HOME ਤੁਸੀਂ ਯਾਦ ਰੱਖੋਗੇ…

ਤੁਸੀਂ ਯਾਦ ਰੱਖੋਗੇ…

1
ਫਲੇਲ ਸਿੰਘ ਸਿੱਧੂ
  ਫਲੇਲ ਸਿੰਘ ਸਿੱਧੂ
(ਸਮਾਜ ਵੀਕਲੀ) ਸਾਰੀਆਂ ਜਾਤ-ਬਰਾਦਰੀਆਂ ਨਾਲ ਹੀ ਪਿੰਡ ਦੀ ਆਭਾ ਨੂੰ ਚਾਰ ਚੰਨ ਲੱਗਦੇ ਹਨ। ਪਿੰਡ ਦੇ ਮੋੜੀ ਗੱਡ ਬਜ਼ੁਰਗ ਪਿੰਡ ਲਈ ਦੀ ਮੁਕੰਮਲ ਹੋਂਦ ਲਈ ਦੂਰੋਂ-ਨੇੜਿਓ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਲੋਕਾਂ ਨੂੰ ਲਿਆ ਕੇ ਪਿੰਡ ਚ ਵਸੇਬ ਕਰਵਾਉਂਦੇ ਸਨ ਕਿਉਂਕਿ ਉਸ ਵਕਤ ਪਿੰਡ ਹੀ ਆਪਣੇ-ਆਪ ‘ਚ ਸ਼ਹਿਰ,ਮੰਡੀ,ਕਸਬਾ ਆਦਿ ਹੁੰਦਾ ਸੀ।ਲੋਕਾਂ ਦੀ ਹਰ ਲੋੜ ਪਿੰਡ ਪੱਧਰ ਤੇ ਹੀ ਪੂਰੀ ਹੁੰਦੀ ਸੀ।
             ਸਾਡੇ ਪਿੰਡ ਵੀ ਪਾਣੀ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਝਿਉਰ ਬਰਾਦਰੀ ਦਾ ਇੱਕ ਘਰ ਸੀ।ਉਸ ਪਰਿਵਾਰ ਦਾ ਮੁਖੀ ਠੋਲੂ ਸਿੰਘ।ਜਿਵੇਂ ਕਿ ਗਰੀਬ ਦਾ ਨਾਂ ਘਸਦਾ-ਘਸਦਾ ਅੱਧਾ ਕੁ ਹੀ ਰਹਿ ਜਾਂਦਾ ਹੈ ,ਉਸੇ ਮਾਨਸਿਕਤਾ ਚੋਂ ਠੋਲੂ ਸਿੰਘ ਤੋਂ ਸਿਰਫ ਠੋਲੂ ਹੀ ਰਹਿ ਗਿਆ ਸੀ।
    ਠੋਲੂ ਸਿੰਘ ਦੇ ਘਰੋਂ ਧੰਨ ਕੌਰ ਉਰਫ ਧੰਨੋ ਘਰ ਦਾ ਗੁਜਾਰਾ ਚਲਾਉਣ ਲਈ ਭੱਠੀ ਤਪਾਉਂਦੀ ਸੀ।ਦਿਨੇ ਬਾਲਣ ਇੱਕਠਾ ਕਰਕੇ ਸ਼ਾਮ ਨੂੰ ਭੱਠੀ ਤਪਾਉਣੀ ਉਸ ਦਾ ਕਿੱਤਾ ਵੀ ਸੀ ਤੇ ਇਸ ਨਾਲ ਉਹ ਦਾਣਾ- ਫੱਕਾ ਵੀ ਵੀ ਚੋਖਾ ਕਰ ਲੈਂਦੀ ਸੀ।ਜਵਾਕਾਂ ਦਾ ਉਸ ਨਾਲ  ਚੁੰਘ ਨੂੰ ਲੈ ਕੇ ਸਾਰੀ ਉਮਰ ਰੋਸਾ ਹੀ ਰਿਹਾ।ਉਸ ਦਾ ਚੁੰਘ ਕੱਢਣ ਦਾ ਤਰੀਕਾ ਬਾ-ਕਮਾਲ ਸੀ।ਹੱਥ ਦੀ ਸਫਾਈ ਜਾਦੂਗਰਾਂ ਨੂੰ ਵੀ ਮਾਤ ਪਾਉਂਦੀ ਸੀ।ਉੱਤੋਂ ਬੱਠਲ ‘ਚ ਦਾਤੀ ਵੀ ਇੰਝ ਘਮਾਉਂਦੀ ਕਿ ਰਹਿੰਦੀ-ਖੂੰਹਦੀ ਕਸਰ ਵੀ ਕੱਢ ਲੈਂਦੀ।
                ਦੋਵਾਂ ਦਾ ਗੁਜਰ-ਬਸਰ  ਰੁੜੀ ਜਾਂਦਾ ਸੀ।ਲਉ ਹੁਣ ਆਪਾ ਠੋਲੂ ਸਿੰਘ ਦੀਆਂ ਇਛਾਵਾਂ ਦੀ ਗੱਲ ਕਰੀਏ।ਉਹ ਘਰਾਂ ‘ਚ ਵਿਆਹ-ਸਾਦੀ ਨੂੰ ਪਾਣੀ ਪਾਉਂਦਾ-ਪਾਉਂਦਾ ਹਲਵਾਈਆਂ ਤੇ ਰਾਜਿਆਂ ਵਾਲੇ ਕੰਮਾਂ ‘ਚ ਵੀ ਹੱਥ ਅਜਮਾਉਣ ਦੀ ਸੋਚਣ ਲੱਗਾ।ਘਰੋਂ ਚੋਂ , ਤਾਏ ਦੇ ਮੁੰਡੇ ਦਾ ਮੁਕਲਾਵਾ।ਹੋਰ ਖਾਣ-ਪੀਣ ਦੇ ਨਾਲ ਸਵੀਟ ਡਿਸ਼ ਵਜੋਂ ਕੜਾਹ/ਭੋਗ ਜਾਂ ਪ੍ਰਸ਼ਾਦ ਜੋ ਵੀ ਤੁਸੀਂ ਠੀਕ ਸਮਝੋ, ਤਿਆਰ ਕਰਨ ਦਾ ਵਿਚਾਰ ਬਣਿਆ।ਸਮਾਨ ਇੱਕਠਾ ਹੋਇਆ।ਕੜਾਹੀ ਧਰੀ ਗਈ। ਐਨ ਉਸੇ ਸਮੇਂ ਠੋਲੂ ਸਿਉਂ ਦੀ ਇੰਟਰੀ ਹੋ ਗਈ।ਪਤਾ ਤਾਂ ਉਸ ਨੂੰ ਵੀ ਸੀ ਫੇਰ ਵੀ ਪੁੱਛਦੈ,”ਕੀ ਬਣ ਰਿਹਾ??”
        ਬਾਬਾ ਭੋਗ ਬਣਾ ਰਹੇ ਆ।ਫੇਰ ਇਹ ਮੌਕਾ ਤੁਸੀਂ ਮੈਨੂੰ ਦਿਉ।ਮੈਂ ਬਣਾਉਂਦਾ।ਤੁਸੀਂ ਬਾਬੇ ਦੇ ਭੋਗ ਨੂੰ ਸਾਰੀ ਉਮਰ ਯਾਦ ਰੱਖੋਗੇ।ਜੱਕੋ-ਤੱਕੀ ‘ਚ ਉਸ ਨੂੰ ਭੋਗ ਬਣਾਉਣ ਦੀ ਮਨਜੂਰੀ ਮਿਲ ਗਈ।
            ਠੋਲੂ ਸਿਉਂ ਨੇ ਲੈ ਕੇ ਰੱਬ ਦਾ ਨਾਂ ਕਰਤਾ ਕੰਮ ਸੁਰੂ।ਨਾਲੇ ਕਹੀ ਜਾਵੇ ਤੁਸੀਂ ਮੈਨੂੰ ਸਾਰੀ ਉਮਰ ਯਾਦ ਰੱਖੋਗੇ।ਸੱਚੀਓ ਉਹੀ ਗੱਲ ਹੋਈ ।ਭੋਗ ਵਰਤਾਉਣ ਵੇਲੇ ਕੜਛੀ ਕਾਫੀ ਜ਼ੋਰ ਜਿਹਾ ਲਵਾਏ।ਜਦੋਂ ਕੌਲੀਆਂ ਚ ਪਾਇਆ ਤਾਂ ਕੌਲੀ,ਭੋਗ ਤੇ ਚਮਚਾ ਇੱਕ ਦੂਜੇ ਨੂੰ ਛੱਡਣ ਹੀ ਨਾ।ਜੇ ਉਹਨਾਂ ਦੀ ਕਿੜੱਗੜੀ ਜਿਹੀ ਛੁੱਟੇ ਤਾਂ ਹੀ ਖਾਣ ਵਾਲਾ ਖਾਏ। ਕੌਲੀ,ਭੋਗ ਤੇ ਚਮਚਾ ਇੱਕਠੇ ਹੀ ਮੂੰਹ ਤੱਕ ਆਉਣ।ਤਿੰਨਾਂ ਨੂੰ ਵੱਖ ਕਰਨਾ ਔਖਾ ਹੋ ਗਿਆ।ਲਓ ਬਈ ,ਹੋ ਗਈ ਠੋਲੂ ਸਿਉਂ ਦੀ ਧੰਨ-ਧੰਨ।ਠੋਲੂ ਸਿਉਂ ਜ਼ੁਬਾਨ ਦਾ ਪੱਕਾ ਨਿਕਲਿਆ।ਜਿਸ ਨੇ ਵੀ ਇਹ ਨਜ਼ਾਰਾ ਦੇਖਿਆ ,ਠੋਲੂ ਸਿਉਂ ਨੂੰ ਨਹੀਂ  ਭੁੱਲ ਸਕਦੈ।ਸਾਡੇ ਘਰਾਂ ‘ਚ ਉਸ ਨੂੰ ਅੱਜ ਵੀ ਬਹੁਤ ਹੀ ਅਦਬ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ।ਹੁਣ ਵੀ ,ਰੱਬ ਨੇ ਕਰੇ ਜੇ ਕਦੇ  ਘਰ ਕਿਸੇ ਕਾਰਣ ਕੱਚਾ- ਪਿੱਲਾ ਭੋਗ ਬਣ ਜਾਵੇ ਤਾਂ ਝੱਟ ਬਾਬਾ ਠੋਲੂ ਯਾਦ ਆ ਜਾਂਦੈ,”ਬਣਾ ਲਿਆ ਲੈ ਠੋਲੂ ਆਲਾ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਹੀਦ ਲਾਭ ਸਿੰਘ ਦੀ ਬਰਸੀ – ਖੇਤੀ ਮੰਡੀਕਰਨ ਬਾਰੇ ਮੋਦੀ ਸਰਕਾਰ ਵਲੋਂ ਲਿਆਂਦਾ ਨਵਾਂ ਪਾਲਸੀ ਡ੍ਰਾਫਟ ਸਮਾਜ ਦੇ ਹਰ ਵਰਗ ਦੇ ਕਾਰੋਬਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ – ਹਮੀਰ ਸਿੰਘ
Next articleਕੱਠਪੁਤਲੀਆਂ ਦਾ ਨਾਚ