‘ਬੀ.ਟੀ. ਐਕਟ 1949’ ਰੱਦ ਕਰਕੇ ਬੋਧਗਯਾ ਮਹਾ ਬੁੱਧਵਿਹਾਰ ਪ੍ਰਬੰਧਕ ਸੰਮਤੀ ਦਾ ਪੂਰਾ ਪ੍ਰਬੰਧ ਨਿਰੋਲ ਬੋਧੀਆਂ ਨੂੰ ਦਿੱਤਾ ਜਾਵੇ – ਲਾਮਾ
ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੁਆਰਾ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਅਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ਼੍ਰੀ ਅਕਾਸ਼ ਲਾਮਾ ਨੇ ਕਿਹਾ ਕਿ ਪੰਜਾਬ ਯੋਧਿਆਂ ਤੇ ਕ੍ਰਾਂਤੀਕਾਰੀਆਂ ਦੀ ਧਰਤੀ ਹੈ। ਭਾਰਤ ਦੇਸ਼ ਦੇ ਸੁਤੰਤਰਤਾ ਸੰਗਰਾਮ ‘ਚ ਪੰਜਾਬੀਆਂ ਦਾ ਮਹੱਤਵਪੂਰਨ ਰੋਲ ਹੈ। ਆਜ਼ਾਦੀ ਉਪਰੰਤ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਚਾਰਧਾਰਾ ਦੇ ਪ੍ਰਸਾਰ ਅਤੇ ਪ੍ਰਚਾਰ ਵਿੱਚ ਵੀ ਪੰਜਾਬ ਦੇ ਅੰਬੇਡਕਰੀਆਂ ਦਾ ਬੇਮਿਸਾਲ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਿੱਚ ਬੋਧੀਆਂ ਦੇ ਸਰਵਸ਼੍ਰੇਸ਼ਟ ਪਵਿੱਤਰ ਇਤਿਹਾਸਕ ਸਥਾਨ ਬੋਧਗਯਾ ਮਹਾ ਬੁੱਧਵਿਹਾਰ ਦਾ ਸਭ ਤੋਂ ਉੱਤਮ ਦਰਜਾ ਹੈ ਅਤੇ ਭਾਰੀ ਗਿਣਤੀ ਵਿੱਚ ਦੁਨੀਆਂ ਭਰ ਦੇ ਦੇਸ਼ਾਂ ਦੇ ਬੋਧੀ ਉਪਾਸਕ ਸ਼ਰਧਾਲੂ ਇਸ ਸਥਾਨ ਦੀ ਯਾਤਰਾ ਕਰਨ ਲਈ ਰੋਜ਼ਾਨਾ ਆਉਂਦੇ ਹਨ। ਪਰੰਤੂ ਸਭ ਤੋਂ ਹੈਰਾਨੀ ਅਤੇ ਦੁੱਖ ਵਾਲੀ ਗੱਲ ਹੈ ਕਿ ਤਥਾਗਤ ਬੁੱਧ ਨਾਲ ਸਬੰਧਤ ਇਸ ਪਵਿੱਤਰ ਸਥਾਨ ਦਾ ਕਬਜ਼ਾ ਗੈਰ ਬੋਧੀਆਂ ਦੇ ਕੋਲ ਹੈ। ਪੂਰੀ ਦੁਨੀਆਂ ਵਿੱਚ ਇਹ ਇੱਕੋ ਇੱਕ ਸਥਾਨ ਹੈ ਜਿਸ ਦਾ ਪ੍ਰਬੰਧ ਗੈਰ ਧਰਮੀ ਲੋਕਾਂ ਕੋਲ ਹੈ। ਤਤਕਾਲੀਨ ਬਿਹਾਰ ਸਰਕਾਰ ਨੇ ਬੀ.ਟੀ. ਐਕਟ 1949 ਦੁਆਰਾ ਇਸ ਪਵਿੱਤਰ ਸਥਾਨ ਨੂੰ ਗੈਰ ਬੋਧੀਆਂ ਦੇ ਹਵਾਲੇ ਕੀਤਾ ਹੋਇਆ ਹੈ ਜੋ ਸਾਰੇ ਧਾਰਮਿਕ ਕਾਰਜ ਤਥਾਗਤ ਬੁੱਧ ਦੀ ਵਿਚਾਰਧਾਰਾ ਦੇ ਉਲਟ ਕਰਦੇ ਹੋਏ ਅੰਧ ਵਿਸ਼ਵਾਸ ਨੂੰ ਬੜਾਵਾ ਦੇ ਰਹੇ ਹਨ। ਉਨ੍ਹਾਂ ਨੇ ਸਭ ਤੋਂ ਪਵਿੱਤਰ ਬੁੱਧ ਭੂਮੀ ਨੂੰ ਸੈਰ ਸਪਾਟੇ ਦਾ ਇੱਕ ਸਥਾਨ ਬਣਾ ਦਿੱਤਾ ਹੈ। ਬੁੱਧ ਨੇ ਵਿਵੇਕਸ਼ੀਲ ਹੋਣ, ਵਿਗਿਆਨਕ ਸੂਝ ਵਿਕਸਿਤ ਕਰਨ ਅਤੇ ਤਰਕ ਅਧਾਰਤ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਸੀ, ਜਦਕਿ ਗੈਰ ਬੋਧੀ ਪ੍ਰਬੰਧਕ ਸੰਮਤੀ ਰੂੜੀਵਾਦ, ਅਡੰਬਰਾਂ, ਕਰਮਕਾਂਡਾਂ ਅਤੇ ਰੀਤਾਂ-ਰਸਮਾਂ ਵਿੱਚ ਫਸਾ ਕੇ ਯਾਤਰੀਆਂ ਦੀ ਲੁੱਟ ਖਸੁੱਟ ਕਰ ਰਹੇ ਹਨ।
ਲਾਮਾ ਜੀ ਨੇ ਕਿਹਾ ਕਿ ਬੋਧਗਯਾ ਮਹਾ ਬੁੱਧਵਿਹਾਰ ਨੂੰ ਗੈਰ ਬੋਧੀਆਂ ਤੋਂ ਮੁਕਤ ਕਰਾਉਣ ਲਈ ਭਾਰਤ ਦੇ ਬੋਧੀ ਸਮਾਜ ਵੱਲੋਂ ਲੰਮੇ ਅਰਸੇ ਤੋਂ ਅੰਦੋਲਨ ਕੀਤੇ ਜਾ ਰਹੇ ਹਨ। ਸਤੰਬਰ 2024 ਤੋਂ ਆਲ ਇੰਡੀਆ ਬੁੱਧਿਸਟ ਫੋਰਮ ਦੀ ਅਗਵਾਈ ਹੇਠ ਪੀਸ-ਮਾਰਚ ਸਮੇਤ ਪੂਰੇ ਦੇਸ਼ ਵਿੱਚ ਜਿਲਾ ਪੱਧਰ ਦੇ ਰਾਸ਼ਟਰਪਤੀ ਜੀ ਨੂੰ ਮੈਮੋਰੈਂਡਮ ਭੇਜੇ ਗਏ। ਉਨ੍ਹਾਂ ਨੇ ਕਿਹਾ ਕਿ 12 ਫਰਵਰੀ 2025 ਨੂੰ ਅਨਿਸ਼ਚਿਤਕਾਲੀਨ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। ਆਕਾਸ਼ ਲਾਮਾਂ ਨੇ ਕਿਹਾ ਕਿ ਸ੍ਰੀ ਲੰਕਾ ਦੇ ਮਹਾਨ ਬੋਧੀ ਵਿਦਵਾਨ ਅਨਾਗਰਿਕ ਧਰਮਪਾਲ ਨੇ 1891 ਤੋਂ ਆਪਣੇ ਪ੍ਰੀਨਿਰਵਾਣ 1933 ਤੱਕ ਇਸ ਮਹਾਨ ਬੋਧੀ ਸਥਾਨ ਨੂੰ ਰੂੜੀਵਾਦੀ ਗੈਰ ਬੋਧੀਆਂ ਤੋਂ ਮੁਕਤ ਕਰਵਾਉਣ ਲਈ ਨਿਰੰਤਰ ਸੰਘਰਸ਼ ਕੀਤਾ। ਬੇਸ਼ੱਕ 1949 ਵਿੱਚ ਬਿਹਾਰ ਸਰਕਾਰ ਨੇ ਇਸ ਸਬੰਧੀ ਬੀ.ਟੀ. ਐਕਟ ਤਾਂ ਬਣਾਇਆ ਪ੍ਰੰਤੂ ਬੋਧਗਯਾ ਮਹਾ ਬੁੱਧਵਿਹਾਰ ਦੀ ਪ੍ਰਬੰਧਕ ਸੰਮਤੀ ਵਿੱਚ ਸ਼ਾਮਿਲ 9 ਮੈਂਬਰਾਂ ਵਿੱਚ 5 ਮੈਂਬਰ ਗੈਰ ਬੋਧੀ ਹੀ ਸ਼ਾਮਿਲ ਕੀਤੇ ਜਾਣ ਦਾ ਕਾਨੂੰਨੀ ਪ੍ਰਬੰਧ ਕਰ ਦਿੱਤਾ ਗਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੀ.ਟੀ. ਐਕਟ 1949 ਨੂੰ ਰੱਦ ਕਰਕੇ ਬੋਧਗਯਾ ਮਹਾ ਬੁੱਧਵਿਹਾਰ ਦੀ ਪ੍ਰਬੰਧਕ ਸੰਮਤੀ ਦਾ ਪੂਰਾ ਪ੍ਰਬੰਧ ਨਿਰੋਲ ਬੋਧੀਆਂ ਨੂੰ ਦਿੱਤਾ ਜਾਵੇ। ਆਕਾਸ਼ ਲਾਮਾ ਜੀ ਨੇ ਪੰਜਾਬ ਦੇ ਸਾਰੇ ਬੋਧੀ ਉਪਾਸਕਾਂ ਅਤੇ ਅੰਬੇਡਕਰੀ ਅਤੇ ਤਰਕਸ਼ੀਲ ਵਿਚਾਰਧਾਰਾ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ‘ਬੋਧਗਯਾ ਟੈਂਪਲ ਮੁਕਤੀ ਅੰਦੋਲਨ’, ਆਲ ਇੰਡੀਆ ਬੁੱਧਿਸਟ ਫੋਰਮ ਨੂੰ ਤਨ ਮਨ ਤੇ ਧਨ ਨਾਲ ਪੂਰਾ ਸਹਿਯੋਗ ਦੇਣ। ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਇੱਕ ਸ਼ਰਾਰਤੀ ਅਨਸਰ ਵੱਲੋਂ ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨੂੰ ਤੋੜਨ ਦੀ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਇਸ ਮੰਦਭਾਗੀ ਘਟਨਾ ਦੀ ਉੱਚਪੱਧਰੀ ਜਾਂਚ ਕਰਵਾ ਕੇ ਇਸ ਪਿੱਛੇ ਸਾਜਿਸ਼ ਦਾ ਪਤਾ ਲਗਾਇਆ ਜਾਵੇ ਅਤੇ ਸਾਜਿਸ਼ ਕਰਤਾ ਨੂੰ ਵੀ ਸਖ਼ਤ ਸਜਾ ਦਿੱਤੀ ਜਾਵੇ। ਇਸ ਮੌਕੇ ਸਰਵ ਸ੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ), ਡਾ. ਜੀ.ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਪ੍ਰੋ. ਬਲਬੀਰ, ਡਾ. ਹਰਬੰਸ ਵਿਰਦੀ ਲੰਡਨ (ਯੂ ਕੇ), ਡਾ. ਮਹਿੰਦਰ ਸੰਧੂ, ਹਰਮੇਸ਼ ਜੱਸਲ, ਨਿਰਮਲ ਬਿੰਜੀ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਕੁਲਦੀਪ ਭੱਟੀ ਆਦਿ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ,
ਜਨਰਲ ਸਕੱਤਰ,
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj