ਸੇਵਾ

ਮਨਪ੍ਰੀਤ ਕੌਰ ਭਾਟੀਆ

(ਸਮਾਜ ਵੀਕਲੀ)

” ਗੁਰਚਰਨ ਭੈਣ ਜੀ,ਚੱਲੇ ਵੀ ਓ, ਅਜੇ ਤਾਂ ਤੁਹਾਨੂੰ ਆਇਆਂ ਨੂੰ ਘੰਟਾਂ ਵੀ ਨਹੀਂ ਹੋਇਆ,ਥੋੜੀ ਜਿਹੀ ਸੇਵਾ ਹੋਰ ਕਰ ਲੈਂਦੇ ਲੰਗਰ ਦੀ….” ਗੁਰੂਦੁਆਰੇ ਸੇਵਾ ਕਰਦਿਆਂ ਗੁਰਚਰਨ ਨੂੰ ਉੱਠਦਿਆਂ ਵੇਖ ਸਿਮਰਨ ਹੈਰਾਨੀ ‘ਚ ਬੋਲੀ।

” ਬੱਸ- ਬੱਸ ਸਿਮਰਨ, ਦੁਪਹਿਰ ਦਾ ਸਮਾਂ ਹੋ ਚੱਲਿਆ। ਮੇਰਾ ਸਹੁਰਾ ਰੋਟੀ ਖਾਣ ਲਈ ਆਉਣ ਵਾਲਾ ਹੀ ਹੈ ਤੇ ਅੱਜ ਮੇਰੀ ਸੱਸ ਵੀ ਢਿੱਲੀ ਹੀ ਹੈ।” ਉਹ ਕਾਹਲੀ ਨਾਲ ਉੱਠਦੀ ਹੋਈ ਬੋਲੀ।

” ਲੈ ਭੈਣ ਜੀ, ਤੁਸੀਂ ਵੀ ਕਮਾਲ ਪਏ ਕਰਦੇ ਓ….. ਭਲਾ ਇੱਥੋਂ ਦਾ ਕੰਮ ਜ਼ਿਆਦਾ ਜ਼ਰੂਰੀ ਐ ਕਿ ਘਰ ਦਾ, ਤੁਸੀਂ ਬੀਬੀਆਂ ਵੀ ਗੁਰਦੁਆਰੇ ਆ ਤਾਂ ਜਾਂਦੀਆਂ ਓ,ਪਰ ਮਨ ਤੋਂ ਨਹੀਂ…… ਮਨ ਤਾਂ ਤੁਹਾਡਾ ਘਰ ਦੇ ਮੋਹ ‘ਚ ਫਸਿਆ ਰਹਿਦੈ…… ਕੀ ਫਾਇਦਾ ਇਹੋ ਜਿਹੀ ਸੇਵਾ ਦਾ, ਜੇ ਮਨ ਜੰਜਾਲਾਂ’ ‘ਚ ਹੀ ਫਸਿਆ ਰਿਹਾ ਤਾਂ।”

” ਸਿਮਰਨ ਭੈਣ…. ਉਹ ਤਾਂ ਠੀਕ ਐ, ਪਰ ਜੇ ਮੈਂ ਏਥੇ ਬੈਠੀ ਲੰਗਰ ਬਣਾਉਦੀ ਰਹੀ ਤੇ ਓਧਰ ਮੇਰੇ ਸੱਸ- ਸਹੁਰਾ ਰੋਟੀ ਪਿੱਛੇ ਤੜਫਦੇ ਰਹੇ ਤਾਂ ਕੀ ਫਾਇਦਾ ਮੇਰੀ ਇਹੋ ਜਿਹੀ ਸੇਵਾ ਦਾ, ਜਿਹੜੀ ਮੈਂ ਉਹਨਾਂ ਦੀ ਦੁਰ- ਆਸੀਸ ਲੈ ਕੇ ਕਰਾਂ। ਸਾਡਾ ਧਰਮ ਵੀ ਤਾਂ ਇਹੋ ਸਿਖਾਉਂਦਾ ਏ ਕਿ ਸਭ ਤੋਂ ਵੱਡੀ ਸੇਵਾ ਬਜ਼ੁਰਗਾਂ ਦੀ ਸੇਵਾ ਐ। ਤੇ ਮੈਂ ਉਹ ਕਰਨ ਚੱਲੀ ਆ ਤੇ ਮਗਰੋਂ ਫਿਰ ਆ ਜਾਵਾਂਗੀ।” ਕਹਿੰਦਿਆਂ ਗੁਰਚਰਨ ‘ਵਾਹਿਗੁਰੂ- ਵਾਹਿਗੁਰੂ ‘ ਕਰਦੀ ਛੇਤੀ ਨਾਲ ਬਾਹਰ ਵੱਲ ਹੋ ਤੁਰੀ।

ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ .ਏ, ਬੀ .ਐੱਡ । ਫ਼ਿਰੋਜ਼ਪੁਰ ਸ਼ਹਿਰ ।

 

Previous articleਬਾਪੂ ਸਿਰ ਮੇਰੇ ਕਰਜ਼ਾ
Next articleਮੰਜਿਲ ਦੀ ਉਡੀਕ