ਕੀਵ ਨੇੜਲੇ ਿੲਲਾਕਿਆਂ ’ਚੋਂ ਰੂਸੀ ਫ਼ੌਜ ਪਿੱਛੇ ਹਟੀ

ਲਵੀਵ (ਸਮਾਜ ਵੀਕਲੀ):  ਰੂਸੀ ਫ਼ੌਜ ਜਿਵੇਂ ਜਿਵੇਂ ਪਿੱਛੇ ਹਟਦੀ ਜਾ ਰਹੀ ਹੈ ਤਾਂ ਯੂਕਰੇਨ ਦੇ ਜਵਾਨਾਂ ਨੂੰ ਰਾਜਧਾਨੀ ਕੀਵ ਦੇ ਬਾਹਰੀ ਇਲਾਕਿਆਂ ’ਚ ਭਾਰੀ ਤਬਾਹੀ ਦੇ ਨਾਲ ਨਾਲ ਬੁਰੀ ਹਾਲਤ ’ਚ ਲਾਸ਼ਾਂ ਮਿਲੀਆਂ ਹਨ। ਰੂਸੀ ਫ਼ੌਜ ’ਤੇ ਲੋਕਾਂ ਉਪਰ ਤਸ਼ੱਦਦ ਢਾਹੁਣ ਦੇ ਦੋਸ਼ ਲੱਗੇ ਹਨ। ਏਪੀ ਦੇ ਪੱਤਰਕਾਰਾਂ ਨੇ ਬੁਚਾ ’ਚ ਸਿਵਲ ਵਰਦੀ ’ਚ 9 ਵਿਅਕਤੀਆਂ ਦੀਆਂ ਲਾਸ਼ਾਂ ਨੂੰ ਦੇਖਿਆ ਹੈ ਜਿਨ੍ਹਾਂ ਨੂੰ ਐਨ ਨੇੜਿਉਂ ਗੋਲੀਆਂ ਮਾਰੀਆਂ ਗਈਆਂ ਸਨ। ਦੋ ਲਾਸ਼ਾਂ ਦੇ ਹੱਥ ਪਿੱਠ ਪਿੱਛੇ ਬੰਨ੍ਹੇ ਹੋਏ ਸਨ। ਦੋ ਲਾਸ਼ਾਂ ਨੂੰ ਪਲਾਸਟਿਕ ’ਚ ਲਪੇਟ ਕੇ ਇਕ ਖੱਡ ’ਚ ਸੁੱਟਿਆ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹ ਸਬੂਤ ਇਕੱਠਾ ਕਰ ਰਹੇ ਹਨ ਤਾਂ ਜੋ ਰੂਸ ਨੂੰ ਜੰਗੀ ਅਪਰਾਧਾਂ ਲਈ ਸਜ਼ਾ ਦਿਵਾਈ ਜਾ ਸਕੇ। ਯੂਕਰੇਨੀ ਫ਼ੌਜ ਨੇ ਕੀਵ ਨੇੜਲੇ 30 ਤੋਂ ਜ਼ਿਆਦਾ ਕਸਬਿਆਂ ਅਤੇ ਪਿੰਡਾਂ ਨੂੰ ਮੁੜ ਆਪਣੇ ਕਬਜ਼ੇ ’ਚ ਲੈ ਲਿਆ ਹੈ। ਯੂਕਰੇਨ ਦੇ ਉਪ ਰੱਖਿਆ ਮੰਤਰੀ ਹਨਾ ਮਲਯਾਰ ਨੇ ਫੇਸਬੁੱਕ ’ਤੇ ਲਿਖਿਆ ਕਿ ਪੂਰੇ ਕੀਵ ਖ਼ਿੱਤੇ ਨੂੰ ਧਾੜਵੀਆਂ ਤੋਂ ਆਜ਼ਾਦ ਕਰਵਾ ਲਿਆ ਗਿਆ ਹੈ।

ਬੁਚਾ ਕਸਬੇ ਦੇ ਮੇਅਰ ਅਨਾਤੋਲੀ ਫੈਡੋਰੁਕ ਨੇ ਦਾਅਵਾ ਕੀਤਾ ਕਿ ਰੂਸੀ ਹਮਲੇ ’ਚ 300 ਲੋਕ ਮਾਰੇ ਗਏ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਕਬਰਾਂ ਅਤੇ ਸੜਕਾਂ ’ਤੇ ਮਿਲੀਆਂ ਹਨ। ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਵੀਡੀਓ ਸੁਨੇਹੇ ’ਚ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਲਾਕੇ ’ਚ ਕਈ ਬਾਰੂਦੀ ਸੁਰੰਗਾਂ ਹੋ ਸਕਦੀਆਂ ਹਨ। ਦਮਿਤਰਿਵਕਾ ਪਿੰਡ ’ਚ ਤਲਾਸ਼ੀ ਦੌਰਾਨ ਇਕ ਦਿਨ ’ਚ 1500 ਤੋਂ ਜ਼ਿਆਦਾ ਧਮਾਕਾਖੇਜ਼ ਸਮੱਗਰੀ ਮਿਲੀ ਹੈ। ਉਂਜ ਰੂਸ ਨੇ ਫ਼ੌਜ ਦੀ ਵਾਪਸੀ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਕੀਵ ਨੇੜਿਉਂ ਫ਼ੌਜ ਪਿੱਛੇ ਹਟਾ ਲਈ ਹੈ। ਉਧਰ ਯੂਕਰੇਨ ਅਤੇ ਉਸ ਦੇ ਭਾਈਵਾਲਾਂ ਦਾ ਕਹਿਣਾ ਹੈ ਕਿ ਭਾਰੀ ਨੁਕਸਾਨ ਹੋਣ ਕਾਰਨ ਰੂਸ ਨੂੰ ਪਿੱਛੇ ਹਟਣਾ ਪਿਆ ਹੈ। ਕੀਵ ਨੇੜੇ ਯੂਕਰੇਨੀ ਫੋਟੋਗ੍ਰਾਫਰ ਅਤੇ ਵੀਡੀਓਗ੍ਰਾਫਰ ਮਾਕਸਿਮ ਲੇਵਿਨ ਮਾਰਿਆ ਗਿਆ ਹੈ ਜੋ ਇਕ ਨਿਊਜ਼ ਵੈੱਬਸਾਈਟ ਲਈ ਕੰਮ ਕਰ ਰਿਹਾ ਸੀ।   ਰੂਸੀ ਫ਼ੌਜ ਨੇ ਅੱਜ ਕਿਹਾ ਕਿ ਉਨ੍ਹਾਂ ਰਣਨੀਤਕ ਤੌਰ ’ਤੇ ਅਹਿਮ ਕਾਲਾ ਸਾਗਰ ਬੰਦਰਗਾਹ ਓਡੇਸਾ ਨੇੜੇ ਤੇਲ ਪ੍ਰੋਸੈਸਿੰਗ ਪਲਾਂਟ ਅਤੇ ਈਂਧਣ ਡਿਪੂਆਂ ਨੂੰ ਨਿਸ਼ਾਨਾ ਬਣਾਇਆ ਹੈ।

ਰੂਸੀ ਰੱਖਿਆ ਮੰਤਰਾਲੇ ਦੇ ਤਰਜਮਾਨ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸੀ ਬੇੜਿਆਂ ਅਤੇ ਜਹਾਜ਼ਾਂ ਨੇ ਮਾਈਕੋਲੇਵ ਨੇੜੇ ਯੂਕਰੇਨੀ ਜਵਾਨਾਂ ਨੂੰ ਈਂਧਣ ਮੁਹੱਈਆ ਕਰਾਉਣ ਵਾਲੇ ਪਲਾਂਟਾਂ ’ਤੇ ਐਤਵਾਰ ਨੂੰ ਮਿਜ਼ਾਈਲਾਂ ਦਾਗ਼ੀਆਂ ਹਨ। ਉਨ੍ਹਾਂ ਕਿਹਾ ਕਿ ਰੂਸੀ ਹਮਲੇ ’ਚ ਕੋਸਤੀਆਂਤੀਨਿਵਕਾ ਅਤੇ ਖਰੇਸੀਸ਼ਸ਼ੇ ’ਚ ਹਥਿਆਰਾਂ ਦੇ ਡਿਪੂਆਂ ਨੂੰ ਨਸ਼ਟ ਕੀਤਾ ਹੈ। ਇਤਾਲਵੀ ਖ਼ਬਰ ਏਜੰਸੀ ਏਐੱਨਐੱਸਏ ਵੱਲੋਂ ਪੋਸਟ ਕੀਤੇ ਗਏ ਆਡੀਓ ਸੁਨੇਹੇ ’ਚ ਇਤਾਲਵੀ ਫੋਟੋਗ੍ਰਾਫਰ ਕਾਰਲੋ ਓਰਲਾਂਡੀ ਨੇ ਕਿਹਾ ਕਿ ਓਡੇਸਾ ’ਚ ਐਤਵਾਰ ਤੜਕੇ ਪੌਣੇ ਛੇ ਵਜੇ ਸਾਇਰਨ ਵਜਣੇ ਸ਼ੁਰੂ ਹੋ ਗਏ ਸਨ ਜਿਸ ਮਗਰੋਂ ਬੰਬ ਧਮਾਕੇ ਸੁਣੇ ਗਏ। ਇਲਾਕੇ ’ਚ ਧੂੰਆਂ ਛਾ ਗਿਆ ਅਤੇ ਇਮਾਰਤਾਂ ਨੂੰ ਅੱਗ ਲੱਗ ਗਈ ਸੀ। ਉਧਰ ਖਾਰਕੀਵ ਦੇ ਖੇਤਰੀ ਗਵਰਨਰ ਓਲੇਹ ਸਿਨੀਏਹੂਬੋਵ ਨੇ ਕਿਹਾ ਕਿ ਰੂਸੀ ਫ਼ੌਜ ਵੱਲੋਂ ਪਿਛਲੇ 24 ਘੰਟਿਆਂ ’ਚ ਇਲਾਕੇ ’ਚ 20 ਤੋਂ ਜ਼ਿਆਦਾ ਹਮਲੇ ਕੀਤੇ ਗਏ ਹਨ। ਹਮਲੇ ’ਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ।

ਉਸ ਨੇ ਕਿਹਾ ਕਿ ਬਾਲਾਕਲੀਆ ’ਚ ਰੂਸੀ ਟੈਂਕ ਦੇ ਹਮਲੇ ’ਚ ਸਥਾਨਕ ਹਸਪਤਾਲ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਮਰੀਜ਼ਾਂ ਨੂੰ ਉਥੋਂ ਤੁਰੰਤ ਦੂਜੀ ਥਾਂ ’ਤੇ ਪਹੁੰਚਾਇਆ ਗਿਆ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਕੀਵ ਅਤੇ ਚਰਨੀਹੀਵ ਨੇੜਲੇ ਇਲਾਕਿਆਂ ’ਤੇ ਮੁਲਕ ਦੀਆਂ ਫ਼ੌਜਾਂ ਨੇ ਮੁੜ ਕਬਜ਼ਾ ਕਰ ਲਿਆ ਹੈ। ਜ਼ੇਲੈਂਸਕੀ ਨੇ ਕਿਹਾ ਕਿ ਰੂਸ, ਡੋਨਬਾਸ ਅਤੇ ਦੱਖਣੀ ਯੂਕਰੇਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਉਹ ਆਪਣੇ ਮੁਲਕ ਅਤੇ ਲੋਕਾਂ ਦੀ ਰੱਖਿਆ ਲਈ ਸੰਘਰਸ਼ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮਾਰਿਓਪੋਲ ’ਚ ਰੂਸੀ ਫ਼ੌਜਾਂ ਦਾ ਸਥਾਨਕ ਲੋਕ ਡੱਟ ਕੇ ਟਾਕਰਾ ਕਰ ਰਹੇ ਹਨ। ਉਨ੍ਹਾਂ ਪੱਛਮੀ ਮੁਲਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਯੂਕਰੇਨ ਨੂੰ ਆਧੁਨਿਕ ਹਥਿਆਰ ਮੁਹੱਈਆ ਕਰਾਉਣ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨੀ ਦੇ ਭਾਣਜੇ ਹਨੀ ਵਿਰੁੱਧ ਚਾਰਜਸ਼ੀਟ ਦਾਖ਼ਲ
Next articleਜੰਗ ਲੱਗਣ ਮਗਰੋਂ ਰੂਸ ’ਚ ਦਵਾਈਆਂ ਦੀ ਕਮੀ