HOME ਸਤਿਗੁਰ ਰਵਿਦਾਸ ਜੀ ਸੁਮਾਜ ਸੁਧਾਰਕ, ਕ੍ਰਾਂਤੀਕਾਰੀ ਅਤੇ ਵਹਿਮਾਂ ਭਰਮਾਂ ਤੇ ਪਾਖੰਡਵਾਦ ਦੇ...

ਸਤਿਗੁਰ ਰਵਿਦਾਸ ਜੀ ਸੁਮਾਜ ਸੁਧਾਰਕ, ਕ੍ਰਾਂਤੀਕਾਰੀ ਅਤੇ ਵਹਿਮਾਂ ਭਰਮਾਂ ਤੇ ਪਾਖੰਡਵਾਦ ਦੇ ਵਿਰੋਧੀ ਸਨ। (1378-1528)

ਸਤਿਗੁਰ ਰਵਿਦਾਸ ਜੀ

ਲੈਕਚਰਾਰ ਬਲਦੀਸ਼ ਲੰਗੇਰੀ

ਲੈਕਚਰਾਰ ਬਲਦੀਸ਼ ਲੰਗੇਰੀ

  (ਸਮਾਜ ਵੀਕਲੀ)  ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖ਼ਜਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲਦਾ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 11 ਭੱਟਾਂ ਅਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ,ਉੱਥੇ ਹੀ ਗੂਰੂ ਸਾਹਿਬ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ ਇਨ੍ਹਾਂ ਵਿੱਚ ਬਾਬਾ ਫ਼ਰੀਦ ਜੀ,ਭਗਤ ਕਬੀਰ ਜੀ,ਭਗਤ ਬੇਣੀ ਜੀ,ਭਗਤ ਨਾਮਦੇਵ ਜੀ,ਭਗਤ ਤਰਲੋਚਨ ਜੀ,ਭਗਤ ਜੈ ਦੇਵ ਜੀ,ਭਗਤ ਰਾਮਾ ਨੰਦ ਜੀ,ਭਗਤ ਸੈਣ ਜੀ ਭਗਤ ਸਧਨਾ ਜੀ ਅਤੇ ਗੁਰੂ ਰਵਿਦਾਸ ਜੀ ਦਾ ਨਾਂ ਵਰਨਣਯੋਗ ਹੈ। ਗੁਰੂ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ 1 ਇਸ ਤੋਂ ਇਲਾਵਾ ਵੀ ਉਨ੍ਹਾਂ ਦੀ ਕਾਫੀ ਰਚਨਾ ਮਿਲਦੀ ਹੈ । ਉਨ੍ਹਾਂ ਦੀ ਰਚਨਾ ਰੱਬ, ਗੁਰੂ, ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜੋਰ ਦਿੰਦੀ ਹੈ । ਉਨ੍ਹਾਂ ਦੀ ਰਚਨਾ ਦਾ ਭਗਤੀ ਵਿਚਾਰਧਾਰਾ ਉਤੇ ਵੀ ਬਹੁਤ ਡੂੰਘਾ ਪ੍ਰਭਾਵ ਪਿਆ ਹੈ ।
”ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ”
“ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ।।
ਜਿਸਦਾ ਭਾਵ ਹੈ ਜੋ ਮਨੁੱਖ ਰੱਬ ਦਾ ਨਾਮ-ਹੀਰਾ ਛੱਡ ਕੇ ਹੋਰ ਥਾਵਾਂ ਤੋਂ ਸੁਖਾਂ ਦੀ ਆਸ ਰੱਖਦਾ ਹੈ ਉਸ ਮਨੁੱਖ ਨੂੰ ਸਿਰਫ ਦੁਖ ਹੀ ਮਿਲਦੇ । ਸਤਿਗੁਰ ਰਵੀਦਾਸ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ,ਛੂਤ-ਛਾਤ,ਭੇਖਾਂ-ਪਖੰਡਾਂ,ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ। ਸਤਿਗੁਰ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਪ੍ਰਭੁ ਭਗਤੀ ਦੇ ਨਾਲ ਨਾਲ ਜਿਨ੍ਹਾ ਭਗਤਾਂ ਨੇ ਸਮਾਜ ਸੁਧਾਰ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ, ਉਨ੍ਹਾ ਵਿਚੋ ਸਤਿਗੁਰੂ ਰਵਿਦਾਸ ਜੀ ਦਾ ਅਹਿਮ ਸਥਾਨ ਹੈ । ਆਪ ਜੀ ਦਾ ਜਨਮ 1377-1378 ਚੌਧਵੀਂ ਸਦੀ ਵਿਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕਲਸਾਂ ਦੇਵੀ ਜੀ ਦੀ ਕੁਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ । ਆਪ ਜੀ ਨੂੰ ਗੁਰੂ ਰਵੀਦਾਸ, ਭਗਤ ਰਵਿਦਾਸ ਜੀ, ਸੰਤ ਰਵੀਦਾਸ, ਰੈਦਾਸ, ਰੋਹੀਦਾਸ ਅਤੇ ਰੂਹੀਦਾਸ ਆਦਿ ਕਈ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ । ਉਨ੍ਹਾਂ ਦਾ ਸੰਬੰਧ ਚਮਾਰ ਜਾਤੀ ਨਾਲ ਸੀ ਜੋ ਉਸ ਸਮੇਂ ਇਕ ਅਛੂਤ ਜਾਤ ਮੰਨੀ ਜਾਂਦੀ ਸੀ । ਉਨ੍ਹਾ ਦੇ ਪੁਰਖੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਸੀ। ਇਸ ਜਾਤੀ ਨੂੰ ਬੜੀ ਘ੍ਰਿਣਾ ਨਾਲ ਦੇਖਿਆ ਜਾਂਦਾ ਸੀ । ਗੁਰੂ ਰਵਿਦਾਸ ਸਤਿਗੁਰੂ ਕਬੀਰ ਜੀ ਦੇ ਸਮਕਾਲੀ ਸਨ। ਆਪ ਹਰ ਪ੍ਰਮਾਤਮਾ ਭਗਤੀ ਵਿਚ ਲੀਨ ਰਹਿੰਦੇ ਸਨ । ਆਪ ਦਾ ਵਿਸ਼ਵਾਸ ਸੀ ਕਿ ਪ੍ਰਮਾਤਮਾ ਕਿਸੇ ਖਾਸ ਜਾਤ , ਵਰਣ ਜਾ ਮਜਹਬ ਦਾ ਨਹੀਂ ਹੈ ਉਹ ਸਭ ਦਾ ਹੈ । ਆਪ ਨੇ ਆਪਣੀ ਬਾਣੀ ਵਿਚ ਪ੍ਰਮਾਤਮਾ ਨੂੰ ਨੀਵੀਆਂ ਜਾਤੀਆਂ ਦੇ ਰਖਿਅਕ ਦੇ ਰੂਪ ਵਿਚ ਦੇਖਿਆ।
ਆਪ ਨੇ ਸਮਾਜ ਵਿਚ ਅਜਿਹੀਆਂ ਫੈਲੀਆਂ ਕੁਰੀਤੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਤੇ ਇਸ ਭੇਦ -ਭਾਵ ਨੂੰ ਤਾਰਕਿਕ ਅਤੇ ਦਲੀਲ ਭਰਪੂਰ ਢੰਗ ਨਾਲ ਖੰਡਿਤ ਕਰਦੇ ਕੇਵਲ ਪ੍ਰਮਾਤਮਾ ਦੇ ਭਗਤੀ ਨੂੰ ਸਭ ਤੋ ਉਚਾ ਦਰਜਾ ਦਿਤਾ। ਉਨ੍ਹਾ ਦਾ ਕਥਨ ਹੈ ਕਿ ਮਨੁਖ ਅੰਦਰ ਡਰ, ਚਿੰਤ, ਗਰੀਬੀ, ਦੁਖ ,ਗਿਰਾਵਟ, ਦੁਬਿਧਾ, ਜੋ ਮਧਕਾਲੀ ਸਮਾਜ ਦੀਆਂ ਸਮਸਿਆਵਾਂ ਸਨ, ਜਿਸ ਨਾਲ ਮਨੁਖ ਮਾਨਸਿਕ ਤੋਰ ਤੇ ਕਮਜ਼ੋਰ ਹੋ ਜਾਂਦਾ ਹੈ ਤੇ ਉਸ ਨੂੰ ਪਤਨ ਦੇ ਰਸਤੇ ਤੇ ਪਾਉਂਦਾ ਹੈ। ਗੁਰੂ ਜੀ ਨੇ ਬੇਗਮਪੁਰੇ ਦਾ ਸੰਕਲਪ ਦਿੱਤਾਪਰ ਜੋ ਜ਼ੋ ਕਿ ਮਨੁਖ ਨੂੰ ਵਿਕਾਸ ਦੇ ਰਸਤੇ ਤੇ ਪਾਕੇ ਖੁਸ਼ਹਾਲੀ ਤੇ ਅਨੰਦ ਦੇ ਰਾਹ ਵਲ ਨੂੰ ਲੈ ਜਾਂਦਾ ਹੈ । ਇਸ ਵਿਚ ਉਹ ਇਕ ਖੁਸ਼ਹਾਲ ਸਮਾਜ ਦੀ ਕਲਪਨਾ ਕਰਦੇ ਹਨ, ਜਿਥੇ ਰੋਜ਼ੀ ਰੋਟੀ ਦਾ ਫਿਕਰ ਨਾ ਹੋਵੇ, ,ਨਾ ਹਕੂਮਤ ਦਾ ਖੋਫ਼ , ਸੈਰ ਸਪਾਟੇ ਦੀ ਖੁਲੀ ਆਜ਼ਾਦੀ, ਜਿਥੇ ਕੋਈ ਰੋਕ ਟੋਕ ਨਾ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 345 ਤੇ ਦਰਜ਼ ਆਪ ਜੀ ਬਾਣੀ ਦੇ ਸ਼ਬਦ ਵਿਚ ਉਹ ਇਸ ਅਕਾਲ ਪੁਰਖ ਦੀ ਨਗਰੀ ਬੇਗਮ ਪੁਰੇ ਦੇ ਆਨੰਦਮਈ ਸੁਹਜਤਾ ਦਾ ਅਲੋਲਿਕ ਅਤੇ ਨੂਰਾਨੀ ਪ੍ਰਕਾਸ਼ ਦਾ ਅਨੰਦ ਭਰਪੂਰ ਅਲੋਲਿਕ ਨਜ਼ਾਰਾ ਪੇਸ਼ ਕਰਦੇ ਹਨ।
ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸੁ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ
ਆਪ ਇਕ ਅਗਾਂਹ ਵਧੂ ਸੋਚ ਦੇ ਧਾਰਨੀ ਸਨ । ਉਹ ਮਰਨ ਤੋ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗਲ ਕਰਦੇ ਹਨ,ਜੋ ਮੁਕਤੀ ਨਿਜੀ ਨਹੀਂ ਬਲਕਿ ਸਮੂਹਕ ਮੁਕਤੀ ਹੈ ,ਸਾਰੇ ਸਮਾਜ ਦੇ ਕਲਿਆਣ ਦੀ ,ਸਰਬਤ ਦੇ ਭਲੇ ਦੀ ਗਲ ਕਰਦੇ ਹਨ । ਆਪ ਸਮਾਜ-ਦਰਸ਼ਨ ਬਦਲਣ ਤੇ ਵਧੀਆ ਸਮਾਜ ਉਸਾਰਨ ਦੀ ਪ੍ਰੇਰਨਾ ਸਰੋਤ ਹਨ। ਆਪ ਨੇ ਹਾਰਿਆਂ ਲਤਾੜਿਆ ਅਤੇ ਬੇਆਸਰਿਆਂ ਲੋਕਾਂ ਨੂੰ ਇਕ ਨਵਾਂ ਸੁਪਨਾ ਦਿਖਾਇਆ। ਆਪ ਦੇ ਬੇਗਮਪੁਰਾ ਦੀ ਚਰਚਾ ਕਿਤੇ ਨਹੀਂ ਹੋਈ ਸਿਵਾ ਸ੍ਰੀ ਗੁਰੂ ਗਰੰਥ ਸਾਹਿਬ ਤੋਂ ।
ਗੁਰੂ ਜੀ ਨੂੰ ਆਪਣੀ ਨੀਵੀਂ ਜਾਤ ਹੋਣ ਵਿਚ ਕੋਈ ਸ਼ਰਮ ਨਹੀਂ ਸੀ ਸਗੋਂ ਉਨ੍ਹਾ ਨੇ ਗੁਰਬਾਣੀ ਵਿਚ ਆਪਣੀ ਨੀਵੀਂ ਜਾਤ ਦੀ ਬੜੇ ਮਿੱਠੇ ਤੇ ਤਰਕਸੰਗਤ ਤਰੀਕੇ ਨਾਲ ਪਛਾਣ ਕਰਵਾਈ। ਜਿਵੇਂ
ਮੇਰੀ ਜਾਤ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ,
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ1
ਇੱਕ ਵਾਰ ਚਿੱਤੌੜ ਦੀ ਰਾਣੀ ਝਾਲਾਂ ਬਾਈ ਨੇ ਸਤਿਗੁਰੂ ਰਵੀਦਾਸ ਤੇ ਹੋਰ ਪਡਿਤਾਂ ਨੂੰ ਆਪਣੇ ਮਹਿਲ ‘ਚ ਭੋਜਨ ਲਈ ਬੁਲਾਇਆ।ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਸਤਿਗੁਰੂ ਰਵਿਦਾਸ ਨੂੰ ਵੀ ਬੁਲਾਇਆ ਸੀ। ਪਰ ਬ੍ਰਾਹਮਣਾਂ ਨੇ ਗੁਰੂ ਜੀ ਨਾਲ ਬੈਠ ਕੇ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ। ਤਰਕ ਇਹ ਦਿੱਤਾ ਗਿਆ ਕਿ ਇਹ ਨੀਵੀ ਜਾਤ ਦਾ ਵਿਅਕਤੀ ਹੈ ਇਸ ਨਾਲ ਅਸੀਂ ਬੈਠ ਕੇ ਭੋਜਨ ਨਹੀਂ ਖਾ ਸਕਦੇ। ਵਿਦਵਾਨ ਵਿਅਕਤੀਆਂ ਤੇ ਦਖਲ ਦੇਣ ਤੋਂ ਬਾਅਦ ਇਹ ਫੈਸਲਾ ਇਹ ਹੋਇਆ ਕਿ ਪਹਿਲੇ ਸਾਰੇ ਪੰਡਤ ਭੋਜਨ ਛਕਣ ਗੇ ਤੇ ਉਨ੍ਹਾ ਤੋਂ ਬਾਅਦ ਗੁਰੂ ਜੀ ਭੋਜਨ ਛਕਣਗੇ।ਰਾਣੀ ਨੂੰ ਇਹ ਗੱਲ ਸਵੀਕਾਰ ਕਰਨੀ ਪਈ। ਆਪ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ।ਜਿਸ ਵਕਤ ਭੋਜਨ ਦਾ ਸਮਾਂ ਆਇਆ ਤਾਂ 118 ਪੰਡਿਤਾਂ ਦਾ ਭੋਜਨ ਪਰੋਸਿਆ ਗਿਆ।
ਜਿਸ ਵਕਤ ਪੰਗਤ ਵਿੱਚ ਭੋਜਨ ਛੱਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਦੀ ਥਾਲੀ ਵਿਚੋਂ ਆਪ ਭੋਜਨ ਛਕਦੇ ਨਜ਼ਰ ਆਏ। ਪੰਡਾਲ ਵਿਚ ਰੋਲਾ ਪੈ ਗਿਆ। ਹਰ ਪੰਡਿਤ ਇਹੋ ਕਹਿ ਰਹੇ ਸੀ ਕਿ ਰਵਿਦਾਸ ਮੇਰੀ ਥਾਲੀ ਵਿਚੋਂ ਭੋਜਨ ਖਾ ਰਿਹਾ ਹੈ।ਪੰਡਤਾਂ ਦੇ ਆਗੂ ਨੂੰ ਸਭ ਸਮਝ ਆ ਗਿਆ ਕਿ ਇਹ ਭਗਤਾਂ ਦੀ ਉਚੀ ਅਵਸਥਾ ਵਿਚ ਪਹੁੰਚੇ ਇਨਸਾਨ ਹਨ। ਸਭ ਨੇ ਜਾਕੇ ਆਪ ਦੇ ਪੈਰ ਛੂਹੇ ਤੇ ਮਾਫ਼ੀ ਮੰਗੀ।ਰਾਣੀ ਨੇ ਆਪ ਜੀ ਨੂੰ ਹਾਥੀ ਤੇ ਬੈਠਾ ਕੇ ਉਪਰ ਛਤਰ ਝੁਲਾਇਆ ਤੇ ਜਲੂਸ ਦੀ ਸ਼ਕਲ ਵਿਚ ਸਾਰੇ ਪਿੰਡ ਨੂੰ ਉਨ੍ਹਾ ਦੇ ਦਰਸ਼ਨ ਕਰਵਾਏ।ਇਸ ਵਕਤ ਇਹ ਸ਼ਬਦ ਉਸ ਪ੍ਰਮਾਤਮਾ ਦੀ ਵਡਿਆਈ ‘ਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰੇ ਹਨ।
”ਐਸੀ ਲਾਲ ਤੁਝ ਬਿਨੁ ਕਉਨੁ ਕਰੈ
ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ”
ਭਾਵ ਹੇ ਪ੍ਰਮਾਤਮਾ ਤੇਰੀ ਕ੍ਰਿਪਾ ਨਾਲ ਮੇਰੇ ਸਿਰ ਉੱਤੇ ਛੱਤਰ ਝੁਲ ਰਿਹਾ ਹੈ ਤੇ ਤੇਰੀ ਕ੍ਰਿਪਾ ਨਾਲ ਹੀ ਮੈਨੂੰ ਏਨਾ ਮਾਣ ਸਨਮਾਨ ਮਿਲ ਰਿਹਾ ਹੈ। ਸਤਿਗੁਰ ਰਵਿਦਾਸ ਜੀ ਦਾ ਕਥਨ ,” ਮਨ ਚੰਗਾ ਤੋ ਕਠੋਤੀ ਮੈਂ ਗੰਗਾ” ਲਿਖ ਕੇ ਇਹ ਸਾਫ਼ ਕਰ ਦਿਤਾ ਹੈ ਕੀ ਅਗਰ ਇਨਸਾਨ ਦਾ ਦਿਲ ਸਾਫ਼ ਹੈ ,ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਰਾਂ ਵਿਚ ਜਾਣ ਦੀ ਕੋਈ ਲੋੜ ਨਹੀਂ1 ਰੱਬ ਨੂੰ ਖੁਸ਼ ਕਰਨ ਲਈ ਜਿਹੜੇ ਅਡੰਬਰ ਤੇ ਕਰਮਕਾਂਡ ਬ੍ਰਾਹਮਣਾ ਨੇ ਕਾਇਮ ਕੀਤੇ ਇਨ੍ਹਾ ਨੇ ਖੁਲ ਕੇ ਵਿਰੋਧ ਕੀਤਾ। ਗੁਰੂ ਜੀ ਨੇ ਆਪਣੀ ਬਾਣੀ ਦੁਆਰਾ ਜਾਤ -ਪਾਤ ਤੇ ਊਚ-ਨੀਚ ਦਾ ਵਿਰੋਧ ਕੀਤਾ। ਜਿਥੇ ਆਪ ਨੇ ਆਪਣੇ ਪਵਿਤਰ ਜੀਵਨ ਅਤੇ ਨਾਮ ਬਾਣੀ ਨਾਲ ਅਨੇਕਾ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ ਉਥੇ ਆਪ ਜੀਵਨ ਦੇ ਸ਼ੰਕਿਆਂ ਨੂੰ ਨਵਿਰਤ ਕਰਦੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦੇ ਨੇਕ ਅਮਲਾਂ ਤੇ ਚਲਦਿਆਂ ਜੀਵਨ ਗੁਜ਼ਾਰਨ ਦਾ ਸੰਦੇਸ਼ ਦਿਤਾ।
ਆਪਜੀ ਦੀ ਪਿਤਾ ਕੋਲ ਬਹੁਤ ਸਾਰੀ ਦੋਲਤ ਹੁੰਦਿਆ ਵੀ ਆਪ ਜੀ ਨੇ ਕਦੀ ਦੋਲਤ ਨੂੰ ਆਪਣੇ ਅਸੂਲਾਂ ਤੇ ਹਾਵੀ ਨਹੀਂ ਹੋਣ ਦਿਤਾ।ਆਪ ਜੀ ਤਿਆਗੀ ਸੁਭਾਅ ਦੇ ਸਨ। ਜੋ ਵੀ ਆਪ ਜੀ ਕੋਲ ਹੁੰਦਾ ਉਹ ਵੀ ਆਪ ਸੰਤਾ ,ਭਗਤਾਂ ਦੀ ਲੋੜਾ ਨੂੰ ਦੇਖਦੇ ਉਨ੍ਹਾ ਤੇ ਖਰਚ ਕਰ ਦਿੰਦੇ ਜਿਸ ਤੋਂ ਆਪ ਜੀ ਦੇ ਮਾਤਾ ਪਿਤਾ ਨੂੰ ਨਿਰਾਸ਼ਾ ਵੀ ਹੁੰਦੀ। ਜਦੋਂ ਮਾਤਾ ਪਿਤਾ ਨੇ ਆਪ ਜੀ ਨੂੰ ਸ਼ਾਦੀ ਤੋ ਬਾਅਦ ਆਪ ਜੀ ਨੂੰ ਅੱਲਗ ਕਰ ਦਿਤਾ ਤਾਂ ਆਪ ਚਮੜੇ ਦੀਆਂ ਜੁੱਤੀਆਂ ਬਣਾ ਕੇ ਆਪਣਾ ਨਿਰਬਾਹ ਕਰਨ ਲਗੇ। ਅਮੀਰੀ ਦੀ ਆਪ ਜੀ ਨੂੰ ਕੋਈ ਚਾਹ ਨਹੀਂ ਸੀ। ਕਹਿੰਦੇ ਹਨ ਕਿ ਇਕ ਵਾਰੀ ਜਦੋਂ ਆਪ ਜੀ ਦੇ ਹਮਦਰਦ ਨੇ ਆਪ ਜੀ ਦੀ ਗਰੀਬੀ ਦੇਖੀ ਤਾਂ ਆਪ ਜੀ ਦੀ ਝੁੱਗੀ ਵਿਚ ਪਾਰਸ ਰਖਕੇ ਆਪ ਕੁਝ ਦਿਨਾਂ ਲਈ ਬਾਹਰ ਚਲਾ ਗਿਆ । ਸੋਚਿਆ ਕੀ ਗਰੀਬੀ ਤੋਂ ਛੁਟਕਾਰਾ ਪਾ ਲੈਣਗੇ।ਜਦ ਕੁਝ ਵਾਪਸ ਆਇਆ ਤਾਂ ਉਸਨੇ ਪਾਰਸ ਉਥੇ ਹੀ ਤੇ ਉਸੇ ਤਰ੍ਹਾਂ ਪਿਆ ਦੇਖਿਆ। ਜਿਥੇ ਤੇ ਜਿਵੇਂ ਉਹ ਰਖ ਕੇ ਗਿਆ ਸੀ। 151 ਸਾਲ ਦੀ ਉਮਰ ਭੋਗ ਕੇ ਚਿਤੌੜ ਵਿਖੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ। ਇਸ ਸਥਾਨ ਤੇ ਆਪ ਜੀ ਦੀ ਯਾਦ ਵਿੱਚ ਯਾਦਗਾਰ ਸੁਸ਼ੋਭਿਤ ਹੈ।ਆਪ ਜੀ ਦੀ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ -ਮੁਨਾਰਾ ਬਣ ਕੇ ਰਾਹ ਦਿਖਾਉਂਦਾ ਰਹੇਗਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਭੀਣ ਸਕੂਲ ਵਿੱਚ ਬੱਚਿਆਂ ਵੱਲੋਂ ਲਗਾਈ ਗਈ ਵੇਸਟ ਮਟੀਰੀਅਲ ਤੋਂ ਬਣੇ ਮਾਡਲਾਂ ਦੀ ਪ੍ਰਦਰਸ਼ਨੀ 
Next articleਪਾਣੀ ਪੁਲਾਂ ਦੇ ਹੇਠੋ ਲੰਘਣਾ