(ਸਮਾਜ ਵੀਕਲੀ) ਸਾਧਾ/ਸੰਤਾਂ ਦੇ ਵੱਗ ਫਿਰਦੇ ,ਕੀਹਦੇ-ਕੀਹਦੇ ਪੈਰੀ ਹੱਥ ਲਾਵਾਂ ।ਪੰਜਾਬ ਗੁਰੂਆਂ,ਪੀਰਾਂ,ਫਕੀਰਾਂ ,ਸੰਤਾਂ ਦੀ ਧਰਤੀ ਹੈ।ਪਰ ਜਦੋਂ ਵੱਗ ਸ਼ਬਦ ਆਉਂਦਾ ਹੈ ਤਾਂ ਇਹ ਪਖੰਡੀਆਂ ਵੱਲ ਇਸ਼ਾਰਾ ਕਰਦਾ ਹੈ ਕਿਉਂਕਿ ਅਸਲੀ ਗੁਰੂ,ਪੀਰ,ਫਕੀਰ ਤਾਂ ਕੋਈ ਵਿਰਲਾ ਹੀ ਹੁੰਦਾ ਹੈ।ਇਹਨਾਂ ਵੱਗਾਂ ਨੇ ਤਾਂ ਲੋਕ ਮਨਾ ਅੰਦਰ ਅਨੇਕਾਂ ਭਰਮ-ਭੁਲੇਖੇ,ਸੰਕੇ ਪੈਦਾ ਕਰ ਦਿੱਤੇ ਹਨ।ਪੰਜਾਬ ਦੀ ਕੋਈ ਵੀ ਸੜਕ,ਨਹਿਰ,ਸੂਆ ,ਕੱਸੀ ਅਜਿਹੀ ਨਹੀਂ ਜਿੱਥੇ ਤੁਹਾਨੂੰ ਚਾਰ ਇੱਟਾਂ ਰੱਖੀ ਬੈਠਾ ਕਰਨੀ ਵਾਲਾ ਸਾਧ/ਸੰਤ ਨਹੀਂ ਮਿਲਦਾ।ਪਿੰਡਾਂ ਵਿੱਚ ਜਾਉ ਕੋਈ ਟਾਵਾਂ ਪਿੰਡ ਹੀ ਬਚਿਆ ਹੋਵੇਗਾ ਜਿੱਥੇ ਧੁਰ ਦੀਆਂ ਜਾਨਣ ਵਾਲੇ ਚੇਲੇ ਚੌਂਕੀ ਲਾਈ ਨਾ ਬੈਠੇ ਹੋਣ।ਇਹਨਾਂ ਸਭ ਦਾ ਮਕਸਦ ਭੋਲੀ-ਭਾਲੀ ਜੰਤਾਂ ਦਾ ਆਰਥਿਕ,ਸਰੀਰਕ, ਤੇ ਮਾਨਸਿਕ ਸੋਸਣ ਕਰਨਾ ਹੈ।ਪਿੰਡਾਂ ‘ਚ ਬੈਠੇ ਚੇਲੇ ਤਾਂ ਭਾਈਚਾਰੇ ਤੇ ਪਰਿਵਾਰਕ ਰਿਸ਼ਤਿਆਂ ‘ਚ ਪੁੱਛਿਆ ਦੇ ਨਾਮ ਤੇ ਅਜਿਹੇ ਬਖੇੜੇ ਪੈਦਾ ਕਰਦੇ ਹਨ ਕਿ ਉਹਨਾਂ ‘ਚ ਪਿਆ ਫਿੱਕ ਮਿਟਣ ਦਾ ਨਾਮ ਨਹੀਂ ਲੈਂਦਾ।
ਕਣਕ ਦਾ ਸੀਜਨ ਖਤਮ ਹੋਣ ਦੇ ਕਿਨਾਰੇ ਹੈ।ਕੋਈ ਸਮਾਂ ਸੀ ਕੋਈ ਇੱਕ-ਅੱਧੀ ਧਾਰਮਿਕ ਸੰਸਥਾ ਦੇ ਨੁਮਾਇੰਦੇ ਪਿੰਡਾਂ ਵਿੱਚ ਲੰਗਰ ਦੀ ਉਗਰਾਹੀ ਕਰਨ ਆਉਂਦੇ ਸਨ।ਪਿੰਡ ਦੇ ਗੁਰੂ ਘਰ ਤੋਂ ਹੋਕਾ ਦਿਵਾ ਕੇ ਉਹਨਾਂ ਨੇ ਕਿਸੇ ਸਾਂਝੀ ਤੇ ਬੈਠ ਜਾਣਾ ਤੇ ਲੋਕਾਂ ਨੇ ਸਰਧਾ ਅਨੁਸਾਰ ਆਪ ਆ ਕੇ ਲੰਗਰਾਂ ਲਈ ਰਸਦ ਦੇ ਜਾਣੀ।ਪਰ ਆਉਣ ਵਾਲੇ ਦਿਨਾਂ ‘ਚ ਤੁਹਾਨੂੰ ਇਸ ਤੋਂ ਅਲੱਗ ਹੀ ਵਰਤਾਰਾ ਨਜ਼ਰ ਆਵੇਗਾ।ਅਨੇਕਾ ਔਕੜਾਂ ਸਹਿ ਕੇ ਪੁੱਤਾਂ ਵਾਂਗ ਪਾਲੀ ਕਣਕ ਦੀ ਲੁੱਟ ਕਰਨ ਦੇ ਮਨਸੂਬੇ ਘੜੇ ਰਹੇ ਬਾਬਿਆਂ ਦੀਆਂ ਧਾੜਾਂ ਤੁਹਾਡੇ ਘਰ-ਘਰ ਆਉਣਗੀਆਂ ।ਇਹਨਾਂ ਬਾਬਿਆਂ ਨੇ ਘੜੁੱਕੇ,ਟਰੈਕਟਰ-ਟਰਾਲੀ,ਪਿੱਕਅਪ , ਚਿੱਟੇ ਹਾਥੀ ਸਿੰਗਾਰ ਰੱਖੇ ਹਨ।
ਇਹਨਾਂ ਚੁਸਤ-ਚਲਾਕ ਵੱਡੀਆਂ -ਵੱਡੀਆਂ ਗੋਗੜਾਂ ਵਾਲੇ ਬਾਬਿਆਂ ਨੇ ਹਰ ਪਿੰਡ ਵਿੱਚ ਆਪਣੇ ਦੋ-ਚਾਰ ਭਗਤ ਤਿਆਰ ਕੀਤੇ ਹੁੰਦੇ ਹਨ।ਜਿੱਥੇ ਇਹਨਾਂ ਦੇ ਭਗਤ ਨਹੀਂ ਹੁੰਦੇ,ਉੱਥੇ ਇਹ ਧਾੜਵੀ ਫੌਜ ਸਿੱਧਾ ਹੱਲਾ ਹੀ ਬੋਲਦੀ ਹੈ ।ਇਹ ਚਲਾਕ ਲੋਕ ਹੱਲਾ ਹਮੇਸ਼ਾ ਅਜਿਹੇ ਵਕਤ ਹੱਲਾ ਬੋਲਦੇ ਹਨ ਜਦੋਂ ਆਮ ਕਰਕੇ ਘਰਾਂ ਵਿੱਚ ਇੱਕਲੀਆਂ ਬੀਬੀਆਂ ਹਾਜਰ ਹੋਣ।ਇਹ ਉਹਨਾਂ ਦੇ ਕੋਮਲ ਹਿਰਦੇ,ਭਾਵਨਾਵਾਂ ਤੇ ਸਰਧਾ ਦਾ ਨਜਾਇਜ ਫਾਇਦਾ ਉਠਾਉਂਦੇ ਹਨ ।ਇਹ ਘਰ ਦੇ ਵਿਹੜੇ,ਵਰਾਂਡੇ ,ਸਬਾਤਾਂ ਜਾਂ ਢੋਲਾਂ ‘ਚ ਪਈ ਕਣਕ ਤੇ ਆਪਣੇ ਜਮਾਂਦਰੂ ਹੱਕ ਸਮਝਦੇ ਹੋਏ ਬੋਰੀਆਂ ,ਬਾਲਟੀਆਂ ਆਪਣੀ ਮਰਜੀ ਨਾਲ ਭਰਦੇ ਹਨ।ਘਰ ਵਾਲਿਆਂ ਦੀ ਕੋਈ ਮਰਜੀ ਨਹੀਂ ਚਲਦੀ।ਲੋਕਾਂ ਦੀ ਸਰਧਾ ਤਾਂ ਇਹਨਾਂ ਦੇ ਧਮਕੀ ਭਰੇ ਪ੍ਰਵਚਨਾਂ ‘ਚ ਖੰਭ ਲਾ ਕੇ ਉੱਡ ਜਾਂਦੀ ਹੈ।ਸਰਧਾ,ਨਿਸ਼ਚਾ,ਮਰਜੀ ਤਾਂ ਧਾਰਮਿਕ ਸੰਸਥਾਵਾਂ ਨਾਲ ਜੁੜੀ ਹੁੰਦੀ ਹੈ।ਇਹ ਤਾਂ ਧਾੜਵੀ ਹਨ ਜੋ ਲੁੱਟ ਦੀ ਨੀਤ ਨਾਲ ਆਉਂਦੇ ਹਨ ਤੇ ਆਪਣਾ ਅਧਿਕਾਰ ਸਮਝਦੇ ਹੋਏ ਲੋਕਾਂ ਦੀ ਸੱਚੀ -ਸੁੱਚੀ ਕਿਰਤ ਦੀ ਲੁੱਟ ਕਰੇ ਚਲਦੇ ਬਣਦੇ ਹਨ।ਪਿੰਡਾਂ ਵਿੱਚੋਂ ਇੱਕਠੀ ਕੀਤੀ ਕਣਕ ਤੋਂ ਹੋਈ ਅਮਦਨ ਇਹਨਾਂ ਬਾਬਿਆਂ ਦੀ ਐਸ- ਪ੍ਰਸਤੀ ਦਾ ਸਾਧਨ ਬਣਦੀ ਹੈ।ਕੀ ਕਦੇ ਕਿਸੇ ਨੇ ਇਹਨਾਂ ਦੇ ਨਿੱਜੀ ਡੇਰਿਆਂ ਤੇ ਸੰਸਥਾਵਾਂ ‘ਚ ਕਿਸੇ ਲੋੜਵੰਦ ,ਗਰੀਬ,ਢਿੱਡੋ ਭੁੱਖਿਆਂ ਦੀ ਕੋਈ ਮਦਦ ਕੀਤੀ ਦੇਖੀ ਹੈ?? ਨਹੀਂ।ਸੋ ਭਰਾਵੋ ਆਪਣੇ ਕਿਰਤ ਦੀ ਰਾਖੀ ਲਈ ਤਿਆਰ ਰਹਿਣਾ ਦਾ ਵਕਤ ਆ ਗਿਆ ਹੈ।
ਪਿਛਲੇ ਕੁੱਝ ਦਿਨਾਂ ਤੋਂ ਅਨੇਕਾਂ ਥਾਵਾਂ ਤੋਂ ਖੇਤਾਂ ‘ਚ ਖੜੀ ਪੱਕੀ ਕਣਕ ਸੜਨ ਦੀਆਂ ਨਾਮੁਰਾਦ ਖਬਰਾਂ ਆ ਰਹੀਆਂ ਹਨ। ਇਹ ਦੁਰਘਟਨਾਵਾਂ ਵਾਪਰਨ ਦੇ ਅਨੇਕਾ ਕਾਰਣ ਹਨ।ਸੋ ਇਹਨਾਂ ਧਾੜਵੀ ਬਾਬਿਆਂ ਦੀ ਬਜਾਏ ਆਪਣੇ ਉਹਨਾਂ ਕਿਸਾਨ ਭਰਾਵਾਂ ਦੀ ਮਦਦ ਕਰੋ ਜਿੰਨਾਂ ਦੀ ਕਣਕ ਕਿਸੇ ਕਾਰਣ ਘਰ ਆਉਣ ਤੋਂ ਪਹਿਲਾਂ ਅੱਗ ਦੀ ਭੇਟ ਚੜ ਗਈ ।ਕਿਸਾਨ ਜਥੇਬੰਦੀਆਂ ਤੇ ਪਿੰਡਾਂ ਦੇ ਮੋਹਤਬਰ ਲੋੜਵੰਦ ਕਿਸਾਨ ਭਰਾਵਾਂ ਦੀ ਮਦਦ ਕਰਨ ਵਿੱਚ ਅਹਿਮ ਰੋਲ ਨਿਭਾ ਸਕਦੇ ਹਨ।
ਸੋ ਅੰਤ ‘ਚ ਇਹ ਕਹਿ ਸਕਦੇ ਹਾਂ ਕਿ ਆਪਣੇ ਇਲਾਕੇ ਦੀ ਕਿਸੇ ਧਾਰਮਿਕ ਸੰਸਥਾ ਜੋ ਲੋੜਵੰਦਾਂ ਲਈ ਲੰਗਰ ਦਾ ਪ੍ਰਬੰਧ ਕਰਦੀ ਹੈ ਲਈ ਰਸਦ ਤਾਂ ਭਾਵੇਂ ਜਰੂਰ ਦਿਉ ਪਰ ਇਹਨਾਂ ਧਾੜਵੀ ਬਾਬਿਆਂ ਹੱਥੋਂ ਆਪਣੀ ਕਿਰਤ ਦੀ ਹੁੰਦੀ ਲੁੱਟ ਨੂੰ ਆਉ ਸਾਰੇ ਰਲ ਕੇ ਬਚਾਈਏ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



