(ਸਮਾਜ ਵੀਕਲੀ) 1991 ਵਿੱਚ ਜੈਤੋ ਜਿਸ ਘਰ ਵਿਚ ਅਸੀਂ ਰਹਿ ਰਹੇ ਸੀ ਓਹ ਭਾਂਵੇਂ ਨੈਹਰੂ ਪਾਰਕ ਦੇ ਸਾਹਮਣੇ ਜ਼ਰੂਰ ਸੀ ਪਰ ਬਣਤਰ ਵਿੱਚ ਵਧੀਆ ਨਾ ਹੋਣ ਕਰਕੇ ਮੈ ਵੇਚਣ ਦਾ ਮਨ ਬਣਾ ਲਿਆ ਤੇ ਵੇਚ ਦਿੱਤਾ । ਬਠਿੰਡਾ ਰੋਡ ਤੇ ਇੱਕ ਨੀਂਹਾਂ ਭਰਿਆ ਚੌਰਸ ਪਲਾਟ ਦਾ ਸੌਦਾ ਕਰਕੇ ਕਿਰਾਏ ਤੇ ਰਹਿਣਾ ਸ਼ੁਰੂ ਕਰ ਦਿੱਤਾ । ਮੇਰੇ ਮਨ ਵਿਚ ਵਧੀਆ ਮਕਾਨ ਬਣਾਉਣ ਦਾ ਵਿਚਾਰ ਸੀ ਪਰ ਉਨਾਂ ਪੈਸਾ ਨਹੀਂ ਸੀ ਜਿਸ ਕਰਕੇ ਮੈਂਨੂੰ ਜੂਆ ਖੇਡਣ ਦਾ ਫੁਰਨਾ ਫੁਰਿਆ। ਓਹਨਾਂ ਦਿਨਾਂ ਵਿਚ ਹਰ ਰੋਜ਼ ਖੁੱਲਣ ਵਾਲ਼ੀ ਲਾਟਰੀ ਚਲਦੀ ਸੀ ਜਿਸ ਦੇ ਆਖ਼ਰੀ ਨੰਬਰ ਮਿਲਣ ਤੇ ਵੀ ਪੈਸੇ ਮਿਲਦੇ ਸਨ । ਮੈਂ ਓਹਨਾਂ ਦੁਕਾਨਾਂ ਤੇ ਜਾਕੇ ਅਧਿਐਨ ਕੀਤਾ ਤੇ ਨੰਬਰਾਂ ਦਾ ਇਕ ਫਾਰਮੂਲਾ ਤਿਆਰ ਕਰ ਲਿਆ। ਮੈਨੂੰ ਲੱਗਿਆ ਹੁਣ ਕਾਫੀ ਪੈਸੇ ਇੱਕਠੇ ਹੋ ਜਾਣਗੇ ਤੇ ਇੰਝ ਹੋਇਆ ਵੀ । ਮੈਂ ਕੁਛ ਪੈਸੇ ਇੱਕਠੇ ਕੀਤੇ ਪਰ ਰੁਕਿਆ ਨਹੀਂ । ਹੋਰ ਲੋਕ ਜਿਹੜੇ ਲਾਟਰੀ ਪਾਉਂਦੇ ਸਨ,ਮੈਂਨੂੰ ਉਡੀਕਦੇ ਰਹਿੰਦੇ ਕਿਓਂਕਿ ਓਹ ਮੇਰੇ ਮਗਰ ਲੱਗ ਕੇ ਓਹੀ ਨੰਬਰ ਖਰੀਦਦੇ ਸਨ । ਇਸ ਕਰਕੇ ਮੈ ਇਸ ਕੰਮ ਵਿੱਚ ਲੱਗਿਆ ਰਿਹਾ । ਇਸ ਤਰਾਂ ਇੱਕ ਵਾਰ ਦੋ ਨੰਬਰ ਕਈ ਦਿਨਾਂ ਤੱਕ ਬੰਦ ਰਹੇ ਓਹ ਨਹੀਂ ਆਏ ਜਿਸ ਕਰਕੇ ਮੈਂ ਪੌਣੇ ਦੋ ਲੱਖ ਰੁਪਏ ਜੂਏ ਵਿੱਚ ਹਾਰ ਗਿਆ। ਓਹਨਾਂ ਦਿਨਾਂ ਵਿੱਚ ਇਹ ਰਕਮ ਬਹੁਤ ਵੱਡੀ ਸੀ। ਜਿੰਨੇ ਪੈਸੇ ਇੱਕਠੇ ਕੀਤੇ ਸਨ ਉਸ ਤੋਂ ਵੱਧ ਘਾਟਾ ਪੈ ਗਿਆ। ਮੈਨੂੰ ਬਹੁਤ ਨਿਰਾਸ਼ਾ ਹੋਈ । ਬਾਕੀ ਬਚੇ ਥੋੜ੍ਹੇ ਪੈਸਿਆਂ ਨਾਲ਼ ਮੈਂ ਘਰ ਨਹੀਂ ਬਣਾ ਸਕਦਾ ਸੀ । ਇਹ ਗੱਲ ਮੈ ਆਪਣੀ ਪਤਨੀ ਤੇ ਹੋਰ ਭੈਣਾਂ ਭਰਾਵਾਂ ਤੋਂ ਛੁਪਾਈ ਰੱਖੀ। ਮੇਰੇ ਮਨ ਤੇ ਇੱਕ ਬੋਝ ਪੈ ਗਿਆ। ਮੈਂ ਚੁੱਪ ਰਹਿੰਦਾ ਤੇ ਖਾਣ ਪੀਣ ਵਿੱਚ ਮੇਰੀ ਦਿਲਚਸਪੀ ਘਟ ਗਈ । ਮੈਂ ਸੋਚਿਆ ਜੇ ਮੇਰੀ ਇਸ ਹਰਕਤ ਦਾ ਘਰ ਵਿਚ ਪਤਾ ਲਗ ਗਿਆ ਤਾਂ ਮੇਰੇ ਬਾਰੇ ਕੀ ਸੋਚਣਗੇ । ਇਹ ਸੋਚ ਕੇ ਮੈਂਨੂੰ ਖ਼ੁਦਕੁਸ਼ੀ ਕਰ ਲੈਣ ਦਾ ਵਿਚਾਰ ਆਓਣ ਲੱਗ ਪਿਆ ਕਿਉਂਕਿ ਮੈਂ ਬਹੁਤ ਨਿਰਾਸ਼ ਤੇ ਚੁੱਪ ਰਹਿਣ ਲੱਗ ਪਿਆ ਸੀ। ਮੇਰੀ ਪਤਨੀ ਸੁਆਲੀਆ ਨਜ਼ਰਾਂ ਨਾਲ ਮੇਰੇ ਵੱਲ ਦੇਖਦੀ ਰਹਿੰਦੀ ਪਰ ਬੋਲਦੀ ਨਹੀਂ ਸੀ । ਮੈਂ ਖ਼ੁਦਕੁਸ਼ੀ ਕਰਨ ਦਾ ਤਰੀਕਾ ਸੋਚਦਾ ਸੋਚਦਾ ਅਚਾਨਕ ਇੱਕ ਖ਼ਿਆਲ ਵਿਚ ਐਸਾ ਡੁੱਬਿਆ ਕਿ ਬਿਜਲੀ ਦੇ ਲਿਸ਼ਕਾਰੇ ਵਾਂਗ ਇੱਕ ਫੁਰਨਾ ਫੁਰ ਗਿਆ ਤੇ ਮੈਂ ਸੋਚਿਆ ਜਿੰਨਾਂ ਦੁੱਖ ਮੈਂਨੂੰ ਮੇਰੀ ਇਸ ਗਲਤੀ ਨਾਲ ਹੋਇਆ ਹੈ , ਮੇਰੇ ਮਰਨ ਤੋਂ ਬਾਅਦ ਮੇਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਗਾ, ਪਤਨੀ ਤੇ ਬੱਚੇ ਰੋਣ ਕੁਰਲਾਉਣਗੇ , ਰੁਲ਼ ਜਾਣਗੇ। ਬਸ ,-ਇਹ ਖ਼ਿਆਲ ਆਓਂਦੇ ਹੀ ਮੇਰਾ ਮਨ ਹਲਕਾ ਹੋ ਗਿਆ ਤੇ ਮਾੜਾ ਵਿਚਾਰ ਬਦਲ ਦਿੱਤਾ। ਮੇਰੀ ਗ਼ਲਤੀ ਨਾਲ਼ ਹੋਇਆ ਨੁਕਸਾਨ ਮੈਂ ਆਪਣੀ ਪਤਨੀ ਨੂੰ ਦੱਸਿਆ ਤਾਂ ਉਸ ਨੇ ਮੈਨੂੰ ਹੌਸਲਾ ਰੱਖਣ ਲਈ ਕਿਹਾ ਤੇ ਓਹ ਕਈ ਦਿਨਾਂ ਤੱਕ ਹੌਸਲੇ ਦੀਆਂ ਗੱਲਾਂ ਕਰਦੀ ਰਹੀ । ਹੁਣ ਮੇਰੀ ਜ਼ਿੰਦਗੀ ਬਦਲ ਗਈ ਸੀ ।ਬੈਂਕ ਵਿੱਚ ਘਰ ਬਣਾਉਣ ਲਈ ਕਰਜ਼ੇ ਦੀ ਨਵੀਂ ਸਕੀਮ ਆ ਗਈ ਜਿਸ ਨਾਲ ਮੈਂ ਪ੍ਰਤਾਪ ਨਗਰ ਬਠਿੰਡਾ ਵਿੱਚ ਘਰ ਬਣਾਇਆ। ਉਸ ਤੋਂ ਬਾਅਦ ਮੈਂ ਕਦੇ ਢਹਿੰਦੀ ਕਲਾ ਵੱਲ ਨਹੀਂ ਸੋਚਿਆ।
ਇਸ ਕਰਕੇ ਇਸ ਚੈਪਟਰ ਦਾ ਨਾਮ ਚਲਦੀ ਰਹੇ ਜ਼ਿੰਦਗੀ ਰੱਖਿਆ ਗਿਆ।
ਮਨਜੀਤ ਸਿੰਘ ਜੀਤ 9501615511
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



