HOME ਸਤਪਾਲ ਸਿਘ ਜੌਹਲ: ਚਰਿੱਤਰ, ਸੇਵਾ ਅਤੇ ਦਲੇਰੀ ਦਾ ਸੁਮੇਲ

ਸਤਪਾਲ ਸਿਘ ਜੌਹਲ: ਚਰਿੱਤਰ, ਸੇਵਾ ਅਤੇ ਦਲੇਰੀ ਦਾ ਸੁਮੇਲ

28
ਸਤਪਾਲ ਸਿਘ ਜੌਹਲ
ਸੁਰਜੀਤ ਸਿੰਘ ਫਲੋਰਾ
ਸੁਰਜੀਤ ਸਿੰਘ ਫਲੋਰਾ

  (ਸਮਾਜ ਵੀਕਲੀ)   ਬਹੁਤੀਆਂ ਪਬਲਿਕ ਸਖਸ਼ੀਅਤਾਂ ਨੂੰ ਉਨ੍ਹਾਂ ਦੇ ਨਾਹਰਿਆਂ ਅਤੇ ਗੱਲਾਂ ਕਰ ਕੇ ਜਾਣਿਆ-ਪਛਾਣਿਆ ਜਾਂਦਾ ਹੈ ਪਰ ਸਤਪਾਲ ਸਿੰਘ ਜੌਹਲ ਨੂੰ ਉਨ੍ਹਾਂ ਦੇ ਅਮਲੀ ਕੰਮਾਂ ਅਤੇ ਨਿੱਘੇ ਵਰਤ-ਵਰਤਾਓ ਕਰ ਕੇ ਵੱਧ ਜਾਣਿਆ ਜਾਂਦਾ ਹੈ। ਰਸਮੀ ਤੌਰ ’ਤੇ ਓਹ ਓਂਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਦੇ 9 ਅਤੇ 10 ਵਾਰਡਾਂ ਦੇ ਸਕੂਲ ਟਰਸਟੀ ਹਨ। ਪਰ ਪੰਜਾਬੀ ਭਾਈਚਾਰੇ ’ਚ ਓਹ ਸੁਚਾਰੂ ਮੀਡੀਆ ਕੰਮਾਂ ਅਤੇ ਪਰਵਾਸ ਨਾਲ਼ ਜੁੜੀਆਂ ਜਨਤਕ ਸੇਵਾਵਾਂ ਕਰ ਕੇ ਵੱਧ ਨਾਮਨਾ ਖੱਟ ਚੁੱਕੇ ਹਨ। ਇਨ੍ਹਾਂ ਸਭ ਕੰਮਾਂ ਨੂੰ ਇਕੱਠੇ ਕਰਨ ਨਾਲ਼ ਉਨ੍ਹਾਂ ਦੀ ਸਖਸ਼ੀਅਤ ਇੱਕ ਮਦਦਗਾਰ ਵਿਅਕਤੀ, ਮਿਠ-ਬੋਲੇ, ਬੇ-ਬਾਕ ਅਤੇ ਦਲੇਰ ਸਖਸ਼ ਦੇ ਤੌਰ ’ਤੇ ਉੱਭਰੀ ਹੈ।

ਉਨ੍ਹਾਂ ਦੇ ਸਮਰਥਕ ਇੱਕ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਦ ਕੋਈ ਕੰਮ ਗਲਤ ਹੋ ਰਿਹਾ ਹੋਵੇ ਤਾਂ ਓਹ ਉਸ ਵਿਰੁਧ ਖੜੇ ਹੋਣ ਲਈ ਪਿਛਾਂਹ ਨਹੀਂ ਰਹਿੰਦੇ। ਉਨ੍ਹਾਂ ਦੀ ਇਹ ਪਛਾਣ ਅੱਜ ਹੋਰ ਵੀ ਮਹੱਤਵ-ਪੂਰਨ ਬਣ ਜਾਂਦੀ ਹੈ, ਕਿਉਂਕਿ ਓਹ 26 ਅਕਤੂਬਰ ਨੂੰ ਹੋਣ ਵਾਲ਼ੀਆਂ ਬਰੈਂਪਟਨ ਦੀਆਂ ਮਿਊਂਸਪਲ ਚੋਣਾਂ ’ਚ ਰਿਜਨਲ ਕਾਉਂਸਲਰ ਲਈ ਉਮੀਦਵਾਰ ਹਨ। ਉਨ੍ਹਾਂ ਦੀ ਜਨਤਕ ਛਵੀ ਉਨ੍ਹਾਂ ਦੇ ਅਮਲਾਂ ਅਤੇ ਉਨ੍ਹਾਂ ਦੀਆਂ ਪ੍ਰਭਾਵ-ਕਾਰੀ ਕਾਰਵਾਈਆਂ ’ਚੋ ਉਪਜੀ ਹੈ, ਕਿਸੇ ਲਿਫਾਫੇਬਾਜੀ ’ਚੋਂ ਨਹੀਂ। ਇਹ ਛਵੀ ਇਕੱਲੇ ਦਫਤਰੀ ਕੰਮਾਂ ਕਰ ਕੇ ਨਹੀਂ ਬਣੀ ਬਲਕਿ ਉਨ੍ਹਾਂ ਦੇ ਪਬਲਿਕ ਵਿੱਚ ਵਿਚਰਣ ਦੇ ਅਸਰ-ਦਾਰ ਤਰੀਕਿਆਂ, ਲੋਕਾਂ ਨਾਲ਼ ਵਿਚਾਰ-ਵਟਾਂਦਰਿਆਂ ਅਤੇ ਉਨ੍ਹਾਂ ਦੇ ਸੁਹਿਰਦ ਸੰਬੰਧਾਂ ਕਰ ਕੇ ਬਣੀ ਹੈ। ਉਨ੍ਹਾਂ ਨੂੰ ਮਿਲਣਾ ਬਹੁਤ ਸੁਖਾਲ਼ਾ ਹੈ ਅਤੇ ਇਹ ਗੱਲ ਇਸ ਸ਼ਹਿਰ ’ਚ ਬਹੁਤ ਮਹੱਤਵ ਰਖਦੀ ਹੈ ਜਿੱਥੇ ਪਬਲਿਕ ਨੂੰ ਸਿੱਧੀ ਅਤੇ ਠੋਸ ਮਦਦ ਦੀ ਲੋੜ ਹੈ, ਨਾਂ ਕਿ ਗੱਲਾਂ ਦੇ ਕੜਾਹ ਦੀ।
ਪਬਲਿਕ ਦੀਆਂ ਨਜਰਾਂ ’ਚ ਓਹ ਪੰਜਾਬੀ ਮੀਡੀਆ, ਲੋਕਲ ਤਪਸਰਿਆਂ ਅਤੇ ਪਰਿਵਾਸ-ਸੰਬੰਧੀ ਮਸਲਿਆਂ ਨਾਲ਼ ਜੁੜੇ ਹੋਏ ਹਨ। ਇਸ ਤਰ੍ਹਾਂ ਓਹ ਪਬਲਿਕ ਦੇ ਰੋਜ-ਮਰਾ ਜੀਵਨ ਦੇ ਜਰੂਰੀ ਮਸਲਿਆਂ ਬਾਰੇ ਪੂਰੀ ਜਾਣਕਾਰੀ ਰਖਦੇ ਹਨ ਅਤੇ ਉਨ੍ਹਾਂ ਦੀ ਅਵਾਜ ਨੂੰ ਹੋਰ ਬੁਲੰਦ ਕਰਦੇ ਹਨ। ਇਸ ਤਰ੍ਹਾਂ ਜਮੀਨੀ ਹਕੀਕਤਾਂ ਨਾਲ਼ ਜੁੜੇ ਰਹਿਣ ਕਰ ਕੇ ਓਹ ਬਰੈਂਪਟਨ ਨਿਵਾਸੀਆਂ ਦੀਆਂ ਸਭ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਵਾਕਫ ਹਨ ਅਤੇ ਇਨ੍ਹਾਂ ਦੀਆਂ ਬਰੀਕੀਆਂ ਸਮਝਦੇ ਹਨ । ਇਨ੍ਹਾਂ ਬਾਰੇ ਹਰ ਸਟੇਜ ਤੋਂ ਪੂਰੀ ਸਪਸ਼ਟਤਾ ਨਾਲ਼ ਅਤੇ ਖੁਲ੍ਹ ਕੇ ਬੋਲਦੇ ਹਨ। ਮੀਡੀਆ ਦਾ ਤਜਰਬਾ ਇਨਸਾਨ ਨੂੰ ਬਹੁਤ ਕੀਮਤੀ ਸਬਕ ਸਿਖਾਉਂਦਾ ਹੈ ਪਰ ਇੱਥੇ ਕੀਤੀ ਛੋਟੀ ਜਿਹੀ ਕੁਤਾਹੀ ਵੀ ਪਬਲਿਕ ’ਚ ਬਣੀ ਹੋਈ ਭੱਲ ਨੂੰ ਢਾਹ ਲਾ ਦਿੰਦੀ ਹੈ। ਜੌਹਲ ਸਾਹਿਬ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ ਅਤੇ ਉਨ੍ਹਾਂ ਦਾ ਸਟਾਈਲ ਇਸ ਅਸਲੀਅਤ ’ਚ ਪੂਰਾ ਫਿੱਟ ਬੈਠਦਾ ਹੈ। ਓਹ ਸਪਸ਼ਟ ਅਤੇ ਸਿੱਧੀ ਗੱਲ ਕਰਦੇ ਹਨ ਜਿਸ ਕਰ ਕੇ ਲੋਕ ਉਨ੍ਹਾਂ ਨੂੰ ਧਿਆਨ ਨਾਲ਼ ਸੁਣਦੇ ਹਨ।
ਜਦ ਲੋਕਲ ਮਸਲੇ ਜਾਂ ਪਰਿਵਾਸ ਨਾਲ਼ ਜੁੜੀਆਂ ਗੱਲਾਂ ਕਾਨੂੰਨੀ ਗੁੰਝਲ਼ਾਂ ’ਚ ਫਸ ਜਾਂਦੀਆਂ ਹਨ ਤਾਂ ਪਰਿਵਾਰਾਂ ਨੂੰ ਕਿਸੇ ਐਸੀ ਪਰਸਨੈਲਿਟੀ ਦੀ ਲੋੜ ਪੈਂਦੀ ਹੈ ਜੋ ਉਨ੍ਹਾਂ ਨੂੰ ਸਰਲ ਬੋਲਾਂ ’ਚ ਸਮਝਾ ਸਕੇ। ਬਰੈਂਪਟਨ ’ਚ ਇਸ ਤਰ੍ਹਾਂ ਦੀਆਂ ਸਿੱਧੀਆਂ-ਸਪਸ਼ਟ ਗੱਲਾਂ ਦੀ ਬਹੁਤ ਲੋੜ ਹੈ, ਜਿੱਥੇ ਜਨਤਾ ਲੋਕਲ ਅਤੇ ਸੰਸਾਰ ਪੱਧਰ – ਦੋਹਾਂ ਦੀਆਂ ਗੱਲਾਂ ਜਾਣਨਾ ਪਸੰਦ ਕਰਦੀ ਹੈ। ਇੱਥੇ ਜਿਹੜਾ ਕੋਈ ਵੀ ਇੱਧਰ-ਉੱਧਰ ਦੀਆਂ ਗੱਲਾਂ ਛੱਡ ਕੇ, ਜਨਤਾ ਦੇ ਮਸਲਿਆਂ ਦੀਆਂ ਗੱਲਾਂ ਕਰੇਗਾ ਅਤੇ ਪਬਲਿਕ ਦੀਆਂ ਭਾਵਨਾਵਾਂ ਦੀ ਪਛਾਣ ਕਰ ਕੇ ਕਦਰ ਕਰੇਗਾ, ਓਹ ਹੀ ਸਫਲ ਹੋ ਸਕੇਗਾ। ਜੌਹਲ ਸਾਹਿਬ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਕਰਨ ’ਚ ਮਾਹਿਰ ਹਨ ਕਿਉਂਕਿ ਓਹ ਹਮੇਸ਼ਾਂ ਇੱਕ ‘ਗਰਾਊਂਡ’ ਹੋਏ ਬੰਦੇ ਵਾਂਗ ਕੰਮ ਕਰਨਾ ਜਾਣਦੇ ਹਨ।
ਉਨ੍ਹਾਂ ਦੀ ਜਨਤਕ ਛਵੀ ਪਰਿਵਾਸ ਦੇ ਮਸਲਿਆਂ ਨਾਲ਼ ਬਹੁਤ ਸੰਬੰਧ ਰਖਦੀ ਹੈ ਅਤੇ ਇਸ ਗੁਣ ਦੀ ਬਰੈਂਪਟਨ ’ਚ ਬਹੁਤ ਕਦਰ ਹੈ। ਬਹੁਤੇ ਪਰਿਵਾਰਾਂ ਲਈ ਇਹ ਗੰਭੀਰ ਮਸਲਾ ਹੈ ਕਿਉਂਕਿ ਇਹ ਉਨ੍ਹਾਂ ਦੇ ਪਰਿਵਾਰ ਦੇ ਇਕੱਠੇ ਹੋਣ, ਕੰਮ, ਪੜ੍ਹਾਈਆਂ ਅਤੇ ਪਰਿਵਾਰਕ ਸੁਰੱਖਿਆ ’ਤੇ ਅਸਰ ਪਾਉਂਦਾ ਹੈ। ਇਸ ਤਰ੍ਹਾ ਦੇ ਕੰਮਾਂ ’ਚ ਪੂਰੀ ਦਰੁਸਤੀ, ਸਹਿਜਤਾ ਅਤੇ ਹਮਦਰਦੀ ਦੀ ਅਹਿਮ ਲੋੜ ਹੈ। ਛੋਟੀ ਜਿਹੀ ਗਲਤੀ ਵੀ ਕਿਸੇ ਪਰਿਵਾਰ ਦਾ ਜੀਵਨ ਖਰਾਬ ਕਰ ਸਕਦੀ ਹੈ। ਸਮਰਥਕ ਇਸ ਗੱਲੋਂ ਪੂਰੇ ਸੰਤੁਸ਼ਟ ਹਨ ਕਿ ਓਹ ਸਾਰੇ ਕੰਮ ਪੂਰੀ ਦਿਆਨਤਦਾਰੀ ਅਤੇ ਚੰਗੀ ਭਾਵਨਾ ਨਾਲ ਕਰਦੇ ਹਨ – ਭਾਵੇ ਇਹ ਰਵਈਆ ਕਿਸੇ ਨੂੰ ਚੰਗਾ ਨਾਂ ਵੀ ਲੱਗੇ। ਇਸ ਕਰਕੇ ਹੀ ਲੋਕ ਉਨ੍ਹਾ ਨੂੰ ਪੂਰਾ ਮਦਦਗਾਰ ਮੰਨਦੇ ਹਨ, ਹਾਲਾਂਕਿ ਮਦਦ ਕਰਨਾ ਹਮੇਸ਼ਾ ਸੌਖਾ ਜਾਂ ਭਲੀ-ਮਾਣਸੀ ਵਾਲ਼ਾ ਕੰਮ ਨਹੀਂ ਹੁੰਦਾ। ਕਦੇ-ਕਦੇ ਕੌੜੀਆਂ ਸਚਾਈਆਂ ਵੀ ਦੱਸਣੀਆਂ ਪੈਂਦੀਆਂ ਹਨ, ਲੋਕਾਂ ਨੂੰ ਸੰਭਾਵੀ ‘ਰਿਸਕਾਂ’ ਬਾਰੇ ਸੁਚੇਤ ਕਰਨਾ ਪੈਂਦਾ ਹੈ ਅਤੇ ਗਲਤ ਕੰਮ ਕਰਨ ਤੋਂ ਨਾਂਹ ਕਰਨ ਦੀ ਹਿੰਮਤ ਕਰਨੀ ਪੈਂਦੀ ਹੈ।
ਜੌਹਲ ਸਾਹਿਬ ਦੀ ਜਨਤਾ ’ਚ ਬਣੀ ਪੈਂਠ ਦਾ ਇੱਕ ਹੋਰ ਕਾਰਨ ਉਨ੍ਹਾਂ ਵਲੋਂ ਉੱਚੀਆਂ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਵਰਤ-ਵਰਤਾਓ ਕਰਨਾ ਹੈ। ਸਭ ਜਾਣਦੇ ਹਨ ਕਿ ਜਦ ਕਦੇ ਵੀ ਕਿਸੇ ਰੂਲ-ਅਸੂਲ ਦੀ ਉਲੰਘਣਾ ਹੁੰਦੀ ਹੈ ਜਾਂ ਕਿਸੇ ਦਾ ਕੋਈ ਕੰਮ ਕਮਿਉਨਿਟੀ-ਵਿਰੋਧੀ ਹੁੰਦਾ ਹੈ, ਤਾਂ ਓਹ ਹਰਗਿਜ ਚੁੱਪ ਰਹਿਣ ਵਾਲ਼ੇ ਨਹੀਂ। ਇਸ ’ਚ ਪਬਲਿਕ ਵਰਤਾਓ, ਸੁਰੱਖਿਆ, ਕਾਨੂੰਨ ਦੀ ਪਾਲਣਾ ਅਤੇ ਪਰਿਵਾਸ ਦੇ ਨਿਯਮਾਂ ਦੀ ਦੁਰ-ਵਰਤੋਂ ਸਭ ਆ ਜਾਂਦੇ ਹਨ। ਇੱਕ ਸਾਊ ਵਿਅਕਤੀ ਹੋਣ ਦੇ ਨਾਲ਼-ਨਾਲ਼ ਓਹ ਡਟਣਾ ਵੀ ਜਾਣਦੇ ਹਨ ਅਤੇ ਇਹ ਸੁਮੇਲ ਕਾਇਮ ਰੱਖਣਾ ਕੋਈ ਸੌਖੀ ਗੱਲ ਨਹੀਂ। ਪਰ ਇਸ ਨਾਲ਼ ਬੰਦਾ ਚਿਰ-ਸਥਾਈ ਮਾਣ-ਸਤਿਕਾਰ ਹਾਸਿਲ ਕਰ ਲੈਂਦਾ ਹੈ। ਜੌਹਲ ਸਾਹਿਬ ਪੋਲੀਆਂ ਜਾਂ ਇਧਰਲੀਆ-ਉਧਰਲੀਆ ਗੱਲਾਂ ਕਰਨ ਵਾਲੇ ਨਹੀ; ਉਹ ਸਿੱਧੀਆਂ, ਖਰੀਆਂ ਅਤੇ ਬੇ-ਬਾਕ ਗੱਲਾਂ ਕਰਨ ਵਾਲ਼ੇ ਹਨ। ਇਹ ਠੀਕ ਹੈ ਕਈ ਕੱਚੇ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰਦੇ ਪਰ ਵਧੀਆ ਅਤੇ ਸੱਚੇ-ਸੁੱਚੇ ਬੰਦੇ ਇਸ ਤਰ੍ਹਾਂ ਦੀ ਦਿਆਨਤਦਾਰੀ ਦੀ ਪੂਰੀ ਕਦਰ ਕਰਦੇ ਹਨ।
ਉਨ੍ਹਾਂ ਦੇ ਸਮਰਥਕ ਬਾਹਰੀ ਲੁੱਕ-ਲਪੇਟ ਤੋਂ ਵੱਧ ਸਿਰੜ ਅਤੇ ਦ੍ਰਿੜਤਾ ਦੀ ਕਦਰ ਕਰਦੇ ਹਨ। ਓਹ ਜਾਣਦੇ ਹਨ ਕਿ ਜੌਹਲ ਸਾਹਿਬ ਸੱਚੀ ਗੱਲ ਕਰਨਗੇ, ਕੋਈ ਉਨ੍ਹਾਂ ਨਾਲ਼ ਸਹਿਮਤ ਹੋਵੇ ਨਾਂ ਹੋਵੇ। ਕਈ ਵਾਰ ਉਨ੍ਹਾਂ ਨੂੰ ਨੁਕਤਾਚੀਨੀ ਵੀ ਝੱਲਣੀ ਪੈਂਦੀ ਹੈ ਪਰ ਅਖੀਰ ਨੂੰ ਉਨ੍ਹਾਂ ਪ੍ਰਤੀ ਭਰੋਸੇ ਅਤੇ ਮਾਣ-ਸਤਿਕਾਰ ’ਚ ਵਾਧਾ ਹੀ ਹੁੰਦਾ ਹੈ। ਆਪਾਂ ਜਾਣਦੇ ਹਾਂ ਕਿ ਜਨਤਾ ਕਿਸੇ ਨਾਲ਼ ਘੜੀ ਦੀ ਘੜੀ ਭਾਵੇਂ ਸਹਿਮਤ ਨਾਂ ਹੋਵੇ ਪਰ ਸੱਚੇ ਬੰਦੇ ਦੀ ਇੱਜਤ ਜਰੂਰ ਕਰਦੀ ਹੈ। ਵੈਸੇ ਵੀ ਕੁ-ਰਖਤ ਬੋਲਣ ਦਾ ਅਤੇ ਸੁਹਿਰਦ ਕਰੜਾਈ ਦਾ ਫਰਕ ਹੁੰਦਾ ਹੈ। ਜੌਹਲ ਜੀ ਗੰਭੀਰ ਮਸਲਿਆਂ ’ਤੇ ਗੱਲ ਕਰਨ ਵਕਤ ਵੀ ਆਪਣੀ ਨਰਮਾਈ ਨਹੀਂ ਛਡਦੇ। ਓਹ ਇਸ ਗੱਲ ਦੇ ਹਾਮੀ ਹਨ ਕਿ ਕਿਸੇ ਲਈ ਸਤਿਕਾਰ ਦਿਖਾਉਣ ਲਈ ਉਸ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ।
ਜੌਹਲ ਸਾਹਿਬ ਦਾ ਉਨ੍ਹਾਂ ਲੋਕਾਂ ’ਚ ਬਹੁਤ ਸਤਿਕਾਰ ਹੈ ਜੋ ਸਮਝਦੇ ਹਨ ਕਿ ਚੰਗੀ ਲੀਡਰੀ ਦਾ ਮਤਲਬ ਲੋਕ-ਭਲਾਈ ਦੀ ਰੱਖਿਆ ਕਰਨਾ ਹੈ ਭਾਵੇਂ ਕਿ ਹਾਲਾਤ ਵਿਰੋਧੀ ਹੀ ਕਿਉਂ ਨਾਂ ਹੋਣ। ਸਮਾਜ ਨੂੰ ਭਾਵੇਂ ਨਰਮਾਈ ਦੀ ਲੋੜ ਹੈ ਪਰ ਦਲੇਰੀ ਨਾਲ਼ ਸਾਹਮਣੇ ਹੋ ਕੇ ਡਟਣ ਦੀ ਵੱਧ ਲੋੜ ਪੈਂਦੀ ਹੈ। ਜਿਹੜਾ ਲੀਡਰ ਸ਼ਾਂਤੀ ਬਣਾਉਣ ਲਈ ਕੌੜੀਆਂ ਸਚਾਈਆਂ ਦਾ ਰਾਹ ਛੱਡ ਦਿੰਦਾ ਹੈ ਓਹ ਕੁਛ ਸਮਾਂ ਤਾਂ ਕੱਢ ਲੈਂਦਾ ਹੈ, ਪਰ ਅਖੀਰ ਨੂੰ ਜਨਤਕ ਵਿਸਵਾਸ਼ ਗਵਾ ਬੈਠਦਾ ਹੈ। ਜੌਹਲ ਜੀ ਦਾ ਸਿੱਧਾ ਅਸੂਲ ਹੈ ਕਿ ਨਰਮਾਈ ਦਾ ਅਰਥ ਚੁੱਪ ਰਹਿ ਕੇ ਗਲਤ ਗੱਲਾਂ ਬਰਦਾਸ਼ਤ ਕਰਨਾ ਨਹੀਂ। ਜਦ ਲੋਕਾਂ ਨੂੰ ਇਹ ਭਰੋਸਾ ਹੋਵੇ ਕਿ ਉਨ੍ਹਾਂ ਦਾ ਲੀਡਰ ਹੱਕ-ਸੱਚ ਲਈ ਖੜ੍ਹੇਗਾ ਤਾਂ ਓਹ ਓਸ ’ਤੇ ਵੱਧ ਯਕੀਨ ਵੀ ਕਰਨਗੇ ਅਤੇ ਉਸ ਦੀ ਪੂਰੀ ਸੁਪੋਰਟ ਵੀ ਕਰਨਗੇ। ਇਸ ਤਰ੍ਹਾਂ ਸੱਚ ਦੇ ਹੱਕ ’ਚ ਖੜ੍ਹਨ ਦੀ ਕਦਰ ਪੈਂਦੀ ਹੈ, ਪਰ ਇਸ ਦਾ ਮੁੱਲ ਤਾਰਨਾ ਪੈਂਦਾ ਹੈ। ਇਸ ਦੀ ਵਿਰੋਧਤਾ ਹੋ ਸਕਦੀ ਹੈ, ਬੋਲ-ਬੁਲਾਰਾ ਹੋ ਸਕਦਾ ਹੈ ਗਲਤ-ਫਹਿਮੀਆਂ ਪੈਦਾ ਹੋ ਸਕਦੀਆ ਹਨ। ਇਸ ਕਰਕੇ ਹੀ ਹੌਂਸਲੇ ਦੀ ਪਬਲਿਕ ’ਚ ਕਦਰ ਹੈ। ਜਨਤਾ ਉਨ੍ਹਾਂ ਨੂੰ ਯਾਦ ਰਖਦੀ ਹੈ ਜਿਹੜੇ ਸ਼ਾਂਤ ਰਹਿਣ ਅਤੇ ਬੋਲਣ ਦੇ ਮੌਕਿਆਂ ਨੂੰ ਪਛਾਣਦੇ ਹਨ, ਇਨ੍ਹਾਂ ’ਚ ਫਰਕ ਜਾਣਦੇ ਹਨ।
 2022-2026 ਦੀ ਟਰਮ ’ਚ ਵਾਰਡ ਨੰਬਰ 9 ਅਤੇ 10 ਦੇ ਸਕੂਲ ਟਰਸਟੀ ਦੇ ਤੌਰ ’ਤੇ ਕੀਤਾ ਕੰਮ, ਉਨ੍ਹਾਂ ਦੇ ਪ੍ਰਭਾਵ-ਕਾਰੀ ਕੰਮ ਕਰਨ ਦੇ ਢੰਗਾਂ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਹੈਸੀਅਤ ’ਚ ਕੰਮ ਕਰ ਕੇ ਬੰਦਾ ਪਰਿਵਾਰਾਂ, ਸਟੂਡੈਂਟਾਂ ਅਤੇ ਅਧਿਆਪਕਾਂ ਦੇ ਨੇੜੇ ਹੋ ਜਾਂਦਾ ਹੈ ਅਤੇ ਨਿਤ-ਪ੍ਰਤੀ ਫੈਸਲੇ ਲੈਣ ਦੇ ਕੰਮਾਂ ’ਚ ਯੋਗਦਾਨ ਪਾਉਂਦਾ ਹੈ। ਇਹ ਇੱਕ ਅਮਲੀ ਕੰਮ ਹੈ ਜਿਸ ਤੋਂ ਬੰਦੇ ਦਾ ਚਰਿੱਤਰ ਪਰਤੱਖ ਨਜਰ ਆਉਂਦਾ ਹੈ ਅਤੇ ਇਹ ਹੋਰ ਪਰਪੱਕ ਵੀ ਹੁੰਦਾ ਹੈ।
ਸਕੂਲਾਂ ਦੇ ਪ੍ਰਬੰਧਾਂ ’ਚ, ਪਰਿਵਾਰ ਰੋਜਾਨਾ ਜਿੰਦਗੀ ’ਤੇ ਅਸਰ ਉਣ ਵਾਲ਼ੀਆਂ ਚੀਜਾਂ ਨੂੰ ਵੱਧ ਗੌਰ ਨਾਲ਼ ਦੇਖਦੇ ਹਨ। ਓਹ ਸਕੂਲਾਂ ਦੀ ਸੁਰੱਖਿਆ, ਸਕੂਲਾਂ ਦੇ ਨੇੜੇ ਦੀ ਆਵਾਜਾਈ, ਉੱਪਰਲਿਆਂ ਨਾਲ਼ ਤਾਲ-ਮੇਲ ਅਤੇ ਆਪਣੀ ਗੱਲ ਸੁਣੇ ਜਾਣ ਨੂੰ ਖਾਸ ਕਰ ਕੇ ਮਹੱਤਵ ਦਿੰਦੇ ਹਨ। ਜੌਹਲ ਸਾਹਿਬ ਇਨ੍ਹਾ ਸਭ ਗੱਲਾਂ ਬਾਰੇ ਬਹੁਤ ਖਬਰਦਾਰ ਰਹਿੰਦੇ ਹਨ। ਇਸ ਤਰ੍ਹਾਂ ਦੀਆਂ ਸੇਵਾਵਾਂ ਕਰ ਕੇ ਹੀ ਲੋਕ ਉਨ੍ਹਾਂ ਦਾ ਮਾਣ-ਸਤਿਕਾਰ ਕਰਦੇ ਹਨ। ਓਹ ਇਹ ਵੀ ਮਹਿਸੂਸ ਕਰਦੇ ਹਨ ਕਿ ਜੌਹਲ ਸਾਹਿਬ ਨੂੰ ਜਦੋਂ ਮਰਜੀ ਸਿੱਧਿਆਂ ਮਿਲਿਆ ਜਾ ਸਕਦਾ ਹੈ। ਮਾਂ-ਪਿਉ ਉਨ੍ਹਾਂ ਲੀਡਰਾਂ ’ਤੇ ਵੱਧ ਭਰੋਸਾ ਕਰਦੇ ਹਨ ਕਰਦੇ ਹਨ ਜੋ ਸਪਸ਼ਟ ਗੱਲ ਕਰਦੇ ਹਨ ਅਤੇ ਮੁਸ਼ਕਿਲ ਸਮੇਂ ’ਤੇ ਹਾਜਰ ਮਿਲਦੇ ਹਨ। ਨਿਰਸੰਦੇਹ, ਬੋਰਡ ਦਾ ਕੰਮ ਵਾਹਵਾ ਖੱਟਣ ਦਾ ਮੌਕਾ ਘੱਟ ਹੈ ਅਤੇ ਜਿੰਮੇਵਾਰੀ ਦਾ ਬਹੁਤਾ ਹੈ। ਇਹੋ ਜਿਹੀਆਂ ਅਹੁਦੇਦਾਰੀਆਂ ’ਤੇ ਕੀਤੇ ਕੰਮਾਂ ਤੋਂ ਹੀ ਬੰਦੇ ਦੀ ਜਨਤਾ ’ਚ ਬਣਾਈ ਭੱਲ ਦਾ ਪਤਾ ਲਗਦਾ ਹੈ।
ਜੌਹਲ ਸਾਹਿਬ 2026 ਦੀਆਂ ਬਰੈਂਪਟਨ ਮਿਉਂਸਪਲਟੀ ਦੀਆਂ ਰਿਜਨਲ ਕਾਉਂਸਲਰ ਦੀਆਂ ਚੋਣਾਂ ’ਚ ਉਮੀਦਵਰ ਹਨ। ਉਨ੍ਹਾਂ ਲਈ ਇਹ ਸੇਵਾ ਦਾ ਕੋਈ ਨਵਾਂ ਮੌਕਾ ਨਹੀਂ। ਇਸ ਤਰ੍ਹਾਂ ਓਹ ਪਹਿਲੀ ਕੀਤੀ ਜਾ ਰਹੀ ਸੇਵਾ ਨੂੰ ਹੀ ਅੱਗੇ ਤੋਰ ਰਹੇ ਹਨ। ਉਨ੍ਹਾਂ ਨੂੰ ਪਹਿਲਾਂ ਹੀ ਇਸ ਪਾਸੇ ਦਾ ਬਹੁਤ ਤਜਰਬਾ ਹੈ ਅਤੇ ਇਸ ਨਾਲ਼ ਉਨ੍ਹਾਂ ਦੀ ਜਿੰਮੇਵਾਰੀ ਦਾ ਘੇਰਾ ਹੋਰ ਵੱਡਾ ਹੋਵੇਗਾ। ਉਨ੍ਹਾਂ ਦੇ ਸਮਰਥਕਾਂ ਵਾਸਤੇ ਇਹ ਇੱਕ ਮੌਕਾ ਹੈ ਕਿ ਵੱਡੇ ਜਨਤਕ ਹਿਤਾਂ ਲਈ ਉਨ੍ਹਾਂ ਦੀ ਹਮਾਇਤ ’ਚ ਲੱਗਣ। ਹਾਲਾਂਕਿ ਓਹ ਖੁਦ ਇਸ ਤਰ੍ਹਾਂ ਦੀਆਂ ਹਮਾਇਤਾਂ ਦੀ ਬਜਾਇ ਜਨਤਾ ’ਚ ਵਿਚਰ ਕੇ ਪ੍ਰੈਕਟੀਕਲ ਕਰਾਵਾਈਆਂ ਨੂੰ ਵੱਧ ਤਰਜੀਹ ਦਿੰਦੇ ਹਨ ਅਤੇ ਇਸ ਤਰ੍ਹਾਂ ਦੇ ਪਰਚਾਰ ਤੋਂ ਸੰਗਦੇ ਹਨ। ਪਰ ਸਮਰਥਕ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੇ ਸੁਹਿਰਦ, ਹਿੰਮਤੀ ਅਤੇ ਅਣਥੱਕ ਲੀਡਰ ਪੰਜਾਬੀ ਭਾਈਚਾਰੇ ਦੀ ਬਹੁ-ਪੱਖੀ ਸੇਵਾ ’ਚ ਯੋਗਦਾਨ ਪਾਉਂਦੇ ਰਹਿਣ। ਸਾਰੇ ਇਸ ਗੱਲ ਨਾਲ਼ ਸਹਿਮਤ ਹਨ ਕਿ : ਜੌਹਲ, ਬਰੈਂਪਟਨ ਨਿਵਾਸੀਆਂ ਦੀ ਸੇਵਾ ਲਈ ਹਰ ਵਕਤ ਹਾਜਿਰ ਹੈ।
ਉਨ੍ਹਾਂ ਦਾ ਸਮਰਥਨ ਉਨ੍ਹਾਂ ਦੀਆਂ ਨਿਜੀ ਦੋਸਤੀਆਂ ਤੋਂ ਕਿਤੇ ਵੱਧ ਉਨ੍ਹਾਂ ਦੇ ਅਸਰਦਾਰ ਕੰਮਾਂ ’ਤੇ ਨਿਰਭਰ ਹੈ। ਉਨ੍ਹਾਂ ਵਲੋਂ ਕੀਤੀ ਐੱਲ.ਐੱਮ.ਆਈ.ਏ ਦੀ ਘਾਲਣਾ ਸਭ ਦੇ ਦਿਲਾਂ ਅਤੇ ਦਿਮਾਗਾਂ ’ਚ ਉੱਕਰੀ ਹੋਈ ਹੈ ਅਤੇ ਰਹੇਗੀ। ਜਨਤਾ ਹਮੇਸ਼ਾ ਸੱਚੇ-ਸੁੱਚੇ ਨਿਰਪੱਖ ਅਤੇ ਦਲੇਰ ਲੀਡਰਾਂ ਦੀ ਕਦਰ ਕਰਦੀ ਰਹੀ ਹੈ ਅਤੇ ਜੌਹਲ ਸਾਹਿਬ ਇਨ੍ਹਾਂ ਸਾਰੇ ਗੁਣਾਂ ਦਾ ਸਹੀ ਸੁਮੇਲ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਹਾਨ ਸੰਤਾਂ – ਮਹਾਂਪੁਰਸ਼ਾਂ ਵਲੋਂ ਕੁਦਰਤ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ * ਸੰਤਾਂ ਦੀ ਸੰਗਤ ਤੇ ਆਸ਼ੀਰਵਾਦ ਵੱਡੇ ਭਾਗਾਂ ਨਾਲ਼ ਮਿਲ਼ਦਾ ਹੈ – ਮਾਸਟਰ ਸੰਜੀਵ ਧਰਮਾਣੀ
Next articleਜਨਤਾ ‘ਤੇ ਮਹਿੰਗਾਈ ਦੀ ਮਾਰ, ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਮੋਦੀ ਸਰਕਾਰ: ਬ੍ਰਿਗੇਡੀਅਰ ਰਾਜ ਕੁਮਾਰ