ਸਰਕਾਰੀ ਸਕੂਲ ਅੱਤੋਵਾਲ ਵਿੱਚ ਵਿਦਿਆਰਥੀਆਂ ਨੂੰ ਕੀਤਾ ਲਾਮਬੰਦ, 25 ਅਕਤੂਬਰ ਤੱਕ ਚੱਲੇਗੀ ਰਜਿਸਟ੍ਰੇਸ਼ਨ, ਹੁਣ ਤੱਕ ਵਿਦਿਆਰਥੀ ਮੋਹਰੀ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ 10 ਨਵੰਬਰ 2024 ਨੂੰ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਸਾਈਕਲੋਥਾਨ ਸੀਜਨ-4 ਵਿੱਚ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਲੱਬ ਮੈਂਬਰ ਲਗਾਤਾਰ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰ ਰਹੇ ਹਨ ਤੇ ਇਸੇ ਕੜੀ ਤਹਿਤ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਆਪਣੀ ਟੀਮ ਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਤੋਵਾਲ ਵਿੱਚ ਪਹੁੰਚ ਕੀਤੀ ਗਈ ਤੇ ਇੱਥੇ ਵਿਦਿਆਰਥੀਆਂ ਨੂੰ ਸਾਈਕਲੋਥਾਨ ਪ੍ਰਤੀ ਜਾਣਕਾਰੀ ਦਿੰਦੇ ਹੋਏ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਤੇ ਸਮੂਹ ਸਟਾਫ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਵਿਦਿਆਰਥੀਆਂ ਦੇ ਨਾਲ-ਨਾਲ ਸਟਾਫ ਦੇ ਮੈਂਬਰ ਵੀ ਵੱਧ ਚੜ੍ਹ ਕੇ ਇਸ ਸਾਈਕਲੋਥਾਨ ਦਾ ਹਿੱਸਾ ਬਣਨਗੇ। ਇਸ ਸਮੇਂ ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਹੁਣ ਤੱਕ ਜਿੰਨੀ ਰਜਿਸਟ੍ਰੇਸ਼ਨ ਹੋਈ ਹੈ ਉਸ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ ਤੇ ਸਾਡੀ ਸਮਾਜ ਦੇ ਹਰ ਵਰਗ ਨੂੰ ਅਪੀਲ ਹੈ ਕਿ ਇਸ ਸਾਈਕਲੋਥਾਨ ਦਾ ਹਿੱਸਾ ਬਣਨ ਲਈ ਰਜਿਸਟ੍ਰੇਸ਼ਨ ਜਰੂਰ ਕਰਨ। ਇਸ ਮੌਕੇ ਕਲੱਬ ਮੈਂਬਰ ਸ਼ਿਵਾਂਜਲੀ ਨੇ ਕਿਹਾ ਕਿ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਵੀ ਵੱਧ ਚੜ੍ਹ ਕੇ ਸਾਈਕਲੋਥਾਨ ਵਿੱਚ ਹਿੱਸਾ ਲੈਣ, ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਦੀ ਆਖਿਰੀ ਤਾਰੀਖ 25 ਅਕਤੂਬਰ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਜਿਸ ਕੋਲ ਆਪਣਾ ਸਾਈਕਲ ਨਹੀਂ ਵੀ ਹੈ ਉਹ ਵੀ ਵਲੰਟੀਅਰ ਦੇ ਤੌਰ ’ਤੇ ਇਸ ਸਾਈਕਲੋਥਾਨ ਦਾ ਹਿੱਸਾ ਬਣ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ 1 ਨਵੰਬਰ ਤੋਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲੋਕਾਂ ਨੂੰ ਟੀ-ਸ਼ਰਟ ਦੇਣ ਦਾ ਸਿਲਸਿਲਾ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਤੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਈਕਲੋਥਾਨ ਨੂੰ ਕਵਰ ਕਰਨ ਲਈ ਇੰਡੀਆ ਬੁੱਕ ਆਫ ਰਿਕਾਰਡ ਦੀ ਟੀਮ ਆ ਰਹੀ ਹੈ ਤੇ ਹੁਣ ਹੁਸ਼ਿਆਰਪੁਰ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੁਨੀਆ ਨੂੰ ਦਿਖਾ ਦੇਣ ਕੇ ਜਿਲ੍ਹਾ ਹੁਸ਼ਿਆਰਪੁਰ ਦੇ ਲੋਕ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਤੰਦਰੁਸਤ ਰਹਿਣ ਲਈ ਹੋਣ ਵਾਲੇ ਪ੍ਰੋਗਰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਮੌਕੇ ਉੱਤਮ ਸਿੰਘ ਸਾਬੀ, ਉਕਾਂਰ ਸਿੰਘ ਚੱਬੇਵਾਲ, ਦੌਲਤ ਸਿੰਘ, ਸੌਰਵ ਸ਼ਰਮਾ, ਤਰਲੋਚਨ ਸਿੰਘ, ਗੁਰਮੇਲ ਸਿੰਘ, ਅਮਰਿੰਦਰ ਸੈਣੀ, ਰੋਹਿਤ ਬੱਸੀ, ਗੁਰਵਿੰਦਰ ਸਿੰਘ, ਅਮਨਦੀਪ ਕੌਰ ਆਦਿ ਵੀ ਮੌਜੂਦ ਸਨ।
https://play.google.com/store/apps/details?id=in.yourhost.samajweekly