ਜਲੰਧਰ (ਸਮਾਜ ਵੀਕਲੀ) ਪੰਜਾਬ ਦੀ ਆਪ ਸਰਕਾਰ ਸੂਬੇ ਦੇ ਸਰਕਾਰੀ ਕਰਮਚਾਰੀਆਂ ਦਾ ਬਣਦਾ 18 ਫੀਸਦੀ ਡੀ.ਏ. ਤੁਰੰਤ ਜਾਰੀ ਕਰੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਕਰੀਮਪੁਰੀ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਜਨਤਾ ਵਿੱਚ ਖੜੇ ਹੋ ਕੇ ਤਾਂ ਕਹਿੰਦੀ ਹੈ ਕਿ ਸਾਡੇ ਕੋਲ ਖਜ਼ਾਨੇ ਦੀ ਕੋਈ ਕਮੀ ਨਹੀਂ, ਪਰ ਇਹੀ ਸਰਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹਲਫ਼ੀਆ ਬਿਆਨ ਦੇ ਰਹੀ ਹੈ ਕਿ ਪੰਜਾਬ ਦੀ ਬਦਹਾਲ ਆਰਥਿਕ ਸਥਿਤੀ ਮੁਲਾਜ਼ਮਾਂ ਨੂੰ ਡੀ.ਏ. ਦੇਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਅੱਜ ਹਾਈਕੋਰਟ ਦੀ ਡਬਲ ਬੈਂਚ ਨੇ ਸਰਕਾਰ ਦੀ ਸਟੇਅ ਦੀ ਅਪੀਲ ਰੱਦ ਕਰ ਦਿੱਤੀ ਹੈ। ਡਬਲ ਬੈਂਚ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਦਾ ਡੀ.ਏ. ਜਾਰੀ ਕਰੇ ਤੇ ਉਸਦਾ ਰੋਡ ਮੈਪ ਤਿਆਰ ਕਰਕੇ ਅਦਾਲਤ ਅੱਗੇ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਕਰਮਚਾਰੀਆਂ ਨਾਲ ਬਹੁਤ ਧੱਕਾ ਕੀਤਾ ਹੈ। ਇਨ੍ਹਾਂ ਕਰਮਚਾਰੀਆਂ ਦਾ 18 ਫੀਸਦੀ ਡੀ.ਏ. ਆਪ ਸਰਕਾਰ ਨੇ ਦੱਬਿਆ ਹੋਇਆ ਹੈ।ਮੁੱਖ ਮੰਤਰੀ ਭਗਵੰਤ ਮਾਨ ਬਿਨਾਂ ਕਿਸੇ ਦੇਰੀ ਦੇ ਕਰਮਚਾਰੀਆਂ ਦਾ ਬਣਦਾ 18 ਫੀਸਦੀ ਡੀ.ਏ. ਜਾਰੀ ਕਰੇ। ਆਪ ਸਰਕਾਰ ਨੇ ਸੂਬੇ ਦੇ ਸਾਰੇ ਵਿਭਾਗਾਂ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਹੈ। ਸਫਾਈ ਕਰਮਚਾਰੀ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਬੈਠੇ ਹਨ। ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਪੱਕੇ ਹੋਣ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਆਪ ਸਰਕਾਰ ਇਨ੍ਹਾਂ ਨੂੰ ਪੱਕੇ ਕਰਨ ਦੀ ਬਜਾਏ ਇਨ੍ਹਾਂ ‘ਤੇ ਲਾਠੀਚਾਰਜ ਕਰ ਰਹੀ ਹੈ। ਇਸੇ ਤਰ੍ਹਾਂ ਆਪ ਸਰਕਾਰ ਨੇ ਓਲਡ ਪੈਨਸ਼ਨ ਸਕੀਮ ਅਜੇ ਤੱਕ ਲਾਗੂ ਨਹੀਂ ਕੀਤੀ। ਆਪ ਸਰਕਾਰ ਨੂੰ ਇਸ ਵਾਅਦਾ ਖਿਲਾਫੀ ਤੇ ਧੱਕੇਸ਼ਾਹੀਆਂ ਦੇ ਨਤੀਜੇ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੱਕੀਆਂ ਨੌਕਰੀਆਂ ਦੇਣ ਦੀ ਜਗ੍ਹਾ ਠੇਕੇ ‘ਤੇ ਭਰਤੀਆਂ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਏਜੰਡੇ ਨੂੰ ਭਾਜਪਾ-ਅਕਾਲੀ ਦਲ ਤੇ ਹੁਣ ਆਪ ਸਰਕਾਰ ਨੇ ਅੱਗੇ ਵਧਾਇਆ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਇਸ ਵਾਰ ਸੂਬੇ ਵਿੱਚ ਬਸਪਾ ਦੀ ਸਰਕਾਰ ਬਣਾਉਣ। ਬਸਪਾ ਸਰਕਾਰ ਬਣਾ ਕੇ ਕਰਮਚਾਰੀਆਂ ਨੂੰ ਪੱਕੇ ਕਰਨ, ਓਲਡ ਪੈਨਸ਼ਨ ਸਕੀਮ ਲਾਗੂ ਕਰਨ, ਬਣਦਾ ਡੀ.ਏ. ਜਾਰੀ ਕਰਨ ਸਮੇਤ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰੇਗੀ। ਇਸ ਮੌਕੇ ਬਸਪਾ ਦੇ ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ ਵੀ ਮੌਜ਼ੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



