ਰੂਸ ਵੱਲੋਂ ਯੂਕਰੇਨ ਉਤੇ ਹਮਲੇ ਤੇਜ਼ ਕਰਨ ਦੇ ਹੁਕਮ

ਕੀਵ, (ਸਮਾਜ ਵੀਕਲੀ) : ਯੂਕਰੇਨ ’ਤੇ ਕੀਤੇ ਗਏ ਹਮਲੇ ਦੇ ਤੀਜੇ ਦਿਨ ਅੱਜ ਰੂਸ ਦੀ ਫ਼ੌਜ ਰਾਜਧਾਨੀ ਕੀਵ ਦੇ ਅੰਦਰ ਪਹੁੰਚ ਗਈ ਹੈ ਅਤੇ ਉਥੇ ਗਹਿਗੱਚ ਲੜਾਈ ਹੋ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਨਾਹ ਲੈਣ ਲਈ ਕਿਹਾ ਹੈ। ਉਂਜ ਯੂਕਰੇਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਰੂਸੀ ਫ਼ੌਜ ਦੇ ਕੁਝ ਹਮਲਿਆਂ ਨੂੰ ਠੱਲ੍ਹਣ ’ਚ ਕਾਮਯਾਬ ਰਹੇ ਹਨ। ਰੂਸੀ ਫ਼ੌਜਾਂ ਨੂੰ ਇਲਾਕੇ ਦੀ ਜਾਣਕਾਰੀ ਨਾ ਹੋਣ ਅਤੇ ਯੂਕਰੇਨੀ ਫ਼ੌਜ ਵੱਲੋਂ ਦਿੱਤੇ ਜਾ ਰਹੇ ਜਵਾਬ ਕਾਰਨ ਕੀਵ ’ਚ ਅੱਗੇ ਵਧਣ ’ਚ ਮੁਸ਼ਕਲ ਆ ਰਹੀ ਹੈ। ਰੂਸ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਯੂਕਰੇਨ ਵੱਲੋਂ ਵਾਰਤਾ ਤੋਂ ਇਨਕਾਰ ਕੀਤੇ ਜਾਣ ਮਗਰੋਂ ਫ਼ੌਜ ਨੇ ਮੁੜ ਕਾਰਵਾਈ ਕਰਦਿਆਂ ਹਮਲੇ ਤੇਜ਼ ਕਰ ਦਿੱਤੇ ਹਨ। ਆਰਟੀ ਟੀਵੀ ਮੁਤਾਬਕ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸੀ ਫ਼ੌਜ ਨੂੰ ਸ਼ੁੱਕਰਵਾਰ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਸੀ। ਉਧਰ ਯੂਕਰੇਨੀ ਫ਼ੌਜ ਮੁਤਾਬਕ ਰੂਸ ਦੇ 14 ਜਹਾਜ਼, 8 ਹੈਲੀਕਾਪਟਰ, 102 ਟੈਂਕ, 536 ਬੀਬੀਐੱਮ, 15 ਭਾਰੀ ਮਸ਼ੀਨਗੰਨਾਂ ਅਤੇ ਇਕ ਬੀਯੂਕੇ ਮਿਜ਼ਾਈਲ ਨਸ਼ਟ ਕੀਤੇ ਗਏ ਹਨ। ਕੀਵ ਇੰਡੀਪੈਂਡਟ ਦੀ ਰਿਪੋਰਟ ਮੁਤਾਬਕ ਰੂਸ ਦੇ 3500 ਜਵਾਨ ਮਾਰੇ ਗੲੇ ਹਨ ਜਦਕਿ 200 ਜਵਾਨਾਂ ਨੂੰ ਬੰਦੀ ਬਣਾਇਆ ਗਿਆ ਹੈ।

ਮੁਲਕ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਅਮਰੀਕਾ ਵੱਲੋਂ ਉਸ ਨੂੰ ਸੁਰੱਖਿਅਤ ਕੱਢਣ ਦੀ ਦਿੱਤੀ ਗਈ ਪੇਸ਼ਕਸ ਨੂੰ ਇਹ ਆਖਦਿਆਂ ਨਕਾਰ ਦਿੱਤਾ ਹੈ ਕਿ ਉਹ ਮੁਲਕ ’ਚ ਰਹਿ ਕੇ ਹੀ ਲੜਨਗੇ। ਕੀਵ ਦੇ ਮੇਅਰ ਨੇ ਸ਼ਹਿਰ ’ਚ ਕਰਫਿਊ ਦਾ ਸਮਾਂ ਸ਼ਾਮ 5 ਵਜੇ ਤੋਂ ਅਗਲੀ ਸਵੇਰ 8 ਵਜੇ ਤੱਕ ਕਰ ਦਿੱਤਾ ਹੈ। ਪਹਿਲਾਂ ਇਹ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਲਗਾਇਆ ਗਿਆ ਸੀ। ਇਸ ਦੌਰਾਨ ਨਾਟੋ ਨੇ ਪੂਰਬ ’ਚ ਆਪਣੇ ਮੈਂਬਰ ਮੁਲਕਾਂ ਦੀ ਰਾਖੀ ’ਚ ਮਦਦ ਲਈ ਗੱਠਜੋੜ ਦੀ ਫ਼ੌਜ ਭੇਜਣ ਦਾ ਫ਼ੈਸਲਾ ਲਿਆ ਹੈ। ਨਾਟੋ ਨੇ ਇਹ ਨਹੀਂ ਦੱਸਿਆ ਹੈ ਕਿ ਕਿੰਨੀ ਕੁ ਫ਼ੌਜ ਤਾਇਨਾਤ ਕੀਤੀ ਜਾਵੇਗੀ ਪਰ ਇਹ ਧਰਤੀ, ਸਮੁੰਦਰ ਅਤੇ ਹਵਾਈ ਖੇਤਰ ’ਤੇ ਸਰਗਰਮ ਰਹੇਗੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ ਵਾਧੂ ਸੁਰੱਖਿਆ ਮਦਦ ਦੇਣ ਲਈ 35 ਕਰੋੜ ਡਾਲਰ ਦੇ ਪੱਤਰ ’ਤੇ ਦਸਤਖ਼ਤ ਕੀਤੇ। ਇਸ ਨਾਲ ਯੂਕਰੇਨ ਨੂੰ ਬੀਤੇ ਇਕ ਵਰ੍ਹੇ ਦੌਰਾਨ ਇਕ ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਚਿਤਾਵਨੀ ਦਿੱਤੀ ਕਿ ਯੂਕਰੇਨ ’ਤੇ ਰੂਸ ਦੇ ਹਮਲੇ ਕਾਰਨ ਯੂਰੋਪੀਅਨ ਲੋਕਾਂ ਲਈ ਗੰਭੀਰ ਸਿੱਟੇ ਨਿਕਲਣਗੇ।

ਜ਼ੇਲੈਂਸਕੀ ਨੇ ਸ਼ਨਿਚਰਵਾਰ ਨੂੰ ਯੂਕਰੇਨ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁਲਕ ਦੀ ਫ਼ੌਜ ਰੂਸ ਦੇ ਹਮਲੇ ਦਾ ਡੱਟ ਕੇ ਸਾਹਮਣਾ ਕਰੇਗੀ। ਕੀਵ ਦੇ ਬਾਹਰਵਾਰ ਪੈਂਦੇ ਇਲਾਕੇ ’ਚ ਬਣਾਈ ਗਈ ਵੀਡੀਓ ’ਚ ਜ਼ੇਲੈਂਸਕੀ ਨੇ ਕਿਹਾ ਕਿ ਉਹ ਦੇਸ਼ ਛੱਡ ਕੇ ਨਹੀਂ ਜਾਣਗੇ। ‘ਅਸੀਂ ਆਪਣੇ ਹਥਿਆਰ ਨਹੀਂ ਸੁੱਟਣ ਵਾਲੇ ਹਾਂ। ਅਸੀਂ ਮੁਲਕ ਦੀ ਰਾਖੀ ਕਰਾਂਗੇ। ਸਾਡੇ ਹਥਿਆਰ ਹੀ ਸਾਡੀ ਸਚਾਈ ਹੈ ਅਤੇ ਸਾਡੀ ਸਚਾਈ ਹੀ ਸਾਡੀ ਧਰਤੀ, ਸਾਡਾ ਮੁਲਕ, ਸਾਡੇ ਬੱਚੇ ਹਨ। ਅਤੇ ਅਸੀਂ ਸਾਰਿਆਂ ਦੀ ਰਾਖੀ ਕਰਾਂਗੇ।’ ਅਮਰੀਕਾ ਦੇ ਸੀਨੀਅਰ ਖ਼ੁਫ਼ੀਆ ਅਧਿਕਾਰੀ ਮੁਤਾਬਕ ਜ਼ੇਲੈਂਸਕੀ ਨੇ ਅਮਰੀਕੀ ਸਰਕਾਰ ਤੋਂ ਕੀਵ ’ਚੋਂ ਕੱਢਣ ਦੀ ਮਿਲੀ ਪੇਸ਼ਕਸ ਨਕਾਰ ਦਿੱਤੀ ਹੈ। ਅਧਿਕਾਰੀ ਮੁਤਾਬਕ ਜ਼ੇਲੈਂਸਕੀ ਨੇ ਕਿਹਾ,‘‘ਜੰਗ ਅਜੇ ਬਾਕੀ ਹੈ। ਸਾਨੂੰ ਟੈਂਕ ਵਿਰੋਧੀ ਹਥਿਆਰ ਚਾਹੀਦੇ ਹਨ ਨਾ ਕਿ ਬਚ ਕੇ ਨਿਕਲਣ ਦਾ ਰਾਹ।’’

ਰੂਸ ਨੇ ਦੋ ਦਿਨ ਪਹਿਲਾਂ ਹਵਾਈ ਅਤੇ ਮਿਜ਼ਾਈਲ ਹਮਲੇ ਕਰਕੇ ਯੂਕਰੇਨ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਹਮਲੇ ’ਚ ਪੁਲਾਂ, ਸਕੂਲਾਂ ਅਤੇ ਅਪਾਰਟਮੈਂਟਾਂ ਨੂੰ ਵੀ ਵੱਡੇ ਪੱਧਰ ’ਤੇ ਨਿਸ਼ਾਨਾ ਬਣਾਇਆ ਗਿਆ ਜਿਸ ਕਾਰਨ ਸੈਂਕੜੇ ਜਾਨੀ ਨੁਕਸਾਨ ਹੋਇਆ ਹੈ। ਕੀਵ ਦੇ ਹੋਟਲ ’ਚ ਕੰਮ ਕਰਦੀ ਲੂਸੀ ਵਸ਼ਾਕਾ (20) ਨੇ ਕਿਹਾ,‘‘ਅਸੀਂ ਸਾਰੇ ਡਰੇ ਹੋਏ ਅਤੇ ਚਿੰਤਿਤ ਹਾਂ। ਅਸੀਂ ਨਹੀਂ ਜਾਣਦੇ ਹਾਂ ਕਿ ਅਗਲੇ ਕੁਝ ਦਿਨਾਂ ’ਚ ਕੀ ਕੁਝ ਵਾਪਰਨ ਵਾਲਾ ਹੈ।’’ ਜ਼ੇਲੈਂਸਕੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਯਾਕ ਨੇ ਕਿਹਾ ਕਿ ਹਾਲਾਤ ਯੂਕਰੇਨੀ ਫ਼ੌਜ ਦੇ ਕਾਬੂ ਹੇਠ ਹਨ। ਅਧਿਕਾਰੀਆਂ ਨੇ ਕੀਵ ’ਚ ਲੋਕਾਂ ਨੂੰ ਕਿਹਾ ਹੈ ਕਿ ਆਪਣੇ ਘਰਾਂ ’ਚ ਖਿੜਕੀਆਂ ਤੋਂ ਦੂਰੀ ਬਣਾਉਂਦਿਆਂ ਗੋਲੀਆਂ ਜਾਂ ਹੋਰ ਮਲਬੇ ਦੀ ਵਾਛੜ ਤੋਂ ਬਚ ਕੇ ਰਹਿਣ।

ਯੂਕਰੇਨ ਦੇ ਫ਼ੌਜ ਨੇ ਰੂਸੀ ਮਾਲਵਾਹਕ ਜਹਾਜ਼ 11-76 ਨੂੰ ਕੀਵ ਦੇ ਦੱਖਣ ’ਚ ਵਸੀਲਕੀਵ ਨੇੜੇ ਡੇਗਣ ਦਾ ਦਾਅਵਾ ਕੀਤਾ ਹੈ ਜਿਸ ’ਚ ਪੈਰਾਟਰੂਪਰ ਸਵਾਰ ਸਨ। ਅਮਰੀਕਾ ਦੇ ਦੋ ਅਧਿਕਾਰੀਆਂ ਮੁਤਾਬਕ ਰੂਸ ਦਾ ਦੂਜਾ ਮਾਲਵਾਹਕ ਜਹਾਜ਼ ਕੀਵ ਦੇ ਦੱਖਣ ’ਚ ਬਿਲਾ ਤਸੇਰਕਵਾ ਨੇੜੇ ਡੇਗਿਆ ਗਿਆ ਹੈ। ਕੀਵ ਦੇ ਬਾਹਰੀ ਇਲਾਕੇ ’ਚ ਅੱਜ ਇਕ ਬਹੁਮੰਜ਼ਿਲਾ ਇਮਾਰਤ ’ਤੇ ਰਾਕੇਟ ਹਮਲੇ ’ਚ ਘੱਟੋ ਘੱਟ ਹਮਲੇ ’ਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਝੂਲਿਆਨੀ ਹਵਾਈ ਅੱਡੇ ਨੇੜੇ ਬਹੁ-ਮੰਜ਼ਿਲਾ ਇਮਾਰਤ ਦੀ 16ਵੀਂ ਅਤੇ 21ਵੀਂ ਮੰਜ਼ਿਲ ਵਿਚਕਾਰ ਰਾਕੇਟ ਟਕਰਾਇਆ।

ਦੋ ਮੰਜ਼ਿਲਾਂ ’ਤੇ ਅੱਗ ਲੱਗ ਗਈ। ਕੀਵ ਦੇ ਮੇਅਰ ਵਿਤਾਲੀ ਕਲਿਤਸ਼ਕੋ ਨੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ’ਚ ਅਪਾਰਟਮੈਂਟ ਦੀ ਇਮਾਰਤ ਦੇ ਇਕ ਪਾਸੇ ਵੱਡਾ ਜਿਹਾ ਮਘੋਰਾ ਦਿਖਾਈ ਦੇ ਰਿਹਾ ਹੈ। ਯੂਕਰੇਨ ਦੇ ਬੁਨਿਆਦੀ ਢਾਂਚਾ ਮੰਤਰਾਲੇ ਨੇ ਕਿਹਾ ਕਿ ਇਕ ਰੂਸੀ ਮਿਜ਼ਾਈਲ ਨੂੰ ਸ਼ਨਿਚਰਵਾਰ ਤੜਕੇ ਉਸ ਸਮੇਂ ਮਾਰ ਸੁੱਟਿਆ ਜਦੋਂ ਉਹ ਪਾਣੀ ਦੇ ਭੰਡਾਰ ਵਾਲੇ ਬੰਨ੍ਹ ਵੱਲ ਜਾ ਰਹੀ ਸੀ। ਜੇਕਰ ਬੰਨ੍ਹ ਟੁੱਟ ਜਾਂਦਾ ਤਾਂ ਹੜ੍ਹ ਕਾਰਨ ਭਾਰੀ ਨੁਕਸਾਨ ਹੋਣਾ ਸੀ। ਯੂਕਰੇਨ ਦੇ ਸਿਹਤ ਮੰਤਰੀ ਵਿਕਟਰ ਲਿਆਸ਼ਕੋ ਨੇ ਕਿਹਾ ਹੈ ਕਿ ਰੂਸੀ ਹਮਲੇ ’ਚ 198 ਵਿਅਕਤੀ ਮਾਰੇ ਗਏ ਹਨ ਅਤੇ ਇਕ ਹਜ਼ਾਰ ਤੋਂ ਜ਼ਿਆਦਾ ਹੋਰ ਜ਼ਖ਼ਮੀ ਹੋ ਗਏ ਹਨ। ਤਿੰਨ ਦਿਨਾਂ ਤੋਂ ਚੱਲ ਰਹੀ ਜੰਗ ਦੌਰਾਨ ਮਾਰੇ ਗਏ ਆਮ ਲੋਕਾਂ ਅਤੇ ਸੈਨਿਕਾਂ ਦੀ ਸਟੀਕ ਗਿਣਤੀ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 25 ਆਮ ਨਾਗਰਿਕਾਂ ਦੀ ਭਾਰੀ ਗੋਲਾਬਾਰੀ ਅਤੇ ਹਵਾਈ ਹਮਲਿਆਂ ਕਾਰਨ ਮੌਤ ਹੋਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਕ ਲੱਖ ਤੋਂ ਜ਼ਿਆਦਾ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਉਨ੍ਹਾਂ ਅੰਦਾਜ਼ਾ ਲਾਇਆ ਹੈ ਕਿ ਜੇਕਰ ਜੰਗ ਕੁਝ ਦਿਨ ਹੋਰ ਚੱਲੀ ਤਾਂ ਹਿਜਰਤ ਕਰਨ ਵਾਲੇ ਲੋਕਾਂ ਦੀ ਗਿਣਤੀ 40 ਲੱਖ ਤੋਂ ਜ਼ਿਆਦਾ ਹੋ ਸਕਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTo duck Russian blitz, stranded Indians in Ukraine take to bunkers
Next articleਯੂਕਰੇਨ ਸੰਕਟ ਦਰਮਿਆਨ ਰੋਮਾਨੀਆ ਵਿਚ 500 ਜਵਾਨ ਤਾਇਨਾਤ ਕਰੇਗਾ ਫਰਾਂਸ