ਖ਼ੁਦ ਨੂੰ ਸੰਭਾਲੋ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਆਪਣੇ ਦੋਸਤ ਆਪ ਬਣੋ।ਆਪਣੇ ਆਪ ਤੇ ਭਰੋਸਾ ਰੱਖੋ।ਆਪਣੇ ਆਪ ਨੂੰ ਪਸੰਦ ਕਰੋ।ਤੁਸੀਂ ਤੁਹਾਨੂੰ ਬਿਹਤਰ ਸਮਝਦੇ ਹੋ।ਜਦੋਂ ਵੀ ਅਸੀਂ ਕਿਸੇ ਦੂਸਰੇ ਤੋਂ ਆਸ ਰੱਖਦੇ ਹਾਂ ਉਹ ਤਾਂ ਜ਼ਿਆਦਾਤਰ ਨਿਰਾਸ਼ਾ ਹੀ ਪੱਲੇ ਪੈਂਦੀ ਹੈ।ਇਸ ਲਈ ਬਹੁਤ ਜ਼ਰੂਰੀ ਹੈ ਕਿ ਮਨੁੱਖ ਆਪਣੇ ਆਪ ਵਿੱਚ ਰਹੇ।ਇਸ ਦਾ ਭਾਵ ਇਹ ਨਹੀਂ ਕਿ ਦੂਜਿਆਂ ਨਾਲ ਵਿਚਰੇ ਨਾ।ਜਿਵੇਂ ਕਹਿੰਦੇ ਨੇ ਸਾਰਿਆਂ ਦੇ ਵਿੱਚ ਵੇਖ ਵੀ ਅਲੱਗ ਰਹਿਣਾ।ਅੱਜ ਦੇ ਸਮੇਂ ਵਿੱਚ ਇਹ ਬਹੁਤ ਜ਼ਰੂਰੀ ਹੈ।ਜੇਕਰ ਤੁਸੀਂ ਸੰਵੇਦਨਸ਼ੀਲ ਹੋ ਤਾਂ ਦੂਜਿਆਂ ਨਾਲ ਵਰਤਾਅ ਵਿਚ ਧਨ ਦੁੱਖ ਹੀ ਮਿਲੇਗਾ।ਅੱਜ ਦੇ ਸਮੇਂ ਵਿੱਚ ਤੁਸੀਂ ਕਿਸੇ ਲਈ ਨੜਿੱਨਵੇ ਕੰਮ ਕਰੋ ਪਰ ਇੱਕ ਵਾਰ ਮਨ੍ਹਾ ਕਰ ਦਿਓ। ਯਕੀਨ ਜਾਣਿਓ ਉਹ ਵਿਅਕਤੀ ਨੜਿੱਨਵੇ ਵਾਰ ਨੂੰ ਭੁੱਲ ਜਾਏਗਾ ਇਹ ਇੱਕ ਵਾਰ ਦਾ ਮਿਹਣਾ ਦਏਗਾ।ਉਸ ਗੱਲ ਦਾ ਵਾਰ ਵਾਰ ਜ਼ਿਕਰ ਕਰੇਗਾ ਫਿਰ ਕਿਵੇਂ ਤੁਸੀਂ ਉਸ ਨਾਲ ਬੁਰਾ ਕੀਤਾ।ਇਹ ਵਰਤਾਰਾ ਹਰ ਕਿਸੇ ਦਾ ਹੈ ਫਿਰ ਉਹ ਤੁਹਾਡਾ ਦੋਸਤ ਹੋਵੇ ਇਹ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਆਪਣਾ ਭੈਣ ਭਰਾ।ਇੱਕ ਸੀਨੀਅਰ ਅਧਿਆਪਕਾ ਨੇ ਇੱਕ ਵਾਰ ਨਸੀਹਤ ਦਿੱਤੀ ਸੀ ਕਿ ਨੌਕਰੀ ਵਿੱਚ ਕੋਈ ਦੋਸਤ ਨਹੀਂ ਹੁੰਦਾ। ਮੈਂ ਪੱਚੀ ਸਾਲ ਦੀ ਨੌਕਰੀ ਵਿਚ ਇਹ ਪਰਤਿਆ ਕੇ ਦੇਖਿਆ ਹੈ।ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ।ਸਭ ਕੰਮ ਜਾਂ ਮਤਲਬ ਦੇ ਸੰਬੰਧ ਹਨ।ਜਿਨ੍ਹਾਂ ਚਿਰ ਤੁਸੀਂ ਕਿਸੇ ਦੇ ਕੰਮ ਦੇ ਹੋ ਤੁਹਾਡੀ ਅਹਿਮੀਅਤ ਹੈ ਜਿਵੇਂ ਹੀ ਕੰਮ ਨਿਕਲਿਆ ਤੁਹਾਡੀ ਅਹਿਮੀਅਤ ਖ਼ਤਮ ।ਜੇਕਰ ਤੁਸੀਂ ਆਪਣੀ ਕਦਰ ਜਾਣਨਾ ਚਾਹੁੰਦੇ ਹੋ ਤਾਂ ਕਿਸੇ ਇੱਕ ਕੰਮ ਨੂੰ ਨਾਂਹ ਕਰਕੇ ਦੇਖੋ।ਅੱਜ ਅਸੀਂ ਮੁਖੌਟਿਆਂ ਦੀ ਦੁਨੀਆਂ ਵਿੱਚ ਰਹਿ ਰਹੇ ਹਾਂ।ਹਰ ਕਿਸੇ ਦੇ ਕੋਈ ਨਾ ਕੋਈ ਮਖੌਟਾ ਪਹਿਨਿਆ ਹੋਇਆ ਹੈ।ਕਈਆਂ ਨੇ ਤਾਂ ਇੱਕ ਮਖੌਟੇ ਉੱਪਰ ਕਈ ਮੁਖੌਟੇ ਪਾਏ ਹੋਏ ਹਨ।ਕਿਸੇ ਇਨਸਾਨ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ।ਇਨਸਾਨਾਂ ਦੇ ਇਸ ਵਰਤ ਵਰਤਾਅ ਵਿਚ ਸੰਵੇਦਨਸ਼ੀਲ ਮਨੁੱਖ ਅਕਸਰ ਨਿਰਾਸ਼ ਹੋ ਜਾਂਦਾ ਹੈ।ਇਸ ਨਿਰਾਸ਼ਾ ਤੋਂ ਬਚਣ ਲਈ ਤੁਹਾਡਾ ਅੰਤਰਮੁਖੀ ਹੋਣਾ ਜ਼ਰੂਰੀ ਹੈ।ਇਸ ਦਾ ਮਤਲਬ ਇਹ ਨਹੀਂ ਕਿ ਸਮਾਜਿਕ ਰਿਸ਼ਤਿਆਂ ਦਾ ਤਿਆਗ ਕਰ ਦਿੱਤਾ ਜਾਵੇ।ਸਮਾਜਿਕ ਰਿਸ਼ਤਿਆਂ ਦੀ ਆਪਣੀ ਅਹਿਮੀਅਤ ਹੈ।ਪਰ ਉਨ੍ਹਾਂ ਦੀ ਸੀਮਾ ਜ਼ਰੂਰ ਨਿਰਧਾਰਿਤ ਕਰੋ।ਜੇ ਕੋਈ ਇੱਕ ਕਦਮ ਅੱਗੇ ਵਧਾਏ ਤਾਂ ਤੁਸੀਂ ਦਸ ਕਦਮ ਅੱਗੇ ਵਧੋ ਪਰ ਜੇਕਰ ਕੋਈ ਇਕਦਮ ਪਿੱਛੇ ਹਟਦਾ ਹੈ ਤਾਂ ਤੁਸੀਂ ਦਸ ਕਦਮ ਪਿੱਛੇ ਹਟ ਜਾਓ।ਇਸ ਵਿੱਚ ਤੁਸੀਂ ਆਪਣੇ ਆਪ ਦਾ ਬਚਾਅ ਕਰਦੇ ਹੋ।ਰਿਸ਼ਤਿਆਂ ਦੀ ਇਸ ਉਥਲ ਪੁਥਲ ਵਿੱਚ ਹੋਈ ਮਾਨਸਿਕ ਟੁੱਟ ਭੱਜ ਗੰਨੇ ਨੂੰ ਨਿਰਾਸ਼ਾ ਵੱਲ ਲੈ ਜਾਂਦੀ ਹੈ।ਗਹਿਰੀ ਨਿਰਾਸ਼ਾ ਤਣਾਅ ਵਿੱਚ ਬਦਲਦੀ ਹੈ।ਤਣਾਅ ਅੱਜ ਦੀਆਂ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ।ਜੇਕਰ ਤੁਸੀਂ ਤਣਾਅ ਤੋਂ ਬਚਣਾ ਚਾਹੁੰਦੇ ਹੋ ਉਹ ਤਾਂ ਆਪਣਾ ਕੁਝ ਸ਼ੌਕ ਪੈਦਾ ਕਰੋ।ਸ਼ੌਕ ਹੀ ਹਨ ਜੋ ਇਨਸਾਨ ਨੂੰ ਜਿੰਦਾ ਰੱਖਦੇ ਹਨ।ਕਿਤਾਬਾਂ ਪੜ੍ਹਨ ਦੀ ਆਦਤ ਪਾਓ।ਕਿਤਾਬਾਂ ਮਨੁੱਖ ਦਾ ਸਭ ਤੋਂ ਚੰਗਾ ਦੋਸਤ ਹੁੰਦੀਆਂ ਹਨ।ਇਹ ਤੁਹਾਨੂੰ ਬਹੁਤ ਕੁਝ ਦਿੰਦੀਆਂ ਹਨ।ਕਿਤਾਬ ਇਕ ਚੰਗੀ ਦੋਸਤ ਤੇ ਫਿਲਾਸਫਰ ਹੁੰਦੀ ਹੈ।ਜੀਵਨ ਦੀ ਜਾਚ ਕਿਤਾਬਾਂ ਤੋਂ ਮਿਲਦੀ ਹੈ।ਇਸ ਲਈ ਇਹ ਜ਼ਰੂਰੀ ਹੈ ਕੁਝ ਸਮਾਂ ਪੜ੍ਹਨ ਲਈ ਕੱਢਿਆ ਜਾਵੇ।ਇਕੱਲੇ ਰਹਿਣ ਤੋਂ ਬਿਲਕੁੱਲ ਨਾ ਘਬਰਾਓ।ਆਪਣੇ ਆਪ ਨੂੰ ਨਿਰਾਸ਼ਾ ਤੋਂ ਬਚਾਉਣ ਲਈ ਆਪਣੇ ਆਪ ਦੇ ਦੋਸਤ ਬਣੋ।ਖ਼ੁਦ ਨੂੰ ਪਿਆਰ ਕਰੋ।ਹਰ ਕਿਸੇ ਦੀ ਅਹਿਮੀਅਤ ਇੱਕ ਸੀਮਾ ਤਕ ਹੁੰਦੀ ਹੈ।ਜਦ ਤਕ ਮਨੁੱਖ ਤੁਹਾਡੀ ਇੱਜ਼ਤ ਕਰਦਾ ਹੈ ਤਦ ਤਕ ਦੋਸਤੀ ਨਿਭਾਓ ਪਰ ਜਿੱਥੇ ਤੁਹਾਨੂੰ ਜਾਪੇ ਕਿ ਉਸਨੇ ਆਪਣੀ ਸੀਮਾ ਪਾਰ ਕੀਤੀ ਹੈ ਚੁੱਪ ਹੋ ਜਾਓ ਤੇ ਪਿੱਛੇ ਹਟੋ।ਲੜਾਈ ਝਗੜੇ ਵਿੱਚ ਖ਼ੁਸ਼ ਨਹੀਂ ਰੱਖਿਆ।ਆਪਣੇ ਆਪ ਨੂੰ ਮਾਨਸਿਕ ਤਣਾਅ ਤੋਂ ਬਚਾਉਣ ਲਈ ਕਿਤਾਬਾਂ ਦੀ ਦੁਨੀਆਂ ਵੱਲ ਮੁੱਖ ਕਰੋ।ਇਹ ਤੁਹਾਨੂੰ ਜੀਵਨ ਦੀ ਜਾਚ ਦੇਣਗੀਆਂ।ਇਕ ਗੱਲ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੀ ਇੱਜ਼ਤ ਨਹੀਂ ਕਰਦੇ ਤਾਂ ਕੋਈ ਦੂਜਾ ਵੀ ਨਹੀਂ ਕਰੇਗਾ।ਤੁਸੀਂ ਉਹੀ ਹੋ ਜੋ ਤੁਸੀਂ ਸੋਚਦੇ ਹੋ।ਆਪਣੇ ਪ੍ਰਤੀ ਹਮੇਸ਼ਾਂ ਹਾਂ ਪੱਖੀ ਸੋਚ ਰੱਖੋ।ਖ਼ੁਸ਼ ਰਹੋ ਆਬਾਦ ਰਹੋ।

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਪਰਿਲ ਫੂਲ
Next articleਵਿਧਾਨ ਸਭਾ ਚੋਣਾਂ 2022 ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 83 ਅਧਿਕਾਰੀਆਂ, ਕਰਮਚਾਰੀ ਸਨਮਾਨਿਤ