ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਨੈਸ਼ਨਲ ਗਰੀਨ ਟ੍ਰਰਿਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਸੀਵਰੇਜ ਦੇ ਗੰਦੇ ਪਾਣੀ ਨੂੰ ਨਦੀਆਂ ਜਾਂ ਦਰਿਆਵਾਂ ਵਿੱਚ ਨਾ ਮਿਲਾ ਕੇ ਇਸ ਨੂੰ ਫਸਲਾਂ ਦੀ ਸਿੰਚਾਈ ਲਈ ਵਰਤਿਆ ਜਾਵੇ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਿਆ ਜਾ ਸਕੇ ਅਤੇ ਵਾਤਾਵਰਨ ਨੂੰ ਵੀ ਸਵੱਛ ਰੱਖਿਆ ਜਾਵੇ। ਪੂਰੇ ਪੰਜਾਬ ਅੰਦਰ ਸੀਵਰੇਜ ਟਰੀਟਮੈਂਟ ਪਲਾਂਟ ਦੇ ਸੋਧੇ ਪਾਣੀ ਨੂੰ ਸਿੰਚਾਈ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਨਵਾਂ ਸ਼ਹਿਰ ਵਿਖੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਲਗਾਏ ਗਏ ਸੀਵਰੇਜ ਟਰੀਟਮੈਂਟ ਪਲਾਟ ਦੇ ਸੋਧੇ ਪਾਣੀ ਨੂੰ ਸਿੰਚਾਈ ਲਈ ਵਰਤਣ ਸਬੰਧੀ ਭੂਮੀ ਪਾਲ,ਮੋਹਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੰਡਲ ਭੂਮੀ ਰੱਖਿਆ ਅਫਸਰ,ਸ਼ਹੀਦ ਭਗਤ ਸਿੰਘ ਨਗਰ ਸ੍ਰੀ ਹਰਪ੍ਰੀਤ ਸਿੰਘ ਬਾਠ ਜੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਕ੍ਰਿਸ਼ਨ ਦੁਗਲ , ਉਪ ਮੰਡਲ ਭੂਮੀ ਰੱਖਿਆ ਅਫਸਰ,ਨਵਾਂ ਸ਼ਹਿਰ ਜੀ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੀ ਹਾਜ਼ਰੀ ਵਿੱਚ ਪਿੰਡ ਮਹਾਲੋ ਅਤੇ ਪਿੰਡ ਗੁਜਰਪੁਰ ਦੇ ਕਿਸਾਨਾਂ ਦੇ ਨਾਲ ਕੋਆਪਰੇਟਿਵ ਸੁਸਾਇਟੀ ਮਹਾਲੋ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਦੁੱਗਲ , ਉਪ ਮੰਡਲ ਭੂਮੀ ਰੱਖਿਆ ਅਫਸਰ ਨਵਾਂ ਸ਼ਹਿਰ ਜੀ ਨੇ ਦੱਸਿਆ ਕਿ ਸੀਵਰੇਜ ਟਰੀਟਮੈਂਟ ਪਲਾਂਟ ਨਵਾਂ ਸ਼ਹਿਰ ਤੋਂ ਰੋਜਾਨਾ ਲਗਭਗ 60 ਲੱਖ ਲੀਟਰ ਪਾਣੀ ਸੋਧਿਆ ਜਾ ਰਿਹਾ ਹੈ ਅਤੇ ਇਹ ਸੋਧਿਆ ਹੋਇਆ ਪਾਣੀ ਵਿਅਰਥ ਜਾ ਰਿਹਾ ਹੈ। ਇਸ ਸੋਧੇ ਹੋਏ ਪਾਣੀ ਨਾਲ ਰੋਜਾਨਾ ਲਗਭਗ 20 ਏਕੜ ਰਕਬੇ ਦੀ ਸਿੰਚਾਈ ਕੀਤੀ ਜਾ ਸਕਦੀ ਹੈ ਅਤੇ ਇਹ ਪਾਣੀ ਇਹਨਾਂ ਪਿੰਡਾ ਦੇ ਲਗਭਗ 200 ਏਕੜ ਰਕਬੇ ਦੀਆਂ ਸਿੰਚਾਈ ਲੋੜਾਂ ਪੂਰੀਆਂ ਕਰਨ ਦੇ ਸਮਰਥ ਹੈ। ਉਹਨਾਂ ਦੱਸਿਆ ਕੀ ਪਾਣੀ ਦੇ ਸਿੰਚਾਈ ਯੋਗ ਹੋਣ ਸਬੰਧੀ ਟੈਸਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਕਰਵਾ ਕੇ ਇਸ ਪਾਣੀ ਨੂੰ ਕਿਸਾਨਾਂ ਨੂੰ ਉਪਲਬਧ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਕਿਸਾਨ ਜਿੱਥੇ ਇਹ ਪਾਣੀ ਵਰਤ ਕੇ ਧਰਤੀ ਹੇਠਲੇ ਪਾਣੀ ਦੇ ਲੈਵਲ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਨਗੇ ਉੱਥੇ ਕਿਸਾਨ ਬਿਜਲੀ ਦੀ ਬਚਤ ਕਰਕੇ ਵੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ , ਸ੍ਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਸੋਧਿਆ ਹੋਇਆ ਪਾਣੀ ਹਰ ਤਰ੍ਹਾਂ ਦੀ ਫਸਲਾਂ ਨੂੰ ਲਗਾਇਆ ਜਾ ਸਕਦਾ ਹੈ ਅਤੇ ਇਸ ਦਾ ਫਸਲਾਂ,ਪਸ਼ੂਆਂ ਅਤੇ ਚਾਰੇ ਉੱਪਰ ਕੋਈ ਬੁਰਾ ਪ੍ਰਭਾਵ ਨਹੀਂ ਹੈ। ਬਾਗਬਾਨੀ ਅਧਿਕਾਰੀ ਡਾ.ਪਰਮਜੀਤ ਨੇ ਸੋਧੇ ਪਾਣੀ ਦੇ ਬਾਗਬਾਨੀ ਫਸਲਾਂ ਨੂੰ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਪ੍ਰਦੀਪ ਸਿੰਘ, ਭੂਮੀ ਰੱਖਿਆ ਅਫਸਰ ਨਵਾਂ ਸ਼ਹਿਰ ਵੱਲੋਂ ਕਿਸਾਨਾਂ ਨੂੰ ਪ੍ਰਸ਼ਤਾਵਿਤ ਵਿਛਾਈ ਜਾਨ ਵਾਲੀ ਪਾਈਪ ਲਾਈਨ ਅਤੇ ਵਿਭਾਗੀ ਸਕੀਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਮਾਲ ਵਿਭਾਗ ਤੋਂ ਸ੍ਰੀ ਵਿਵੇਕ ਕੁਮਾਰ ਪਟਵਾਰੀ ਵੱਲੋਂ ਪਾਈਪ ਲਾਈਨ ਅਧੀਨ ਆਉਣ ਵਾਲੇ ਰਕਬੇ ਤੇ ਨਿਸ਼ਾਨ ਦੇਹੀ ਬਾਰੇ ਦੱਸਿਆ ਗਿਆ।
ਮਹਿੰਦਰ ਰਾਮ ਸਾਬਕਾ ਸਰਪੰਚ ਪਿੰਡ ਗੁੱਜਰਪੁਰ, ਕੁਲਵੀਰ ਸਿੰਘ ਨੰਬਰਦਾਰ ਅਤੇ ਹੋਰ ਅਗਾਹਵਧੂ ਕਿਸਾਨਾਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸੋਧੇ ਪਾਣੀ ਸਬੰਧੀ ਦਿਤੀ ਜਾਣਕਾਰੀ ਤੇ ਸੰਤੁਸ਼ਟੀ ਜਾਹਰ ਕੀਤੀ ਅਤੇ ਭੂਮੀ ਰੱਖਿਆ ਵਿਭਾਗ ਨੂੰ ਪਾਈਪ ਲਾਈਨ ਵਿਛਾਉਣ ਦਾ ਪਲਾਨ ਜਲਦੀ ਤੋਂ ਜਲਦੀ ਤਿਆਰ ਕਰਕੇ ਲਿਆਉਣ ਲਈ ਕਿਹਾ ਤਾਂ ਜੋ ਕਿਸਾਨਾਂ ਪਾਸੋਂ ਸਹਿਮਤੀ ਪ੍ਰਾਪਤ ਕਰਕੇ ਜਲਦੀ ਤੋਂ ਜਲਦੀ ਇਸ ਪ੍ਰੋਜੈਕਟ ਨੂੰ ਲਾਗੂ ਕੀਤਾ ਜਾ ਸਕੇ। ਇਸ ਮੌਕੇ ਸ਼੍ਰੀ ਸਤਨਾਮ ਸਿੰਘ ਸੈਕਟਰੀ ਮਹਾਲੋ, ਹਰਨੇਕ ਸਿੰਘ, ਸਰਬਦਿਆਲ ਸਿੰਘ, ਰਜਿੰਦਰ ਸਿੰਘ ਅਟਵਾਲ, ਦੇਵਰਾਜ, ਹਰਿੰਦਰ ਸਿੰਘ, ਸੁਰਪ੍ਰੀਤ ਕੌਰ, ਭੂਮੀ ਰੱਖਿਆ ਅਫਸਰ ਬੰਗਾ, ਸ਼ਿਵਰਾਜ ਸਿੰਘ, ਨਿਸ਼ਾਨ ਸਿੰਘ, ਰੋਹਿਤ ਕੁਮਾਰ, ਰਣਧੀਰ ਸਿੰਘ, ਪ੍ਰਦੀਪ ਕੁਮਾਰ, ਰੋਹਿਤ ਖੇਪੜ, ਗਾਥੁ ਰਾਮ, ਦਾਨਵੀਰ ਗਰਗ, ਜੂਨੀਅਰ ਨਕਸ਼ਾ ਨਵੀਸ਼ ਅਤੇ ਵਿਭਾਗ ਦੇ ਹੋਰ ਕਰਮਚਾਰੀ/ਅਧਿਕਾਰੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly