ਬੇਟੀ ਬਚਾਓ ਬੇਟੀ ਪੜ੍ਹਾਓ

ਨੀਰੂ ਜੱਸਲ

(ਸਮਾਜ ਵੀਕਲੀ)

ਬੇਟੀ ਬਚਾਓ ਬੇਟੀ ਪੜ੍ਹਾਓ
ਤੇ ਲਿਖਣਾ ਚਾਹੁੰਦੀ ਹਾਂ ਮੈਂ
ਇੱਕ ਕਵਿਤਾ
ਪਰ
ਕਿਵੇਂ ਲਿਖ ਦਿਆਂ
ਇੱਕ ਚੰਗੀ ਕਵਿਤਾ
ਕਿਵੇਂ ਹਾਮੀ ਭਰ ਦਿਆਂ
ਕਿ ਇਹ ਸੱਚ ਏ
ਕਿਵੇਂ ਕਹਿ ਦਿਆਂ ਕਿ
ਬੇਟੀ ਪੜਾਓਗੇ‌ ਤਾਂ
ਬੇਟੀ ਬਚ ਹੀ ਜਾਵੇਗੀ
ਜਦ ਪੜੀਆਂ ਲਿਖੀਆਂ
ਨਾਲ ਵੀ
ਹੋਏ ਨੇ ਬਲਾਤਕਾਰ..
ਜਾਂ
ਮੈਂ ਇਹ ਕਹਾਂ ਕਿ
ਕੀ ਪ੍ਰਿਯੰਕਾ ਰੈੱਡੀ
ਨਹੀਂ ਸੀ ਪੜੀ ਲਿਖੀ?
ਜਾਂ
ਜਯੋਤੀ ਸਿੰਘ ਪੜੀ ਲਿਖੀ
ਨਹੀਂ ਸੀ ????

ਜਾਂ ਫਿਰ ਇਸ ਸਮਾਜ ਨੂੰ
ਕਹਾਂ ਕਿ ਉਹ ਜਾਂ ਤਾਂ
ਆਪਣੀ ਸੋਚ ਬਦਲ‌ ਦੲਏ
ਜਾਂ ਇਹ ਕਹਾਵਤ
ਜਾਂ ਫਿਰ ਇਹ ਮੰਨ ਲਵਾਂ
ਕਿ ਬੇਟੀ ਨੂੰ ਪੜਾ ਲਿਆ
ਜਾਵੇ ਜਾਂ ਨਾ
ਪਰ
ਉਸਨੂੰ ਇਸ ਅਣਮਨੁੱਖੀ
ਵਤੀਰੇ ਚੋਂ ਲੰਘਣਾ ਹੀ ਪਵੇਗਾ ?
ਸਮਾਜ ਦੀ ਇਸ ਸੌੜੀ ਸੋਚ
ਨੂੰ ਬਦਲਣ ਲਈ
ਬੇਟੀ ਨੂੰ ਹੋਰ ਕਿੰਨਾ
ਪੜਾਏਗਾ ਇਹ ਸਮਾਜ ?
ਕਿਉਂਕਿ ਸਭ ਤੋਂ ਜ਼ਰੂਰੀ ਹੈ
ਸਮਾਜ ਦਾ ਔਰਤ ਪ੍ਰਤੀ
ਨਜ਼ਰੀਆ ਬਦਲਣ ਦੀ
ਇਸ ਸਮਾਜ ਨੂੰ ਲੋੜ ਹੈ
ਔਰਤ ਨੂੰ ਪੜਨ ਦੀ
ਕੀ ਇਹ ਸਮਾਜ ਔਰਤ ਨੂੰ
ਸਮਝੇਗਾ ਇੱਕ ਬੇਟੀ
ਜਾਂ ਨਹੀਂ ?
ਜਿਸ ਦਿਨ ਇਹ ਸਮਾਜ
ਔਰਤ ਨੂੰ ਆਪਣੀ ਬੇਟੀ
ਸਮਝ ਲਵੇਗਾ
ਉਸ ਦਿਨ ਨਾ ਤਾਂ ਬੇਟੀ ਨੂੰ
ਐਨਾ ਪੜਨਾ ਪਵੇਗਾ
ਅਤੇ ਨਾ ਹੀ ਡਰਨਾ
ਕਿਉਂਕਿ ਪੜੀ ਲਿਖੀ ਬੇਟੀ
ਵੀ
ਸੜਕ ਤੇ ਡਰ ਡਰ ਕੇ
ਨਿਕਲਦੀ ਹੈ
ਅਤੇ ਬੇਟੀ ਬਚਾਓ ਬੇਟੀ
ਪੜਾਓ ਜਿਹੀਆਂ ਲਿਖਤਾਂ
ਮਹਿਜ਼ ਕੰਧਾਂ ਤੇ
ਸਜੀਆਂ ਰਹਿ ਜਾਂਦੀਆਂ ਨੇ
ਕਿਉਂਕਿ ਉਹ ਪੜਨ ਵੀ
ਤਾਂ ਹੀ ਜਾਏਗੀ ਜੇ ਉਸਦੇ
ਮਨ ਚੋਂ ਡਰ ਨਿਕਲੇਗਾ
ਜਿਸ ਦਿਨ ਇਹ ਡਰ ਮਿਟੇਗਾ
ਸ਼ਾਇਦ ਉਸ ਦਿਨ ਇਹ
ਕਹਾਵਤ ਵੀ ਨਾ ਰਹੇ
ਕਿ ਬੇਟੀ ਬਚਾਓ ਬੇਟੀ ਪੜ੍ਹਾਓ
ਤੇ ਸ਼ਾਇਦ ਮੈਂ ਵੀ ਉਸ ਦਿਨ
ਖੁਦ ਨੂੰ ਸਹੀ ਮਾਇਨੇ ਚ
ਪੜੀ ਲਿਖੀ ਕਹਿ ਸਕਾਂਗੀ

( ਪ੍ਰਿਯੰਕਾ ਰੈੱਡੀ – ਹੈਦਰਾਬਾਦ ਗੈਂਗ ਰੇਪ ਪੀੜਤ
ਜਯੋਤੀ ਸਿੰਘ- ਦਿੱਲੀ ਗੈਂਗ ਰੇਪ ਪੀੜਤ )

ਨੀਰੂ ਜੱਸਲ

ਸ਼ਭਸ ਨਗਰ।
Copyrights are reserved by the writer NEERU JASSAL

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਦੇ ਮੁੱਦੇ ’ਤੇ ਅਮਰੀਕਾ-ਰੂਸ ਆਹਮੋ ਸਾਹਮਣੇ
Next articleਮਾਂ