HOME ਵਿਸ਼ਵ ਵਿੱਚ ਬੋਧੀਆਂ ਦਾ ਸਰਵਸ਼੍ਰੇਸ਼ਟ ਪਵਿੱਤਰ ਇਤਿਹਾਸਕ ਸਥਾਨ ਬੋਧਗਯਾ

ਵਿਸ਼ਵ ਵਿੱਚ ਬੋਧੀਆਂ ਦਾ ਸਰਵਸ਼੍ਰੇਸ਼ਟ ਪਵਿੱਤਰ ਇਤਿਹਾਸਕ ਸਥਾਨ ਬੋਧਗਯਾ

3

ਅੰਬੇਡਕਰੀ ਅਤੇ ਤਰਕਸ਼ੀਲ ਸੰਸਥਾਵਾਂ ਆਲ ਇੰਡੀਆ ਬੁੱਧਿਸਟ ਫੋਰਮ ਨੂੰ ਤਨ, ਮਨ ਤੇ ਧਨ ਨਾਲ ਪੂਰਾ ਸਹਿਯੋਗ ਦੇਣ- ਲਾਮਾ

ਜਲੰਧਰ (ਸਮਾਜ ਵੀਕਲੀ) : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੁਆਰਾ ਅੰਬੇਡਕਰ ਭਵਨ ਟਰੱਸਟ, ਆਲ ਇੰਡੀਆ ਸਮਤਾ ਸੈਨਿਕ ਦਲ (ਪੰਜਾਬ ਯੂਨਿਟ) ਅਤੇ ਆਲ ਇੰਡੀਆ ਬੁੱਧਿਸਟ ਫੋਰਮ ਪੰਜਾਬ ਯੂਨਿਟ ਦੇ ਸਹਿਯੋਗ ਨਾਲ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ‘ਬੋਧਗਯਾ ਟੈਂਪਲ ਐਕਟ 1949 ਦੀ ਅਪ੍ਰਸੰਗਿਕਤਾ’ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਮਾਨਯੋਗ ਸ੍ਰੀ ਆਕਾਸ਼ ਲਾਮਾ ਜੀ ਨੇ ਮੁੱਖ ਬੁਲਾਰੇ ਅਤੇ ਡਾ. ਹਰਬੰਸ ਵਿਰਦੀ, ਅੰਤਰਰਾਸ਼ਟਰੀ ਕੋਆਰਡੀਨੇਟਰ, ਫੈਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁੱਧਿਸਟ ਆਰਗੇਨਾਈਜੇਸ਼ਨਜ਼ (612O) ਯੂਕੇ ਨੇ ਵਿਸ਼ੇਸ਼ ਬੁਲਾਰੇ ਵਜੋਂ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਹਰਮੇਸ਼ ਜੱਸਲ ਦੁਆਰਾ ਬੁੱਧ ਬੰਦਨਾ, ਤਰੀਸ਼ਰਣ, ਪੰਚਸ਼ੀਲ ਦਾ ਪਾਠ ਉਚਾਰਨ ਕਰਨ ਉਪਰੰਤ ਹੋਈ। ਸ੍ਰੀ ਹਰਬੰਸ ਵਿਰਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੁੱਧ ਧੱਮ ਸਾਡੇ ਪੁਰਖਿਆਂ ਦਾ ਧਰਮ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਆਪਣੇ ਲੱਖਾਂ ਅਨੁਆਈਆਂ ਦੇ ਨਾਲ ਬੁੱਧ ਧੱਮ ਵਿਚ ਦੀਕਸ਼ਾ ਲਈ ਸੀ ਅਤੇ 15 ਅਕਤੂਬਰ 1956 ਨੂੰ ਉਨ੍ਹਾਂ ਨੇ ਆਪ ਲੱਖਾਂ ਲੋਕਾਂ ਨੂੰ ਬੁੱਧ ਧੱਮ ਦੀ ਦੀਕਸ਼ਾ ਦਿੱਤੀ ਸੀ। ਇਸ ਦੇ ਨਾਲ ਹੀ ਬਾਬਾ ਸਾਹਿਬ ਨੇ ਸਾਨੂੰ ਇੱਕ ਪਵਿੱਤਰ ਗ੍ਰੰਥ ‘ਬੁੱਧਾ ਐਂਡ ਹਿਜ਼ ਧੱਮਾ, ਦਿੱਤਾ ਹੈ ਜੋ ਸਭ ਨੂੰ ਪੜ੍ਹਨਾ ਚਾਹੀਦਾ ਹੈ। ਵਿਰਦੀ ਸਾਹਿਬ ਨੇ ਕਿਹਾ ਕਿ ਬਾਬਾ ਸਾਹਿਬ ਨੇ ਬੁੱਧ ਧੱਮ ਦੀ ਦੀਕਸ਼ਾ ਦੇ ਕੇ ਸਾਨੂੰ ਸੰਸਾਰ ਦੇ ਬੋਧੀਆਂ ਨਾਲ ਜੋੜ ਦਿੱਤਾ ਹੈ। ਆਪਣੇ ਭਾਸ਼ਣ ਦੇ ਅੰਤ ਵਿੱਚ ਵਿਰਦੀ ਸਾਹਿਬ ਨੇ ਮੁੱਖ ਬੁਲਾਰੇ ਮਾਨਯੋਗ ਸ੍ਰੀ ਆਕਾਸ਼ ਲਾਮਾ ਜੀ ਦੀ ਸਰੋਤਿਆਂ ਨਾਲ ਜਾਣ ਪਹਿਚਾਣ ਕਰਾਈ। ਸ੍ਰੀ ਆਕਾਸ਼ ਲਾਮਾ ਜੀ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਯੋਧਿਆਂ ਤੇ ਕ੍ਰਾਂਤੀਕਾਰੀਆਂ ਦੀ ਧਰਤੀ ਹੈ। ਭਾਰਤ ਦੇਸ਼ ਦੇ ਸੁਤੰਤਰਤਾ ਸੰਗਰਾਮ ‘ਚ ਪੰਜਾਬੀਆਂ ਦਾ ਮਹੱਤਵਪੂਰਨ ਰੋਲ ਹੈ। ਆਜ਼ਾਦੀ ਉਪਰੰਤ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਚਾਰਧਾਰਾ ਦੇ ਪ੍ਰਸਾਰ ਅਤੇ ਪ੍ਰਚਾਰ ਵਿੱਚ ਵੀ ਪੰਜਾਬ ਦੇ ਅੰਬੇਡਕਰੀਆਂ ਦਾ ਬੇਮਿਸਾਲ ਯੋਗਦਾਨ ਹੈ। ਵਿਸ਼ਵ ਵਿੱਚ ਬੋਧੀਆਂ ਦੇ ਸਰਵਸ਼੍ਰੇਸ਼ਟ ਪਵਿੱਤਰ ਇਤਿਹਾਸਕ ਸਥਾਨ ਬੋਧਗਯਾ ਦਾ ਸਭ ਤੋਂ ਉੱਤਮ ਦਰਜਾ ਹੈ ਅਤੇ ਭਾਰੀ ਗਿਣਤੀ ਵਿੱਚ ਦੁਨੀਆਂ ਭਰ ਦੇ ਦੇਸ਼ਾਂ ਦੇ ਬੋਧੀ ਉਪਾਸਕ ਸ਼ਰਧਾਲੂ ਇਸ ਸਥਾਨ ਦੀ ਯਾਤਰਾ ਕਰਨ ਲਈ ਰੋਜ਼ਾਨਾ ਆਉਂਦੇ ਹਨ। ਪਰੰਤੂ ਸਭ ਤੋਂ ਹੈਰਾਨੀ ਅਤੇ ਦੁੱਖ ਵਾਲੀ ਗੱਲ ਹੈ ਕਿ ਤਥਾਗਤ ਬੁੱਧ ਨਾਲ ਸਬੰਧਤ ਪਵਿੱਤਰ ਇਸ ਸਥਾਨ ਦਾ ਕਬਜ਼ਾ ਗੈਰ ਬੋਧੀਆਂ ਦੇ ਕੋਲ ਹੈ। ਪੂਰੀ ਦੁਨੀਆਂ ਵਿੱਚ ਇਹ ਇੱਕੋ ਇੱਕ ਸਥਾਨ ਹੈ ਜਿਸ ਦਾ ਪ੍ਰਬੰਧ ਗੈਰ ਧਰਮੀ ਲੋਕਾਂ ਕੋਲ ਹੈ। ਤਤਕਾਲੀਨ ਬਿਹਾਰ ਸਰਕਾਰ ਨੇ ਬੀ.ਟੀ. ਐਕਟ 1949 ਦੁਆਰਾ ਇਸ ਪਵਿੱਤਰ ਸਥਾਨ ਨੂੰ ਗੈਰ ਬੋਧੀਆਂ ਦੇ ਹਵਾਲੇ ਕੀਤਾ ਹੋਇਆ ਹੈ ਜੋ ਸਾਰੇ ਧਾਰਮਿਕ ਕਾਰਜ ਤਥਾਗਤ ਬੁੱਧ ਦੀ ਵਿਚਾਰਧਾਰਾ ਦੇ ਉਲਟ ਕਰਦੇ ਹੋਏ ਅੰਧ ਵਿਸ਼ਵਾਸ ਨੂੰ ਬੜਾਵਾ ਦੇ ਰਹੇ ਹਨ। ਉਹਨਾਂ ਨੇ ਸਭ ਤੋਂ ਪਵਿੱਤਰ ਬੁੱਧ ਭੂਮੀ ਨੂੰ ਸੈਰ ਸਪਾਟੇ ਦਾ ਇੱਕ ਸਥਾਨ ਬਣਾ ਦਿੱਤਾ ਹੈ। ਬੁੱਧ ਨੇ ਵਿਵੇਕਸ਼ੀਲ ਹੋਣ, ਵਿਗਿਆਨਕ ਸੂਝ ਵਿਕਸਿਤ ਕਰਨ ਅਤੇ ਤਰਕ ਅਧਾਰਤ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਸੀ ਜਦਕਿ ਗੈਰ ਬੋਧੀ ਪ੍ਰਬੰਧਕ ਸੰਮਤੀ ਕਰੂੜੀਵਾਦ ਅਡੰਬਰਾਂ, ਕਰਮਕਾਂਡਾਂ ਅਤੇ ਰੀਤਾਂ ਰਸਮਾਂ ਵਿੱਚ ਫਸਾ ਕੇ ਯਾਤਰੀਆਂ ਦੀ ਲੁੱਟ ਖਸੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੋਧਗਯਾ ਨੂੰ ਗੈਰ ਬੋਧੀਆਂ ਤੋਂ ਮੁਕਤ ਕਰਾਉਣ ਲਈ ਭਾਰਤ ਦੇ ਬੋਧੀ ਸਮਾਜ ਵੱਲੋਂ ਲੰਮੇ ਅਰਸੇ ਤੋਂ ਅੰਦੋਲਨ ਕੀਤੇ ਜਾ ਰਹੇ ਹਨ। ਸਤੰਬਰ 2024 ਤੋਂ ਆਲ ਇੰਡੀਆ ਬੁੱਧਿਸਟ ਫੋਰਮ ਦੀ ਅਗਵਾਈ ਹੇਠ ਪੀਸ-ਮਾਰਚ ਸਮੇਤ ਪੂਰੇ ਦੇਸ਼ ਵਿੱਚ ਜਿਲਾ ਪੱਧਰ ਦੇ ਰਾਸ਼ਟਰਪਤੀ ਜੀ ਨੂੰ ਮੈਮੋਰੈਂਡਮ ਭੇਜੇ ਗਏ। ਆਕਾਸ਼ ਲਾਮਾ ਜੀ ਨੇ ਪੰਜਾਬ ਦੇ ਸਾਰੇ ਬੋਧੀ ਉਪਾਸਕਾਂ ਅਤੇ ਅੰਬੇਡਕਰੀ ਅਤੇ ਤਰਕਸ਼ੀਲ ਵਿਚਾਰਧਾਰਾ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ‘ਬੋਧਗਯਾ ਮੁਕਤੀ ਅੰਦੋਲਨ’, ਆਲ ਇੰਡੀਆ ਬੁੱਧਿਸਟ ਫੋਰਮ ਨੂੰ ਤਨ ਮਨ ਤੇ ਧਨ ਨਾਲ ਪੂਰਾ ਸਹਿਯੋਗ ਦੇਣ। ਇਸ ਉਪਰੰਤ ਸ੍ਰੀ ਆਕਾਸ਼ ਲਾਮਾ ਜੀ ਨੇ ਸਰੋਤਿਆਂ ਦੇ ਸਵਾਲਾਂ ਦੇ ਤਸੱਲੀਬਖਸ਼ ਦਿੱਤੇ। ਮੰਚ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਬਾਖੂਬੀ ਕੀਤਾ। ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਜੀ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਲਾਮਾ ਜੀ 27 ਜਨਵਰੀ 2025 ਨੂੰ ਆਏ ਹਨ ਇਸੇ ਇਤਿਹਾਸਿਕ ਜਗ੍ਹਾ ਤੇ ਹੀ ਬਾਬਾ ਸਾਹਿਬ ਡਾ. ਅੰਬੇਡਕਰ ਠੀਕ 73 ਸਾਲ 3 ਮਹੀਨੇ ਪਹਿਲਾਂ 27 ਅਕਤੂਬਰ 1951 ਨੂੰ ਪਧਾਰੇ ਸਨ ਅਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਚਰਨ ਦਾਸ ਸੰਧੂ ਨੇ ਕਿਹਾ ਕਿ ਬਾਬਾ ਸਾਹਿਬ ਦੀ ਇਸ ਚਰਨ-ਛੋਹ ਪ੍ਰਾਪਤ ਭੂਮੀ ਜਿੱਥੇ ਉੱਘੇ ਅੰਬੇਡਕਰਵਾਦੀ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ੍ਰੀ ਲਾਹੌਰੀ ਰਾਮ ਬਾਲੀ ਨੇ ਆਪਣੇ ਸਾਥੀ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਇਹ ਭੂਮੀ ਖਰੀਦੀ ਅਤੇ ਇਸ ਦਾ ਅੰਬੇਡਕਰ ਭਵਨ ਟਰੱਸਟ ਬਣਾ ਕੇ ਆਪਣੇ ਟਰੱਸਟੀਆਂ ਦੇ ਸਹਿਯੋਗ ਨਾਲ ਇੱਕ ਆਲੀਸ਼ਾਨ ਭਵਨ ਬਣਾ ਕੇ ਬਾਬਾ ਸਾਹਿਬ ਦੀ ਵਿਰਾਸਤ ਨੂੰ ਕਾਇਮ ਕੀਤਾ ਹੈ। ਇਸ ਅੰਬੇਡਕਰ ਭਵਨ ਤੋਂ ਨਿਰੋਲ ਅੰਬੇਡਕਰੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਹੋਇਆ ਅਤੇ ਸਮਾਜ ਦੀ ਬੇਹਤਰੀ ਲਈ ਬਹੁਤ ਸਾਰੇ ਅੰਦੋਲਨ ਚੱਲੇ ‘ਤੇ ਹੁਣ ਸ੍ਰੀ ਆਕਾਸ਼ ਲਾਮਾ ਜੀ ਦੁਆਰਾ ਐਲਾਨ ਕੀਤਾ ਗਿਆ ‘ਬੋਧਗਯਾ ਮੁਕਤੀ ਅੰਦੋਲਨ’ ਵੀ ਪੰਜਾਬ ਵਿੱਚ ਇਸ ਇਤਿਹਾਸਿਕ ਸਥਾਨ ਅੰਬੇਡਕਰ ਭਵਨ ਤੋਂ ਗਤੀ ਫੜੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ), ਡਾ. ਜੀ.ਸੀ. ਕੌਲ, ਪ੍ਰੋ. ਬਲਬੀਰ, ਡਾ. ਮਹਿੰਦਰ ਸੰਧੂ, ਜਸਵਿੰਦਰ ਵਰਿਆਣਾ, ਬਲਦੇਵ ਰਾਜ ਜੱਸਲ, ਤਿਲਕਰਾਜ, ਪਰਮਿੰਦਰ ਸਿੰਘ ਖੁਤਣ, ਨਿਰਮਲ ਬਿੰਜੀ, ਹਰੀ ਸਿੰਘ ਥਿੰਦ, ਤਰਸੇਮ ਜਲੰਧਰੀ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਆਰ. ਕੇ. ਚੋਪੜਾ, ਪ੍ਰਿੰਸੀਪਲ ਪਰਮਜੀਤ ਜੱਸਲ, ਰਜੇਸ਼ ਵਿਰਦੀ , ਮਨੋਹਰ ਲਾਲ ਬਾਲੀ, ਸਤੀਸ਼ ਕੁਮਾਰ ਲਾਲ, ਕ੍ਰਿਸ਼ਨ ਲਾਲ ਬਾਲੀ, ਐਡਵੋਕੇਟ ਕੁਲਦੀਪ ਭੱਟੀ, ਹਰਭਜਨ ਨਿਮਤਾ, ਮੈਡਮ ਕਾਂਤਾ ਕੁਮਾਰੀ, ਮਨਜੀਤ ਕੌਰ, ਅਨੀਤਾ ਰਾਣੀ, ਕਵਿਤਾ ਢਾਂਡੇ ਆਦਿ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ,
ਜਨਰਲ ਸਕੱਤਰ,
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

 

Previous articleਭਾਰਤੀ ਰੇਲਵੇ ਕਰਮਚਾਰੀ ਫੈਡਰੇਸ਼ਨ ਭਾਰਤੀ ਰੇਲਵੇ ਭਰ ਵਿੱਚ ਯੂਪੀਐਸ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ -ਸਰਵਜੀਤ ਸਿੰਘ
Next articleਬਿਜਲੀ ਵਿਭਾਗ ਦੇ ਜੇ ਈ ਤੇ ਲੱਗੇ ਰਿਸ਼ਵਤ ਮੰਗਣ ਦੇ ਇਲਜਾਮ,ਤਲਵੰਡੀ ਚੌਧਰੀਆਂ ਵਿੱਚ ਰਹਿ ਰਹੇ ਪਰਿਵਾਰ ਨੂੰ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਕਰ ਰਹੇ ਖੱਜਲ ਖੁਆਰ