
ਬੇਅਦਬੀ ਕਾਨੂੰਨ ਦੇ ਵਿਰੋਧ ਅਤੇ ਧਰਮ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ 18 ਨੂੰ ਚੱਲੋ ਆਨੰਦਪੁਰ ਸਾਹਿਬ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬੇਅਦਬੀ ਕਾਨੂੰਨ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਜਿੱਥੇ ਲਗਾਤਾਰ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਉੱਥੇ ਅੱਜ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬੀ.ਸੀ.ਵਿੰਗ ਦੇ ਕੌਮੀ ਪ੍ਰਧਾਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਵਿੱਚ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਂਕ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਸਿੱਖ ਆਗੂਆਂ ਦੀ ਇੱਕ ਮੀਟਿੰਗ ਬੁਲਾਈ ਗਈ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਬਣਾਏ ਗਏ ਕਾਨੂੰਨ ਅਤੇ ਵੱਡੀਆਂ ਤਰੁੱਟੀਆਂ ਤੇ ਵਿਚਾਰ ਸਾਂਝੇ ਕੀਤੇ ਗਏ। ਜੱਥੇਦਾਰ ਗਾਬੜੀਆ ਨੇ ਕਿਹਾ ਕਿ ਬੇਅਦਬੀ ਕਾਨੂੰਨ ‘ਚ “ਸਜਾ ਇੱਕ ਬਹਾਨਾ, ਅਸਲ ਨਿਸ਼ਾਨਾ ਸਿੱਖ ਧਰਮ ਨੂੰ ਕਮਜ਼ੋਰ ਕਰਨਾ” ਹੈ। ਇਸ ਮੌਕੇ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਿਆਂਦਾ ਗਿਆ ਬੇਅਦਬੀ ਕਾਨੂੰਨ ਧਾਰਮਿਕ ਭਾਵਨਾਵਾਂ ਦੀ ਰੱਖਿਆ ਦੇ ਨਾਮ ਹੇਠ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਰਕਾਰੀ ਦਖਲਅੰਦਾਜ਼ੀ ਵਧਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ ਗੁਰਦੁਆਰਿਆਂ ਦੀ ਵਾਗਡੋਰ ਸੂਬਾ ਸਰਕਾਰ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਦੇ ਹੱਥਾਂ ਵਿੱਚ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜੋ ਸਿੱਖ ਪੰਥ ਦੀ ਖੁਦਮੁਖਤਿਆਰੀ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਮੌਕੇ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਨੇ ਮੁਗ਼ਲ ਹਕੂਮਤਾਂ ਤੋਂ ਲੈ ਕੇ ਅੰਗਰੇਜ਼ੀ ਰਾਜ ਤੱਕ ਅਨੇਕਾਂ ਜ਼ੁਲਮ ਸਹੇ ਹਨ, ਪਰ ਹਰ ਵਾਰ ਪੰਥ ਹੋਰ ਮਜ਼ਬੂਤੀ ਨਾਲ ਉਭਰਿਆ ਹੈ। ਸਿੱਖੀ ਕਦੇ ਖਤਮ ਨਹੀਂ ਹੋ ਸਕਦੀ, ਕਿਉਂਕਿ ਇਹ ਸਿਰਫ਼ ਧਰਮ ਨਹੀਂ, ਸੱਚ, ਨਿਆਂ ਅਤੇ ਕੁਰਬਾਨੀ ਦੀ ਜੀਵੰਤ ਸੋਚ ਹੈ। ਗੁਰਦੀਪ ਸਿੰਘ ਲੀਲ ਨੇ ਸੂਬਾ ਸਰਕਾਰ ਤੇ ਦੋਸ਼ ਲਗਾਇਆ ਕਿ ਬੇਅਦਬੀ ਕਾਨੂੰਨ ਦੇ ਨਾਮ ਹੇਠ ਪੰਥ ਨੂੰ ਅੰਦਰੋਂ ਵੰਡਣ ਅਤੇ ਸਿੱਖੀ ਦੀ ਆਵਾਜ਼ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਜਸਦੀਪ ਸਿੰਘ ਕਾਉਂਕੇ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਥਕ ਮਸਲਿਆਂ ’ਤੇ ਰਾਜਨੀਤਿਕ ਲਾਭ ਲਈ ਕੀਤੇ ਜਾ ਰਹੇ ਪ੍ਰਯੋਗ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਗੁਰਚਰਨ ਸਿੰਘ ਗੁਰੂ ਨੇ ਕਿਹਾ ਕਿ ਸਿੱਖ ਕੌਮ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਅਜ਼ਾਦੀ ਅਤੇ ਮਰਯਾਦਾ ਦੀ ਰੱਖਿਆ ਲਈ ਹਰ ਪੱਧਰ ’ਤੇ ਇਕਜੁੱਟ ਹੋ ਕੇ ਡਟ ਕੇ ਖੜੀ ਰਹੇਗੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕਾਨੂੰਨੀ ਮਾਹਿਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਸੂਬਾ ਸਰਕਾਰ ਵੱਲੋਂ ਬੇਅਦਬੀ ਕਾਨੂੰਨ ਦੀਆਂ ਬਰੀਕੀਆਂ ਨੂੰ ਸਮੁੱਚੀਆਂ ਸਿੱਖ ਸੰਸਥਾਵਾਂ ਨਾਲ ਸਾਂਝੀਆਂ ਕਰਨ ਸਮੇਂ ਕਿਹਾ ਕਿ ਸਿੱਖ ਕੌਮ ਨੂੰ ਅੰਦਰੂਨੀ ਤੌਰ ’ਤੇ ਕਮਜ਼ੋਰ ਕਰਨ ਅਤੇ ਆਪਸੀ ਵੰਡ ਪੈਦਾ ਕਰਨ ਲਈ ਕੁਝ ਤਾਕਤਾਂ ਵੱਲੋਂ ਸਿੱਖਾਂ ਦੀ ਭੇਸ-ਭੁਸਾ ਵਿੱਚ ਰਹਿ ਕੇ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖੀ ਦੇ ਅਸੂਲਾਂ, ਗੁਰਮਤਿ ਮਰਿਆਦਾ ਅਤੇ ਪੰਥਕ ਏਕਤਾ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਤਾਕਤਾਂ ਤੋਂ ਸੰਗਤਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮੀਟਿੰਗ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਬੇਅਦਬੀ ਕਾਨੂੰਨ ਸੰਬੰਧੀ ਵੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਦੀ ਪਵਿੱਤਰਤਾ ਅਤੇ ਧਾਰਮਿਕ ਗ੍ਰੰਥਾਂ ਦੇ ਸਤਿਕਾਰ ਨੂੰ ਕਾਇਮ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ, ਇਸ ਦੀ ਕਾਨੂੰਨੀ ਪ੍ਰਕਿਰਿਆ ਅਤੇ ਲਾਗੂ ਹੋਣ ਵਾਲੀਆਂ ਸਜ਼ਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਨੂੰਨ ਦਾ ਮਕਸਦ ਧਾਰਮਿਕ ਭਾਵਨਾਵਾਂ ਦੀ ਰੱਖਿਆ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਪੂਰੀ ਸੰਵੇਦਨਸ਼ੀਲਤਾ ਅਤੇ ਨਿਰਪੱਖਤਾ ਨਾਲ ਹੋਣਾ ਚਾਹੀਦਾ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਸਿੱਖ ਕੌਮ ਨੂੰ ਕਿਸੇ ਵੀ ਤਰ੍ਹਾਂ ਦੀ ਉਕਸਾਵੇ ਵਾਲੀ ਰਾਜਨੀਤੀ ਜਾਂ ਭੜਕਾਊ ਪ੍ਰਚਾਰ ਤੋਂ ਦੂਰ ਰਹਿੰਦੇ ਹੋਏ ਗੁਰੂ ਸਾਹਿਬਾਨ ਦੀ ਦੱਸੀ ਹੋਈ ਮਰਿਆਦਾ ਅਤੇ ਭਾਈਚਾਰਕ ਸਾਂਝ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਿੱਖੀ ਸਰੂਪ, ਗੁਰਬਾਣੀ ਅਤੇ ਪੰਥਕ ਪਰੰਪਰਾਵਾਂ ਪ੍ਰਤੀ ਸਤਿਕਾਰ ਅਤੇ ਜਾਗਰੂਕਤਾ ਬਣਾਈ ਰੱਖਣ ਲਈ ਸਹੀ ਦਿਸ਼ਾ ਦਿੱਤੀ ਜਾਵੇ। ਇਸ ਮੌਕੇ ਜੱਥੇਦਾਰ ਗਾਬੜੀਆ ਵੱਲੋਂ ਸਿੱਖ ਕੌਮ ਦੇ ਆਗੂਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ 18 ਮਈ ਦਿਨ ਸੋਮਵਾਰ ਨੂੰ ਹੋਣ ਵਾਲੀ ਸਿੱਖ ਪੰਥ ਦੇ ਆਗੂਆਂ ਦੀ ਸੂਬਾ ਸਰਕਾਰ ਵੱਲੋਂ ਬਣਾਏ ਗਏ ਬੇਅਦਬੀ ਕਾਨੂੰਨ ਦੇ ਵਿਰੋਧ ਅਤੇ ਧਰਮ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਵੱਧ ਤੋਂ ਵੱਧ ਵੱਡੀ ਤਾਦਾਦ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈਏ। ਇਸ ਮੌਕੇ ਜੱਥੇਦਾਰ ਹੀਰਾ ਸਿੰਘ ਗਾਬੜੀਆ ਤੋਂ ਇਲਾਵਾ ਬਾਬਾ ਅਜੀਤ ਸਿੰਘ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਤੇਜਿੰਦਰ ਸਿੰਘ ਡੰਗ, ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ, ਗੁਰਦੀਪ ਸਿੰਘ ਲੀਲ, ਜਸਦੀਪ ਸਿੰਘ ਕਾਉਂਕੇ, ਗੁਰਚਰਨ ਸਿੰਘ ਗੁਰੂ, ਹਰਮਿੰਦਰ ਸਿੰਘ ਗਿਆਸਪੁਰਾ, ਬਲਜੀਤ ਸਿੰਘ ਦੁਖੀਆ, ਰਛਪਾਲ ਸਿੰਘ ਫੌਜੀ, ਚਰਨ ਸਿੰਘ, ਅਵਤਾਰ ਸਿੰਘ, ਰਤਨ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਬਚਨ ਸਿੰਘ ਸੌਂਕੀ, ਸੁਰਜੀਤ ਸਿੰਘ ਦੰਗਾ ਪੀੜਤ, ਦਲਜੀਤ ਸਿੰਘ, ਧਰਵਿੰਦਰ ਸਿੰਘ, ਤਰਲੋਚਨ ਸਿੰਘ ਬੱਬਰ, ਗੁਰਦਿਆਲ ਸਿੰਘ ਧੰਜਲ, ਗੁਰਜੀਤ ਸਿੰਘ ਰੌਕੀ, ਸਤਵਿੰਦਰ ਸਿੰਘ, ਜੋਗਾ ਸਿੰਘ, ਸੁਰਜੀਤ ਸਿੰਘ ਖਾਲਸਾ,ਮਨਪ੍ਰੀਤ ਸਿੰਘ ਪ੍ਰਿੰਸ, ਸੁਰਿੰਦਰਪਾਲ ਸਿੰਘ ਮੱਕੜ, ਇੰਦਰਜੀਤ ਸਿੰਘ ਮੱਕੜ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


