ਬਸਪਾ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਦੀ ਅੱਜ ਵੀਰਵਾਰ ਨੂੰ ਸਮੀਖਿਆ ਮੀਟਿੰਗ ਪਾਰਟੀ ਦੇ ਸੂਬਾ ਦਫਤਰ ਵਿਖੇ ਹੋਈ। ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬੇ ਦੇ ਕੇਂਦਰੀ ਇੰਚਾਰਜ ਵਿਪੁਲ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਗੂਆਂ-ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸਦੇ ਨਾਲ ਹੀ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਪੁਲ ਕੁਮਾਰ ਤੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਸੂਬੇ ਭਰ ਵਿੱਚ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਰੱਖੇ ਗਏ ਹਨ। ਬਸਪਾ ਪੰਜਾਬ ਸੰਭਾਲੋ ਮੁਹਿੰਮ ਤਹਿਤ ਸੂਬੇ ਦੀ ਬੇਹਤਰੀ ਦਾ ਪ੍ਰੋਗਰਾਮ ਘਰ-ਘਰ ਤੱਕ ਲੈ ਕੇ ਜਾ ਰਹੀ ਹੈ। ਸਮਾਗਮਾਂ ਦੌਰਾਨ ਨਸ਼ੇ, ਸਿਹਤ-ਸਿੱਖਿਆ ਵਿਵਸਥਾ ਦੀ ਬਦਹਾਲੀ, ਬੇਰੁਜ਼ਗਾਰੀ, ਕਿਸਾਨਾਂ-ਕਿਰਤੀਆਂ, ਮੁਲਾਜ਼ਮਾਂ ਆਦਿ ਨਾਲ ਜੁੜੇ ਮੁੱਦਿਆਂ ਨੂੰ ਚੁੱਕਿਆ ਜਾਵੇਗਾ। ਵਿਪੁਲ ਕੁਮਾਰ ਤੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਟਾਰਗੇਟ ਕਰਨ ਦੀਆਂ ਹੋਈਆਂ ਘਟਨਾਵਾਂ ਬੇਹੱਦ ਨਿੰਦਣਯੋਗ ਹਨ। ਸਰਕਾਰ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਵੇ ਤੇ ਬਣਦੀ ਸਖਤ ਕਾਰਵਾਈ ਕਰੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ 14 ਅਪ੍ਰੈਲ ਨੂੰ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਹੋਣ ਜਾ ਰਹੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੀਟਿੰਗ ਨੂੰ ਬਸਪਾ ਦੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਨੇ ਵੀ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲਿਆਂ ਦਾ ਹੱਲ ਸਿਰਫ ਬਸਪਾ ਰਾਹੀਂ ਹੀ ਹੋ ਸਕਦਾ ਹੈ। ਇਸ ਲਈ ਸੂਬੇ ਦੇ ਲੋਕ ਬਸਪਾ ਰਾਹੀਂ ਪੰਜਾਬ ਦੀ ਬੇਹਤਰੀ ਦਾ ਏਜੰਡਾ ਲਾਗੂ ਕਰਾਉਣ ਲਈ ਯਤਨਸ਼ੀਲ ਹੋਣ। ਇਸ ਮੀਟਿੰਗ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਚੌਧਰੀ ਗੁਰਨਾਮ ਸਿੰਘ, ਲਾਲ ਸਿੰਘ ਸੁਲਹਾਣੀ, ਬਲਦੇਵ ਸਿੰਘ ਮਹਿਰਾ, ਓਮ ਪ੍ਰਕਾਸ਼ ਸਰੋਆ, ਹਰਭਜਨ ਸਿੰਘ ਬਜਹੇੜੀ, ਤਰਸੇਮ ਥਾਪਰ, ਪ੍ਰਵੀਨ ਬੰਗਾ, ਗੁਰਬਖਸ਼ ਸਿੰਘ ਚੌਹਾਨ, ਪਰਮਜੀਤ ਮੱਲ ਆਦਿ ਆਗੂ ਵੀ ਮੌਜ਼ੂਦ ਸਨ।