(ਸਮਾਜ ਵੀਕਲੀ) ਸੇਵਾ ਮਨੁੱਖੀ ਜੀਵਨ ਦੀ ਉਹ ਉੱਚੀ ਭਾਵਨਾ ਹੈ ਜੋ ਕਿਸੇ ਵੀ ਸਮਾਜ ਦੀ ਮਜ਼ਬੂਤੀ, ਮਨੁੱਖੀ ਸੰਬੰਧਾਂ ਦੀ ਪਵਿੱਤਰਤਾ ਅਤੇ ਆਤਮਿਕ ਵਿਕਾਸ ਦੀ ਮਿਥੀ ਜੜ੍ਹ ਮੰਨੀ ਜਾਂਦੀ ਹੈ। ਭਾਰਤੀ ਸਭਿਆਚਾਰ ਅਤੇ ਖ਼ਾਸ ਤੌਰ ‘ਤੇ ਸਿੱਖ ਧਰਮ ਵਿੱਚ ਸੇਵਾ ਨੂੰ ਜੀਵਨ ਦਾ ਅਟੁੱਟ ਹਿੱਸਾ ਮੰਨਿਆ ਗਿਆ ਹੈ। ਗੁਰੂ ਸਾਹਿਬਾਨ ਨੇ ਸਪਸ਼ਟ ਕੀਤਾ ਹੈ ਕਿ ਜੋ ਮਨੁੱਖ ਨਿਰਸਵਾਰਥ ਸੇਵਾ ਕਰਦਾ ਹੈ, ਉਹ ਦੋਹਰੀ ਕਿਰਪਾ ਦਾ ਹੱਕਦਾਰ ਬਣਦਾ ਹੈ। ਇਕ ਪਾਸੇ ਸਮਾਜ ਉਸਦੀ ਕਦਰ ਕਰਦਾ ਹੈ, ਦੂਜੇ ਪਾਸੇ ਉਸ ‘ਤੇ ਪ੍ਰਮਾਤਮਾ ਦੀ ਮਿਹਰ ਹੋਣ ਲੱਗਦੀ ਹੈ। ਧਾਰਮਿਕ ਗ੍ਰੰਥਾਂ ਵਿੱਚ ਸੇਵਾ ਨੂੰ ਪਰਮਾਤਮਾ ਦੀ ਸੱਚੀ ਅਰਾਧਨਾ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿ ਜੇ ਸੇਵਾ ਚੰਗੇ ਮਨ ਨਾਲ, ਨਿਮਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਕੀਤੀ ਜਾਵੇ ਤਾਂ ਮਨੁੱਖ ਦੇ ਅੰਦਰੋਂ ਹਉਮੈ ਦਾ ਨਾਸ਼ ਹੁੰਦਾ ਹੈ ਅਤੇ ਉਸਦੇ ਮਨ ਵਿੱਚ ਹਲੀਮੀ ਜਨਮ ਲੈਂਦੀ ਹੈ। ਸੇਵਾ ਮਨੁੱਖ ਦੇ ਚਰਨਾਂ ਨੂੰ ਇੰਨਾ ਪਵਿੱਤਰ ਕਰ ਦਿੰਦੀ ਹੈ ਕਿ ਉਹ ਲੋਕੀ ਜੀਵਨ ਵਿੱਚ ਵੀ ਸਫਲ ਹੁੰਦਾ ਹੈ ਅਤੇ ਆਤਮਕ ਖੇਤਰ ਵਿੱਚ ਵੀ ਚੜ੍ਹਦੀ ਕਲਾ ਹਾਸਲ ਕਰਦਾ ਹੈ। ਸੇਵਾ ਦਾ ਮੂਲ ਤੱਤ ਨਿਸ਼ਕਾਮਤਾ ਹੈ। ਸੇਵਾ ਉਹ ਹੈ ਜੋ ਕਿਸੇ ਇਨਾਮ, ਪ੍ਰਸ਼ੰਸਾ, ਵਡਿਆਈ ਜਾਂ ਮਾਲੀ ਲਾਭ ਦੀ ਚਾਹ ਤੋਂ ਬਿਨਾਂ ਕੀਤੀ ਜਾਵੇ। ਇਹ ਲੈਣ ਵਾਲਾ ਰਸਤਾ ਨਹੀਂ, ਦੇਣ ਵਾਲੀ ਰਾਹ ਦਿਖਾਉਂਦੀ ਹੈ। ਜੇ ਸੇਵਾ ਵਿੱਚ ਹੰਕਾਰ, ਉਪਕਾਰ ਦਾ ਭਾਵ ਜਾਂ ਵਡਿਆਈ ਦੀ ਇੱਛਾ ਸ਼ਾਮਲ ਹੋ ਜਾਵੇ ਤਾਂ ਉਸਦੀ ਪਵਿਤੱਰਤਾ ਘਟ ਜਾਂਦੀ ਹੈ। ਗੁਰਬਾਣੀ ਇਸ ਗੱਲ ਨੂੰ ਸਾਫ਼ ਕਰਦੀ ਹੈ ਕਿ ਜਿਹੜਾ ਮਨੁੱਖ ਸਚੇ ਮਨ ਨਾਲ ਸੇਵਾ ਕਰਦਾ ਹੈ, ਉਸਦੇ ਮਨ ਵਿੱਚੋਂ ਹਉਮੈ ਦੇ ਮੋਹ ਮਿਟ ਜਾਂਦੇ ਹਨ। ਸਿੱਖ ਧਰਮ ਅਨੁਸਾਰ ਸੇਵਾ ਤਨ, ਮਨ ਅਤੇ ਧਨ ਤਿੰਨਾ ਨਾਲ ਕੀਤੀ ਜਾ ਸਕਦੀ ਹੈ। ਤਨ ਦੀ ਸੇਵਾ ਵਿੱਚ ਸਰੀਰਕ ਮਿਹਨਤ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਗੁਰਦੁਆਰਿਆਂ ਵਿੱਚ ਭਾਂਡੇ ਮਾਜਣਾ, ਜੋੜੇ ਝਾੜਨਾ, ਲੰਗਰ ਬਣਾਉਣਾ, ਸਫਾਈ ਕਰਨੀ, ਬਿਮਾਰਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਇਹ ਸਾਰੀਆਂ ਸੇਵਾਵਾਂ ਤਨ ਨਾਲ ਜੁੜਦੀਆਂ ਹਨ। ਇਸ ਤਰ੍ਹਾਂ ਦੀ ਸੇਵਾ ਨਾਲ ਮਨੁੱਖ ਵਿੱਚ ਮਿਹਨਤ ਕੀ ਮਹੱਤਤਾ, ਨਿਮਰਤਾ ਅਤੇ ਦੂਜਿਆਂ ਲਈ ਸਮੱਰਪਣ ਦੀ ਭਾਵਨਾ ਜੱਗਦੀ ਹੈ। ਮਨ ਦੀ ਸੇਵਾ ਇਹ ਸਿੱਖਾਉਂਦੀ ਹੈ ਕਿ ਕੋਈ ਵੀ ਕੰਮ ਸਿਰਫ਼ ਹੱਥਾਂ ਨਾਲ ਨਹੀਂ, ਸੱਚੇ ਮਨ ਨਾਲ ਕੀਤਾ ਜਾਵੇ। ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ, ਚੰਗੀ ਸਲਾਹ ਦੇਣੀ, ਕਿਸੇ ਦਾ ਹੌਸਲਾ ਵਧਾਉਣਾ ਅਤੇ ਕਿਸੇ ਨੂੰ ਧੀਰਜ ਦੇਣਾ ਵੀ ਮਨ ਦੀ ਬਹੁਤ ਵੱਡੀ ਸੇਵਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਕਿ ਜੇ ਕੋਈ ਕੰਮ ਬੇ ਦਿਲੀ ਨਾਲ ਕੀਤਾ ਜਾਵੇ ਤਾਂ ਉਸ ਦਾ ਕੋਈ ਲਾਭ ਨਹੀਂ ਹੁੰਦਾ। ਧਨ ਦੀ ਸੇਵਾ ਵਿੱਚ ਆਪਣੀ ਇਮਾਨਦਾਰੀ ਨਾਲ ਕੀਤੀ ਕਮਾਈ ਵਿੱਚੋਂ ਲੋੜਵੰਦਾਂ ਉੱਤੇ ਖ਼ਰਚ ਕਰਨਾ ਸ਼ਾਮਲ ਹੈ। ਸਿੱਖ ਮਰਯਾਦਾ ਅਨੁਸਾਰ ਦਸਵੰਧ ਦੀ ਪ੍ਰਥਾ ਇਸ ਧਾਰਨਾ ਨੂੰ ਹੋਰ ਪਵਿੱਤਰ ਬਣਾਉਂਦੀ ਹੈ। ਸਮਾਜ ਵਿੱਚ ਗਰੀਬਾਂ ਦੀ ਸਹਾਇਤਾ, ਬੱਚਿਆਂ ਦੀ ਪੜ੍ਹਾਈ ਲਈ ਯੋਗਦਾਨ, ਹਸਪਤਾਲਾਂ, ਲੰਗਰਾਂ ਤੇ ਸਮਾਜਕ ਸੰਸਥਾਵਾਂ ਨੂੰ ਸਹਾਇਤਾ ਦੇਣੀ ਇਹ ਸਭ ਧਨ ਦੀ ਸੇਵਾ ਦੇ ਰੂਪ ਹਨ। ਗੁਰੂ ਨਾਨਕ ਦੇਵ ਜੀ ਨੇ ਸਾਫ਼ ਕਿਹਾ ਕਿ ਮਿਹਨਤ ਨਾਲ ਕਮਾ ਕੇ ਦੂਜਿਆਂ ਦੀ ਭਲਾਈ ਲਈ ਦੇਣਾ ਹੀ ਸਹੀ ਰਾਹ ਹੈ। ਇਸ ਭਾਵਨਾ ਨੂੰ ਅਮਲ ਵਿੱਚ ਲਿਆਂਦਾ ਕਈ ਮਹਾਨ ਸ਼ਖਸੀਅਤਾਂ ਨੇ ਆਪਣੇ ਜੀਵਨ ਰਾਹੀਂ ਲੋਕਾਂ ਨੂੰ ਰਸਤਾ ਦਿਖਾਇਆ ਹੈ। ਗੁਰੂ ਸਾਹਿਬਾਨ ਨੇ ਖੁਦ ਸੇਵਾ ਦੀ ਮਿਸਾਲ ਕਾਇਮ ਕੀਤੀ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਸੇਵਾ ਦਾ ਸੰਦੇਸ਼ ਵਾਰ-ਵਾਰ ਨਜ਼ਰ ਆਉਂਦਾ ਹੈ। ਪੰਜਾਬ ਦੇ ਭਗਤ ਪੂਰਨ ਸਿੰਘ ਜੀ ਨੇ ਨਿਸ਼ਕਾਮ ਸੇਵਾ ਦੀ ਮੂਰਤ ਬਣ ਕੇ ਪਿੰਗਲਵਾੜਾ ਦੀ ਸਥਾਪਨਾ ਕਰਕੇ ਲੱਖਾਂ ਜ਼ਿੰਦਗੀਆਂ ਨੂੰ ਸਹਾਰਾ ਦਿੱਤਾ। ਉਨ੍ਹਾਂ ਦਾ ਜੀਵਨ ਸਾਬਤ ਕਰਦਾ ਹੈ ਕਿ ਸੇਵਾ ਦਾ ਰਸਤਾ ਕਦੇ ਵੀ ਖਾਲੀ ਨਹੀਂ ਜਾਂਦਾ। ਇਹ ਮਨੁੱਖ ਨੂੰ ਆਤਮਕ ਅਤੇ ਸਮਾਜਕ ਦੋਹੀ ਪੱਧਰਾਂ ‘ਤੇ ਵੱਡਾ ਬਣਾਉਂਦਾ ਹੈ। ਸੇਵਾ ਮਨੁੱਖੀ ਜੀਵਨ ਨੂੰ ਨਵੀਂ ਦਿਸ਼ਾ ਦਿੰਦੀ ਹੈ। ਇਹ ਹਮਦਰਦੀ, ਭਰਾਵਾਂ ਅਤੇ ਇਕ-ਦੂਜੇ ਨਾਲ ਜੁੜਾਅ ਦੀ ਭਾਵਨਾ ਵਧਾਉਂਦੀ ਹੈ। ਸਮਾਜ ਵਿੱਚ ਜਿੱਥੇ ਸੇਵਾ ਦੀ ਰੂਹ ਜਾਗਦੀ ਹੈ, ਉੱਥੇ ਨਫ਼ਰਤ, ਵੰਡ, ਹੰਕਾਰ ਅਤੇ ਲਾਲਚ ਆਪ ਹੀ ਘਟ ਜਾਂਦੇ ਹਨ। ਸੇਵਾ ਸੁੱਖ-ਸ਼ਾਂਤੀ ਦਾ ਰਸਤਾ ਹੈ ਜੋ ਮਨੁੱਖ ਨੂੰ ਅੰਦਰੋਂ ਮਜ਼ਬੂਤ ਅਤੇ ਬਾਹਰੋਂ ਨਿਮਰ ਬਣਾਉਂਦਾ ਹੈ। ਗੁਰਬਾਣੀ ਅਨੁਸਾਰ, ਜੋ ਮਨੁੱਖ ਦੁਨੀਆ ਵਿੱਚ ਸੇਵਾ ਕਮਾਉਂਦਾ ਹੈ, ਉਹ ਪਰਮਾਤਮਾ ਦੇ ਦਰਬਾਰ ਵਿੱਚ ਮਾਣ ਪ੍ਰਾਪਤ ਕਰਦਾ ਹੈ। ਇਸ ਲਈ ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਤਨ, ਮਨ ਅਤੇ ਧਨ ਨਾਲ ਲੋੜਵੰਦਾਂ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਏ। ਸੇਵਾ ਮਨੁੱਖ ਦੇ ਜੀਵਨ ਨੂੰ ਉਹ ਉੱਚਤਾ ਅਤੇ ਪ੍ਰਸੰਨਤਾ ਦਿੰਦੀ ਹੈ ਜੋ ਕਿਸੇ ਹੋਰ ਕਾਰਜ ਨਾਲ ਪ੍ਰਾਪਤ ਨਹੀਂ ਹੋ ਸਕਦੀ।
ਸੁਖਵਿੰਦਰ ਸਿੰਘ ਹੈਪੀ
ਮੋਰਿੰਡਾ
9417820000
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



