ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) “ਦੀਦੀ ਬੇਟੀ ਕੀ ਸ਼ਾਦੀ ਹੈ। ਕੁਝ ਮਦਦ ਚਾਹੀਏ ਥੀ। ਮੈਂ ਸੀਤੋ ਕੀ ਬੇਟੀ ਹੂੰ।” ਗੇਟ ਕੋਲ੍ਹ ਖੜ੍ਹੀ ਉਸ ਲੜਕੀ ਨੁਮਾ ਔਰਤ ਨੇ ਮੇਰੀ ਬੇਟੀ ਨੂੰ ਕਿਹਾ। ਉਸ ਦਾ ਚੇਹਰਾ ਮੋਹਰਾ, ਦੰਦ, ਨੱਕ ਜਵਾਂ ਸੀਤੋ ਨਾਲ ਮਿਲਦਾ ਸੀ। ਮਾਵਾਂ ਧੀਆਂ ਦਾ ਚੇਹਰਾ ਮਿਲ ਹੀ ਜਾਂਦਾ ਹੈ। ਵੇਖਣ ਵਿੱਚ ਉਹ ਤੀਹ ਕੁ ਸਾਲ ਪਹਿਲ਼ਾਂ ਵਾਲੀ ਸੀਤੋ ਹੀ ਨਜ਼ਰ ਆਉਂਦੀ ਸੀ। ਸੀਤੋ ਹੱਥ ਵਿੱਚ ਝੋਲਾ ਜਿਹਾ ਫੜ੍ਹੀ ਸਾਡੇ ਘਰ ਆਉਂਦੀ ਸੀ ਮੈਡਮ ਦੀ ਮਾਲਿਸ਼ ਕਰਨ। ਜਦੋਂ ਵੀ ਉਹ ਵਹਿਲੀ ਹੁੰਦੀ ਤਾਂ ਆਉਂਦੀ ਜਾਂਦੀ ਸਾਡੇ ਘਰ ਰੁਕਦੀ। ਮੈਡਮ ਦੇ ਹਾਂ ਭਰਨ ਤੇ ਉਹ ਮੈਡਮ ਦੀ ਖੂਬ ਜੋਰ ਲਗਾਕੇ ਮਾਲਿਸ਼ ਕਰਦੀ। ਉਹ ਘੰਟੇ ਦਾ ਦੋ ਸੌ ਰੁਪਈਆਂ ਲੈਂਦੀ ਸੀ। ਮਿੰਟ ਮਿੰਟ ਦਾ ਹਿਸਾਬ ਰੱਖਦੀ। ਅਮੂਮਨ ਅੱਧਾ ਘੰਟਾ ਲਗਾਕੇ ਉਹ ਸੌ ਰੁਪਈਆਂ ਲੈਂਦੀ। ਉਹ ਜਿੰਨਾ ਵੀ ਟਾਈਮ ਲਾਉਂਦੀ ਖੂਬ ਮੇਹਨਤ ਕਰਦੀ। ਇਸ ਤਰਾਂ ਉਹ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਵੀ ਸੀ ਤੇ ਪੈਸੇ ਪੱਖੋਂ ਖਰੀ ਵੀ। ਉਸਨੂੰ ਕੋਈਂ ਵੀ
ਫਾਲਤੂ ਕੰਮ ਆਖਦੇ ਤਾਂ ਝੱਟ ਕਰ ਦਿੰਦੀ। ਪਰ ਆਪਣੀ ਮਿਹਨਤ ਨਾਲ ਦੀ ਨਾਲ ਮੰਗ ਲੈਂਦੀ।
“ਸੀਤੋ ਅੱਜ ਮੇਰੇ ਡਾਈ ਲ਼ਾ ਦੇ।” ਮੈਡਮ ਦੇ ਕਹੇ ਤੇ ਉਹ ਝੱਟ ਮੈਡਮ ਦੇ ਵਾਲ ਡਾਈ ਕਰ ਦਿੰਦੀ ਤੇ ਮੈਡਮ ਉਸਨੂੰ ਤੀਹ ਰੁਪਏ ਦੇ ਦਿੰਦੀ। ਕਦੇ ਭਾਂਡੇ ਸ਼ਾਫ ਕਰਨ ਵਾਲੇ ਪਏ ਹੁੰਦੇ ਤਾਂ ਉਹ ਭਾਂਡੇ ਵੀ ਕਰ ਦਿੰਦੀ ਤੇ ਜਾਂਦੀ ਤੀਹ ਰੁਪਏ ਵੱਧ ਲ਼ੈ ਜਾਂਦੀ। ਝਾੜੂ ਲਗਵਾਈ ਦੇ ਵੀਹ ਰੁਪਈਏ ਤੇ ਝਾੜੂ ਤੇ ਪੋਚਾ ਲਾਉਣ ਦੇ ਪੰਜਾਹ। ਉਸਦੀ ਮਜ਼ਦੂਰੀ ਫਿਕਸ ਸੀ। ਯਾਨੀ ਸੀਤੋ ਵਿਹਾਰ ਦੀ ਪੱਕੀ ਸੀ। ਕਈ ਘਰਾਂ ਦੇ ਕੰਮ ਕਰਨ ਜਾਂਦੀ। ਜਿੱਥੇ ਭੁੱਖ ਲੱਗਦੀ ਜਾਂ ਰੋਟੀ ਬਣ ਰਹੀ ਹੁੰਦੀ ਓਥੇ ਹੀ ਖਾ ਪੀ ਲੈਂਦੀ। ਜੇ ਉਹ ਰੱਜੀ ਹੁੰਦੀ ਤਾਂ ਚਾਹ ਰੋਟੀ ਤੋਂ ਕੋਰਾ ਜਵਾਬ ਦੇ ਦਿੰਦੀ। ਮਤਲਬ ਉਹ ਢਿੱਡ ਦੀ ਭੁੱਖੀ ਹੋ ਸਕਦੀ ਹੈ ਨੀਅਤ ਦੀ ਭੁੱਖੀ ਨਹੀਂ ਸੀ।
ਇੱਕ ਵਾਰੀ ਉਹ ਕਈ ਦਿਨ ਗੇੜਾ ਮਾਰਨ ਨਾ ਆਈ। ਸਾਨੂੰ ਉਸਦਾ ਫਿਕਰ ਜਿਹਾ ਹੋ ਗਿਆ। ਆਸੇ ਪਾਸੇ ਤੋਂ ਪਤਾ ਕੀਤਾ। ਤਾਂ ਗੱਲ ਝੋਰੇ ਵਾਲੀ ਨਿਕਲੀ। ਪਤਾ ਲੱਗਿਆ ਕਿ ਉਹ ਧੀ ਨੂੰ ਮਿਲਣ ਗਈ ਸੀ। ਪਲੇਟਫਾਰਮ ਤੋਂ ਲਾਈਨਾਂ ਤੇ ਡਿੱਗ ਪਈ ਉਪਰੋਂ ਰੇਲ ਗੱਡੀ ਲੰਘ ਗਈ। ਉਸਦਾ ਹੱਥ ਕੱਟਿਆ ਗਿਆ ਤੇ ਪਸਲੀਆਂ ਟੁੱਟ ਗਈਆਂ। ਇਲਾਜ ਲਈ ਉਸਨੂੰ ਏਮਜ਼ ਵਿਖੇ ਦਾਖਿਲ ਕਰਵਾਇਆ ਗਿਆ। ਉਸਦੇ ਧੀ ਜਵਾਈ ਹੀ ਉਸਦੀ ਸੰਭਾਲ ਕਰ ਰਹੇ ਸਨ।
“ਐਂਕਲ ਜੀ ਸਾਨੂੰ ਪੈਸਿਆਂ ਦੀ ਇਮਦਾਦ ਦੀ ਲੋੜ ਨਹੀਂ ਬੱਸ ਡਾਕਟਰ ਨੂੰ ਸਿਫਾਰਸ਼ ਕਰ ਦਿਓਂ ਕਿ ਵਧੀਆ ਇਲਾਜ ਕਰ ਦੇਣ।” ਜਦੋਂ ਅਸੀਂ ਹਸਪਤਾਲ ਉਸਦਾ ਪਤਾ ਲੈਣ ਗਏ ਤਾਂ ਉਸਦੇ ਜਵਾਈ ਨੇ ਤਰਲਾ ਕੀਤਾ। ਆਯੂਮਾਨ ਕਾਰਡ ਨਾਲ ਉਸਦਾ ਇਲਾਜ ਹੋ ਰਿਹਾ ਸੀ। ਹਸਪਤਾਲ ਦਾ ਸਟਾਫ ਪਰਿਵਾਰ ਨੂੰ ਪੂਰੀ ਜਾਣਕਾਰੀ ਨਹੀਂ ਸੀ ਦੇ ਰਿਹਾ। ਅਸੀਂ ਸਾਡੇ ਜਾਣਕਾਰ ਡਾਕਟਰ ਨਾਲ ਸੰਪਰਕ ਕੀਤਾ ਉਸਨੇ ਸਾਨੂੰ ਉਸ ਦੀ ਕੰਡੀਸ਼ਨ ‘ਕਰਿਟੀਕਲ’ ਕਹਿਕੇ ਡਰਾ ਦਿੱਤਾ। ਕਿਉਂਕਿ ਫੇਫੜਿਆਂ ਨੂੰ ਆਕਸੀਜਨ ਨਹੀਂ ਸੀ ਪਾਹੁੰਚ ਰਹੀ। ਮਰੀਜ਼ ਨੂੰ ਵੈਂਟੀਲੇਟਰ ਤੇ ਵੀ ਕਿੰਨੀ ਕੁ ਦੇਰ ਰੱਖਿਆ ਜਾ ਸਕਦਾ ਸੀ। ਫਿਰ ਵੀ ਅਸੀਂ ਸਬੰਧਿਤ ਡਾਕਟਰ ਅਤੇ ਐਮਰਜੰਸੀ ਵਿੱਚ ਡਿਊਟੀ ਕਰਦੀ ਜਾਣਕਾਰ ਨਰਸ ਨਾਲ ਰਾਬਤਾ ਕਾਇਮ ਰੱਖਿਆ। ਕਾਫੀ ਸਮਾਂ ਉਹ ਜਿੰਦਗੀ ਅਤੇ ਮੌਤ ਨਾਲ ਘੋਲ ਕਰਦੀ ਰਹੀ। ਫਿਰ ਉਸ ਦੇ ਪਰਿਵਾਰ ਨੂੰ ਮਾਲੀ ਮਦਦ ਦੇਣ ਦੀ ਇੱਛਾਂ ਨਾਲ ਮੈਂ ਗੁਆਂਢੀ ਮਾਨ ਪਰਿਵਾਰ ਨਾਲ ਗੱਲ ਕੀਤੀ। ਮਿਸੇਜ ਮਾਨ ਨੇ ਤਰੁੰਤ ਹੀ ਦਸ ਹਜ਼ਾਰ ਦੇਣ ਦੀ ਹਾਮੀ ਹੀ ਨਹੀਂ ਭਰੀ ਸਗੋਂ ਦੂਸਰਿਆਂ ਤੋਂ ਹੋਰ ਮਦਦ ਦਿਵਾਉਣ ਦੀ ਹਾਮੀ ਭਰੀ। ਅਗਲੇ ਦਿਨ ਅਸੀਂ ਦੋਵੇ ਜੀਅ ਜਾਕੇ ਉਸਦੇ ਪਰਿਵਾਰ ਨੂੰ ਪੰਜ ਹਜ਼ਾਰ ਦੀ ਇਮਦਾਦ ਦੇ ਆਏ।
ਘਰਾਂ ਦੇ ਝਮੇਲਿਆਂ ਚ ਉਲਝੇ ਅਸੀਂ ਸੀਤੋ ਨੂੰ ਭੁੱਲ ਗਏ। ਕਈ ਦਿਨ ਕੋਈਂ ਖਬਰ ਨਾ ਮਿਲੀ। ਫਿਰ ਅਚਾਨਕ ਇੱਕ ਦਿਨ ਅਸੀਂ ਉਸਦੀ ਧੀ ਨੂੰ ਫੋਨ ਕੀਤਾ ਤੇ ਪਤਾ ਲੱਗਿਆ ਕਿ ਏਮਜ਼ ਵਿੱਚ ਕਈ ਮਹੀਨੇ ਦਾਖਿਲ ਰਹਿਣ ਤੋਂ ਬਾਅਦ ਉਹ ਪਿਛਲੇ ਹਫਤੇ ਹੀ ਘਰ ਆਈ ਹੈ। ਹੁਣ ਉਹ ਵਾਕਰ ਦੇ ਸਹਾਰੇ ਚੱਲਦੀ ਹੈ। ਹੱਥ ਦਾ ਜਖਮ ਵੀ ਠੀਕ ਹੈ। ਚਾਹੇ ਉਸਦਾ ਪੰਜਾਂ ਨਹੀਂ ਹੈ ਫਿਰ ਵੀ ਉਹ ਆਪਣਾ ਆਪ ਸੰਭਾਲ ਲੈਂਦੀ ਹੈ। ਸੀਤੋ ਸਾਡੀ ਹੀ ਨਹੀਂ ਨਾਲ ਲਗਦੀਆਂ ਕਲੋਨੀਆਂ ਵਿੱਚ ਵੀ ਜਾਂਦੀ ਸੀ। ਉਸਦੇ ਹਮਦਰਦ ਅਤੇ ਖੈਰ ਖੁਆਹ ਤਿੰਨਾਂ ਕਲੋਨੀਆਂ ਵਿੱਚ ਹੀ ਹਨ। ਹੁਣ ਸ਼ਾਇਦ ਸੀਤੋ ਦੀ ਦੋਹਤੀ ਦਾ ਵਿਆਹ ਹੈ। ਬੇਟੀ ਨੇ ਸੀਤੋ ਦਾ ਹਾਲ ਚਾਲ ਪੁੱਛਿਆ ਅਤੇ ਕੁਝ ਕੁ ਹਰੇ ਨੋਟ ਉਸਨੂੰ ਪਕੜਾ ਦਿੱਤੇ। ਮੈਨੂੰ ਲੱਗਿਆ ਕਿ ਇਹ ਇਮਦਾਦ ਵੀ ਸੀਤੋ ਦੀ ਦਿਆਨਤਦਾਰੀ ਅਤੇ ਇਮਾਨਦਾਰੀ ਦੇ ਲੇਖੇ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly