ਸ਼ਹੀਦ ਲਾਭ ਸਿੰਘ ਦੀ ਬਰਸੀ – ਖੇਤੀ ਮੰਡੀਕਰਨ ਬਾਰੇ ਮੋਦੀ ਸਰਕਾਰ ਵਲੋਂ ਲਿਆਂਦਾ ਨਵਾਂ ਪਾਲਸੀ ਡ੍ਰਾਫਟ ਸਮਾਜ ਦੇ ਹਰ ਵਰਗ ਦੇ ਕਾਰੋਬਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ – ਹਮੀਰ ਸਿੰਘ

ਦਾਨ ਸਿੰਘ ਵਾਲਾ ਵਿਖੇ ਮਜ਼ਦੂਰਾਂ ਦੇ ਘਰ ਲੁੱਟਣ ਤੇ ਸਾੜਨ ਵਾਲੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ
ਮਾਨਸਾ, (ਸਮਾਜ ਵੀਕਲੀ) (ਜਸਵੰਤ ਗਿੱਲ) ਮੁਨਾਫ਼ੇ ਦੀ ਹਾਬੜ ਵਿੱਚ ਅੰਨੇ ਹੋਏ ਕਾਰਪੋਰੇਟ ਘਰਾਣੇ ਸਾਡੀਆਂ ਉਪਜਾਊ ਜ਼ਮੀਨਾਂ ਅਤੇ ਖੁਰਾਕ ਕਾਰੋਬਾਰ ਉਤੇ ਕਾਬਜ਼ ਹੋਣ ਲਈ ਮੋਦੀ ਸਰਕਾਰ ਤੋਂ ਅਪਣੇ ਪੱਖ ਦੇ ਨਵੇਂ ਨਵੇਂ ਕਾਨੂੰਨ ਬਣਵਾ ਰਹੇ ਹਨ। ਇਸ ਗੱਲ ਦੀ ਸਖ਼ਤ ਜ਼ਰੂਰਤ ਹੈ ਕਿ ਸਮਾਜ ਦੇ ਸਾਰੇ ਵਰਗ ਅਜਿਹੇ ਕਾਨੂੰਨਾਂ ਖਿਲਾਫ਼ ਇਕਜੁੱਟ ਹੋ ਕੇ ਫੈਸਲਾਕੁੰਨ ਅੰਦੋਲਨ ਛੇੜਨ – ਇਹ ਗੱਲ ਉੱਘੇ ਪੱਤਰਕਾਰ ਹਮੀਰ ਸਿੰਘ ਨੇ ਅੱਜ ਇਥੇ ਇਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਹੀ।ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਸ਼ਹੀਦ ਲਾਭ ਸਿੰਘ ਮਾਨਸਾ ਦੀ 44ਵੀਂ ਬਰਸੀ ਮੌਕੇ ਸ਼ਹੀਦ ਲਾਭ ਸਿੰਘ ਯਾਦਗਾਰ ਕਮੇਟੀ ਮਾਨਸਾ ਵਲੋਂ ਕਰਵਾਈ ਗਈ ਇਸ ਕਨਵੈਨਸ਼ਨ ਦੀ ਪ੍ਰਧਾਨਗੀ  ਕਾਮਰੇਡ ਨਛੱਤਰ ਸਿੰਘ ਖੀਵਾ, ਅੰਗਰੇਜ਼ ਕੌਰ ਅਤੇ ਮੁਖਤਿਆਰ ਪੂਹਲਾ ਉਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਮੇਟੀ ਦੇ ਕਨਵੀਨਰ ਹਰਗਿਆਨ ਸਿੰਘ ਢਿੱਲੋਂ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਆਗੂ ਸੁਖਦੇਵ ਸਿੰਘ ਭੁਪਾਲ,ਸੀਪੀਆਈ (ਐਮ ਐਲ) ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਨਾਟਕਕਾਰ ਮੇਘ ਰਾਜ ਰੱਲਾ,  ਰਿਟਾ: ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਮੁਖਤਿਆਰ ਪੂਹਲਾ ਅਤੇ ਆਈਡੀਪੀ ਦੇ ਪ੍ਰਧਾਨ ਕਰਨੈਲ ਸਿੰਘ ਜਖੇਪਲ ਸ਼ਾਮਲ ਸਨ। ਕਨਵੈਨਸ਼ਨ ਦਾ ਸੰਚਾਲਨ ਸੁਰਿੰਦਰ ਪਾਲ ਸ਼ਰਮਾ, ਜਗਰਾਜ ਸਿੰਘ ਰੱਲਾ ਤੇ ਤਾਰਾ ਚੰਦ ਬਰੇਟਾ ਨੇ ਅਤੇ ਮੰਚ ਸੰਚਾਲਨ ਭਜਨ ਸਿੰਘ ਘੁੰਮਣ ਨੇ ਕੀਤਾ।   ‌ਮੁੱਖ ਬੁਲਾਰੇ ਵਜੋਂ ਬੋਲਦਿਆਂ ਹਮੀਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਕੰਪਨੀਆਂ ਅਪਣੀਆਂ ਕੱਠਪੁਤਲੀ ਸਰਕਾਰਾਂ ਰਾਹੀਂ ਹਰ ਕਾਰੋਬਾਰ ਉਤੇ ਕਾਬਜ਼ ਹੋ ਰਹੀਆਂ ਹਨ। ਮਸਲਨ ਇਕ ਵੱਡਾ ਮਾਲ ਖੁੱਲਣ ਦੇ ਨਤੀਜੇ ਵਜੋਂ ਉਹ ਔਸਤ 1800 ਦੁਕਾਨਾਂ ਦਾ ਧੰਦਾ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਕਾਰਪੋਰੇਟ ਕੰਪਨੀਆਂ ਦਾ ਸਰਵੇਖਣ ਹੈ ਕਿ ਪੂੰਜੀਵਾਦ ਦੇ ਜਾਰੀ ਮੰਦਵਾੜੇ ਵਿਚ ਸਿਰਫ ਖ਼ੁਰਾਕ ਦਾ ਕਾਰੋਬਾਰ ਹੀ ਸਭ ਤੋਂ ਜ਼ਿਆਦਾ ਜ਼ਿਆਦਾ ਮੁਨਾਫ਼ਾ ਦੇਵੇਗਾ, ਇਸ ਲਈ ਉਹ ਹਿਮਾਲਿਆ ਦੇ ਇਸ ਖਿੱਤੇ ਭਾਵ ਗੰਗਾ ਸਿੰਧ ਦੇ ਮੈਦਾਨ ਵਿੱਚ ਪੈਂਦੀਆਂ ਸਾਡੀਆਂ ਬੇਹੱਦ ਉਪਜਾਊ ਜ਼ਮੀਨਾਂ ਉਤੇ ਕਿਸੇ ਵੀ ਕੀਮਤ ‘ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ। ਸੁਖਦੇਵ ਸਿੰਘ ਭੁਪਾਲ ਨੇ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਵਾਤਾਵਰਨ, ਮਨੁੱਖ ਅਤੇ ਫ਼ਸਲਾਂ ਉਤੇ ਪੈ ਰਹੇ ਮਾਰੂ ਅਸਰਾਂ ਦੀ ਵਿਆਖਿਆ ਕੀਤੀ। ਲਿਬਰੇਸ਼ਨ ਆਗੂ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਸੀ ਕਿ ਕਾਰਪੋਰੇਟ ਕੰਪਨੀਆਂ ਆਬਾਦੀ ਦੇ ਸਿਰਫ਼ ਉਨੇ ਕੁਝ ਹਿੱਸੇ ਨੂੰ ਹੀ ਆਬਾਦੀ ਮੰਨਦੇ ਹਨ, ਜੋ ਉਨ੍ਹਾਂ ਦੀ ਖਪਤਕਾਰ ਹੈ। ਬਾਕੀ ਆਬਾਦੀ ਨੂੰ ਉਹ ਅਜਿਹਾ ਬੋਝ ਮੰਨਦੇ ਨੇ, ਜਿਸ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਹਾਸਲ ਕਰਨਾ ਹੈ। ਇਸੇ ਮਨੋਰਥ ਲਈ ਉਨ੍ਹਾਂ ਨੇ ਚੰਦੇ ਦੇ ਨਾਂ ‘ਤੇ ਅਰਬਾਂ ਰੁਪਏ ਖ਼ਰਚ ਕੇ ਕੇ ਫਾਸਿਸਟ ਸੰਘ-ਬੀਜੇਪੀ ਗਿਰੋਹ ਨੂੰ ਦੇਸ਼ ਦੀ ਸਤਾ ਸੌਂਪੀ ਹੈ। ਸਾਨੂੰ ਸੁਚੇਤ ਤੇ ਇਕਜੁੱਟ ਹੋਣ ਦੀ ਸਖ਼ਤ ਲੋੜ ਹੈ ਕਿਉਂਕਿ ਇਹ ਫਾਸਿਸਟ ਲਾਣਾ ਜਨਤਾ ਨੂੰ ਧਾਰਮਿਕ ਤੇ ਜਾਤੀ ਅਧਾਰ ‘ਤੇ ਪਾੜ ਕੇ ਵਿਰੋਧ ਦੀ ਆਵਾਜ਼ ਨੂੰ ਬੇਅਸਰ ਕਰਨ ਦੇ ਹੱਥਕੰਡੇ ਵਰਤ ਰਹੇ ਨੇ। ਯਾਦਗਾਰ ਕਮੇਟੀ ਵਲੋਂ ਲੋੜੀਂਦੇ ਘਰੇਲੂ ਸਾਮਾਨ ਅਤੇ ਨਕਦ ਮੱਦਦ ਨਾਲ ਸ਼ਹੀਦ ਲਾਭ ਸਿੰਘ ਦੀ ਪਤਨੀ ਅੰਗਰੇਜ਼ ਕੌਰ ਦਾ ਸਨਮਾਨ ਕੀਤਾ ਗਿਆ। ਪਾਸ ਕੀਤੇ ਇਕ ਮਤੇ ਵਿੱਚ ਪਿੰਡ ਦਾਨ ਸਿੰਘ ਵਾਲਾ ਵਿਖੇ 8 ਮਜ਼ਦੂਰਾਂ ਦੇ ਘਰਾਂ ਨੂੰ ਲੁੱਟਣ ਤੇ ਫੂਕ ਦੇਣ ਦੀ ਘਿਨਾਉਣੀ ਘਟਨਾ ਦੀ ਨਿੰਦਾ ਕਰਦਿਆਂ ਨਸ਼ਾ ਤਸਕਰ ਮੁਜਰਮਾਂ ਨੂੰ ਸਖ਼ਤ ਸਜ਼ਾਵਾਂ ਅਤੇ ਪੀੜਤਾਂ ਨੂੰ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਅੰਤ ਵਿੱਚ ਸਾਬਕਾ ਵਿਦਿਆਰਥੀ ਆਗੂ ਸੁਖਦੇਵ ਸਿੰਘ ਪਾਂਧੀ ਨੇ ਸਾਰੇ ਹਾਜ਼ਰ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਰ ਇੱਕ ਨੂੰ ਮਿਲੇਗਾ ਸਾਫ਼ ਸੁਥਰਾ ਪਾਣੀ- ਵਿਧਾਇਕ ਰੰਧਾਵਾ
Next articleਤੁਸੀਂ ਯਾਦ ਰੱਖੋਗੇ…