HOME ਸੰਵੇਦਨਸ਼ੀਲ ਸ਼ਾਇਰੀ ਦਾ ਬਿਰਤਾਂਤ ਹੈ – ਮਾਰੂਥਲ ਦਾ ਸਫ਼ਰ”

ਸੰਵੇਦਨਸ਼ੀਲ ਸ਼ਾਇਰੀ ਦਾ ਬਿਰਤਾਂਤ ਹੈ – ਮਾਰੂਥਲ ਦਾ ਸਫ਼ਰ”

4

ਪੁਸਤਕ ਦਾ ਨਾਂ –        ਮਾਰੂਥਲ ਦਾ ਸਫ਼ਰ
ਗ਼ਜ਼ਲਕਾਰ –            ਜਸਵਿੰਦਰ ਦੂਹੜਾ
ਸੰਪਾਦਕ –                ਸੁਖਵਿੰਦਰ
ਪੰਨੇ –                      80  ਕੀਮਤ – 100/- ਰੁਪਏ
ਪ੍ਰਕਾਸ਼ਕ –               ਵੇਦਨਾ ਪ੍ਰਕਾਸ਼ਨ, ਦੂਹੜੇ (ਜਲੰਧਰ)

(ਸਮਾਜ ਵੀਕਲੀ)   ਗ਼ਜ਼ਲ ਇਕ ਅਜਿਹੀ ਮਲੂਕ ਵਿਧਾ ਹੈ ਜਿਹੜੀ ਕੰਡਿਆਲੇ ਅਤੇ ਸਖ਼ਤ ਪਹਿਰੇ ਵਿੱਚ ਫਸੀ ਹੋਈ ਹੈ। ਸ਼ਾਇਰਾਂ ਦੀ ਮਨ ਭਾਵਨ ਵਿਧਾ ਕਾਵਿ ਰੂਪ ਦਾ ਹੀ ਅੰਗ ਹੈ। ਗ਼ਜ਼ਲ ਕਹਿੰਦਿਆਂ ਬੰਦਸ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਗ਼ਜ਼ਲ ਲਿਖਣੀ ਸਿਖਾਉਣ ਦੇ ਅੱਜਕਲ ਬਹੁਤ ਸਕੂਲ ਅਤੇ ਉਸਤਾਦ ਹਨ।
ਉਸਤਾਦ ਗ਼ਜ਼ਲਗੋ ਅਮਰਜੀਤ ਸਿੰਘ ਸੰਧੂ ਦਾ ਪਿਆਰਾ ਜਿਹਾ ਸ਼ਾਗਿਰਦ ਜਸਵਿੰਦਰ ਦੂਹੜਾ ਦਾ ਹਥਲਾ ਗ਼ਜ਼ਲ ਸੰਗ੍ਰਹਿ ” ਮਾਰੂਥਲ ਦਾ ਸਫ਼ਰ” ਸੁਖਵਿੰਦਰ ਨੇ ਸੰਪਾਦਤ ਕੀਤਾ ਹੈ। ਇਸ ਪੁਸਤਕ ਦਾ ਅਧਿਐਨ ਕਰਦਿਆਂ ਇੰਝ ਲੱਗਿਆ ਜਿਵੇਂ ਕਿ ਦੂਹੜਾ ਦੀ ਸਮੁੱਚੀ ਗ਼ਜ਼ਲ ਜ਼ੁਲਮ ਮਾਰੇ ਲੋਕਾਂ ਦੀ ਗੱਲ ਕਰਦੀ ਹੈ। ਉਸ ਦੀ ਗ਼ਜ਼ਲ ਵਿਚ ਗਰਜ਼ੀ ਰਿਸ਼ਤੇ, ਹੌਕੇ – ਹਾਵੇ, ਦਰਦ, ਭਟਕਣ, ਪ੍ਰੀਤਮ ਦੀ ਯਾਦ,ਬਿਰਹਾ, ਸਿਆਸੀ ਅਤੇ ਧਾਰਮਿਕ ਲੋਕਾਂ ਵਲੋਂ ਭੋਲੇ ਭਾਲੇ ਲੋਕਾਂ ਦਾ ਸੋਸ਼ਣ ਅਤੇ ਹੋਰ ਵਿਸੰਗਤੀਆਂ ਉਭਾਰ ਕੇ ਪਾਠਕਾਂ ਸਾਹਵੇਂ ਆਉਂਦੀਆਂ ਹਨ।
ਗ਼ਜ਼ਲ ਦਾ ਸ਼ਿਅਰ ਹੈ –
” ਕੌਣ ਕਿੱਥੇ ਛੱਡ ਜਾਵੇ, ਕੀ ਖ਼ਬਰ ਹੈ, ਇਸ ਲਈ,
ਪਿਆਰ ਦੇ ਪਲ਼ ਯਾਦ ਅਪਣੀ, ਵਿੱਚ ਸਜਾ ਕੇ ਰੱਖਣਾ।” (ਪੰਨਾ 17)
ਗ਼ਜ਼ਲ ਦਰਦ ਨੂੰ ਛੁਪਾ ਕੇ ਮੁੱਖ ਤੇ ਮੁਸਕੁਰਾਹਟ ਅਤੇ ਪਿਆਰ ਰੱਖਣ ਦੀ ਗੱਲ ਕਰਦੀ ਹੈ। ਕਿਸੇ ਵਲੋ ਕਿੱਥੇ ਛੱਡ ਜਾਣ ਬਾਰੇ ਆਖਦੀ ਹੈ ਪਤਾ ਹੀ ਨਹੀਂ ਲਗਦਾ। ਇਸ ਲਈ ਪਿਆਰ ਦੇ ਪਲ਼ ਯਾਦ ਰੱਖਣ ਦੀ ਗੱਲ ਕਰਦੀ ਹੈ। ਜ਼ਿੰਦਗੀ ਨੂੰ ਹੌਕੇ ਹਾਵਿਆਂ ਦਾ ਸਿਲਸਿਲਾ ਜਾਪਦਾ ਹੈ ਤੇ ਜ਼ਿੰਦਗੀ ਬਿਨਾਂ ਜ਼ੁਰਮ ਸਜਾ ਦੇ ਦਿੰਦੀ ਹੈ। ਜ਼ਿੰਦਗੀ ਵਿਚ ਹਾਦਸੇ ਵਾਪਰਦੇ ਰਹਿੰਦੇ ਹਨ, ਤੇ ਜ਼ਿੰਦਗੀ ਹਾਦਸਾ ਬਣ ਕੇ ਰਹਿ ਜਾਂਦੀ ਹੈ। ਮੂੰਹ ਤੇ ਸੱਚੀ ਗੱਲ ਆਖਣੀ ਸ਼ਾਇਰ ਦੀ ਆਦਤ ਹੈ ਪਰ ਕੰਨਾਂ ਦਾ ਕੱਚਾ ਨਹੀਂ ਹੈ। ਲੋਕ ਜਿਨ੍ਹਾਂ ਦੇ ਖਾਸ ਮਿੱਤਰ ਹੁੰਦੇ ਹਨ , ਉਹ ਤਾਂ ਸਮੇਂ ਨਾਲ ਮਿੱਤਰਾਂ ਨੂੰ ਭੁੱਲ ਜਾਂਦੇ ਨੇ ਪਰ ਪਿਆਰ ਕਰਨ ਵਾਲੇ ਉਹਨਾਂ ਦੇ ਸਿਰਨਾਵੇਂ ਵੀ ਸਾਂਭ ਕੇ ਰੱਖਦੇ ਨੇ। ਇਥੇ ਇਹ ਸਮਾਜ ਦੀ ਸੱਚਾਈ ਨੂੰ ਵਿਅਕਤ ਕਰਦਿਆਂ ਸ਼ਿਅਰ ਲਿਖਦਾ ਹੈ ਕਿ –
” ਉਹ ਸੱਜਣ ਤਾਂ ਭੁੱਲ ਗਏ ਹੋਣੇ ਨੇ ਹੁਣ ਤੀਕਰ ਮੈਨੂੰ,
ਮੈਂ ਅੱਜ ਤੀਕਰ ਸਾਂਭੀ ਬੈਠਾ ਜਿਹਨਾਂ ਦੇ ਸਿਰਨਾਵੇਂ।” (ਪੰਨਾ 26)
ਜ਼ਿੰਦਗੀ ਅਤੇ ਮਹਿਬੂਬ ਦੀ ਬੇਵਫਾਈ ਨੂੰ ਇਕੋ ਜਿਹਾ ਮੰਨਿਆ ਗਿਆ ਹੈ। ਪਤਾ ਨਹੀਂ ਕਦੋਂ ਦੋਵੇਂ ਬੇਵਫਾ ਹੋ ਜਾਣ ਤੇ ਮਨੁੱਖ ਨੂੰ ਛੱਡ ਕੇ ਤੁਰ ਜਾਣ। ਪਿਆਰੇ ਤੋਂ ਬਿਨਾ ਬਿਰਹਾ ਸਿਰਜਦੀ ਗ਼ਜ਼ਲ ਜ਼ਿੰਦਗੀ ਵਿਚ ਖਲਾਅ ਪੈਦਾ ਕਰਦੀ ਜਾਪਦੀ ਹੈ। ਗ਼ਜ਼ਲ ਦਾ ਸ਼ਿਅਰ ਦੇਖੋ –
” ਤਨ ਮਨ ਜ਼ਖਮੀ ਪਿਆਸੀ ਰੂਹ ਤੇ ਨੈਣਾ ਦੇ ਵਿੱਚ ਸਰਵਰ ਹੈ।
ਤੇਰੇ ਬਾਝੋਂ ਜੀਵਨ ਮੇਰਾ ਜਿਉਂ ਬਿਨ ਮੂਰਤ ਮੰਦਰ ਹੈ। ” (ਪੰਨਾ 29)
ਸਾਡਾ ਸਮਾਜ ਦੋ ਰਸਤਿਆਂ ਤੇ ਚਲਦਾ ਹੈ। ਇਕ ਪਾਸੇ ਇਸ਼ਕ ਨੂੰ ਬੰਦਗੀ ਵੀ ਸਮਝਦਾ ਹੈ ਤੇ ਦੂਜੇ ਪਾਸੇ ਪਿਆਰ ਕਰਨ ਵਾਲਿਆਂ ਦੀ ਵਿਰੋਧਤਾ ਵੀ ਕਰਦਾ ਹੈ। ਉਸਦੇ ਆਪਣੇ ਲਈ ਪਿਆਰ ਬਹੁਤ ਜਰੂਰੀ ਹੈ ਪਰ ਦੂਜੇ ਨੂੰ ਪਿਆਰ ਕਰਦੇ ਨੂੰ ਜਰ ਨਹੀਂ ਸਕਦਾ। ਆਸ਼ਕਾਂ ਦਾ ਦੁਸ਼ਮਣ ਬਣ ਜਾਂਦਾ ਹੈ ਅਤੇ ਉਸ ਨੂੰ ਸਮਾਜ ਵਿਰੋਧੀ ਹੋਣ ਦਾ ਫਤਵਾ ਦਿੰਦਾ ਹੈ। ਇਸੇ ਸਬੰਧੀ ਗ਼ਜ਼ਲ ਦਾ ਸ਼ਿਅਰ ਆਖਦਾ ਹੈ –
” ਆਸ਼ਕੀ ਹੈ ਜੇ ਇਬਾਦਤ ਰੱਬ ਦੀ ,
ਪਿਆਰ ਦਾ ਦੁਸ਼ਮਣ ਇਹ ਬੰਦਾ ਕਿਉੰ ਹੈ?” (ਪੰਨਾ 63)
ਵਰਤਮਾਨ ਸਮੇਂ ਵਿਚ ਰਿਸ਼ਤਿਆਂ ਦਾ ਬਿਰਤਾਂਤ ਸਿਰਜਦੀ ਹੈ ਗ਼ਜ਼ਲ। ਇਸ ਵਿਚ ਪਰਿਵਾਰਾਂ ਵਿਚ ਛਾਏ ਚੁੱਪ ਦੇ ਬਦਲ, ਉਲਝ ਰਹੀ ਰਿਸ਼ਤਿਆਂ ਦੀ ਤਾਣੀ, ਖੁਸ਼ੀ ਦੀ ਘਾਟ ਪਰਿਵਾਰਾਂ ਵਿਚ ਇੱਕਲਤਾ ਪੈਦਾ ਕਰਦੀ ਹੈ। ਮਨੁੱਖ ਦਾ ਅਸਲ ਟਿਕਾਣਾ ਘਰ ਹੁੰਦੇ ਜਿੱਥੇ ਉਹਨੂੰ ਸਕੂਨ ਮਿਲਦਾ ਹੈ ਪਰ ਘਰ ਗਿਆਂ ਤੋਂ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਸੰਧਰਭ ਵਿਚ ਰਿਸ਼ਤਿਆਂ ਬਾਰੇ ਗ਼ਜ਼ਲ ਦਾ ਸ਼ਿਅਰ –
” ਤਾਣੀ ਸਾਰੇ ਰਿਸ਼ਤਿਆਂ ਦੀ ਕੁਝ ਉਲਝੀ ਏਦਾਂ,
ਦਾਨਿਸ਼ ਹਾਰੇ ਪਰ ਨਾ ਸੁਲਝੀ ਇਹ ਸੁਲਝਾਏ। ” (ਪੰਨਾ 44)
ਦੇਸ਼ ਵਿਚ ਜੰਗਲੀ ਰਾਜ ਦੀ ਗੱਲ ਕਰਦਾ ਸ਼ਾਇਰ ਰੱਬ ਅੱਗੇ ਅਰਜੋਈ ਕਰਦਾ ਲਿਖਦਾ ਹੈ –
” ਜੰਗਲ ਦਾ ਰਾਜ ਹੈ ਤੇ ਹਾਹਾਕਾਰ ਹੈ ਚਾਰੇ ਪਾਸੇ,
ਜਾ ਰੱਬ! ਧਰਤੀ ਕੋਲੋਂ ਹੋਰ ਨਾ ਦੁਖੜਾ ਝੱਲਿਆ ਜਾਏ।” (ਪੰਨਾ 70)
ਮਨੁੱਖ ਦੀ ਦੋਹਰੀ ਨੀਤੀ ਨੂੰ ਉਹਨਾਂ ਦੀ ਤ੍ਰਾਸਦੀ ਬਣ ਜਾਂਦੀ ਹੈ। ਲੋਕ ਆਪ ਏ ਦੁੱਖ ਵਿਚ ਦੁੱਖਾਂ ਨੂੰ ਸਹਿੰਦਿਆਂ ਚੁੱਪ ਚਪੀਤੇ ਅੰਦਰੂਨੀ ਤੌਰ ਤੇ ਮਰ ਜਾਂਦੇ ਨੇ। ਜੇਹੜੇ ਰਾਤ ਨੂੰ ਗੈਰ ਕਾਨੂੰਨੀ ਕੰਮ ਕਰਦੇ ਨੇ ਉਹੀ ਸਵੇਰੇ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਰੱਬ ਦੇ ਦੁਆਰ ਤੇ ਖੜੇ ਦਿਸਦੇ ਨੇ। ਇਸ ਗ਼ਜ਼ਲ ਦੇ ਦੋ ਸ਼ਿਅਰ ਹਾਜਰ ਹਨ –
” ਹੌਲੀ ਹੌਲੀ ਦੁੱਖਾਂ ਨੂੰ ਜਰ ਜਾਂਦੇ ਨੇ ਲੋਕ।
ਚੁੱਪ ਚਪੀਤੇ ਇਦਾਂ ਵੀ ਮਰ ਜਾਂਦੇ ਨੇ ਲੋਕ।
ਕਾਲੀ ਰਾਤੇ ਕਾਲੇ ਧੰਦੇ ਜੋ ਨੇ ਕਰਦੇ,
ਸਭ ਤੋਂ ਪਹਿਲਾਂ ਓਹੀ ਮੰਦਰ ਜਾਂਦੇ ਨੇ ਲੋਕ।” (ਪੰਨਾ 75)
ਜਸਵਿੰਦਰ ਦੂਹੜਾ ਸੰਵੇਦਨਸ਼ੀਲ ਸ਼ਾਇਰ ਹੈ, ਇਹ ਉਸ ਦੀ ਸ਼ਾਇਰੀ ਤੋਂ ਪਰਮਾਣਿਤ ਹੁੰਦਾ ਹੈ। ਇਸ ਨੇ ਆਪਣੀਆਂ ਗ਼ਜ਼ਲਾਂ ਦੇ ਮਤਲੇ ਵਿਚ ਵੱਖ ਵੱਖ ਥਾਂ ਦੋਵੇਂ ਨਾਂ ਵਰਤੇ ਹਨ। ਇਸ ਸ਼ਾਇਰ ਤੋਂ ਭਵਿੱਖ ਵਿੱਚ ਹੋਰ ਗ਼ਜ਼ਲਾਂ ਦੀ ਆਸ ਵਿੱਚ।

ਤੇਜਿੰਦਰ ਚੰਡਿਹੋਕ,
ਪ੍ਰਧਾਨ, ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
Previous articleਸਿੱਦਕੀ ਤੇ ਸੰਘਰਸ਼ੀ ਕਿਤਾਬ ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਲਈ ਬਣੀ ਚਰਚਾ ਦਾ ਵਿਸ਼ਾ
Next articleबोधिसत्व संत रैदास