HOME ਸਾਹਿਤ ਸਭਾ ਨੇ ਕਰਵਾਇਆ ਜਰਨੈਲ ਸਿੰਘ ਕਨੇਡਾ ਦੀ ਕਹਾਣੀ ਸਿਰਜਣ ਪ੍ਰਕਿਰਿਆ ‘ਤੇ...

ਸਾਹਿਤ ਸਭਾ ਨੇ ਕਰਵਾਇਆ ਜਰਨੈਲ ਸਿੰਘ ਕਨੇਡਾ ਦੀ ਕਹਾਣੀ ਸਿਰਜਣ ਪ੍ਰਕਿਰਿਆ ‘ਤੇ ਸਮਾਗਮ

1

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਨੇ ਸਥਾਨਕ ਜ਼ਿਲ੍ਹਾ ਭਾਸ਼ਾ ਦਫਤਰ ਦੇ ਸਹਿਯੋਗ ਨਾਲ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਜਰਨੈਲ ਸਿੰਘ ਕਨੇਡਾ ਦੀ ਕਹਾਣੀ “ਸਿਰਜਣ ਪ੍ਰਕਿਰਿਆ” ‘ਤੇ ‘ਸ਼ਾਇਰ ਸੁਰਿੰਦਰ ਕੰਗਵੀ’ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ । ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਲਈ ਜੀ ਆਇਆਂ ਸ਼ਬਦ ਆਖਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਨੇ ਡਾ. ਰਣਜੀਤ ਸਿੰਘ ਬਾਜਵਾ ਲੋਕਧਾਰਾ ਵਿਗਿਆਨੀ, ਤ੍ਰਿਪਤਾ ਕੇ ਸਿੰਘ ਦੇ ਜੇਠ ਸ. ਗੁਰਚਰਨ ਸਿੰਘ ਅਤੇ ਵੱਡੇ ਜੇਠ ਦੇ ਸਪੁਤਰ ਸੁਖਵਿੰਦਰ ਸਿੰਘ ਹੁਰਾਂ ਦੇ ਸਦੀਵੀ ਵਿਛੋੜੇ ‘ਤੇ ਸ਼ੋਕ ਮਤਾ ਪੜ੍ਹਿਆ ਅਤੇ ਮੈਂਬਰਾਂ ਨੇ ਵਿਛੜੀਆਂ ਰੂਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ। ਉਪਰੰਤ ਕਹਾਣੀਕਾਰ ਜਰਨੈਲ ਸਿੰਘ ਦੇ ਜੀਵਨ ਅਤੇ ਲਿਖਤਾਂ ਨਾਲ ਤੁਆਰਫ਼ ਕਰਾਉਂਦਿਆਂ ਕਿਹਾ ਕਿ ਆਮ ਪਰਿਵਾਰ ‘ਚੋਂ ਉੱਠੇ ਜਰਨੈਲ ਸਿੰਘ ਨੂੰ ਪੜ੍ਹਨ ਤੇ ਕਿਤਾਬਾਂ ਨਾਲ ਮੁਹੱਬਤ ਕਰਨ ਦੀ ਖਿਚ ਲੇਖਕ ਬਣਨ ਵਿੱਚ ਸਹਾਈ ਹੋਈ। ਛੇ ਮੌਲਿਕ ਤੇ ਇੱਕ ਸੰਪਾਦਿਤ ਕਹਾਣੀ ਸੰਗ੍ਰਹਿਆਂ ਤੋਂ ਇਲਾਵਾ ਇਨ੍ਹਾਂ ਦੀ ਕਲਮ ਸਵੈਜੀਵਨੀ ਵੀ ਲਿਖ ਚੁੱਕੀ ਹੈ। ਭਾਸ਼ਾ ਵਿਭਾਗ ਦੇ ਸ਼ਰੋਮਣੀ ਪਰਵਾਸੀ ਸਾਹਿਤਕਾਰ ਪੁਰਸਕਾਰ 2011, ਕਾਲੇ ਵਰਕੇ ਕਹਾਣੀ ਸੰਗ੍ਰਹਿ ਬਦਲੇ 25000 ਡਾਲਰ ਦਾ ਢਾਹਾਂ ਅਵਾਰਡ ਤੋਂ ਇਲਾਵਾ ਹੋਰ ਵੀ ਅਨੇਕਾਂ ਸਨਮਾਨ ਉਨ੍ਹਾਂ ਦੀ ਝੋਲੀ ਪਏ ਹਨ। ਜਰਨੈਲ ਸਿੰਘ ਨੇ ਆਪਣੇ ਜੀਵਨ ਅਤੇ ਪੜ੍ਹਾਈ ਬਾਰੇ ਗੱਲ ਕਰਦਿਆਂ ਕਿਹਾ ਕਿ ਮੇਰੇ ਪਹਿਲੇ ਤਿੰਨ ਕਹਾਣੀ ਸੰਗ੍ਰਹਿਆਂ ਵਿੱਚ ਕਿਸਾਨੀ ਤੇ ਫੌਜੀ ਜੀਵਨ ਦੇ ਨਾਲ ਨਾਲ ਰਿਸ਼ਤਿਆਂ ਦੀ ਟੁੱਟ ਭੱਜ ਅਤੇ ਬਾਅਦ ਦੀਆਂ ਕਹਾਣੀਆਂ ਵਿੱਚ ਕਨੇਡਾ ਵਸਦੇ ਪੰਜਾਬੀਆਂ ਦੀਆਂ ਤਕਲੀਫ਼ਾਂ, ਪੀੜ੍ਹੀ ਪਾੜੇ, ਸਭਿਆਚਾਰਕ ਤਣਾਓ, ਟਕਰਾਓ ਦਾ ਗਲਪੀਕਰਨ ਮਿਲਦਾ ਹੈ। ਕਹਾਣੀ ਲਈ ਮੈਂ ਪਹਿਲਾਂ ਕੋਈ ਅਧਾਰ ਲੱਭਦਾ ਹਾਂ, ਫਿਰ ਇਸ ਸਬੰਧੀ ਖੋਜ ਵਿਧੀ ਰਾਹੀਂ ਮਸਾਲਾ ਇਕੱਠਾ ਕਰਦਾ ਹਾਂ ਅਤੇ ਬਾਅਦ ਵਿੱਚ ਆਪਣੀ ਕਲਪਨਾ ਉਡਾਰੀ ਰਾਹੀਂ ਇਸਨੂੰ ਕਹਾਣੀ ਦਾ ਰੂਪ ਦਿੰਦਾ ਹਾਂ। ਮੈਂ ਗਿਣਾਤਮਕ ਨਾਲੋਂ ਗੁਣਾਤਮਕ ਵਿੱਚ ਵੱਧ ਵਿਸ਼ਵਾਸ ਕਰਦਾ ਹਾਂ। ਇੱਕ ਕਹਾਣੀ ਦਾ ਪਲਾਟ ਮਹੀਨਿਆਂ ਬੱਧੀ ਮੇਰੇ ਮਨ ਮਸਤਕ ਵਿੱਚ ਸਫ਼ਰ ਕਰਦਾ ਹੈ। ਉਠਦੇ ਬੈਠਦੇ, ਸੈਰ ਕਰਦੇ, ਖਾਣਾ ਖਾਂਦੇ ਹਰ ਵਖ਼ਤ ਕਹਾਣੀ ਮੇਰੇ ਨਾਲ ਨਾਲ ਯਾਤਰਾ ਕਰ ਰਹੀ ਹੁੰਦੀ ਹੈ। ਉਨ੍ਹਾਂ ਨੇ ਆਪਣੀਆਂ ਕਾਲੇ ਵਰਕੇ, ਟਾਵਰਜ਼, ਪੱਤਿਆਂ ਨਾਲ ਢਕੇ ਜਿਸਮ ਜਿਹੀਆਂ ਪ੍ਰਸਿੱਧ ਕਹਾਣੀਆਂ ਦੀ ਜਿਰਜਣ ਪ੍ਰਕਿਰਿਆ ਬਾਰੇ ਲੰਬੇ ਬਿਰਤਾਂਤ ਸਾਂਝੇ ਕੀਤੇ। ਉਪਰੰਤ ਡਾ. ਕਰਮਜੀਤ ਸਿੰਘ, ਡਾ. ਸ਼ਮਸ਼ੇਰ ਮੋਹੀ, ਡਾ. ਹਰਪ੍ਰੀਤ ਸਿੰਘ, ਡਾ. ਦਰਸ਼ਨ ਸਿੰਘ, ਕੁਲਤਾਰ ਸਿੰਘ ਕੁਲਤਾਰ, ਸਤੀਸ਼ ਕੁਮਾਰ, ਡਾ. ਕੁਲਦੀਪ ਸਿੰਘ ਵੱਲੋਂ ਪੁੱਛੇ ਗਏ ਸਵਾਲਾਂ ਦੇ ਬੜੇ ਪ੍ਰਭਾਸ਼ਾਲੀ ਤੇ ਸੰਜੀਦਗੀ ਨਾਲ ਜਵਾਬ ਦਿੱਤੇ। ਇਸ ਤੋਂ ਬਾਅਦ ਕਰਵਾਏ ਗਏ ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ ਮਦਨ ਵੀਰਾ, ਤੀਰਥ ਚੰਦ ਸਰੋਆ, ਜਸਵੰਤ ਸਿੰਘ, ਹਰਦਿਆਲ ਹੁਸ਼ਿਆਰਪੁਰੀ, ਰਜਿੰਦਰ ਸਚਦੇਵਾ, ਅਸ਼ੋਕ ਪੁਰੀ, ਰਾਜ ਕੁਮਾਰ ਘਾਸੀਪੁਰੀਆ, ਰਬਿੰਦਰ ਸ਼ਰਮਾ, ਰਵੀ ਸਿੰਘ, ਲਖਵਿੰਦਰ ਰਾਮ, ਸ਼ਸ਼ੀ ਕੁਮਾਰ, ਜਗਮੋਹਨ ਸਿੰਘ, ਕਰਮਜੀਤ ਸਿੰਘ, ਹਰਜੀਤ ਸਿੰਘ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਨਾਲ ਹਾਜ਼ਰੀ ਲੁਆ ਕੇ ਸਮਾਗਮ ਨੂੰ ਚਰਮ ਸੀਮਾ ‘ਤੇ ਪਹੁੰਚਾ ਦਿੱਤਾ। ਧੰਨਵਾਦੀ ਸ਼ਬਦ ਪ੍ਰਧਾਨ ਸੁਰਿੰਦਰ ਕੰਗਵੀ ਨੇ ਆਪਣੀਆਂ ਸਾਹਿਤਕ ਟਿੱਪਣੀਆਂ ਰਾਹੀਂ ਭਾਵਪੂਰਤ ਢੰਗ ਨਾਲ ਆਖੋ। ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖ਼ੂਬੀ ਨਿਭਾਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਰੈਲੀ ਵਿੱਚ ਉੱਮੜਿਆ ਜਨ-ਸੈਲਾਬ; ਕੇਂਦਰੀ ਲੀਡਰਸ਼ਿਪ ਨੇ ਦਿੱਤਾ ਸੱਤਾ ਤਬਦੀਲੀ ਦਾ ਹੋਕਾ–ਪ੍ਰਤਾਪ ਸਿੰਘ
Next articleਸ਼ਹਾਬਪੁਰ ਵਿਖੇ ਇਨਕਲਾਬੀ ਨਾਟਕ 13 ਅਪ੍ਰੈਲ ਨੂੰ