(ਸਮਾਜ ਵੀਕਲੀ) –ਚਲਦੇ ਚਲਦੇ ਬਲਦੇਵ ਪ੍ਰਕਾਸ਼ ਥੱਕ ਕੇ ਇਕ ਇਹੋ ਜਿਹੇ ਛਾਂ ਵਾਲੇ ਦਰਖਤ ਦੇ ਚੌਂਤਰੇ ਤੇ ਬੈਠ ਗਿਆ ਜਿੱਥੇ ਕਿਸੇ ਨੇ ਮੁਸਾਫਰਾਂ ਦੇ ਪੀਣ ਵਾਸਤੇ ਪਾਣੀ ਦਾ ਇੱਕ ਘੜਾ ਰੱਖਿਆ ਹੋਇਆ ਸੀ। ਉਸ ਨੇ ਘੜੇ ਦਾ ਠੰਡਾ ਪਾਣੀ ਪੀਤਾ ਅਤੇ ਉਥੇ ਥੋੜੀ ਦੇਰ ਆਰਾਮ ਕਰਨ ਵਾਸਤੇ ਬੈਠ ਗਿਆ। ਉਸ ਦੇ ਵਿਚਾਰਾਂ ਦੀ ਫਿਲਮ ਦਿਮਾਗ ਵਿਚ ਚੱਲਣ ਲੱਗੀ। ਉਸ ਨੂੰ ਮਹਿਸੂਸ ਹੋਇਆ ਕਿ ਬਚਪਨ ਤੋਂ ਲੈ ਕੇ ਹੁਣ ਤਕ ਉਹ ਸਿਰਫ ਇੱਕ ਨੌਕਰ ਦੇ ਤੌਰ ਤੇ ਹੀ ਸਮਾਂ ਕਟਦਾ ਰਿਹਾ ਹੈ ਅਤੇ ਕਦੇ ਵੀ ਮਾਲਕ ਜਾਂ ਸੁਤੰਤਰ ਸ਼ਖ਼ਸ ਦੀ ਤਰਾਂ ਜ਼ਿੰਦਗੀ ਨਹੀਂ ਬਿਤਾ ਸਕਿਆ। ਕਿਉਂਕਿ ਬਚਪਨ ਵਿੱਚ ਹੀ ਉਸ ਦੇ ਪਿਤਾ ਸਵਰਗਵਾਸ ਹੋ ਗਏ ਸਨ ਇਸ ਕਰਕੇ ਉਹ ਇਕ ਚਾਅ ਵਾਲੇ ਦੀ ਦੁਕਾਨ ਤੇ ਕੰਮ ਕਰਦਾ ਸੀ ਅਤੇ ਨਾਲ ਨਾਲ ਪੜ੍ਹਾਈ ਵੀ ਕਰਦਾ ਸੀ।
ਜੇਕਰ ਉਸਦਾ ਕੋਈ ਸਹਾਰਾ ਸੀ ਤਾਂ ਇਹ ਸੀ ਉਸਦੀ ਮਾਂ। ਪੜ੍ਹ ਲਿਖ ਕੇ ਜਦੋਂ ਉਹ ਵੱਡਾ ਹੋਇਆ, ਨੌਕਰੀ ਲੱਗੀ ਅਤੇ ਉਸਦਾ ਵਿਆਹ ਗਿਆ, ਕੁਝ ਸਮੇਂ ਬਾਅਦ ਪਹਿਲਾਂ ਉਸ ਦੇ ਇੱਕ ਮੁੰਡਾ ਹੋਇਆ ਅਤੇ ਬਾਅਦ ਵਿੱਚ ਇੱਕ ਕੁੜੀ ਹੋਈ। ਆਪਣੇ ਪਰਿਵਾਰ ਦੀ ਦੇਖਭਾਲ ਉਹ ਇੱਕ ਵਫ਼ਾਦਾਰ ਨੌਕਰ ਦੀ ਤਰਾਂ ਕਰਦਾ ਰਿਹਾ। ਉਸ ਦੇ ਬੱਚੇ ਵੱਡੇ ਹੋ ਗਏ, ਉਹਨਾਂ ਦੇ ਪਰਿਵਾਰ ਵੱਸ ਗਏ ਅਤੇ ਸੰਤਾਨ ਹੋ ਗਈ, ਉਹ ਉਨ੍ਹਾਂ ਦੀ ਸੰਤਾਨ ਦੀ ਦੇਖਭਾਲ ਵੀ ਇੱਕ ਨੌਕਰ ਦੀ ਤਰਾਂ ਕਰਦਾ ਰਿਹਾ। ਹੁਣ ਉਸ ਦੀ ਉਮਰ ਪਚੱਤਰ ਪਾਰ ਕਰ ਗਈ ਹੈ, ਇਹ ਰੱਬ ਦੀ ਕਿਰਪਾ ਹੀ ਹੈ ਕਿ ਉਹ ਚੱਲਣ ਫਿਰਨ ਲਾਇਕ ਹੈ ਅਤੇ ਕਿਸੇ ਕੰਮ ਵਾਸਤੇ ਉਸ ਨੂੰ ਕਿਸੇ ਤੇ ਨਿਰਭਰ ਨਹੀਂ ਰਹਿਣਾ ਪੈਂਦਾ ਅਤੇ ਉਸ ਦੀ ਸਿਹਤ ਵੀ ਠੀਕ ਹੈ। ਹੁਣ ਵੀ ਉਹ ਕਦੇ ਬਿਜਲੀ ਦਾ ਬਿੱਲ, ਕਦੇ ਪਾਣੀ ਦਾ ਬਿੱਲ, ਕਦੇ ਬੱਚਿਆਂ ਦੀ ਫੀਸ ਜਮਾਂ ਕਰਵਾਉਣ, ਕਦੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਕਦੇ ਬੱਚਿਆਂ ਨੂੰ ਸਕੂਲੋਂ ਮੁੜ ਲਿਆਉਣ ਦਾ ਕੰਮ ਕਰਦਾ ਰਹਿੰਦਾ ਹੈ। ਉਹ ਇਹਨਾਂ ਵਿਚਾਰਾਂ ਵਿਚ ਡੁੱਬਿਆ ਹੋਇਆ ਸੀ ਕਿ ਉਸਨੂੰ ਧਿਆਨ ਆਇਆ ਕਿ ਅਜੇ ਤਾਂ ਉਸਨੇ ਬਿਜਲੀ ਦਾ ਬਿੱਲ ਭਰਨ ਦੀ ਘਰ ਵਾਲਿਆਂ ਦੀ ਨੌਕਰੀ ਵੀ ਕਰਨੀ ਹੈ। ਅਤੇ ਉਹ ਉਠ ਕੇ ਬਿਜਲੀ ਦੇ ਦਫਤਰ ਵੱਲ ਤੁਰ ਪਿਆ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly