(ਸਮਾਜ ਵੀਕਲੀ)
‘ ਸੋਨੂੰ••••••।’ ਰਸੀਵਰ ਚੁੱਕਦੇ ਹੀ ਉਸ ਦੀ ਆਵਾਜ ਕੰਨਾਂ ਵਿਚ ਪੈਦੇ ਹੀ ਮੀਨੂੰ ਦੇ ਪੱਬ ਧਰਤੀ ਤੇ ਨੱਚ ਉਠੇ ਤੇ ਉਹ ਬੋਲੀ, “ਪਤਾ ਮੈਂ ਤੇਨੂੰ ਕਿੰਨਾ ਯਾਦ ਕਰ ਰਹੀ ਸੀ…. ।” “ਸੱਚੀ …..!
ਇਹ ਤਾਂ ਦਸ ਅੱਜ ਕੀ ਕਰ ਰਹੀ ਹੈ ?”
“ਕੁਝ ਨਹੀ ……।”
“ਫਿਰ ਮਿਲਣ ਆਜਾ ਪਲੀਜ਼……ਤੈਨੂੰ ਦੇਖਣ ਲਈ ਦਿਲ ਤੜਪ ਰਿਹਾ …..।”
“ਪਰ ਸੋਨੂੰ …..ਅੱਜ ਸੰਡੇ ……ਪਾਪਾ ਵੀ ਘਰ ……।”
” ਮੈਨੂੰ ਨਹੀ ਪਤਾ ….. ਇੱਧਰ ਮੇਰੀ ਹਾਲਤ ਮਾੜੀ ਹੇ ਰਹੀ ਹੈ ਤੇ ਤੂੰ ……।”
” ਅੱਛਾ ਦਸ ਫਿਰ ਕਿੱਥੇ ………?” ਆਪਣੇ ਰੱਬ ਵਰਗੇ ਪ੍ਰੇਮੀ ਨੂੰ ਨਾਰਾਜ਼ ਹੁੰਦਿਆ ਦੇਖ ਮੀਨੂੰ ਬੋਲੀ ।
“ਸਾਡੇ ਘਰ …….ਅੱਜ ਇਥੇ ਕੋਈ ਨਹੀ……ਸਾਰੇ ਜਰੂਰੀ ਕੰਮ ਗਏ ਨੇ।”
” ਠੀਕ ਹੈ ।” ਕਹਿੰਦੇ ਮੀਨੂੰ ਨੇ ਕਿਤਾਬਾਂ ਚੁੱਕ ਸਹੇਲੀ ਦੇ ਘਰ ਜਾਣ ਦਾ ਬਹਾਨਾ ਬਣਾ ਸੋਨੂੰ ਦੇ ਘਰ ਆ ਗਈ।
ਮੀਨੂੰ ਦੀ ਰੂਹ ਖਿੜੀ ਹੋਈ ਸੀ ।ਪਿਆਰ ਦੀਆਂ ਸੁਭਾਵਕ ਗੱਲਾਂ ਕਰਦੇ- ਕਰਦੇ ਉਹ ਕਦੋਂ ਇਕ ਦੂਜੇ ਦੀਆਂ ਬਾਹਵਾਂ ਵਿਚ ਸਮਾ ਗਏ ਤੇ ਪਿਆਰ ਦੇ ਸਭ ਹੱਦ ਬੰਨੇ ਟੱਪ ਗਏ ਉਹਨਾਂ ਨੂੰ ਪਤਾ ਵੀ ਨਾ ਲਗਾ।
ਹੋਸ਼ ਵਿਚ ਪਰਤਦਿਆਂ ਮੀਨੂੰ ਗੱਚ ਭਰਦਿਆਂ ਬੋਲੀ,”ਸੋਹਣਿਆ …..ਮੈਂ……ਮੈਂ …..ਤੈਨੂੰ ਸੱਚਾ ਪਿਆਰ ਕਰਦੀ ਹਾਂ…….ਵੇਖੀ ਕਿਤੇ ਮੈਨੂੰ ਧੋਖਾ ਨਾ ਦੇ ਦੇਵੀਂ ……ਮੈਂ ਤਾਂ ਅੱਜ ਪਿਆਰ ਵਿਚ ਤੈਨੂੰ ਸਭ ਕੁਝ ……।” ਤੇ ਉਹ ਉਸ ਦੇ ਗਲੇ ਲੱਗ ਉੱਚੀ ਉੱਚੀ ਰੋ ਪਈ ।
“ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਹਾਂ।” ਸੋਨੂੰ ਉਸ ਦੇ ਹੰਝੂ ਪੁੰਝਦਿਆਂ ਬੋਲਿਆ ।
ਬਹੁਤ ਵਕਤ ਹੋਇਆ ਦੇਖ ਮੀਨੂੰ ਕਿਤਾਬਾਂ ਚੁੱਕ ਛੇਤੀ ਨਾਲ ਘਰ ਚਲੀ ਗਈ । ਉਸ ਦੇ ਜਾਂਦੇ ਹੀ ਅਚਾਨਕ ਸੋਨੂੰ ਦਾ ਖਾਸ ਦੋਸਤ ਸ਼ੰਮੀ ਉਸਨੂੰ ਮਿਲਣ ਆ ਗਿਆ। ਕਮਰੇ ਦੀ ਹਾਲਤ ਵੇਖਦੇ ਹੀ ਉਹ ਮਸਕੜੀ ਹਾਸੀ ਹੱਸਦਿਆਂ ਬੋਲਿਆ , “ਕਮਾਲ ਹੋ ਗਈ ਯਾਰ……ਅੱਜ ਫੇਰ …! ਕਿੰਨੇ ਚ….?” “ਨਹੀ ਯਾਰ ……ਉਹ ਤਾਂ ਮੇਰੀ ਦੋਸਤ ਸੀ……ਮੀਨੂੰ।”
“ਕੀ•••••?”
“ਮੀਨੂੰ ! ਯਾਰ,ਯਾਰ…..ਉਹ ਤਾਂ ਬੜੀ ਸ਼ਰੀਫ ਕੁੜੀ ਐ। ਤੂੰ……ਤੂੰ ਕਿਤੇ ਉਸ ਨਾਲ ਪਿਆਰ ……?” ਸ਼ਮੀ ਹੈਰਾਨ ਹੋਇਆ ਪੁੱਛਣ ਲੱਗਾ।
” ਹੂੰ ….ਪਿਆਰ ਉਹ ਵੀ ਇਹਦੇ ਨਾਲ…. ਜਿਸ ਨੇ …..। ਪਿਆਰ ਤੇ ਵਿਆਹ ਤਾਂ ਮੈਂ ਕਿਸੇ ਸ਼ਰੀਫ ਕੁੜੀ ਨਾਲ ਹੀ ਕਰੂੰ।” ਸੋਨੂੰ ਸ਼ਰਾਰਤ ਭਰੇ ਲਹਿਜ਼ੇ ਨਾਲ ਬੋਲਿਆ ਤੇ ਮੁਸਕਰਾਹਟ ਬਿਖੇਰਿਆ ਦੋਵੇਂ ਠਹਾਕੇ ਲਗਾ ਕੇ ਉੱਚੀ- ਉੱਚੀ ਹੱਸ ਪਏ ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ .ਏ ,ਬੀ .ਐੱਡ । ਫ਼ਿਰੋਜ਼ਪੁਰ ਸ਼ਹਿਰ ।