ਬਠਿੰਡਾ, (ਸਮਾਜ ਵੀਕਲੀ) ਜ਼ਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਦੀ ਇੱਕ ਅਹਿਮ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸਿੱਖਿਆ ਮਨਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਮਿਸ਼ਨ ਸਮਰੱਥ ਤਹਿਤ ਕੰਪੀਟੈਂਸੀ ਇਨਹਾਸਮੈਂਟ ਪਲਾਨ ਬੱਚਿਆਂ ਦਾ ਵਿੱਦਿਅਕ ਪੱਧਰ ਉੱਚਾ ਚੁੱਕਣ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸਕੂਲਾਂ ਦੀ ਸਫਾਈ, ਮਿਡ ਡੇ ਮੀਲ ਦੀ ਸਫਾਈ ਅਤੇ ਗੁਣਵੱਤਾ, ਪ੍ਰਾਇਮਰੀ ਸਕੂਲ ਖੇਡਾਂ, ਗ੍ਰਾਂਟਾਂ ਦੀ ਸਹੀ ਸਮੇਂ ’ਤੇ ਵਰਤੋਂ, ਬੱਚਿਆਂ ਦੀ ਹਾਜ਼ਰੀ ਵੱਲ ਵਿਸ਼ੇਸ਼ ਧਿਆਨ ਦੇਣ ਸੰਬੰਧੀ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਵੱਲੋਂ ਵਿਭਾਗ ਦੀਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਮੋਨੀਟਰ ਕੀਤਾ ਜਾਵੇ ਅਤੇ ਕਿਤੇ ਹੋਰ ਦਾਖਲ ਨਾ ਹੋਏ ਇੰਨ੍ਹਾਂ ਬੱਚਿਆਂ ਦਾ ਮੁੜ ਦਾਖਲਾ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਬੱਚਿਆਂ ਦੀ ਰੋਜ਼ਾਨਾ ਹਾਜ਼ਰੀ ਵਧਾਉਣ ਲਈ ਉਪਰਾਲੇ ਕਰਨ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਕੂਲੀ ਗ੍ਰਾਂਟਾਂ ਦੀ ਪਾਰਦਰਸ਼ਤਾ ਅਤੇ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਸਕੂਲ ਪ੍ਰਬੰਧਨ ਸੁਚੱਜੇ ਢੰਗ ਨਾਲ ਚਲ ਸਕੇ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਸਵੱਛਤਾ ਮੁਹਿੰਮ ਨੂੰ ਇਨ-ਬਿੰਨ ਲਾਗੂ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੀ ਇਸ ਮੁਹਿੰਮ ਵਿਚ ਸ਼ਮੂਲੀਅਤ ਕਰਵਾਉਂਦਿਆਂ ਗਤੀਵਿਧੀਆਂ ਉਲੀਕੀਆਂ ਜਾਣ। ਉਨ੍ਹਾਂ ਸਕੂਲਾਂ ਦੇ ਸਮੁੱਚੇ ਪ੍ਰਬੰਧ ਬਾਰੇ ਵਿਚਾਰਾਂ ਕੀਤੀਆਂ ਅਤੇ ਸਕੂਲ ਚੁਗਿਰਦੇ ਵਿੱਚ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ। ਇਸ ਮੌਕੇ ਲਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਵਿਭਾਗ ਦੀਆਂ ਚੱਲ ਰਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਗੁਰਵੀਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਮਿਸ਼ਨ ਸਮਰੱਥ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਬਰਾੜ ਜ਼ਿਲ੍ਹਾ ਖੇਡ ਇੰਚਾਰਜ਼ ਨੇ ਕਿਹਾ ਕਿ ਸਰਦ ਰੁੱਤ ਖੇਡਾਂ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡ ਗਤੀਵਿਧੀਆਂ ਨਾਲ ਵੀ ਜੋੜਿਆ ਜਾ ਸਕੇ। ਉਨ੍ਹਾਂ ਏਕ ਭਾਰਤ ਸ੍ਰੇਸ਼ਟ ਭਾਰਤ ਦੀਆਂ ਗਤੀਵਿਧੀਆਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ । ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਸਮੂਹ ਹੈੱਡ ਟੀਚਰ ਅਤੇ ਵੱਖ ਵੱਖ ਬਲਾਕਾਂ ਦੇ ਬਲਾਕ ਰਿਸੋਰਸ ਕੋਆਰਡੀਨੇਟਰ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly