HOME ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ...

ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਕੀਤੀ ਰਵਾਨਾ

2

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਗੁਰਮਤਿ ਸੰਗੀਤ ਦੀ ਪ੍ਰਫੁੱਲਤਾ, ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਨਾਲ ਮਨੁੱਖੀ ਸੇਵਾ ਕਾਰਜਾਂ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੀ ਜਵੱਦੀ ਟਕਸਾਲ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਆਈਆਂ ਕੁਦਰਤੀ ਆਫਤਾਂ ਦੇ ਸਮੇਂ ਆਪਣੀ ਸਰਗਰਮ ਭੂਮਿਕਾ ਨਿਭਾ ਕੇ ਮਨੁੱਖਤਾ ਦੀ ਸੱਚੀ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਹੁਣ ਪੰਜਾਬ ਦੇ ਅੰਦਰ ਆਏ ਹੜ੍ਹਾਂ ਦੌਰਾਨ ਪਾਣੀ ਦੀ ਮਾਰ ਝੱਲ ਰਹੇ ਇਲਾਕਿਆਂ ਅੰਦਰ ਪੂਰੀ ਤਨਦੇਹੀ ਨਾਲ ਰਾਹਤ ਕਾਰਜ ਚਲਾ ਰਹੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਲੁਧਿਆਣਾ ਨੇ ਅੱਜ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਤੋ ਇਲਾਕੇ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਤਰ ਕੀਤੀ ਗਈ ਰਾਹਤ ਸਮੱਗਰੀ ਦੀਆਂ ਕਿੱਟਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਸਰਹੱਦੀ ਇਲਾਕੇ ਦੇ ਪਿੰਡਾਂ ਅੰਦਰ ਸਥਾਪਿਤ ਕੀਤੇ ਗਏ ਰਾਹਤ ਕੈਪਾਂ ਵਿੱਚ ਪਹੁੰਚਾਣ ਵਾਲੇ ਵਲੰਟੀਅਰਾਂ ਦੀ ਟੀਮ ਨੂੰ ਰਵਾਨਾ ਕਰਦਿਆਂ ਹੋਇਆਂ ਕੀਤਾ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅਜਨਾਲਾ ਤੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਦੇ 50 ਤੋਂ ਵੱਧ ਪਿੰਡ ਜੋ ਕਿ ਇਸ ਵੇਲੇ ਪੂਰੀ ਤਰ੍ਹਾਂ ਪਾਣੀ ਨਾਲ ਪ੍ਰਭਾਵਿਤ ਹੋਏ ਹਨ, ਉੱਥੋਂ ਦੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਕਰਨ, ਦਵਾਈਆਂ, ਰਾਸ਼ਨ, ਪੀਣ ਵਾਲਾ ਪਾਣੀ ਅਤੇ ਮੁੱਢਲੀਆਂ ਲੋੜਾਂ ਦਾ ਘਰੇਲੂ ਸਮਾਨ, ਪਸੂਆਂ ਲਈ ਹਰਾ ਤੇ ਸੁੱਕਾ ਚਾਰਾ ਉਪਲੱਬਧ ਕਰਵਾਉਣ ਵਿੱਚ ਜਵੱਦੀ ਟਕਸਾਲ ਦੇ ਵਲੰਟੀਅਰ ਪੂਰੀ ਤਨਦੇਹੀ ਨਾਲ ਸੇਵਾ ਕਾਰਜਾਂ ਵਿੱਚ ਜੁੱਟੇ ਹੋਏ ਹਨ ਤੇ ਰਾਹਤ ਕਾਰਜਾਂ ਵਿੱਚ ਆਪਣਾ ਮੋਹਰੀ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਅਜਨਾਲਾ ਖੇਤਰ ਦੇ ਪਿੰਡਾਂ ਦੇ ਵਸਨੀਕਾਂ ਨੂੰ ਜਵੱਦੀ ਟਕਸਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ । ਇਸੇ ਮਿਸ਼ਨ ਦੀ ਪ੍ਰਾਪਤੀ ਲਈ ਅੱਜ ਹੜ੍ਹ ਪੀੜਤਾਂ ਲਈ ਫੂਡ ਕਿੱਟਾਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਲਾਕੇ ਦੀ ਸੰਗਤ ਵੱਲੋਂ ਜਵੱਦੀ ਟਕਸਾਲ ਨੂੰ ਦਿੱਤੇ ਗਏ ਨਿੱਘੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਲੋੜਵੰਦਾਂ ਦੀ ਮਦਦ ਕਰਨੀ ਇਨਸਾਨ ਦਾ ਇਖ਼ਲਾਕੀ ਫ਼ਰਜ਼ ਹੈ ਅਤੇ ਸੰਗਤਾਂ ਨੇ ਇਹ ਮਾਨਵਪੱਖੀ ਸੇਵਾ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ । ਇਸ ਦੌਰਾਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਵਲੰਟੀਅਰਾਂ ਨੂੰ ਰਾਹਤ ਸਮੱਗਰੀ ਵਾਲੀ ਗੱਡੀ ਰਾਹੀਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਲੇਮਪੁਰ ਵਿੱਚ ਦਰਸ਼ਨ ਮਸੀਹ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦਾ ਕੀਤਾ ਸਨਮਾਨ
Next articleਆਸਰਾ ਫਾਊਂਡੇਸ਼ਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੰਡੀ ਰਾਹਤ ਸਮੱਗਰੀ ਹੜ੍ਹ ਪੀੜਤ ਲੋਕਾਂ ਦੀ ਲੋੜ ਅਨੁਸਾਰ ਹੋਰ ਸਹਾਇਤਾ ਅਤੇ ਜ਼ਰੂਰਤਾਂ ਪੂਰਾ ਕਰਨ ਦਾ ਦਿੱਤਾ ਭਰੋਸਾ