਵੀ ਵਰਤਮਾਨ ਦੀ ਦਹਿਲੀਜ਼ ਤੇ ਖੜ ਕੇ ਅਤੀਤ ਨਾਲ ਵੀ ਸੰਵਾਦ ਰਚਾਉਂਦਾ ਹੈ। ਇਸ ਪੁਸਤਕ ਦੇ ਸ਼ੁਰੂ ਦੇ ਵਿੱਚਲੀਆਂ ਕਵਿਤਾਵਾਂ ਹੈ ਦਰਿਆਵਾਂ ਤੇ ਨਦੀਆਂ ਨੂੰ ਸੰਬੋਧਿਤ ਹਨ।

ਕਵੀ ਪੰਜਾਬ ਦੇ ਦਰਿਆਵਾਂ ਨੂੰ ਵਗਦੇ ਪਾਣੀਆਂ ਤੱਕ ਹੀ ਸੀਮਤ ਨਹੀਂ ਰੱਖਦਾ ਬਲਕਿ ਉਸ ਵਿੱਚੋਂ ਵੀ ਧੜਕਦੀ ਜ਼ਿੰਦਗੀ ਦੀ ਅਵਾਜ ਸੁਣਦਾ ਹੈ। ਉਸ ਨੂੰ ਦੁੱਖ ਹੈ ਕਿ ਦੇਸ਼ ਦੀ ਵੰਡ ਨੇ ਜਿੱਥੇ ਭਾਈ ਭਾਈ ਨੂੰ ਆਪਸ ਤੋਂ ਵਿਛੋੜਿਆ ਉਥੇ ਵਗਦੇ ਦਰਿਆਵਾਂ ਵਿਚਲੀ ਸਾਂਝ ਅੰਦਰ ਵੀ ਲੀਕ ਪਾਈ ਗਈ। ਇਨ੍ਹਾਂ ਦਰਿਆਵਾਂ ਦੇ ਪਾਣੀਆਂ ਅੰਦਰ ਕੀ ਕੁਝ ਸਮਾਇਆ ਹੋਇਆ ਹੈ ਕਵੀ ਮੇਹਰ ਮਾਣਕ ਪਾਣੀਆਂ ਵਿੱਚੋਂ ਤਿੜਕਦੇ ਸੁਪਨਿਆਂ ਦੀ ਕਹਾਣੀ ਵੇਖਦਾ ਹੈ। ਇਸ ਲਈ ਇਸ ਕਵਿਤਾ ਦੇ ਵਿੱਚੋਂ ਦਰਿਆਵਾਂ ਵਿਚ ਰੁੜ੍ਹਦੀਆਂ ਪ੍ਰੀਤਾਂ ਦੇ ਜ਼ਖ਼ਮ ਤੇ ਦੂਜੇ ਪਾਸੇ ਸਾਂਝਾਂ ਦੇ ਵਿਲਕਦੇ ਹਾਉਕੇ ਮਾਨਵੀ ਸੰਤਾਪ ਨੂੰ ਦ੍ਰਿਸ਼ਟਮਾਨ ਕਰਦੇ ਹਨ। ਰਾਵੀ, ਸਤਲੁਜ, ਬਿਆਸ,ਜੇਹਲਮ , ਝਨਾਂ ਦਰਿਆਵਾਂ ਦੀ ਅਜੋਕੀ ਪਿਆਸ ਨੂੰ ਮਾਪਦੀ ਇਹ ਕਵਿਤਾ ਅੱਜ ਗੁਆਚ ਰਹੀ ਇਨ੍ਹਾਂ ਦੀ ਹੋਂਦ ਬਾਰੇ ਚਿੰਤਤ ਹੁੰਦੀ ਹੈ।

ਅੱਜ ਸੁੱਕ ਰਹੇ, ਮੁੱਕ ਰਹੇ ਦਰਿਆਵਾਂ ਦੇ ਡੂੰਘੇ ਦਰਦਾਂ ਦੀ ਅਣਕਹੇ ਵਿਰਲਾਪ ਨੂੰ ਸਿਰਫ ਪੇਸ਼ ਨਹੀਂ ਕਰਦੀ ਇਹ ਕਵਿਤਾ ਬਲਕਿ ਕਈ ਸੁਆਲ ਉਠਾਉਂਦੀ ਹੈ । ਕਵੀ ਦੀ ਫ਼ਿਕਰਮੰਦੀ ਹੈ ਕਿ ਜੋ ਦਰਿਆ ਕੰਢਿਆ ਦੇ ਉਤੋਂ ਦੀ ਵਹਿੰਦੇ ਸਨ ਉਹ ਜਾਂ ਤਾਂ ਸੁੱਕ ਗਏ ਜਾਂ ਫਿਰ ਗੰਧਲੇ ਹੋ ਗਏ। ਇਸ ਕਵਿਤਾ ਵਿੱਚੋਂ ਇਹ ਵੀ ਚਿੰਤਾ ਉੱਭਰਦੀ ਹੈ ਕਿ ਕੁਦਰਤ ਨਾਲ ਹੋ ਰਿਹਾ ਖਿਲਵਾੜ ਮਾਨਵ ਵਿਕਾਸ ਦੀ ਨਿਸ਼ਾਨੀ ਨਹੀਂ ਬਲਕਿ ਵਿਨਾਸ਼ ਦਾ ਕਾਰਨ ਬਣਦੀ ਹੈ। ਸਾਮਰਾਜੀ ਮੁਲਕਾਂ ਦੁਆਰਾ ਆਪਣੇ ਵੱਧ ਤੋਂ ਵੱਧ ਮੁਨਾਫ਼ੇ ਲਈ ਹੋ ਰਹੀ ਤੀਜੀ ਦੁਨੀਆਂ ਦੇ ਮੁਲਕਾਂ ਦੀ ਮਨੁੱਖੀ ਕਿਰਤ ਲੁੱਟ ਦੇ ਨਾਲ ਕੁਦਰਤ ਦੀ ਲੁੱਟ ਘਾਤਕ ਸਿੱਧ ਹੋ ਰਹੀ ਹੈ। ਕਵੀ ਦਾ ਵਿਸ਼ਵਾਸ ਹੈ ਕਿ ਲੁੱਟ ਦਾ ਵੀ ਆਖਰ ਅੰਤ ਹੁੰਦਾ ਹੈ। ਲੁੱਟ ਦੇ ਕੇਂਦਰਿਤ ਪ੍ਰਬੰਧ ਦੀ ਸੰਚਾਲਨ ਸਕਤੀ ਦੁਆਰਾ ਕੀਤੀ ਜਾ ਰਹੀ ਕੁਦਰਤ ਨਾਲ ਛੇੜਛਾੜ ਆਖਰ ਸਮੁੱਚੀ ਮਨੁੱਖਤਾ ਲਈ ਵਿਨਾਸ਼
ਸਿੱਧ ਹੋ ਰਹੀ ਹੈ। ਇਹ ਕਵਿਤਾ ਆਪਣਾ ਫਿਕਰ ਦਰਜ਼ ਕਰਾਉਂਦੀ ਸੁਆਲ ਪੁੱਛਦੀ ਹੈ।

ਇਤਿਹਾਸ ਇਹੋ ਜਿਹੇ ਹੁੰਦੇ ਨੇ?
ਵਿਕਾਸ ਇਹੋ ਜਿਹੇ ਹੁੰਦੇ ਨੇ?
ਮੱਚ ਰਹੀਆਂ ਤਬਾਹੀਆਂ ਦਾ
ਕੀਤੀਆਂ ਮਨ-ਆਈਆਂ ਦਾ
ਕੁਦਰਤ ਹਿਸਾਬ ਕਰੇਗੀ
ਆਪਣੇ ਗੰਧਲੇ ਹੋ ਰਹੇ ਮੁੱਖ ਨੂੰ
ਜ਼ਰੂਰ ਸਾਫ਼ ਕਰੇਗੀ
ਇਹ ਕਾਇਨਾਤ ਤੋਂ ਕੋਈ ਉਤਾਂਹ ਨਹੀਂ
ਜਿੱਥੇ ਖੁਦਗਰਜ਼ ਅਤੇ ਬੇਅਸੂਲਿਆਂ ਲਈ
ਕੋਈ ਥਾਂ ਨਹੀਂ
ਮਨਾ ਦੀ ਬਹਿਰ
ਤੇ ਕੁਦਰਤ ਦਾ ਕਹਿਰ
ਕਦੇ ਕਿਸੇ ਦਾ ਗੁਲਾਮ ਨਹੀਂ ਹੋਇਆ

ਇਸ ਕਵਿਤਾ ਵਿਚਲਾ ਪਾਤਰ ਜਨਤਾ ਨਾਲ ਵੀ ਸਿੱਧੇ ਜਾਂ ਅਸਿੱਧੇ ਤੋੌਰ ‘ਤੇ ਗਿਲਾ ਜਾਹਰ ਕਰਦਾ ਹੈ ਕਿ ਅਸੀ ਵਰਤਮਾਨ ਦੀਆਂ ਬਰੂਹਾਂ ‘ਤੇ ਖੜ ਭਵਿੱਖ ਦੇ ਨਕਸ਼ ਘੜਣ ਤੋਂ ਬੇਮੁੱਖ ਕਿਉਂ ਹੋ ਗਏ ਹਾਂ।ਕਵੀ ਵਿਕ ਰਹੇ ਈਮਾਨ , ਸਨਮਾਨਾਂ/ਇਨਾਮਾਂ ਭਾਵ ਸਥਾਪਤੀ ਦੀ ਭੱਜਦੋੜ ਵਿਚ ਲੱਗੇ ਹੋਏ ਲੇਖਕਾਂ ਦੀ ਮਾਨਸਿਕਤਾ , ਮੱਧਵਰਗੀ ਮਨੁੱਖ ਦੀ ਕਾਰਜ ਸ਼ੈਲੀ, ਸਮਾਜਿਕ ਪ੍ਰਬੰਧ ਦੀਆਂ ਕੋਝੀਆਂ ਹਰਕਤਾਂ , ਕਾਣੀ ਵੰਡ ,ਮਾਨਸਿਕ ਦਵੰਦ ਆਦਿ ਦੇ ਅਨੇਕਾਂ ਅੰਸ਼ਾਂ ਨੂੰ ਚਿਤਰਮਾਨ ਕਰਦਾ ਹੈ। ਮੁਖੌਟੇਧਾਰੀ ਮਨੁੱਖ ਦੀ ਸੌੜੀ ਸੋਚ ਤੇ ਉਂਗਲ ਧਰਦੀ ਇਹ ਕਵਿਤਾ ਮਨੁੱਖ ਦੇ ਕਿਰਦਾਰ ਨੂੰ ਪੂਰਨ ਰੂਪ ਵਿੱਚ ਵਾਚਦੀ ਹੈ । ਕਵੀ ਦਾ ਮੰਨਣਾ ਦਰੁਸਤ ਹੈ ਕਿ ਮਨੁੱਖ ਦੇ ਅੰਦਰ ਜੋ ਛੁਪਿਆ ਹੁੰਦਾ ਹੈ ਉਸ ਦੀ ਵਿਵਹਾਰਕਤਾ ਦੇ ਵਿੱਚੋਂ ਕਿਤੇ ਨਾ ਕਿਤੇ ਆਪ ਮੁਹਾਰੇ ਹੀ ਇਸਦਾ ਅੰਸ਼ ਪ੍ਰਗਟ ਹੋ ਹੀ ਜਾਂਦਾ ਹੈ।ਅਸਲ ਚਿਹਰੇ ਨੂੰ ਛੁਪਾ ਕੇ ਤੁਰਨਾ ਹੀ ਆਧੁਨਿਕ ਬੌਣੇ ਮਨੁੱਖ ਦੀ ਫਿਤਰਤ ਬਣ ਗਈ ਹੈ।

ਇਸ ਪੁਸਤਕ ਦੀਆਂ ਕਵਿਤਾਵਾਂ ਵਿਚਲੀ ਧੁੱਨੀ ਮਨੁੱਖ ਦੀਆਂ ਬਾਹਰਲੀਆਂ / ਅੰਦਰਲੀਆਂ ਬੇਤਰਤੀਬੀਆਂ ਨੂੰ ਥਾਹ ਪਾਉਣ ਦੀ ਤਲਾਸ਼ ਕਰਦੀ ਹੈ। ਕਵੀ ਲਈ ਕਵਿਤਾ ਦਾ ਅਰਥ ਕਿਸੇ ਵਿਸ਼ੇਸ਼ ਉਦੇਸ਼ ਨਾਲ ਜੁਡ਼ਿਆ ਹੋਇਆ ਹੈ ।ਉਹ ਕਵਿਤਾ ਦੇ ਫ਼ਰਜ਼ਾਂ ਨੂੰ ਵੀ ਜਾਣਦਾ ਹੈ।ਉਂਝ ਵੀ ਜੇ ਦੇਖਿਆ ਜਾਵੇ ਤਾਂ ਅਸਲ ਕਵਿਤਾ ਉਹ ਹੁੰਦੀ ਹੈ ਜੋ ਲੋਕਾਂ ਦਾ ਪੱਖ ਪੂਰਦੀ ਹੋਈ ਸਥਾਪਤੀ ਦੀਆਂ ਕੋਝੀਆਂ ਚਾਲਾਂ ਦਾ ਪਰਦਾਫਾਸ਼ ਕਰਦੀ ਹੈ ।ਕਵਿਤਾ ਪਾਠਕ ਨੂੰ ਸਿਰਫ਼ ਅਨੰਦਿਤ ਹੀ ਨਹੀਂ ਕਰਦੀ ਹੈ ਬਲਕਿ ਪਾਠਕ ਨੂੰ ਸਮੇਂ ਦੇ ਨਾਲ ਤੋਰਦੀ ਹੈ । ਕਵੀ ਰਿਸ਼ਤਿਆਂ ਦੀ ਵਿਆਕਰਣ ਨੂੰ ਵੀ ਬਾਖੂਬੀ ਚਿੱਤਰਮਾਣ ਕਰਦਾ ਹੈ ਉੱਥੇ ਅਜੋਕੇ ਦੌਰ ਵਿੱਚ ਟੁੱਟ ਰਹੇ ਘਰਾਂ ਤੇ ਰਿਸ਼ਤਿਆਂ ਪ੍ਰਤੀ ਚਿੰਤਾ ਵੀ ਜ਼ਾਹਿਰ ਕਰਦਾ ਹੈ। ਇਹ ਕਵਿਤਾ ਮੁੱਹਬਤ ਦੇ ਅਰਥ ਨੂੰ ਮੁਹੱਬਤ ਵਿਹੂਣੇ ਮਨੁੱਖ ਦੇ ਸਮਾਨੰਤਰ ਰੱਖ ਕੇ ਵਾਚਦੀ ਹੈ ।

ਕਵੀ ਆਪਣੀ ਗੁਆਚੀ ਮੁਹੱਬਤ ਬਾਰੇ ਵਿਆਕੁਲ ਹੁੰਦਾ ਹੋਇਆ ਗੁੰਮਨਾਮ ਰਾਹਾਂ ਨੂੰ ਵੀ ਸਰਨਾਵਾਂ ਦਿੰਦਾ ਆਸ ਦੀ ਕਿਰਨ ਬੀਜਦਾ ਹੈ। ਇਸ ਕਵਿਤਾ ਦੀ ਇਹ ਵੀ ਖ਼ੂਬੀ ਉਘੜਦੀ ਹੈ ਕਿ ਇਸ ਵਿੱਚੋਂ ਮੁਹੱਬਤ ਕੇਂਦਰਿਤ ਧੁੱਨੀ ਦੇ ਕਈ ਪ੍ਰਸੰਗ ਵੇਖੇ ਜਾ ਸਕਦੇ ਹਨ। ਕਵੀ ਨੂੰ ਦੁੱਖ ਹੈ ਕਿ ਖੁਦਗਰਜ਼ ਲੋਕ ਮੁਹੱਬਤ ਵਰਗੀ ਸੂਖਮ ਭਾਵਨਾ ਦਾ ਮਜ਼ਾਕ ਉਡਾਉਂਦੇ ਹੋਏ ਇਸ ਨੂੰ ਵੀ ਖਰੀਦਦਾਰੀ ਦੇ ਚੱਕਰਵਿਊ ਵਿਚ ਬੰਨ ਰਹੇ ਹਨ। ਇਸ ਖਪਤਕਾਰੀ ਦੌਰ ਦੇ ਵਿੱਚ ਹਰ ਦਿਲੀ ਭਾਵਨਾ ਦਾ ਵਪਾਰੀਕਰਨ ਹੋ ਗਿਆ‌ ਹੈ। ਇਹ ਕਵਿਤਾ ਸ਼ਾਮ ਸੰਧੂਰੀ ਦੇ ਤਿਣਕੇ ਚੁਗਦੀ ਦਰਦ ਅਵੱਲੇ ਛੇੜਦੀ ਹੈ । ਇਸ ਕਵਿਤਾ ਦਾ ਪਾਤਰ ਸਮੇਂ ਦੀ ਪੀੜ ਹੰਢਾਉਂਦਾ ਹੋਇਆ ਜਿਸ ਭਰਮਾਊ ਸੰਸਾਰ ਤੋਂ ਮੁਕਤ ਹੋਣਾ ਚਾਹੁੰਦਾ ਹੈ।
ਵਿੱਚ ਬਜਾਰਾਂ ਵਿੱਕਦੀਆਂ ਕਿੱਥੇ ਮੋਹ ਮੁਹੱਬਤ ਦੀਆਂ ਤੰਦਾਂ ਯਾਰੋ,
ਸ਼ੋਸ਼ੇਬਾਜ਼ੀ ਹੰਕਾਰ ਦਿਖਾਵਾ ਇਸ ਦੁਨੀਆਂ ਵਿੱਚ ਬੜਾ ਛਲਾਵਾ,
ਉੱਜੜ ਗਿਆ ਸਭ ਕੁਝ ਭਾਵੇਂ ਫਿਰ ਵੀ ਲੋਕੀਂ ਨੇ ਜਾਂਦੇ ਨੱਚੀ।

ਕਵੀ ਆਪਣੀ ਧਰਤ, ਲੋਕਾਂ ਤੇ ਮਾਂ ਬੋਲੀ ਪ੍ਰਤੀ ਮੋਹ ਦੀ ਭਾਵਨਾ ਰੱਖਦਾ ਹੈ। ਇਸ ਕਵਿਤਾ ਦਾ ਪ੍ਰਵਾਹ ਵੀ ਸਮੂਹਿਕਤਾ ਨੂੰ ਕਲਾਵੇ ਵਿੱਚ ਲੈਂਦਾ ਹੋਇਆ ਸੰਤੁਲਨ ਜੀਵਨ ਵਿੱਚ ਪਈਆਂ ਵਿੱਥਾਂ ਨੂੰ ਮੇਟਣ ਲਈ ਤਲਾਸ਼ਮਈ ਧੁੱਨੀ ਅਲਾਪਦਾ ਹੈ। ਇਹ ਕਵਿਤਾ ਕੁਦਰਤ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੀ ਹੋਏ ਉਜਾੜੇ ਤੇ ਜੰਗਾਂ ਤੋਂ ਮੁਕਤ ਵਿਸ਼ਵ ਦੀ ਕਾਮਨਾ ਕਰਦੀ ਹੈ। ਕਵੀ ਹੁਕਮਰਾਨਾਂ ਦੀਆਂ ਰਮਜ਼ਾਂ ਨੂੰ ਜਾਣਦਾ ਹੋਇਆ ਮਾਨਵ ਨੂੰ ਸੁਚੇਤ ਕਰਦਾ ਹੈ। ਸਮਕਾਲੀ ਯਥਾਰਥ ਨੂੰ ਪਕੜਨ ਦੀ ਸੂਖਮਤਾ ਇਸ ਕਵਿਤਾ ਵਿਚ ਸਮੇਂ, ਸਥਿਤੀ ਤੇ ਕਾਰਨਤਾ ਦੀ ਸੁਮੇਲਤਾ ਤੋਂ ਵੇਖੀ ਜਾ ਸਕਦੀ ਹੈ।ਸ਼ਾਇਰੀ ਵਿਚ ਹੀ ਸੰਬੋਧਨੀ ਸੁਰ ਵਿਕਰਾਲ ਪ੍ਰਸਥਿਤੀਆਂ ਤੇ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਦੀ ਯਥਾਰਥਕ ਸੰਵੇਦਨਾ ਦੀ ਸੰਵਾਹਕ ਬਣਦੀ ਹੈ ।

ਸਵੈ ਇਛਿਤ ਯਥਾਰਥ ਦੀ ਕਲਪਨਾ ਕਰਦਾ ਕਵੀ ਬਰਾਬਰੀ ਦਾ ਸਮਾਜ ਵੇਖਣ ਲਈ ਤੱਤਪਰ ਹੈ। ਮਨੁੱਖ ਦੇ ਅਸਤਿਤਵੀ ਸੰਕਟ ਤੇ ਕੌੜੇ ਯਥਾਰਥ ਨੂੰ ਰੂਪਮਾਨ ਕਰਦੀ ਇਹ ਸ਼ਾਇਰੀ ਬਹੁਤ ਹੀ ਢੁੱਕਵੀਂ ਤੇ ਸੰਜੀਦਾ ਵਿਧੀ ਦੇ ਨਾਲ ਸਾਹਮਣੇ ਆਉਂਦੀ ਹੈ । ਸਮਕਾਲ ਨਾਲ ਸੰਵਾਦ ਰਚਾਉਂਦਿਆਂ ਮਨੁੱਖ ਦੇ ਅੰਦਰਲੇ ਤੇ ਬਾਹਰਲੇ ਸੰਸਾਰ ਨੂੰ ਵਾਚਣਾ ਹੀ ਇਸ ਸ਼ਾਇਰੀ ਦਾ ਹਾਸਲ ਹੈ। ਇਸ ਪੁਸਤਕ ਨੂੰ ਖੁਸ਼ਆਮਦੀਦ ਆਖਦਿਆਂ ਕਵੀ ਡਾ.ਮੇਹਰ ਮਾਣਕ ਨੂੰ ਮੁਬਾਰਕਬਾਦ।

ਅਰਵਿੰਦਰ ਕਾਕੜਾ

 

 

 

 

 

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਤੇ ਤੂੰ
Next articleਸ਼ੁਭ ਸਵੇਰ ਦੋਸਤੋ,