ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ

ਇਸਲਾਮਾਬਾਦ (ਸਮਾੲਜ ਵੀਕਲੀ):  ਪਾਕਿਸਤਾਨ ਦੀ ਸੰਸਦ ਨੇ ਸੋਮਵਾਰ ਨੂੰ ਸ਼ਾਹਬਾਜ਼ ਸ਼ਰੀਫ਼ ਨੂੰ ਬਿਨਾਂ ਕਿਸੇ ਵਿਰੋਧ ਦੇ ਮੁਲਕ ਦਾ 23ਵਾਂ ਪ੍ਰਧਾਨ ਮੰਤਰੀ ਚੁਣ ਲਿਆ। ਇਸ ਦੇ ਨਾਲ ਇਮਰਾਨ ਖ਼ਾਨ ਖ਼ਿਲਾਫ਼ 8 ਮਾਰਚ ਨੂੰ ਲਿਆਂਦੇ ਗਏ ਬੇਭਰੋਸਗੀ ਮਤੇ ਤੋਂ ਬਾਅਦ ਮੁਲਕ ’ਚ ਬਣੇ ਬੇਯਕੀਨੀ ਦੇ ਹਾਲਾਤ ਖ਼ਤਮ ਹੋ ਗਏ ਹਨ। ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਦ ’ਚ ਵੋਟਿੰਗ ’ਚ ਹਿੱਸਾ ਨਾ ਲੈਣ ਅਤੇ ਵਾਕਆਊਟ ਕਰਨ ਦਾ ਐਲਾਨ ਕੀਤਾ ਜਿਸ ਤੋਂ ਬਾਅਦ 70 ਸਾਲਾ ਸ਼ਾਹਬਾਜ਼ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਇਕੱਲੇ ਉਮੀਦਵਾਰ ਰਹਿ ਗਏ ਸਨ। ਬਾਅਦ ’ਚ ਦੇਰ ਰਾਤ ਪਾਕਿਸਤਾਨ ਦੀ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਸ਼ਾਹਬਾਜ਼ ਨੂੰ ਅਹੁਦੇ ਦਾ ਹਲਫ਼ ਦਿਵਾਇਆ।

ਰਾਸ਼ਟਰਪਤੀ ਆਰਿਫ਼ ਅਲਵੀ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਸਾਦਿਕ ਨੇ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਖ਼ਿੱਤੇ ’ਚ ਸਥਿਰਤਾ ਅਤੇ ਸ਼ਾਂਤੀ ਚਾਹੁੰਦਾ ਹੈ ਅਤੇ ਇਹ ਦਹਿਸ਼ਤ ਮੁਕਤ ਹੋਵੇ। ਸਪੀਕਰ ਅਯਾਜ਼ ਸਾਦਿਕ ਨੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਨਤੀਜਿਆਂ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਸ਼ਰੀਫ਼ ਨੂੰ 174 ਵੋਟਾਂ ਮਿਲੀਆਂ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਇਸਲਾਮਿਕ ਗਣਰਾਜ ਦਾ ਪ੍ਰਧਾਨ ਮੰਤਰੀ ਐਲਾਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਅੰਤਰ-ਆਤਮਾ ਸੈਸ਼ਨ ਚਲਾਉਣ ਦੀ ਇਜਾਜ਼ਤ ਨਹੀਂ ਦਿੰਦੀ ਹੈ। 372 ਮੈਂਬਰੀ ਸਦਨ ’ਚ ਜਿੱਤ ਲਈ ਘੱਟ ਤੋਂ ਘੱਟ 172 ਮੈਂਬਰਾਂ ਦੇ ਸਮਰਥਨ ਦੀ ਲੋੜ ਸੀ। ਪ੍ਰਧਾਨ ਮੰਤਰੀ ਵਜੋਂ ਸਦਨ ’ਚ ਆਪਣੇ ਪਹਿਲੇ ਭਾਸ਼ਨ ’ਚ ਸ਼ਾਹਬਾਜ਼ ਨੇ ਕਿਹਾ ਕਿ ਪਾਕਿਸਤਾਨ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਖ਼ਿਲਾਫ਼ ਬੇਭਰੋਸਗੀ ਦਾ ਮਤਾ ਕਾਮਯਾਬ ਹੋਇਆ ਹੈ।

ਉਨ੍ਹਾਂ ਕਿਹਾ,‘‘ਬੁਰਾਈ ’ਤੇ ਅੱਛਾਈ ਦੀ ਜਿੱਤ ਹੋਈ ਹੈ।’’ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਨੇ ਕਿਹਾ ਕਿ ਅਮਰੀਕੀ ਡਾਲਰ ਦਾ ਮੁੱਲ ਅੱਜ 8 ਰੁਪਏ ਘੱਟ ਹੋਣਾ ‘ਜਨਤਾ ਦੀ ਖੁਸ਼ੀ’ ਨੂੰ ਦਰਸਾਉਂਦਾ ਹੈ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸ਼ਾਹਬਾਜ਼ ਨੇ ਸਿਖਰਲੀ ਅਦਾਲਤ ਵੱਲੋਂ ਸਰਬਸੰਮਤੀ ਨਾਲ ਸੁਣਾਏ ਗਏ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਜਿਸ ਦਿਨ ਫ਼ੈਸਲਾ ਸੁਣਾਇਆ ਸੀ, ਉਸ ਨੂੰ ਪਾਕਿਸਤਾਨ ਦੇ ਇਤਿਹਾਸ ’ਚ ‘ਇਤਿਹਾਸਕ ਦਿਨ’ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਜੇਕਰ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਸਾਨੂੰ ਵਿਦੇਸ਼ੀ ਸਾਜ਼ਿਸ਼ਘਾੜਿਆਂ ਤੋਂ ਸਹਾਇਤਾ ਮਿਲੀ ਸੀ ਤਾਂ ਸਪੀਕਰ ਸਾਹਬ ਮੈਂ ਤੁਹਾਨੂੰ ਅਤੇ ਅੱਲ੍ਹਾ ਨੂੰ ਗਵਾਹ ਮੰਨਦਾ ਹੋਇਆ ਇਕ ਵੀ ਸਕਿੰਟ ਅਹੁਦੇ ’ਤੇ ਨਹੀਂ ਰਹਿਣਾ ਚਾਹਾਂਗਾ ਅਤੇ ਅਸਤੀਫ਼ਾ ਦੇ ਦੇਵਾਂਗਾ।’’ ਉਨ੍ਹਾਂ ਚੀਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਦੋਸਤੀ ਕਾਇਮ ਰਹੇਗੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMen’s national hockey: Chandigarh, Jharkhand, Bengal register easy wins
Next articleਸ਼ਾਹਬਾਜ਼ ਅਤੇ ਪੁੱਤਰ ਖ਼ਿਲਾਫ਼ ਕੇਸ ਦੀ ਸੁਣਵਾਈ 27 ਤੱਕ ਟਲੀ