ਸੰਗਰੂਰ, 25 ਮਾਰਚ (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਸਮਰੱਥ ਨਾਵਲਕਾਰ ਹਰਜੀਤ ਕੌਰ ਵਿਰਕ ਦੀ ਪ੍ਰਧਾਨਗੀ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਉੱਭਰਦੀ ਲੇਖਿਕਾ ਕਾਜਲ ਮਹਿਰਾ ਦੀ ਪੁਸਤਕ ‘ਜ਼ਿੰਦਗੀਨਾਮਾ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਕ੍ਰਾਂਤੀਕਾਰੀ ਕਵੀ ਅਮਨਦੀਪ ਦਰਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮਾਲਵਾ ਲਿਖਾਰੀ ਸਭਾ ਸੰਗਰੂਰ ਦੀਆਂ ਸਾਹਿਤਕ ਗਤੀਵਿਧੀਆਂ ’ਤੇ ਤਸੱਲੀ ਪ੍ਰਗਟ ਕਰਦਿਆਂ ਹਰਜੀਤ ਕੌਰ ਵਿਰਕ ਨੇ ਕਿਹਾ ਕਿ ਸਾਹਿਤ ਸਭਾਵਾਂ ਵੱਲੋਂ ਸਾਹਿਤਕ ਰੁਚੀਆਂ ਨੂੰ ਤਿਆਗ ਕੇ ਇੰਟਰਨੈੱਟ ਦੇ ਚੁੰਗਲ ਵਿੱਚ ਫਸੀ ਨਵੀਂ ਪੀੜ੍ਹੀ ਨੂੰ ਨਾਲ ਜੋੜਨਾ ਸ਼ੁਭ ਸੰਕੇਤ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਅਮਨਦੀਪ ਦਰਦੀ ਨੇ ਕਿਹਾ ਕਿ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਪ੍ਰਤੀਬੱਧ ਸਾਹਿਤ ਹੀ ਸਹੀ ਅਰਥਾਂ ਵਿੱਚ ਕਲਿਆਣਕਾਰੀ ਹੁੰਦਾ ਹੈ।

ਸਭਾ ਦੇ ਸਰਪ੍ਰਸਤ ਡਾ. ਮੀਤ ਖਟੜਾ ਨੇ ਕਿਹਾ ਕਿ ਲੇਖਕਾਂ ਨੂੰ ਵਿਗਿਆਨਕ ਸੂਝ-ਬੂਝ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਲੋਕਾਂ ਦੇ ਦੁੱਖਾਂ-ਦਰਦਾਂ ਦੀ ਗੱਲ ਕਰਨ ਵਾਲਾ ਸਾਹਿਤ ਹੀ ਲੋਕ ਸਾਹਿਤ ਅਖਵਾਉਂਦਾ ਹੈ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਪੁਸਤਕ ਦੀ ਲੇਖਿਕਾ ਕਾਜਲ ਮਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਲਿਖਣ ਦੇ ਇੱਕੋ ਇੱਕ ਮਕਸਦ ਇਸੇ ਧਰਤੀ ’ਤੇ ਹੀ ਸਵਰਗ ਦੀ ਸਿਰਜਣਾ ਕਰ ਕੇ ਇਸ ਨੂੰ ਰਹਿਣਯੋਗ ਬਣਾਉਣਾ ਹੈ। ਕਾਜਲ ਮਹਿਰਾ ਦੀ ਪੁਸਤਕ ਦੀ ਭਰਪੂਰ ਪ੍ਰਸੰਸਾ ਕਰਦਿਆਂ ਪ੍ਰਿੰ. ਸੁਖਜੀਤ ਕੌਰ ਸੋਹੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗੀਤ ਗਾ ਕੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਸਮਾਗਮ ਦੇ ਆਰੰਭ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਕਾਜਲ ਮਹਿਰਾ ਦੀ ਪੁਸਤਕ ਨਾਲ ਜਾਣ-ਪਛਾਣ ਕਰਵਾਉਂਦਿਆ ਕਿਹਾ ਸਾਨੂੰ ਆਪਣੀ ਜ਼ਿੰਦਗੀ ਦਾ ਦੀਵਾ ਬੁਝਣ ਤੋਂ ਪਹਿਲਾਂ ਕੁੱਝ ਹੋਰ ਦੀਵੇ ਜ਼ਰੂਰ ਜਗਾ ਜਾਣੇ ਚਾਹੀਦੇ ਹਨ।

ਇਸ ਮੌਕੇ ਸਭਾ ਵੱਲੋਂ ਉਸਾਰੇ ਜਾ ਰਹੇ ਲੇਖਕ ਭਵਨ ਦੀ ਉਸਾਰੀ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਜਗਜੀਤ ਸਿੰਘ ਲੱਡਾ, ਸੁਰਜੀਤ ਸਿੰਘ ਮੌਜੀ ਅਤੇ ਭੁਪਿੰਦਰ ਨਾਗਪਾਲ ਨੂੰ ਸ਼ਾਮਲ ਕੀਤਾ ਗਿਆ।

ਉਪਰੰਤ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਕੁਲਵੰਤ ਖਨੌਰੀ, ਪੰਮੀ ਫੱਗੂਵਾਲੀਆ, ਰਜਿੰਦਰ ਸਿੰਘ ਰਾਜਨ, ਬਿੱਕਰ ਸਿੰਘ ਸਟੈਨੋ, ਅਮਨ ਜੱਖਲਾਂ, ਕਰਨਦੀਪ ਸਿੰਘ, ਪਰਦੀਪ ਸ਼ਰਮਾ, ਲਵਲੀ ਕੁਮਾਰ, ਧਰਮੀ ਤੁੰਗਾਂ, ਜੀਤ ਹਰਜੀਤ, ਸੁਖਵਿੰਦਰ ਸਿੰਘ, ਰਾਜਦੀਪ ਸਿੰਘ, ਧਰਮਵੀਰ ਸਿੰਘ, ਪਰਵੀਨ, ਅਸਵਨੀ, ਕਰਮ ਸਿੰਘ ਜ਼ਖ਼ਮੀ, ਕਰਨਜੀਤ ਸਿੰਘ, ਰਣਜੀਤ ਆਜ਼ਾਦ ਕਾਂਝਲਾ, ਬਲਜਿੰਦਰ ਈਲਵਾਲ, ਜਗਜੀਤ ਸਿੰਘ ਲੱਡਾ, ਪਵਨ ਹੋਸ਼ੀ, ਗੋਬਿੰਦ ਸਿੰਘ ਤੂਰਬਨਜਾਰਾ, ਮੀਤ ਸਕਰੌਦੀ, ਡਾ. ਕਵਿਤਾ ਸ਼ਰਮਾ, ਪਰਮਜੀਤ ਕੌਰ ਈਸੀ, ਮਨੀਸ਼ਾ ਰਾਣੀ, ਅਮਨਦੀਪ ਦਰਦੀ, ਅਮਰ ਗਰਗ ਕਲਮਦਾਨ, ਮਹਿੰਦਰਜੀਤ ਸਿੰਘ ਧੂਰੀ, ਸਰਬਜੀਤ ਸਿੰਘ ਸੰਗਰੂਰਵੀ, ਬਲਜੀਤ ਸਿੰਘ ਬਾਂਸਲ, ਜਗਦੀਸ਼ ਸਿੰਘ ਬਾਵਾ, ਪਰਮਜੀਤ ਕੌਰ, ਬਲਵੰਤ ਕੌਰ ਘਨੌਰੀ ਕਲਾਂ, ਸੁਖਜੀਤ ਕੌਰ ਸੋਹੀ, ਮਨਜੀਤ ਕੌਰ, ਸੁਰਜੀਤ ਸਿੰਘ ਮੌਜੀ ਅਤੇ ਪਰਮਜੀਤ ਸਿੰਘ ਦਰਦੀ ਆਦਿ ਕਵੀਆਂ ਨੇ ਹਿੱਸਾ ਲਿਆ। ਮੰਚ ਸੰਚਾਲਨ ਦੀ ਕਾਰਵਾਈ ਵਾਰੀ ਵਾਰੀ ਸੁਖਵਿੰਦਰ ਸਿੰਘ ਲੋਟੇ, ਕੁਲਵੰਤ ਖਨੌਰੀ ਅਤੇ ਜੀਤ ਹਰਜੀਤ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly